26 ਮਈ ਨੂੰ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਵੇਖਣ ਵਾਲੇ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
5/26/2021 12:32:40 PM
ਜਲੰਧਰ (ਬਿਊਰੋ) : ਸਾਲ 2021 ਦਾ ਪਹਿਲਾ ਚੰਦਰ ਗ੍ਰਹਿਣ 26 ਮਈ ਨੂੰ ਹੈ। ਚੰਦਰ ਗ੍ਰਹਿਣ 'ਵਿਸਾਖ ਪੂਰਨਿਮਾ' ਨੂੰ ਲੱਗਣ ਵਾਲਾ ਹੈ। ਖਗੋਲ ਵਿਗਿਆਨੀਆਂ ਅਤੇ ਜੋਤਿਸ਼ ਜਾਣਕਾਰਾਂ ਮੁਤਾਬਿਕ, ਇਹ ਮੁਕੰਮਲ ਚੰਦਰ ਗ੍ਰਹਿਣ ਹੋਵੇਗਾ, ਜੋ ਦੁਨੀਆ ਦੇ ਕਈ ਦੇਸ਼ਾਂ 'ਚ ਨਜ਼ਰ ਆਵੇਗਾ। ਹਾਲਾਂਕਿ ਭਾਰਤ 'ਚ ਇਸ ਨੂੰ ਵੇਖ ਸਕਣਾ ਸੰਭਵ ਨਹੀਂ ਹੋਵੇਗਾ, ਇਸ ਲਈ ਇਸ ਚੰਦਰ ਗ੍ਰਹਿਣ ਦਾ ਸੂਤਕ ਕਾਲ ਭਾਰਤ 'ਚ ਨਹੀਂ ਮੰਨਿਆ ਜਾਵੇਗਾ। ਹਾਲਾਂਕਿ ਜਿਹੜੇ ਲੋਕ ਚੰਦਰ ਗ੍ਰਹਿਣ ਦੇਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਗ੍ਰਹਿਣ ਦੌਰਾਨ ਪੂਜਾ-ਪਾਠ ਆਦਿ ਸਬੰਧੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਓ ਜਾਣਦੇ ਹਾਂ ਕਿ ਪੂਰਨ ਚੰਦਰ ਗ੍ਰਹਿਣ ਦੌਰਾਨ ਕਿਹੜੀਆਂ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ।
1. ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਲਈ ਕੁਝ ਵਿਸ਼ੇਸ਼ ਨਿਯਮ ਹਨ, ਜਿਸ ਦੀ ਪਾਲਣਾ ਜ਼ਰੂਰੀ ਕਰਨੀ ਚਾਹੀਦੀ ਹੈ। ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਆਪਣੇ ਕੋਲ ਨਾਰੀਅਲ ਜ਼ਰੂਰ ਰੱਖਣਾ ਚਾਹੀਦਾ ਹੈ। ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਲਾਈ ਜਾਂ ਕੱਟਣ ਦਾ ਕੰਮ ਨਹੀਂ ਕਰਨਾ ਚਾਹੀਦਾ।
2. ਸੂਰਜ ਗ੍ਰਹਿਣ ਹੋਵੇ ਜਾਂ ਚੰਦਰ ਗ੍ਰਹਿਣ ਦੋਵਾਂ ਨੂੰ ਬਗ਼ੈਰ ਸੁਰੱਖਿਆ ਉਪਕਰਨਾਂ ਦੀਆਂ ਨੰਗੀਆਂ ਅੱਖਾਂ ਨਾਲ ਬਿਲਕੁਲ ਵੀ ਨਹੀਂ ਦੇਖਣਾ ਚਾਹੀਦਾ।
3. ਗ੍ਰਹਿਣ ਦੌਰਾਨ ਇਸਤਰੀ-ਪੁਰਸ਼ ਨੂੰ ਆਪਸੀ ਸਬੰਧ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਸ ਦੌਰਾਨ ਇਹ ਅਸ਼ੁੱਭ ਮੰਨਿਆ ਜਾਂਦਾ ਹੈ। ਨਾਲ ਹੀ ਸੌਣਾ ਜਾਂ ਝੂਠ ਨਹੀਂ ਬੋਲਣਾ ਚਾਹੀਦਾ।
