10 ਜਨਵਰੀ ਨੂੰ ਕੋਈ ਚੰਦਰ ਗ੍ਰਹਿਣ ਨਹੀਂ, ਵਹਿਮ 'ਚ ਨਾ ਫਸੋ

1/7/2020 3:33:55 PM

ਜਲੰਧਰ (ਨਰੇਸ਼) : ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਇਸ ਸਾਲ ਲੱਗਣ ਵਾਲੇ ਚੰਦਰ ਤੇ ਸੂਰਜ ਗ੍ਰਹਿਣ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਟੀ. ਵੀ. ਚੈਨਲਾਂ ਤੇ ਸੋਸ਼ਲ ਮੀਡੀਆ 'ਤੇ 10 ਜਨਵਰੀ ਨੂੰ ਚੰਦਰ ਗ੍ਰਹਿਣ ਨੂੰ ਲੈ ਕੇ ਉਪਾਅ ਵੀ ਦੱਸੇ ਜਾਣ ਲੱਗੇ ਹਨ ਪਰ ਅਸਲ ਸੱਚ ਇਹ ਹੈ ਕਿ ਇਸ ਸਾਲ ਭਾਰਤ 'ਚ ਸਿਰਫ ਇਕ ਸੂਰਜ ਗ੍ਰਹਿਣ ਹੀ ਲੱਗਣ ਜਾ ਰਿਹਾ ਹੈ। 21 ਜੂਨ ਨੂੰ ਲੱਗਣ ਵਾਲਾ ਕੰਕਣ ਸੂਰਜ ਗ੍ਰਹਿਣ ਭਾਰਤ 'ਚ ਵੀ ਨਜ਼ਰ ਆਵੇਗਾ। ਜਦੋਂਕਿ ਸਾਲ 'ਚ 4 ਵਾਰ ਸਿਰਫ ਚੰਦਰ ਗ੍ਰਹਿਣ ਦੀ ਛਾਇਆ ਹੀ ਰਹੇਗੀ, ਜਿਸ ਦਾ ਜੋਤਿਸ਼ 'ਚ ਕੋਈ ਮਹੱਤਵ ਨਹੀਂ ਹੈ। ਇਨ੍ਹਾਂ 5 ਗ੍ਰਹਿਣਾਂ ਤੋਂ ਇਲਾਵਾ 14-15 ਦਸੰਬਰ ਨੂੰ ਲੱਗਣ ਵਾਲਾ ਖਗ੍ਰਾਸ ਸੂਰਜ ਗ੍ਰਹਿਣ ਵੀ ਭਾਰਤ 'ਚ ਨਜ਼ਰ ਨਹੀਂ ਆਵੇਗਾ। ਲਿਹਾਜਾ ਇਸ ਸਾਲ ਭਾਰਤ 'ਚ ਸਿਰਫ ਇਕ ਸੂਰਜ ਗ੍ਰਹਿਣ ਹੋਵੇਗਾ।

ਕੀ ਹੁੰਦਾ ਹੈ ਉਪਛਾਇਆ ਗ੍ਰਹਿਣ?
ਉਪਛਾਇਆ ਗ੍ਰਹਿਣ ਅਸਲ 'ਚ ਚੰਦਰ ਗ੍ਰਹਿਣ ਨਹੀਂ ਹੁੰਦਾ। ਹਰੇਕ ਚੰਦਰ ਗ੍ਰਹਿਣ ਤੋਂ ਪਹਿਲਾਂ ਚੰਦਰਮਾ ਪ੍ਰਿਥਵੀ ਦੀ ਉਪਛਾਇਆ 'ਚ ਜ਼ਰੂਰ ਪ੍ਰਵੇਸ਼ ਕਰਦਾ ਹੈ, ਜਿਸ ਨੂੰ ਚੰਦਰ ਦਾ ਮਿਲਣ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਹੀ ਉਹ ਪ੍ਰਿਥਵੀ ਦੀ ਵਾਸਤਵਿਕ ਛਾਇਆ 'ਚ ਪ੍ਰਵੇਸ਼ ਕਰਦਾ ਹੈ। ਉਦੋਂ ਹੀ ਉਸ ਨੂੰ ਵਾਸਤਵਿਕ ਗ੍ਰਹਿਣ ਕਿਹਾ ਜਾਂਦਾ ਹੈ। ਕਈ ਵਾਰ ਪੂਰਨਮਾਸ਼ੀ ਨੂੰ ਚੰਦਰ ਉਪਛਾਇਆ 'ਚ ਪ੍ਰਵੇਸ਼ ਕਰਕੇ ਉਪਛਾਇਆ ਸ਼ੰਕੂ ਤੋਂ ਹੀ ਬਾਹਰ ਨਿਕਲ ਜਾਂਦਾ ਹੈ। ਇਸ ਦੌਰਾਨ ਚੰਦਰਮਾ ਦਾ ਬਿੰਬ ਸਿਰਫ ਧੁੰਧਲਾ ਪੈਂਦਾ ਹੈ, ਕਾਲਾ ਨਹੀਂ ਹੁੰਦਾ।


