ਸਿਰਫ ਇੰਝ ਹੋ ਸਕਦੀ ਹੈ ਸੱਚੇ ਸੁੱਖ ਤੇ ਆਨੰਦ ਦੀ ਪ੍ਰਾਪਤੀ

11/11/2019 4:51:42 PM

ਇਕ ਵਾਰ ਸਮਰੱਥ ਸਵਾਮੀ ਰਾਮਦਾਸ ਭਿੱਖਿਆ ਮੰਗਦੇ-ਮੰਗਦੇ ਇਕ ਘਰ ਦੇ ਦਰਵਾਜ਼ੇ ’ਤੇ ਪਹੁੰਚੇ। ਉਨ੍ਹਾਂ ਦਸਤਕ ਦਿੱਤੀ ਅਤੇ ਆਵਾਜ਼ ਮਾਰ ਕੇ ਬੋਲੇ, ‘‘ਜੈ-ਜੈ ਰਘੂਵੀਰ ਸਮਰੱਥ।’’
ਘਰ ਵਿਚੋਂ ਇਕ ਔਰਤ ਬਾਹਰ ਆਈ। ਔਰਤ ਨੇ ਉਨ੍ਹਾਂ ਦੀ ਝੋਲੀ ਵਿਚ ਭਿੱਖਿਆ ਪਾਈ ਅਤੇ ਬੇਨਤੀ ਕੀਤੀ, ‘‘ਮਹਾਰਾਜ, ਸੱਚੇ ਸੁੱਖ ਤੇ ਆਨੰਦ ਦੀ ਪ੍ਰਾਪਤੀ ਦਾ ਰਸਤਾ ਕੀ ਹੈ? ਇਹ ਦੱਸਦੇ ਹੋਏ ਕੋਈ ਉਪਦੇਸ਼ ਦਿਓ।’’
ਸਵਾਮੀ ਜੀ ਔਰਤ ਦੀ ਬੇਨਤੀ ਸੁਣਨ ਪਿੱਛੋਂ ਬੋਲੇ, ‘‘ਅੱਜ ਨਹੀਂ, ਕੱਲ ਉਪਦੇਸ਼ ਦੇਵਾਂਗਾ।’’

ਦੂਜੇ ਦਿਨ ਸਵਾਮੀ ਰਾਮਦਾਸ ਨੇ ਮੁੜ ਉਸ ਘਰ ਦੇ ਸਾਹਮਣੇ ਆ ਕੇ ਆਵਾਜ਼ ਮਾਰੀ, ‘‘ਜੈ-ਜੈ ਰਘੂਵੀਰ ਸਮਰੱਥ।’’
ਔਰਤ ਸਵਾਮੀ ਰਾਮਦਾਸ ਪ੍ਰਤੀ ਬਹੁਤ ਸ਼ਰਧਾ ਰੱਖਦੀ ਸੀ। ਉਸ ਨੂੰ ਪਤਾ ਸੀ ਕਿ ਸਵਾਮੀ ਜੀ ਅੱਜ ਆਉਣਗੇ ਅਤੇ ਉਸ ਨੂੰ ਉਪਦੇਸ਼ ਦੇਣਗੇ। ਸੋ ਉਸ ਨੇ ਬੜੇ ਪਿਆਰ ਨਾਲ ਉਨ੍ਹਾਂ ਲਈ ਖੀਰ ਬਣਾਈ। ਉਸ ਵਿਚ ਬਦਾਮ-ਪਿਸਤੇ ਵੀ ਪਾਏ। ਉਹ ਖੀਰ ਦੀ ਕੌਲੀ ਲੈ ਕੇ ਬਾਹਰ ਆਈ। ਔਰਤ ਨੂੰ ਦੇਖ ਕੇ ਸਵਾਮੀ ਜੀ ਨੇ ਕਮੰਡਲ ਅੱਗੇ ਕਰ ਦਿੱਤਾ। ਔਰਤ ਕਮੰਡਲ ਵਿਚ ਖੀਰ ਪਾਉਣ ਲੱਗੀ ਤਾਂ ਉਸ ਨੇ ਦੇਖਿਆ ਕਿ ਉਸ ਵਿਚ ਗੋਹਾ ਤੇ ਕੂੜਾ-ਕਰਕਟ ਭਰਿਆ ਹੋਇਆ ਹੈ। ਔਰਤ ਦੇ ਹੱਥ ਰੁਕ ਗਏ। ਉਹ ਬੋਲੀ, ‘‘ਮਹਾਰਾਜ, ਇਹ ਕਮੰਡਲ ਤਾਂ ਗੰਦਾ ਹੈ।’’