4. ਗ੍ਰਹਿਣ ਦੌਰਾਨ ਘਰ 'ਚ ਮੌਜੂਦ ਮੰਦਰ ਦੇ ਕਿਵਾੜ ਵੀ ਬੰਦ ਕਰ ਦੇਣੇ ਚਾਹੀਦੇ ਹਨ। ਗ੍ਰਹਿਣ ਦੀ ਮਿਆਦ 'ਚ ਧਾਰਮਿਕ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤੇ ਮਨ ਸ਼ਾਂਤ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ।
5. ਗ੍ਰਹਿਣ ਦੀ ਮਿਆਦ 'ਚ ਵਿਅਕਤੀ ਨੂੰ ਕਿਸੇ ਵੀ ਜਗ੍ਹਾ ਇਕੱਲੇ ਨਹੀਂ ਜਾਣਾ ਚਾਹੀਦਾ। ਇਸ ਦੌਰਾਨ ਨਕਾਰਾਤਮਕ ਤਾਕਤਾਂ ਬਲਸ਼ਾਲੀ ਹੋ ਜਾਂਦੀਆਂ ਹਨ, ਜੋ ਨੁਕਸਾਨ ਪਹੁੰਚਾ ਸਕਦੀਆਂ ਹਨ। ਘਰ 'ਚ ਰਹਿ ਕੇ ਪੂਜਾ-ਪਾਠ ਕਰਨਾ ਚਾਹੀਦਾ ਹੈ।
ਗ੍ਰਹਿਣ ਦੌਰਾਨ ਕਰੋ ਇਹ ਚੀਜ਼ਾਂ ਦਾਨ
ਗ੍ਰਹਿਣ ਸਮੇਂ ਦਾਨ ਕਰਨਾ ਜੀਵਨ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦਾ ਹੈ ਅਤੇ ਦੁੱਖਾਂ ਤੋਂ ਮੁਕਤ ਕਰਦਾ ਹੈ। ਇਸ ਦੇ ਵਿਅਕਤੀ ਨੂੰ ਤੇਜ਼ ਬੁੱਧੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਘਰ 'ਚ ਖੁਸ਼ਹਾਲੀ ਆਉਂਦੀ ਹੈ। ਜਾਣੋ ਕਿਹੜੀਆਂ ਚੀਜ਼ਾਂ ਦਾ ਦਾਨ ਕਰਨਾ ਸ਼ੁੱਭ ਹੁੰਦਾ ਹੈ -
1. ਚਾਂਦੀ ਦਾ ਦਾਨ
2. ਤਿਲ ਦਾ ਦਾਨ
3. ਸ਼ੱਕਰ ਦਾ ਦਾਨ
4. ਦੁੱਧ ਦਾ ਦਾਨ
5. ਚਾਵਲ ਦਾ ਦਾਨ
ਕਿੱਥੇ-ਕਿੱਥੇ ਆਵੇਗਾ ਨਜ਼ਰ
ਪੂਰਵੀ ਏਸ਼ੀਆ, ਪ੍ਰਸ਼ਾਂਤ ਮਹਾਂਸਾਗਰ, ਉੱਤਰੀ ਅਤੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਅਤੇ ਆਸਟਰੇਲੀਆ 'ਚ ਪੂਰਨ ਚੰਦਰ ਗ੍ਰਹਿਣ ਨਜ਼ਰ ਆਵੇਗਾ। ਇਹ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਪੂਰਨ ਚੰਦਰ ਗ੍ਰਹਿਣ ਦੌਰਾਨ ਸ਼ਿਕਤਿਜ ਦੇ ਹੇਠਾਂ ਰਹੇਗਾ। ਇਸ ਲਈ ਇੱਥੇ ਪੂਰਨ ਚੰਦਰ ਗ੍ਰਹਿਣ ਨਹੀਂ ਨਜ਼ਰ ਆਵੇਗਾ ਪਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਲੋਕ ਅੰਸ਼ਿਕ ਚੰਦਰ ਗ੍ਰਹਿਣ ਦਾ ਆਖਰੀ ਹਿੱਸਾ ਵੇਖਣ ਸਕਣਗੇ। ਉਹ ਵੀ ਪੂਰਬੀ ਅਸਮਾਨ ਤੋਂ ਬਹੁਤ ਕਰੀਬ, ਜਦੋਂ ਚੰਦਰਮਾ ਨਿਕਲ ਹੀ ਰਿਹਾ ਹੋਵੇਗਾ। ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ 'ਚ ਦੇਖਿਆ ਜਾ ਸਕਦਾ ਹੈ।