ਚੰਦਰਮਾ ਨੂੰ 4 ਵਾਰ ਲੱਗੇਗਾ ਉਪਛਾਇਆ ਗ੍ਰਹਿਣ
ਸਾਲ ਦਾ ਪਹਿਲਾ ਉਪਛਾਇਆ ਚੰਦਰ ਗ੍ਰਹਿਣ 10 ਜਨਵਰੀ ਨੂੰ ਲੱਗੇਗਾ। ਇਹ ਯੂਰਪ, ਅਫਰੀਕਾ, ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਦਿਖਾਈ ਦੇਵੇਗਾ, ਜਦੋਂਕਿ ਦੂਜਾ ਉਪਛਾਇਆ ਚੰਦਰ ਗ੍ਰਹਿਣ 5-6 ਜੂਨ ਨੂੰ ਲੱਗੇਗਾ। ਇਹ ਗ੍ਰਹਿਣ ਵੀ ਯੂਰਪ, ਅਫਰੀਕਾ, ਏਸ਼ੀਆ ਤੇ ਆਸਟ੍ਰੇਲੀਆ ਦੇ ਹਿੱਸਿਆਂ 'ਚ ਨਜ਼ਰ ਆਵੇਗਾ। ਤੀਜਾ ਉਪਛਾਇਆ ਗ੍ਰਹਿਣ 5 ਜੁਲਾਈ ਨੂੰ ਲੱਗੇਗਾ। ਇਹ ਭਾਰਤ ਸਮੇਤ ਦੱਖਣ ਏਸ਼ੀਆ ਦੇ ਕੁਝ ਹਿੱਸਿਆਂ ਅਮਰੀਕਾ, ਯੂਰਪ ਤੇ ਆਸਟ੍ਰੇਲੀਆ 'ਚ ਦਿਖਾਈ ਦੇਵੇਗਾ। ਚੌਥਾ ਉਪਛਾਇਆ ਗ੍ਰਹਿਣ 30 ਨਵੰਬਰ ਨੂੰ ਲੱਗੇਗਾ ਤੇ ਇਹ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਤੇ ਅਮਰੀਕਾ ਦੇ ਕੁਝ ਹਿੱਸਿਆਂ 'ਚ ਨਜ਼ਰ ਆਵੇਗਾ। ਇਨ੍ਹਾਂ ਸਾਰੇ ਚੰਦਰ ਗ੍ਰਹਿਣਾਂ ਦੌਰਾਨ ਸੂਤਕ ਨਹੀਂ ਲੱਗੇਗਾ ਕਿਉਂਕਿ ਸ਼ਾਸਤਰਾਂ ਮੁਤਾਬਕ ਇਸ ਤਰ੍ਹਾਂ ਦੇ ਉਪਛਾਇਆ ਚੰਦਰ ਗ੍ਰਹਿਣ ਦਾ ਕੋਈ ਜੋਤਿਸ਼ ਮਹੱਤਵ ਨਹੀਂ ਹੈ।

ਇਸ ਸਾਲ 2 ਸੂਰਜ ਗ੍ਰਹਿਣ
ਇਸ ਸਾਲ 4 ਉਪਛਾਇਆ ਚੰਦਰ ਗ੍ਰਹਿਣਾਂ ਤੋਂ ਇਲਾਵਾ 2 ਸੂਰਜ ਗ੍ਰਹਿਣ ਵੀ ਲੱਗਣਗੇ, ਜਿਸ 'ਚ ਪਹਿਲਾ ਗ੍ਰਹਿਣ 21 ਜੂਨ ਨੂੰ ਲੱਗੇਗਾ ਤੇ ਇਸ ਗ੍ਰਹਿਣ ਦੌਰਾਨ ਇਸ ਗ੍ਰਹਿਣ ਦਾ ਸੂਤਕ 20 ਜੂਨ ਦੀ ਰਾਤ ਕਰੀਬ 9.15 ਹੀ ਸ਼ੁਰੂ ਹੋ ਜਾਵੇਗਾ। ਇਸ ਗ੍ਰਹਿਣ ਨੂੰ ਲੈ ਕੇ ਗਰਭਵਤੀ ਮਹਿਲਾਵਾਂ ਨੂੰ ਸਾਵਧਾਨ ਰਹਿਣਾ ਪਵੇਗਾ, ਜਦੋਂਕਿ 14-15 ਦਸੰਬਰ ਨੂੰ ਲੱਗਣ ਵਾਲਾ ਗ੍ਰਹਿਣ ਦੱਖਣੀ ਅਮਰੀਕਾ, ਅਫਰੀਕਾ ਦੇ ਦੱਖਣੀ ਦੇਸ਼ਾਂ ਨਾਮਬੀਆ, ਸਾਊਥ ਅਫਰੀਕਾ, ਅੰਗੋਲਾ, ਬੋਤਸਵਾਨਾ, ਪ੍ਰਸ਼ਾਂਤ ਤੇ ਹਿੰਦ ਮਹਾਸਾਗਰ 'ਚ ਦਿਖਾਈ ਦੇਵੇਗਾ ਅਤੇ ਭਾਰਤ 'ਚ ਇਹ ਗ੍ਰਹਿਣ ਨਹੀਂ ਦਿਸੇਗਾ।


sunita

Edited By sunita