ਅਸਾਧਾਰਨ ਹੁਨਰ ਦੇ ਮਾਲਕ ਸਨ ਵਿਵੇਕਾਨੰਦ ਜੀ

2/22/2019 9:12:06 AM

ਇਹ ਸਵਾਮੀ ਵਿਵੇਕਾਨੰਦ ਜੀ ਦੇ ਬਚਪਨ ਦੀ ਘਟਨਾ ਹੈ। ਉਸ ਵੇਲੇ ਉਨ੍ਹਾਂ ਨੂੰ ਨਰਿੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬਚਪਨ ਤੋਂ ਹੀ ਉਨ੍ਹਾਂ ਵਿਚ ਅਸਾਧਾਰਨ ਹੁਨਰ ਨਜ਼ਰ ਆਉਂਦਾ ਸੀ। ਉਨ੍ਹਾਂ ਦੇ ਸ਼ਬਦ ਉਨ੍ਹਾਂ ਦੀ ਸ਼ਖਸੀਅਤ ਵਾਂਗ ਹੀ ਪ੍ਰਭਾਵਸ਼ਾਲੀ ਸਨ। ਜਦੋਂ ਉਹ ਗੱਲ ਕਰਦੇ ਤਾਂ ਹਰ ਕੋਈ ਧਿਆਨ-ਮਗਨ ਹੋ ਕੇ ਆਪਣਾ ਕੰਮ ਭੁੱਲ ਕੇ ਉਨ੍ਹਾਂ ਨੂੰ ਸੁਣਦਾ ਸੀ।
ਇਕ ਦਿਨ ਸਕੂਲ ਵਿਚ ਨਰਿੰਦਰ ਕਲਾਸ ਦੀ ਬਰੇਕ ਦੌਰਾਨ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਹੇ ਸਨ। ਇਸ ਦੌਰਾਨ ਅਧਿਆਪਕ ਕਲਾਸ ਵਿਚ ਆ ਪਹੁੰਚੇ ਅਤੇ ਉਨ੍ਹਾਂ ਆਪਣਾ ਵਿਸ਼ਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਪਰ ਵਿਦਿਆਰਥੀ ਨਰਿੰਦਰ ਦੀ ਗੱਲਬਾਤ ਸੁਣਨ ਵਿਚ ਹੀ ਮਗਨ ਰਹੇ। ਉਨ੍ਹਾਂ ਨੂੰ ਕਲਾਸ ਵਿਚ ਅਧਿਆਪਕ ਦੇ ਆਉਣ ਅਤੇ ਉਨ੍ਹਾਂ ਵਲੋਂ ਪੜ੍ਹਾਏ ਜਾਣ ਦਾ ਪਤਾ ਹੀ ਨਾ ਲੱਗਾ।
ਕੁਝ ਸਮੇਂ ਤਕ ਅਧਿਆਪਕ ਆਪਣੇ ਧਿਆਨ ਪੜ੍ਹਾਉਂਦੇ ਰਹੇ ਪਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕਲਾਸ ਵਿਚ ਵਿਦਿਆਰਥੀਆਂ ਵਿਚਕਾਰ ਕੁਝ ਗੱਲਾਂ ਚੱਲ ਰਹੀਆਂ ਹਨ। ਅਧਿਆਪਕ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੁੱਛਿਆ, ‘‘ਕੀ ਚੱਲ ਰਿਹਾ ਹੈ?’’
ਕੋਈ ਜਵਾਬ ਨਾ ਮਿਲਣ ’ਤੇ ਹਰੇਕ ਵਿਦਿਆਰਥੀ ਤੋਂ ਪੁੱਛਿਆ, ‘‘ਦੱਸ ਹੁਣ ਤਕ ਮੈਂ ਕੀ ਦੱਸਿਆ ਸੀ?’’
ਕੋਈ ਵੀ ਵਿਦਿਆਰਥੀ ਜਵਾਬ ਨਾ ਦੇ ਸਕਿਆ ਪਰ ਨਰਿੰਦਰ ਨੂੰ ਸਭ ਕੁਝ ਪਤਾ ਸੀ। ਉਹ ਆਪਣੇ ਦੋਸਤਾਂ ਨਾਲ ਗੱਲ ਕਰਦੇ ਹੋਏ ਵੀ ਅਧਿਆਪਕ ਦੀ ਗੱਲ ਸੁਣ ਰਹੇ ਸਨ ਅਤੇ ਉਸ ਨੂੰ ਗ੍ਰਹਿਣ ਵੀ ਕਰ ਰਹੇ ਸਨ।
ਅਧਿਆਪਕ ਨੇ ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਦੱਸ ਦਿੱਤਾ ਕਿ ਉਹ ਕੀ ਕਹਿ ਰਹੇ ਸਨ।
ਅਧਿਆਪਕ ਨੇ ਫਿਰ ਸਾਰਿਆਂ ਨੂੰ ਪੁੱਛਣਾ ਸ਼ੁਰੂ ਕੀਤਾ, ‘‘ਜਦੋਂ ਮੈਂ ਪੜ੍ਹਾ ਰਿਹਾ ਸੀ ਤਾਂ ਕੌਣ-ਕੌਣ ਗੱਲ ਕਰ ਰਿਹਾ ਸੀ?’’
ਹਰ ਕਿਸੇ ਨੇ ਨਰਿੰਦਰ ਵੱਲ ਇਸ਼ਾਰਾ ਕੀਤਾ ਪਰ ਅਧਿਆਪਕ ਨੂੰ ਯਕੀਨ ਨਾ ਹੋਇਆ ਅਤੇ ਉਨ੍ਹਾਂ ਨਰਿੰਦਰ ਨੂੰ ਛੱਡ ਕੇ ਸਾਰੇ ਵਿਦਿਆਰਥੀਆਂ ਨੂੰ ਬੈਂਚ ’ਤੇ ਖੜ੍ਹਾ ਹੋਣ ਲਈ ਕਿਹਾ। ਨਰਿੰਦਰ ਵੀ ਆਪਣੇ ਦੋਸਤਾਂ ਵਿਚ ਸ਼ਾਮਲ ਹੋ ਕੇ ਖੜ੍ਹੇ ਹੋ ਗਏ।
ਅਧਿਆਪਕ ਬੋਲੇ, ‘‘ਓ, ਤੂੰ ਕਿਉਂ ਖੜ੍ਹਾ ਹੋ ਗਿਆਂ? ਤੂੰ ਤਾਂ ਸਹੀ ਜਵਾਬ ਦਿੱਤਾ ਹੈ, ਬੈਠ ਜਾ।’’ ਨਰਿੰਦਰ ਬੋਲੇ, ‘‘ਨਹੀਂ ਸਰ, ਮੈਂ ਵੀ ਖੜ੍ਹਾ ਹੋਵਾਂਗਾ ਕਿਉਂਕਿ ਮੈਂ ਹੀ ਵਿਦਿਆਰਥੀਆਂ ਨਾਲ ਗੱਲਾਂ ਕਰ ਰਿਹਾ ਸੀ।’’
ਇਹ ਸੁਣ ਕੇ ਅਧਿਆਪਕ ਹੈਰਾਨ ਰਹਿ ਗਏ।