ਜਦੋਂ ਸਮਰਾਟ ਅਸ਼ੋਕ ਨੇ ਮੰਤਰੀ ਨੂੰ ਦੱਸੀ ਸਿਰ ਦੀ ਕੀਮਤ

2/15/2019 10:40:57 AM

ਇਕ ਵਾਰ ਸਮਰਾਟ ਅਸ਼ੋਕ ਆਪਣੇ ਮੰਤਰੀ ਨਾਲ ਕਿਤੇ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਨੂੰ ਇਕ ਮੰਗਤਾ ਆਉਂਦਾ ਦਿਸਿਆ। ਸਮਰਾਟ ਰੱਥ ਤੋਂ ਹੇਠਾਂ ਉਤਰੇ ਅਤੇ ਮੰਗਤੇ ਸਾਹਮਣੇ ਸਿਰ ਝੁਕਾ ਕੇ ਫਿਰ ਅੱਗੇ ਵਧੇ। ਮੰਤਰੀ ਨੂੰ ਇਹ ਚੰਗਾ ਨਹੀਂ ਲੱਗਾ। ਉਹ ਬੋਲਿਆ,‘‘ਮਹਾਰਾਜ, ਤੁਸੀਂ ਇੰਨੇ ਵੱਡੇ ਸਮਰਾਟ ਹੋ, ਤੁਹਾਨੂੰ ਇਕ ਮੰਗਤੇ ਸਾਹਮਣੇ ਸੀਸ ਨਿਵਾਉਣਾ ਕੀ ਸ਼ੋਭਾ ਦਿੰਦਾ ਹੈ?’’
ਸਮਰਾਟ ਬੋਲੇ,‘‘ਇਸ ਦਾ ਜਵਾਬ ਮੈਂ ਕੱਲ ਦੇਵਾਂਗਾ।’’
ਅਗਲੇ ਦਿਨ ਸਮਰਾਟ ਨੇ ਇਕ ਝੋਲੀ ਵਿਚ 3 ਸਿਰ ਪੁਆ ਕੇ ਮੰਤਰੀ ਨੂੰ ਦਿੱਤੇ ਅਤੇ ਬੋਲੇ ਕਿ ਇਨ੍ਹਾਂ ਨੂੰ ਵੇਚ ਆ। ਝੋਲੀ ਵਿਚ ਇਕ ਸਿਰ ਝੋਟੇ ਦਾ, ਇਕ ਬੱਕਰੀ ਦਾ ਅਤੇ ਇਕ ਮਨੁੱਖ ਦਾ ਸੀ। ਮੰਤਰੀ ਪੂਰਾ ਦਿਨ ਇੱਧਰ-ਉੱਧਰ ਘੁੰਮਦਾ ਰਿਹਾ ਪਰ ਕੋਈ ਵੀ ਤਿੰਨੋਂ ਸਿਰ ਖਰੀਦਣ ਲਈ ਤਿਆਰ ਨਾ ਹੋਇਆ। ਮੰਤਰੀ ਨੇ ਆ ਕੇ ਸਮਰਾਟ ਨੂੰ ਕਿਹਾ,‘‘ਮਹਾਰਾਜ, ਕੋਈ ਵੀ ਸਿਰ ਖਰੀਦਣ ਲਈ ਤਿਆਰ ਨਹੀਂ ਹੈ।’’
ਸਮਰਾਟ ਨੇ ਹੁਕਮ ਦਿੱਤਾ,‘‘ਇਨ੍ਹਾਂ ਨੂੰ ਮੁਫਤ ’ਚ ਵੰਡ ਦਿਓ।’’
ਇਸ ਵਾਰ ਮੰਤਰੀ ਜੀ ਝੋਟੇ ਤੇ ਬੱਕਰੀ ਦਾ ਸਿਰ ਤਾਂ ਵੰਡ ਆਏ ਪਰ ਮਨੁੱਖ ਦਾ ਸਿਰ ਕੋਈ ਵੀ ਲੈਣ ਲਈ ਤਿਆਰ ਨਾ ਹੋਇਆ। ਲੋਕਾਂ ਦਾ ਕਹਿਣਾ ਸੀ ਕਿ ਝੋਟੇ ਤੇ ਬੱਕਰੀ ਦਾ ਸਿਰ ਤਾਂ ਫਿਰ ਵੀ ਕੰਮ ਆ ਜਾਵੇਗਾ,  ਮਨੁੱਖ ਦਾ ਸਿਰ ਲੈ ਕੇ ਕੀ ਕਰਾਂਗੇ?
ਮੰਤਰੀ ਜਦੋਂ ਥੱਕ-ਹਾਰ ਕੇ ਦਰਬਾਰ ਵਿਚ ਮੁੜਿਆ ਅਤੇ ਸਮਰਾਟ ਨੂੰ ਪੂਰੀ ਗੱਲ ਦੱਸੀ ਤਾਂ ਉਨ੍ਹਾਂ ਮੁਸਕਰਾ ਕੇ ਕਿਹਾ,‘‘ਇਹੋ ਤਾਂ ਤੁਹਾਡੇ ਕੱਲ ਦੇ ਸਵਾਲ ਦਾ ਜਵਾਬ ਹੈ। ਹੁਣ ਤੁਸੀਂ ਹੀ ਦੱਸੋ ਕਿ ਜਿਸ ਸਿਰ ਦੀ ਕੋਈ ਵਰਤੋਂ ਨਹੀਂ, ਉਸ ਨੂੰ ਸੱਜਣ ਲੋਕਾਂ ਸਾਹਮਣੇ ਝੁਕਾਉਣ ਵਿਚ ਕੀ ਸਮੱਸਿਆ ਹੈ? ਸਮਰਾਟ ਹੋਣ ਦਾ ਮਾਣ ਵੀ ਤਾਂ ਪਲ ਭਰ ਦਾ ਹੀ ਹੈ। ਪਿਆਰ ਤੇ ਸਤਿਕਾਰ ਤਾਂ ਸਾਡੇ ਜੀਵਨ ਵਿਚ ਹਮੇਸ਼ਾ ਬਣਿਆ ਰਹਿੰਦਾ ਹੈ। ਸਤਿਕਾਰ ਦੇਣ ਨਾਲ ਸਤਿਕਾਰ ਵਧਦਾ ਹੈ ਅਤੇ ਅਮੀਰ-ਗਰੀਬ, ਊਚ-ਨੀਚ ਦਾ ਵਿਤਕਰਾ ਤਾਂ ਸਤਿਕਾਰ ਦੀ ਮੂਲ ਭਾਵਨਾ ਹੀ ਖਤਮ ਕਰ ਦਿੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਪ੍ਰਸਿੱਧੀ ਦਾ ਹੰਕਾਰ ਸਿਵਾਏ ਬਦਨਾਮੀ ਦੇ ਕੁਝ ਨਹੀਂ ਦਿੰਦਾ, ਜਦੋਂਕਿ ਦੂਜਿਆਂ ਨੂੰ ਪਿਆਰ ਤੇ ਸਤਿਕਾਰ ਦੇਣ ਨਾਲ ਬਦਲੇ ਵਿਚ ਖੁਦ ਵੀ ਸਤਿਕਾਰ ਮਿਲਦਾ ਹੈ।’’
ਮੰਤਰੀ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਾ ਸੀ।


manju bala

Edited By manju bala