ਸੇਵਾ ਭਾਵਨਾ ਨੂੰ ਵੱਖ ਕਰ ਦਿੰਦਾ ਹੈ ਧਨ ਦਾ ਲਾਲਚ
5/12/2019 12:20:29 PM
ਇਕ ਵਾਰ ਇਕ ਸਾਧੂ ਮਹਾਰਾਜ ਆਪਣੇ ਚੇਲਿਆਂ ਨਾਲ ਇਕ ਪਿੰਡ ਵਿਚ ਜਾ ਰਹੇ ਸਨ। ਉੱਥੋਂ ਲੰਘਦਿਆਂ ਰਾਜੇ ਨੇ ਸਾਧੂ ਮਹਾਰਾਜ ਨੂੰ ਦੇਖਿਆ ਅਤੇ ਆਪਣੇ ਘੋੜਿਆਂ ਨੂੰ ਰੋਕ ਦਿੱਤਾ। ਰਾਜਾ ਘੋੜੇ ਤੋਂ ਉਤਰਿਆ ਅਤੇ ਸਾਧੂ ਮਹਾਰਾਜ ਨੂੰ ਕਹਿਣ ਲੱਗਾ,‘‘ਤੁਸੀਂ ਸਾਡੇ ਨਾਲ ਚੱਲੋ। ਮੈਂ ਤੁਹਾਨੂੰ ਨਾਲ ਲਿਜਾਣ ਲਈ ਆਇਆ ਹਾਂ ਕਿਉਂਕਿ ਮੇਰਾ ਮਨ ਸੇਵਾ ਕਰਨ ਲਈ ਕਰ ਰਿਹਾ ਹੈ।’’
ਸਾਧੂ ਮਹਾਰਾਜ ਨੇ ਕਿਹਾ,‘‘ਮੇਰੇ ਨਾਲ ਮੇਰੇ ਚੇਲੇ ਹਨ, ਮੈਂ ਇਨ੍ਹਾਂ ਨੂੰ ਵੀ ਆਪਣੇ ਨਾਲ ਲੈ ਕੇ ਜਾਵਾਂਗਾ।’’
ਰਾਜਾ ਬੋਲਿਆ,‘‘ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੋਵੇ, ਉਸੇ ਤਰ੍ਹਾਂ ਕਰੋ।’’
ਸਾਧੂ ਮਹਾਰਾਜ ਰਾਜੇ ਨਾਲ ਮਹੱਲ ਵਿਚ ਗਏ ਤਾਂ ਦੇਖਿਆ ਕਿ ਮਹੱਲ ਬਹੁਤ ਵੱਡਾ ਹੈ। ਉੱਥੇ ਬਹੁਤ ਕੁਝ ਹੈ। ਫਿਰ ਵੀ ਰਾਜੇ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈ। ਰਾਜੇ ਨੇ ਸਾਧੂ ਮਹਾਰਾਜ ਦੀ ਸੇਵਾ ਕੀਤੀ ਅਤੇ ਉਨ੍ਹਾਂ ਲਈ ਭੋਜਨ ਦਾ ਇੰਤਜ਼ਾਮ ਕਰਵਾਇਆ।
ਸਾਧੂ ਨੇ ਰਾਜੇ ਨੂੰ ਉਦਾਸ ਦੇਖ ਕੇ ਪੁੱਛਿਆ,‘‘ਆਖਰ ਤੁਹਾਨੂੰ ਕੀ ਪ੍ਰੇਸ਼ਾਨੀ ਹੈ?’’
