ਆਪਣੇ ਮਨ ’ਤੇ ਰੱਖੋ ਕਾਬੂ

11/24/2019 4:34:35 PM

ਪੁਰਾਣੇ ਵੇਲੇ ਧਨੁਸ਼ ਵਿੱਦਿਆ ਨੂੰ ਹਿੰਮਤ ਤੇ ਵੀਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਉਸ ਵੇਲੇ ਆਪਣੀ ਬਹਾਦਰੀ ਵਿਚ ਇਜ਼ਾਫੇ ਲਈ ਧਨੁਸ਼ ਵਿੱਦਿਆ ਜ਼ਰੂਰੀ ਸੀ। ਉਸੇ ਸਮੇਂ ਇਕ ਨੌਜਵਾਨ ਨੂੰ ਆਪਣੀ ਧਨੁਸ਼ ਵਿੱਦਿਆ ’ਤੇ ਬਹੁਤ ਘੁਮੰਡ ਸੀ ਅਤੇ ਉਹ ਖੁਦ ਨੂੰ ਸ੍ਰੇਸ਼ਠ ਧਨੁਸ਼ ਵਿੱਦਿਆ ਮਾਹਿਰ ਸਮਝਦਾ ਸੀ। ਉਸ ਨੇ ਇਕ ਵਾਰ ਇਕ ਸੰਤ, ਜੋ ਖੁਦ ਧਨੁਸ਼ ਵਿੱਦਿਆ ਦੇ ਜਾਣਕਾਰ ਸਨ, ਨੂੰ ਮੁਕਾਬਲੇ ਦੀ ਚੁਣੌਤੀ ਦਿੱਤੀ।
ਪਹਿਲਾਂ ਨੌਜਵਾਨ ਨੇ ਆਪਣੀ ਮੁਹਾਰਤ ਦਿਖਾਈ ਅਤੇ ਇਕ ਤੀਰ ਚਲਾ ਕੇ ਨਿਸ਼ਾਨੇ 'ਤੇ ਲਾਇਆ। ਦੂਜੇ ਤੀਰ ਨਾਲ ਉਸ ਨੇ ਪਹਿਲੇ ਤੀਰ ਨੂੰ ਚੀਰ ਦਿੱਤਾ। ਇਸ ਦੇ ਨਾਲ ਹੀ ਹੰਕਾਰ ਨਾਲ ਸੰਤ ਵੱਲ ਦੇਖ ਕੇ ਉਹ ਬੋਲਿਆ,‘‘ਕੀ ਤੁਸੀਂ ਅਜਿਹਾ ਕਰ ਸਕਦੇ ਹੋ?’’
ਸੰਤ ਨੌਜਵਾਨ ਦੇ ਸਵਾਲ ਤੋਂ ਜ਼ਰਾ ਵੀ ਨਹੀਂ ਝਿਜਕੇ ਅਤੇ ਉਨ੍ਹਾਂ ਨੌਜਵਾਨ ਨੂੰ ਆਪਣੇ ਨਾਲ ਆਉਣ ਦਾ ਇਸ਼ਾਰਾ ਕੀਤਾ। ਨੌਜਵਾਨ ਤੇ ਸੰਤ ਦੋਵੇਂ ਤੁਰਦੇ-ਤੁਰਦੇ ਇਕ ਪਹਾੜ 'ਤੇ ਪਹੁੰਚ ਗਏ। ਨੌਜਵਾਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਸੰਤ ਚਾਹੁੰਦੇ ਕੀ ਹਨ? ਦੋਵੇਂ ਤੁਰਦੇ-ਤੁਰਦੇ ਅਜਿਹੀ ਜਗ੍ਹਾ 'ਤੇ ਪਹੁੰਚ ਗਏ ਜਿੱਥੇ 2 ਪਹਾੜਾਂ ਦਰਮਿਆਨ ਖੱਡ ਸੀ ਅਤੇ ਉਸ ਖੱਡ 'ਤੇ ਦੋਵਾਂ ਪਹਾੜਾਂ ਦੇ ਆਰ-ਪਾਰ ਰੱਸੀ ਦਾ ਕਮਜ਼ੋਰ ਪੁਲ ਬਣਿਆ ਹੋਇਆ ਸੀ। ਸੰਤ ਪੁਲ 'ਤੇ ਤੁਰ ਕੇ ਉਸ ਦੇ ਵਿਚਕਾਰ ਖੜ੍ਹੇ ਹੋ ਗਏ ਅਤੇ ਧਨੁਸ਼ ਨਾਲ ਨਿਸ਼ਾਨਾ ਲਾ ਕੇ ਟੀਚੇ ਵੱਲ ਛੱਡ ਦਿੱਤਾ। ਸੰਤ ਨੇ ਇਕ ਦਰੱਖਤ 'ਤੇ ਨਿਸ਼ਾਨਾ ਲਾਇਆ ਸੀ ਜੋ ਬਿਲਕੁਲ ਸਟੀਕ ਲੱਗਾ।
ਹੁਣ ਸੰਤ ਨੇ ਨੌਜਵਾਨ ਨੂੰ ਅਜਿਹਾ ਹੀ ਕਰਨ ਲਈ ਕਿਹਾ। 
ਨੌਜਵਾਨ ਜਿਵੇਂ-ਤਿਵੇਂ ਪੁਲ 'ਤੇ ਅੱਗੇ ਵਧਿਆ ਅਤੇ ਕੁਝ ਦੂਰ ਹੀ ਤੁਰਿਆ ਸੀ ਕਿ ਉਹ ਪੁਲ ਦੇ ਹਿੱਲਣ, ਹਵਾ ਦੇ ਬੁੱਲਿਆਂ ਤੇ ਪੁਲ ਦੀ ਹਾਲਤ ਵੱਲ ਦੇਖ ਕੇ ਬਹੁਤ ਘਬਰਾ ਗਿਆ। ਉਹ ਦੋ ਕਦਮ ਤੁਰਦਿਆਂ ਹੀ ਕੰਬਣ ਲੱਗਾ ਅਤੇ ਪਸੀਨੇ ਨਾਲ ਭਿੱਜ ਗਿਆ। ਉਸ ਦਾ ਧਨੁਸ਼ ਵੀ ਹੱਥੋਂ ਛੁਟ ਕੇ ਖੱਡ ਵਿਚ ਡਿੱਗ ਪਿਆ।
ਨੌਜਵਾਨ ਦੀ ਅਜਿਹੀ ਹਾਲਤ ਦੇਖ ਕੇ ਸੰਤ ਨੇ ਉਸ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ,‘‘ਬੇਸ਼ੱਕ ਤੂੰ ਸ੍ਰੇਸ਼ਠ ਧਨੁਸ਼ ਮਾਹਿਰ ਏਂ ਪਰ ਆਪਣੇ ਮਨ 'ਤੇ ਤੇਰਾ ਕਾਬੂ ਨਹੀਂ, ਜੋ ਕਿਸੇ ਤੀਰ ਨੂੰ ਨਿਸ਼ਾਨੇ ਤੋਂ ਭਟਕਣ ਨਹੀਂ ਦਿੰਦਾ।’’


manju bala

Edited By manju bala