'Christmas' ਲਈ ਲਾਲ, ਹਰੇ ਤੇ ਸਫੈਦ ਰੰਗ ਦੀ ਹੀ ਕਿਉਂ ਹੁੰਦੀ ਹੈ ਵਰਤੋਂ? ਜਾਣੋ ਇਸਦੇ ਪਿੱਛੇ ਦਾ ਦਿਲਚਸਪ ਕਾਰਨ

12/16/2025 6:02:19 PM

ਨਵੀਂ ਦਿੱਲੀ- ਦਸੰਬਰ ਨੂੰ ਮਨਾਇਆ ਜਾਣ ਵਾਲਾ ਕ੍ਰਿਸਮਸ ਦਾ ਤਿਉਹਾਰ ਈਸਾਈ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸਨੂੰ ਦੁਨੀਆ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਕੀਤੀ ਜਾਣ ਵਾਲੀ ਸਜਾਵਟ ਮੁੱਖ ਖਿੱਚ ਦਾ ਕੇਂਦਰ ਹੁੰਦੀ ਹੈ। ਕ੍ਰਿਸਮਸ ਦੀ ਸਜਾਵਟ ਵਿੱਚ ਮੁੱਖ ਤੌਰ 'ਤੇ ਲਾਲ, ਹਰਾ ਅਤੇ ਸਫੈਦ ਰੰਗ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਇਸ ਤਿਉਹਾਰ ਦੇ ਰਵਾਇਤੀ ਰੰਗ ਮੰਨਿਆ ਜਾਂਦਾ ਹੈ।
ਹਰ ਰੰਗ ਦਾ ਆਪਣਾ ਖਾਸ ਅਰਥ ਅਤੇ ਇਤਿਹਾਸਿਕ ਮਹੱਤਵ ਹੈ:
1. ਹਰਾ ਰੰਗ : ਅਨੰਤ ਜੀਵਨ ਦਾ ਪ੍ਰਤੀਕ