ਸਮਰੱਥ ਸਵਾਮੀ ਰਾਮਦਾਸ ਜੀ ਮੁਸਕਰਾਉਂਦੇ ਹੋਏ ਬੋਲੇ, ‘‘ਹਾਂ, ਗੰਦਾ ਤਾਂ ਹੈ ਪਰ ਖੀਰ ਇਸ ਵਿਚ ਹੀ ਪਾ ਦੇ।’’
ਔਰਤ ਬੋਲੀ, ‘‘ਨਹੀਂ-ਨਹੀਂ ਮਹਾਰਾਜ, ਫਿਰ ਤਾਂ ਖੀਰ ਖਰਾਬ ਹੋ ਜਾਵੇਗੀ। ਆਪਣਾ ਕਮੰਡਲ ਮੈਨੂੰ ਦਿਓ, ਮੈਂ ਇਸ ਨੂੰ ਸਾਫ ਕੇ ਲਿਆਉਂਦੀ ਹਾਂ।’’

ਸਵਾਮੀ ਜੀ ਨੇ ਪੁੱਛਿਆ, ‘‘ਮਤਲਬ ਜਦੋਂ ਇਹ ਕਮੰਡਲ ਸਾਫ ਹੋ ਜਾਵੇਗਾ, ਤਾਂ ਤੂੰ ਇਸ ਵਿਚ ਖੀਰ ਪਾਵੇਂਗੀ?’’
ਔਰਤ ਹੱਥ ਜੋੜ ਕੇ ਬੋਲੀ,‘‘ਜੀ ਮਹਾਰਾਜ।’’
ਸਵਾਮੀ ਜੀ ਮੁਸਕਰਾਏ ਅਤੇ ਬੋਲੇ, ‘‘ਜਦੋਂ ਤਕ ਮਨ ਵਿਚ ਕਾਮ, ਗੁੱਸੇ, ਮੋਹ, ਚਿੰਤਾ, ਈਰਖਾ ਆਦਿ ਬੁਰਾਈਆਂ ਦਾ ਕੂੜਾ-ਕਚਰਾ ਤੇ ਬੁਰੇ ਸੰਸਕਾਰਾਂ ਦਾ ਗੋਹਾ ਭਰਿਆ ਹੈ, ਉਸ ਵੇਲੇ ਤਕ ਉਪਦੇਸ਼ ਦਾ ਕੋਈ ਫਾਇਦਾ ਨਹੀਂ ਹੋਵੇਗਾ।’’ ਔਰਤ ਹੁਣ ਸਮਝ ਚੁੱਕੀ ਸੀ ਕਿ ਜੇ ਉਪਦੇਸ਼ ਰੂਪੀ ਅੰਮ੍ਰਿਤ ਦਾ ਪਾਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ੁੱਧ ਕਰਨਾ ਚਾਹੀਦਾ ਹੈ। ਬੁਰੇ ਸੰਸਕਾਰਾਂ ਦਾ ਤਿਆਗ ਕਰਨਾ ਚਾਹੀਦਾ ਹੈ, ਤਾਂ ਹੀ ਸੱਚੇ ਸੁੱਖ ਤੇ ਆਨੰਦ ਦੀ ਪ੍ਰਾਪਤੀ ਹੋਵੇਗੀ।


manju bala

Edited By manju bala