ਕੱਲ ਤੋਂ ਸ਼ੁਰੂ Chait Navratri, 72 ਸਾਲ ਬਾਅਦ ਬਣਿਆ ਦੁਰਲੱਭ ਸੰਯੋਗ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ ਤੇ ਮਹੱਤਵ

3/18/2026 11:12:19 AM

ਵੈੱਬ ਡੈਸਕ - ਸਨਾਤਨ ਧਰਮ 'ਚ ਚੇਤ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਸਾਲ 2026 'ਚ, 19 ਮਾਰਚ ਤੋਂ 27 ਮਾਰਚ ਤੱਕ ਚੱਲਣ ਵਾਲੀਆਂ ਚੇਤ ਨਰਾਤੇ ਕਈ ਮਾਅਨਿਆਂ 'ਚ ਬਹੁਤ ਖਾਸ ਹੋਣ ਜਾ ਰਹੀਆਂ ਹਨ। ਜੋਤਿਸ਼ ਵਿਗਿਆਨੀਆਂ ਅਨੁਸਾਰ, ਇਸ ਵਾਰ ਨਰਾਤਿਆਂ ਦੀ ਸ਼ੁਰੂਆਤ ਇਕ ਅਜਿਹੇ ਦੁਰਲੱਭ ਸੰਯੋਗ ਨਾਲ ਹੋ ਰਹੀ ਹੈ ਜੋ ਲਗਭਗ 72 ਸਾਲਾਂ ਬਾਅਦ ਬਣ ਰਿਹਾ ਹੈ।

ਮੱਸਿਆ ਦੇ ਪ੍ਰਭਾਵ ਹੇਠ ਹੋਵੇਗੀ ਸ਼ੁਰੂਆਤ 

ਹਿੰਦੂ ਪੰਚਾਂਗ ਦੇ ਅਨੁਸਾਰ, ਚੇਤ ਸ਼ੁਕਲ ਪ੍ਰਤੀਪਦਾ ਤਿਥੀ 19 ਮਾਰਚ ਨੂੰ ਸਵੇਰੇ 6 ਵਜੇ ਕੇ 52 ਮਿੰਟ 'ਤੇ ਸ਼ੁਰੂ ਹੋਵੇਗੀ ਅਤੇ 20 ਮਾਰਚ ਨੂੰ ਤੜਕੇ 4 ਵਜੇ ਕੇ 50 ਮਿੰਟ ਤੱਕ ਰਹੇਗੀ। ਹਾਲਾਂਕਿ, 19 ਮਾਰਚ ਨੂੰ ਸੂਰਜ ਚੜ੍ਹਨ ਵੇਲੇ ਅਮਾਵਸਿਆ ਤਿਥੀ ਹੋਵੇਗੀ, ਜਿਸ ਕਾਰਨ ਪੂਰਾ ਦਿਨ ਅਮਾਵਸਿਆ ਦਾ ਪ੍ਰਭਾਵ ਮੰਨਿਆ ਜਾਵੇਗਾ ਅਤੇ ਇਸੇ ਦਿਨ ਤੋਂ ਨਰਾਤਿਆਂ ਦਾ ਆਗਾਜ਼ ਹੋਵੇਗਾ। ਲਗਭਗ 72 ਸਾਲਾਂ ਬਾਅਦ ਇਹ ਦੁਰਲੱਭ ਮੌਕਾ ਬਣ ਰਿਹਾ ਹੈ ਜਦੋਂ ਕਲਸ਼ ਸਥਾਪਨਾ ਅਮਾਵਸਿਆ ਤਿਥੀ 'ਚ ਕੀਤੀ ਜਾਵੇਗੀ।