ਰਾਜਾ ਬੋਲਿਆ,‘‘ਮੈਨੂੰ ਇਹੋ ਫਿਕਰ ਰਹਿੰਦਾ ਹੈ ਕਿ ਮੈਨੂੰ ਹੋਰ ਧਨ ਦੀ ਲੋੜ ਹੈ, ਜਿਸ ਨਾਲ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।’’
ਆਖਰ ਸਾਧੂ ਮਹਾਰਾਜ ਸਮਝ ਗਏ ਸਨ ਕਿ ਰਾਜਾ ਸੇਵਾ ਨਹੀਂ ਕਰਨਾ ਚਾਹੁੰਦਾ, ਉਹ ਤਾਂ ਆਪਣੇ ਧਨ ਦਾ ਇੰਤਜ਼ਾਮ ਕਰ ਰਿਹਾ ਹੈ।
ਸਾਧੂ ਮਹਾਰਾਜ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਤੈਨੂੰ ਧਨ ਦਾ ਲਾਲਚ ਨਹੀਂ ਹੈ। ਇਸ ਲਈ ਤੂੰ ਮੇਰੀ ਸੇਵਾ ਕਰ ਰਿਹਾ ਏਂ ਪਰ ਤੇਰੀਆਂ ਗੱਲਾਂ ਤੋਂ ਇਹ ਲੱਗ ਰਿਹਾ ਹੈ ਕਿ ਤੂੰ ਲਾਲਚ ਕਰ ਰਿਹਾ ਏਂ, ਜਿਸ ਨਾਲ ਕਿ ਧਨ ਦੀ ਪ੍ਰਾਪਤੀ ਹੋ ਜਾਵੇ।’’
ਰਾਜੇ ਨੇ ਸਾਧੂ ਮਹਾਰਾਜ ਅੱਗੇ ਹੱਥ ਜੋੜ ਕੇ ਕਿਹਾ,‘‘ਮੈਂ ਅਜਿਹਾ ਨਹੀਂ ਸੋਚਦਾ ਪਰ ਮੈਂ ਇਹ ਜਾਣਦਾ ਹਾਂ ਕਿ ਤੁਸੀਂ ਸਾਡੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ।’’
ਸਾਧੂ ਮਹਾਰਾਜ ਨੇ ਕਿਹਾ,‘‘ਤੇਰੇ ਕੋਲ ਤਾਂ ਪਹਿਲਾਂ ਤੋਂ ਹੀ ਬਹੁਤ ਸਾਰਾ ਧਨ ਹੈ, ਤੈਨੂੰ ਧਨ ਦੀ ਲੋੜ ਕਿਉਂ ਹੈ?’’
ਰਾਜੇ ਨੇ ਦੱਸਿਆ,‘‘ਮੈਨੂੰ ਧਨ ਦੀ ਲੋੜ ਇਸ ਲਈ ਹੈ ਕਿਉਂਕਿ ਇਹ ਧਨ ਖਤਮ ਹੋ ਜਾਵੇਗਾ।’’
ਸਾਧੂ ਮਹਾਰਾਜ ਬੋਲੇ,‘‘ਜੇ ਤੂੰ ਸੱਚੇ ਮਨ ਨਾਲ ਸੇਵਾ ਕਰਦਾ ਤਾਂ ਤੈਨੂੰ ਸਭ ਕੁਝ ਹਾਸਲ ਹੋ ਸਕਦਾ ਸੀ ਪਰ ਤੇਰੇ ਮਨ ਅੰਦਰ ਲਾਲਚ ਆ ਗਿਆ ਹੈ, ਜਿਸ ਕਾਰਨ ਤੈਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ।
ਜਦੋਂ ਇਨਸਾਨ ਦੇ ਅੰਦਰ ਲਾਲਚ ਆ ਜਾਂਦਾ ਹੈ ਤਾਂ ਉਸ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੁੰਦੀ। ਧਨ ਦਾ ਲਾਲਚ ਸੇਵਾ ਭਾਵਨਾ ਨੂੰ ਵੱਖ ਕਰ ਦਿੰਦਾ ਹੈ। ਇਸ ਲਈ ਤੁਸੀਂ ਆਪਣੇ ਜੀਵਨ ਵਿਚ ਕੁਝ ਵੀ ਕਰਨਾ ਹੈ ਤਾਂ ਸੱਚੇ ਮਨ ਨਾਲ ਕਰੋ।’’