ਕ੍ਰਿਸਮਸ ਦੀ ਸਜਾਵਟ ਵਿੱਚ ਹਰੇ ਰੰਗ ਦਾ ਵਿਸ਼ੇਸ਼ ਮਹੱਤਵ ਹੈ, ਜੋ ਕਿ ਸਦਾਬਹਾਰ ਪੌਦਿਆਂ ਨਾਲ ਜੁੜਿਆ ਹੋਇਆ ਹੈ। ਸਦਾਬਹਾਰ ਪੌਦੇ ਕਦੇ ਮੁਰਝਾਉਂਦੇ ਨਹੀਂ ਅਤੇ ਹਮੇਸ਼ਾ ਹਰੇ ਰਹਿੰਦੇ ਹਨ। ਈਸਾਈ ਭਾਈਚਾਰੇ ਵਿੱਚ, ਹਰੇ ਰੰਗ ਨੂੰ ਅਨੰਤ ਜੀਵਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਰੰਗ ਦਰਸਾਉਂਦਾ ਹੈ ਕਿ ਈਸ਼ਵਰੀ ਕਿਰਪਾ ਬਣੀ ਹੋਈ ਹੈ। ਮਾਨਤਾਵਾਂ ਅਨੁਸਾਰ ਬਹੁਤ ਸਾਲ ਪਹਿਲਾਂ ਰੋਮਨ ਲੋਕ ਵੀ ਖੁਸ਼ਕਿਸਮਤੀ ਦੇ ਪ੍ਰਤੀਕ ਵਜੋਂ ਇੱਕ ਦੂਜੇ ਨੂੰ ਸਦਾਬਹਾਰ ਪੌਦੇ ਦਿੰਦੇ ਸਨ।
2. ਲਾਲ ਰੰਗ: ਕੁਰਬਾਨੀ ਅਤੇ ਕਹਾਣੀਆਂ
ਕ੍ਰਿਸਮਸ ਦੀਆਂ ਤਿਆਰੀਆਂ ਵਿੱਚ ਲਾਲ ਰੰਗ ਹਰ ਜਗ੍ਹਾ ਨਜ਼ਰ ਆਉਂਦਾ ਹੈ। ਰਵਾਇਤੀ ਕਾਰਨਾਂ ਅਨੁਸਾਰ, ਮੱਧ ਯੁੱਗ ਵਿੱਚ ਯੂਰਪ ਦੇ ਕਈ ਹਿੱਸਿਆਂ ਵਿੱਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਸਵਰਗ ਦੀਆਂ ਕਥਾਵਾਂ 'ਤੇ ਅਧਾਰਤ ਨਾਟਕ ਖੇਡੇ ਜਾਂਦੇ ਸਨ। ਇਨ੍ਹਾਂ ਨਾਟਕਾਂ ਵਿੱਚ ਇੱਕ ਚੀੜ ਦਾ ਰੁੱਖ ਜਾਂ ਸਵਰਗ ਦਾ ਰੁੱਖ ਹੁੰਦਾ ਸੀ, ਜਿਸ 'ਤੇ ਸੇਬ ਬੰਨ੍ਹੇ ਹੁੰਦੇ ਸਨ। ਇਹੀ ਕਾਰਨ ਹੈ ਕਿ ਸਜਾਵਟ ਵਿੱਚ ਸੇਬ ਅਤੇ ਲਾਲ ਰੰਗ ਦੇ ਫਲਾਂ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਇਹ ਰੰਗ ਸਿਰਫ਼ ਸਜਾਵਟ ਤੱਕ ਹੀ ਸੀਮਤ ਨਹੀਂ, ਸਗੋਂ ਲਾਲ ਰੰਗ ਦੀਆਂ ਪੋਸ਼ਾਕਾਂ ਦਾ ਵੀ ਕ੍ਰੇਜ਼ ਹੁੰਦਾ ਹੈ।
3. ਸਫੈਦ ਰੰਗ: ਪਵਿੱਤਰਤਾ ਅਤੇ ਸ਼ਾਂਤੀ
ਪੱਛਮੀ ਦੇਸ਼ਾਂ ਦੀ ਸੰਸਕ੍ਰਿਤੀ ਵਿੱਚ, ਸਫੈਦ ਰੰਗ ਨੂੰ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਥੇ ਸਰਦੀਆਂ ਦੇ ਮੌਸਮ ਵਿੱਚ ਚਾਰੇ ਪਾਸੇ ਬਰਫ਼ ਦੀ ਚਾਦਰ ਹੁੰਦੀ ਹੈ। ਕਥਾਵਾਂ ਅਨੁਸਾਰ 18ਵੀਂ ਸਦੀ ਵਿੱਚ ਸਜਾਵਟ ਲਈ ਸਫੈਦ ਵੇਫਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਸਫੈਦ ਵੇਫਰਾਂ ਅਤੇ ਲਾਲ ਸੇਬਾਂ ਨੂੰ ਈਸਾ ਮਸੀਹ ਦੇ ਸਰੀਰ ਅਤੇ ਲਹੂ ਦਾ ਕੈਥੋਲਿਕ ਪ੍ਰਤੀਕ ਮੰਨਿਆ ਜਾਂਦਾ ਸੀ। ਈਸਾਈ ਭਾਈਚਾਰੇ ਦੇ ਲੋਕ ਚਰਚਾਂ ਸਮੇਤ ਆਪਣੇ ਘਰਾਂ ਨੂੰ ਸਫੈਦ ਰੰਗ ਨਾਲ ਸਜਾਉਂਦੇ ਹਨ, ਜਿਸ ਨੂੰ ਪ੍ਰਭੂ ਯਿਸੂ ਦੇ ਜਨਮ ਦਾ ਸਵਾਗਤ ਮੰਨਿਆ ਜਾਂਦਾ ਹੈ।


Aarti dhillon

Content Editor Aarti dhillon