ਕਲਸ਼ ਸਥਾਪਨਾ ਲਈ ਦੋ ਸ਼ੁਭ ਮਹੂਰਤ

- 19 ਮਾਰਚ ਨੂੰ ਕਲਸ਼ ਸਥਾਪਨਾ (ਘਟਸਥਾਪਨਾ) ਲਈ ਦੋ ਵਿਸ਼ੇਸ਼ ਸ਼ੁਭ ਸਮੇਂ ਦੱਸੇ ਗਏ ਹਨ :-

ਪਹਿਲਾ ਸ਼ੁਭ ਮਹੂਰਤ : ਸਵੇਰੇ 6:02 ਵਜੇ ਤੋਂ 8:40 ਵਜੇ ਤੱਕ।
ਦੂਜਾ ਸ਼ੁਭ ਮਹੂਰਤ : ਸਵੇਰੇ 9:16 ਵਜੇ ਤੋਂ 10:56 ਵਜੇ ਤੱਕ।

ਚੇਤ ਨਰਾਤਿਆਂ ਦਾ ਮਹੱਤਵ

- ਚੇਤ ਨਰਾਤਿਆਂ ’ਚ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ, ਹਿੰਦੂ ਨਵਾਂ ਸਾਲ ਵੀ ਚੇਤ ਸ਼ੁਕਲ ਪ੍ਰਤੀਪਦਾ ਤੋਂ ਸ਼ੁਰੂ ਹੁੰਦਾ ਹੈ, ਜਿਸ ਨੂੰ ਹਿੰਦੂ ਨਵਾਂ ਸੰਵਤਸਰ ਕਿਹਾ ਜਾਂਦਾ ਹੈ। ਚੇਤ ਨਰਾਤੇ ਦੇ ਆਖਰੀ ਦਿਨ ਭਗਵਾਨ ਸ਼੍ਰੀ ਰਾਮ ਦੀ ਜਨਮ ਵਰ੍ਹੇਗੰਢ ਮਨਾਉਣ ਦੀ ਪਰੰਪਰਾ ਵੀ ਹੈ। ਇਨ੍ਹਾਂ ਨੌਂ ਦਿਨਾਂ ਦੌਰਾਨ ਵਰਤ, ਧਿਆਨ ਅਤੇ ਭਜਨ-ਕੀਰਤਨ ਮਨ ਅਤੇ ਸਰੀਰ ਨੂੰ ਸ਼ੁੱਧ ਕਰਦੇ ਹਨ ਅਤੇ ਸ਼ਰਧਾਲੂਆਂ ਨੂੰ ਅਧਿਆਤਮਿਕ ਊਰਜਾ ਪ੍ਰਦਾਨ ਕਰਦੇ ਹਨ।

ਘਟਸਥਾਪਨਾ ਅਤੇ ਪੂਜਾ ਦਾ ਮਹੱਤਵ

ਨਰਾਤਿਆਂ ਦਾ ਪਹਿਲਾ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਨਾਲ ਸ਼ੁਰੂ ਹੁੰਦਾ ਹੈ। ਇਸ ਦਿਨ ਘਰਾਂ ਅਤੇ ਮੰਦਰਾਂ 'ਚ ਘਟਸਥਾਪਨਾ ਕੀਤੀ ਜਾਂਦੀ ਹੈ, ਜਿਸ ਨੂੰ ਪੂਰੇ ਨਵਰਾਤਰੀ ਤਿਉਹਾਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਮੱਸਿਆ ਦਾ ਸਮਾਂ ਪਿੱਤਰਾਂ ਦੀ ਸ਼ਾਂਤੀ ਅਤੇ ਅਧਿਆਤਮਿਕ ਸਾਧਨਾ ਲਈ ਵੀ ਵਿਸ਼ੇਸ਼ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਵਿਧੀ-ਵਿਧਾਨ ਨਾਲ ਕਲਸ਼ ਸਥਾਪਨਾ ਕਰਨ ਅਤੇ ਮਾਂ ਦੁਰਗਾ ਦੀ ਪੂਜਾ ਕਰਨ ਨਾਲ ਘਰ 'ਚ ਸੁੱਖ-ਸਮ੍ਰਿਧੀ ਅਤੇ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।
 


Sunaina

Content Editor Sunaina