ਨ੍ਰਤਕੀ ਦੇ ਇਕ ਦੋਹੇ ਨੇ ਬਦਲਿਆ ਜੀਵਨ

4/24/2019 9:49:47 AM

ਇਕ ਰਾਜੇ ਨੂੰ ਰਾਜ ਕਰਦਿਆਂ ਕਾਫੀ ਸਮਾਂ ਬੀਤ ਚੁੱਕਾ ਸੀ। ਉਸ ਦੇ ਵਾਲ ਵੀ ਸਫੈਦ ਹੋਣ ਲੱਗੇ ਸਨ। ਇਕ ਦਿਨ ਉਸ ਨੇ ਆਪਣੇ ਦਰਬਾਰ ਵਿਚ ਉਤਸਵ ਰੱਖਿਆ, ਜਿਸ ਵਿਚ ਉਸ ਨੇ ਆਪਣੇ ਗੁਰੂ ਤੇ ਮਿੱਤਰ ਦੇਸ਼ ਦੇ ਰਾਜਿਆਂ ਨੂੰ ਵੀ ਸੱਦਾ ਦਿੱਤਾ। ਉਤਸਵ ਨੂੰ ਦਿਲਚਸਪ ਬਣਾਉਣ ਲਈ ਰਾਜ ਦੀ ਪ੍ਰਸਿੱਧ ਨ੍ਰਤਕੀ ਨੂੰ ਵੀ ਸੱਦਿਆ ਗਿਆ।
ਰਾਜੇ ਨੇ ਸੋਨੇ ਦੀਆਂ ਕੁਝ ਮੋਹਰਾਂ ਆਪਣੇ ਗੁਰੂ ਨੂੰ ਦਿੱਤੀਆਂ ਤਾਂ ਜੋ ਨ੍ਰਤਕੀ ਦੇ ਚੰਗੇ ਨ੍ਰਿਤ ’ਤੇ ਉਹ ਉਸ ਨੂੰ ਪੁਰਸਕਾਰ ਦੇ ਸਕਣ। ਸਾਰੀ ਰਾਤ ਨ੍ਰਿਤ ਚੱਲਦਾ ਰਿਹਾ। ਸਵੇਰ ਹੋਣ ਵਾਲੀ ਸੀ। ਨ੍ਰਤਕੀ ਨੇ ਦੇਖਿਆ ਕਿ ਮੇਰਾ ਤਬਲੇ ਵਾਲਾ ਘੁਰਾੜੇ ਮਾਰ ਰਿਹਾ ਹੈ। ਉਸ ਨੂੰ ਜਗਾਉਣ ਲਈ ਨ੍ਰਤਕੀ ਨੇ ਦੋਹਾ ਪੜ੍ਹਿਆ...
ਬਹੁ ਬੀਤੀ, ਥੋੜ੍ਹੀ ਰਹੀ, ਪਲ-ਪਲ ਗਈ ਬਿਹਾਈ।
ਏਕ ਪਲਕ ਕੇ ਕਾਰਨੇ, ਨਾ ਕਲੰਕ ਲੱਗ ਜਾਏ।
ਹੁਣ ਇਸ ਦੋਹੇ ਦਾ ਵੱਖ-ਵੱਖ ਵਿਅਕਤੀਆਂ ਨੇ ਆਪਣੇ ਹਿਸਾਬ ਨਾਲ ਵੱਖ-ਵੱਖ ਮਤਲਬ ਕੱਢਿਆ। ਤਬਲੇ ਵਾਲਾ ਚੌਕੰਨਾ ਹੋ ਕੇ ਤਬਲਾ ਵਜਾਉਣ ਲੱਗਾ। ਜਦੋਂ ਇਹ ਗੱਲ ਗੁਰੂ ਨੇ ਸੁਣੀ ਤਾਂ ਉਨ੍ਹਾਂ ਸਾਰੀਆਂ ਮੋਹਰਾਂ ਉਸ ਮੁਜਰਾ ਕਰਨ ਵਾਲੀ ਨੂੰ ਦੇ ਦਿੱਤੀਆਂ। ਉਹੋ ਦੋਹਾ ਉਸ ਨੇ ਫਿਰ ਪੜ੍ਹਿਆ ਤਾਂ ਰਾਜੇ ਦੀ ਕੁੜੀ ਨੇ ਆਪਣਾ ਨੌਲੱਖਾ ਹਾਰ ਉਸ ਨੂੰ ਦੇ ਦਿੱਤਾ। ਉਸ ਨੇ ਫਿਰ ਉਹੋ ਦੋਹਾ ਦੁਹਰਾਇਆ ਤਾਂ ਰਾਜੇ ਦੇ ਮੁੰਡੇ ਨੇ ਆਪਣਾ ਮੁਕੁਟ ਲਾਹ ਕੇ ਦੇ ਦਿੱਤਾ।
ਉਹੋ ਦੋਹਾ ਉਹ ਵਾਰ-ਵਾਰ ਦੁਹਰਾਉਣ ਲੱਗੀ। ਰਾਜਾ ਬੋਲਿਆ, ‘‘ਬਸ ਕਰ, ਤੂੰ ਵੇਸਵਾ ਹੋ ਕੇ ਇਕ ਦੋਹੇ ਨਾਲ ਸਾਰਿਆਂ ਨੂੰ ਲੁੱਟ ਲਿਆ।’’
ਜਦੋਂ ਇਹ ਗੱਲ ਰਾਜੇ ਦੇ ਗੁਰੂ ਨੇ ਸੁਣੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਹ ਬੋਲੇ, ‘‘ਰਾਜਨ, ਇਸ ਨੂੰ ਤੂੰ ਵੇਸਵਾ ਨਾ ਕਹਿ, ਇਹ ਹੁਣ ਮੇਰੀ ਗੁਰੂ ਹੈ। ਇਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿ ਮੈਂ ਸਾਰੀ ਉਮਰ ਜੰਗਲਾਂ ਵਿਚ ਭਗਤੀ ਕਰਦਾ ਰਿਹਾ ਅਤੇ ਆਖਰੀ ਸਮੇਂ ਮੁਜਰਾ ਦੇਖ ਕੇ ਆਪਣੀ ਸਾਧਨਾ ਨਸ਼ਟ ਕਰਨ ਆ ਗਿਆ, ਭਰਾ ਮੈਂ ਤਾਂ ਚੱਲਿਆ।’’
ਰਾਜੇ ਦੀ ਕੁੜੀ ਨੇ ਕਿਹਾ, ‘‘ਤੁਸੀਂ ਮੇਰਾ ਵਿਆਹ ਨਹੀਂ ਕਰ ਰਹੇ ਸੀ, ਅੱਜ ਮੈਂ ਤੁਹਾਡੇ ਮਹਾਵਤ ਨਾਲ ਭੱਜ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੀ ਸੀ। ਇਸ ਨੇ ਮੈਨੂੰ ਮੱਤ ਦਿੱਤੀ ਹੈ ਕਿ ਕਦੇ ਤਾਂ ਤੇਰਾ ਵਿਆਹ ਹੋਵੇਗਾ। ਕਿਉਂ ਆਪਣੇ ਪਿਓ ਦੇ ਨਾਂ ਨੂੰ ਕਲੰਕ ਲਾਉਂਦੀ ਏਂ?’’