ਚੰਦਰ ਗ੍ਰਹਿਣ ਦਾ ਵਿਗਿਆਨਕ ਕਾਰਨ
ਜਦੋਂ ਵੀ ਸੂਰਜ, ਚੰਦਰਮਾ ਤੇ ਧਰਤੀ ਇਕ ਲਾਈਨ 'ਚ ਆਉਂਦੇ ਹਨ ਤਾਂ ਉਸ ਸਥਿਤੀ ਨੂੰ ਚੰਦਰ ਗ੍ਰਹਿਣ ਕਹਿੰਦੇ ਹਨ। ਇਸ ਦੌਰਾਨ ਚੰਦਰਮਾ ਧਰਤੀ ਤੋਂ ਦਿਖਾਈ ਨਹੀਂ ਦਿੰਦਾ। ਅਸਲ 'ਚ ਚੰਦਰਮਾ ਕੋਲ ਆਪਣੀ ਰੋਸ਼ਨੀ ਨਹੀਂ ਹੈ। ਉਹ ਸੂਰਜ ਦੇ ਪ੍ਰਕਾਸ਼ ਨੂੰ ਹੀ ਸਾਡੇ ਵੱਲ ਰਿਫਲੈਕਟ ਕਰ ਕੇ ਚਮਕਦਾ ਹੈ। ਜਦੋਂ ਵੀ ਧਰਤੀ ਸੂਰਜ ਤੇ ਚੰਦਰਮਾ ਦੇ ਵਿਚਕਾਰ ਆਉਂਦੀ ਹੈ, ਉਦੋਂ ਧਰਤੀ ਦੀ ਵਜ੍ਹਾ ਨਾਲ ਸੂਰਜ ਦੀ ਰੋਸ਼ਨੀ ਚੰਦਰਮਾ ਤਕ ਨਹੀਂ ਪਹੁੰਚਦੀ ਤੇ ਉਹ ਦਿਖਣਾ ਬੰਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸੂਰਜ, ਧਰਤੀ ਤੇ ਚੰਦਰਮਾ ਦੇ ਵਿਚਕਾਰ ਆ ਜਾਂਦਾ ਹੈ, ਉਦੋਂ ਵੀ ਅਸੀਂ ਚੰਦਰਮਾ ਨੂੰ ਨਹੀਂ ਦੇਖ ਪਾਉਂਦੇ। ਤੀਸਰੀ ਸਥਿਤੀ 'ਚ ਚੰਦਰਮਾ ਸੂਰਜ ਤੇ ਧਰਤੀ ਵਿਚਕਾਰ ਆਉਂਦਾ ਹੈ ਤੇ ਉਹ ਸੂਰਜ ਦੀ ਰੋਸ਼ਨੀ ਧਰਤੀ ਤਕ ਨਹੀਂ ਭੇਜ ਪਾਉਂਦਾ, ਅਜਿਹੀ ਸਥਿਤੀ 'ਚ ਸੂਰਜ ਗ੍ਰਹਿਣ ਵੀ ਹੁੰਦਾ ਹੈ।
ਚੰਦਰ ਗ੍ਰਹਿਣ ਦਾ ਧਾਰਮਿਕ ਕਾਰਨ
ਧਾਰਮਿਕ ਮਾਨਤਾਵਾਂ ਅਨੁਸਾਰ ਚੰਦਰ ਗ੍ਰਹਿਣ ਸਮੇਂ ਚੰਦਰਮਾ ਪੀੜਤ ਹੋ ਜਾਂਦਾ ਹੈ। ਪੌਰਾਣਿਕ ਕਥਾਵਾਂ ਅਨੁਸਾਰ ਜਦੋਂ ਰਾਹੂ ਤੇ ਕੇਤੂ ਚੰਦਰਮਾ ਨੂੰ ਜਕੜ ਲੈਂਦੇ ਹਨ ਉਦੋਂ ਚੰਦਰ ਗ੍ਰਹਿਣ ਲੱਗਦਾ ਹੈ। ਇਸ ਸਾਲ 26 ਮਈ 2021 ਨੂੰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਚੰਦਰ ਗ੍ਰਹਿਣ ਉਪਛਾਇਆ ਗ੍ਰਹਿਣ ਕਿਹਾ ਜਾਵੇਗਾ।
ਉਪਛਾਇਆ ਚੰਦਰ ਗ੍ਰਹਿਣ
ਧਾਰਮਿਕ ਮਾਨਤਾਵਾਂ ਅਨੁਸਾਰ ਉਪਛਾਇਆ ਚੰਦਰ ਗ੍ਰਹਿਣ ਦੌਰਾਨ ਸੂਤਕ ਕਾਲ ਨਹੀਂ ਮੰਨਿਆ ਜਾਂਦਾ ਹੈ। ਪੂਰਨ ਚੰਦਰ ਗ੍ਰਹਿਣ ਦੌਰਾਨ ਗ੍ਰਹਿਣ ਲੱਗਣ ਤੋਂ 9 ਘੰਟੇ ਪਹਿਲਾਂ ਹੀ ਸੂਤਕ ਲੱਗ ਜਾਂਦਾ ਹੈ।