ਰਾਜੇ ਦੇ ਮੁੰਡੇ ਨੇ ਕਿਹਾ, ‘‘ਤੁਸੀਂ ਮੈਨੂੰ ਰਾਜ ਨਹੀਂ ਦੇ ਰਹੇ ਸੀ। ਮੈਂ ਆਪਣੇ ਸਿਪਾਹੀਆਂ ਨਾਲ ਮਿਲ ਕੇ ਤੁਹਾਡਾ ਕਤਲ ਕਰਵਾ ਦੇਣਾ ਸੀ। ਇਸ ਨੇ ਸਮਝਾਇਆ ਕਿ ਆਖਿਰ ਰਾਜ ਤਾਂ ਤੈਨੂੰ ਹੀ ਮਿਲਣਾ ਹੈ, ਕਿਉਂ ਆਪਣੇ ਪਿਤਾ ਦੇ ਖੂਨ ਦਾ ਕਲੰਕ ਆਪਣੇ ਸਿਰ ਲੈਂਦਾ ਏਂ?’’
ਜਦੋਂ ਇਹ ਸਾਰੀਆਂ ਗੱਲਾਂ ਰਾਜੇ ਨੇ ਸੁਣੀਆਂ ਤਾਂ ਰਾਜੇ ਨੂੰ ਵੀ ਆਤਮ-ਗਿਆਨ ਹੋਇਆ ਕਿ ਕਿਉਂ ਨਾ ਮੈਂ ਹੁਣੇ ਰਾਜਕੁਮਾਰ ਦਾ ਰਾਜਤਿਲਕ ਕਰ ਦੇਵਾਂ, ਗੁਰੂ ਵੀ ਮੌਜੂਦ ਹਨ। ਉਸੇ ਵੇਲੇ ਰਾਜੇ ਨੇ ਆਪਣੇ ਬੇਟੇ ਦਾ ਰਾਜਤਿਲਕ ਕਰ ਦਿੱਤਾ ਅਤੇ ਕੁੜੀ ਨੂੰ ਕਿਹਾ, ‘‘ਬੇਟੀ, ਮੈਂ ਜਲਦ ਹੀ ਯੋਗ ਵਰ ਦੇਖ ਕੇ ਤੇਰਾ ਵੀ ਵਿਆਹ ਕਰ ਦੇਵਾਂਗਾ।’’
ਇਹ ਸਭ ਦੇਖ ਕੇ ਮੁਜਰਾ ਕਰਨ ਵਾਲੀ ਨ੍ਰਤਕੀ ਨੇ ਕਿਹਾ, ‘‘ਮੇਰੇ ਇਕ ਦੋਹੇ ਨਾਲ ਇੰਨੇ ਲੋਕ ਸੁਧਰ ਗਏ, ਮੈਂ ਤਾਂ ਨਹੀਂ ਸੁਧਰੀ। ਅੱਜ ਤੋਂ ਮੈਂ ਆਪਣਾ ਧੰਦਾ ਬੰਦ ਕਰਦੀ ਹਾਂ। ਰੱਬਾ! ਅੱਜ ਤੋਂ ਮੈਂ ਵੀ ਤੇਰਾ ਨਾਮ ਜਪਾਂਗੀ।’’