ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦਾ ਜਾਣੋ 'ਸ਼ੁੱਭ ਮਹੂਰਤ', ਇੰਝ ਕਰੋ ਬਾਲ ਗੋਪਾਲ ਦੀ ਪੂਜਾ
9/6/2023 8:49:29 AM
ਜਲੰਧਰ (ਬਿਊਰੋ) - ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਭਾਦੋ ਮਹੀਨੇ ਦੀ ਅਸ਼ਟਮੀ ਤਰੀਖ਼ ਨੂੰ ਮਨਾਈ ਜਾਂਦੀ ਹੈ। ਮਾਨਤਾਵਾਂ ਅਨੁਸਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਵਾਲੇ ਦਿਨ ਰੋਹਿਣੀ ਨਕਸ਼ਤਰ ਦੀ ਅੱਧੀ ਰਾਤ ਨੂੰ ਮਥੁਰਾ ਵਿੱਚ ਹੋਇਆ ਸੀ। ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ 6 ਅਤੇ 7 ਸਤੰਬਰ, 2023 ਨੂੰ ਦੋ ਦਿਨ ਮਨਾਈ ਜਾ ਰਹੀ ਹੈ। ਜਨਮ ਅਸ਼ਟਮੀ ਵਾਲੇ ਦਿਨ ਲੋਕ ਰਾਤ ਦੇ 12 ਵਜੇ ਬਾਲ ਗੋਪਾਲ ਦੀ ਪੂਜਾ ਕਰਕੇ ਉਹਨਾਂ ਨੂੰ ਮੱਖਣ, ਮਿਸ਼ਰੀ, ਲੱਡੂ, ਧਨੀਆ ਪੰਜੀਰੀ ਅਤੇ ਮਠਿਆਈਆਂ ਦਾ ਭੋਗ ਲਗਾਉਂਦੇ ਹਨ।
ਇਸ ਦਿਨ ਮਨਾਈ ਜਾਵੇਗੀ ਜਨਮ ਅਸ਼ਟਮੀ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਤਰੀਖ਼ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਹਰ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 6 ਸਤੰਬਰ ਨੂੰ ਮਨਾਈ ਜਾਵੇਗੀ। ਜਨਮ ਅਸ਼ਟਮੀ ਵਾਲੇ ਦਿਨ ਕੁਝ ਲੋਕ ਵਰਤ ਰੱਖਦੇ ਹਨ। ਰਾਤ ਦੇ 12 ਵਜੇ ਜਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੁੰਦਾ ਹੈ ਤਾਂ ਉਸ ਮੌਕੇ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਸ਼ੁੱਭ ਫਲ ਮਿਲਦਾ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਰੋਹਿਣੀ ਨਕਸ਼ਤਰ ਵਿੱਚ ਅੱਧੀ ਰਾਤ ਨੂੰ 12 ਵਜੇ ਹੋਇਆ ਸੀ। ਪੰਚਾਂਗ ਅਨੁਸਾਰ ਵੈਸ਼ਨਵ ਸੰਪਰਦਾ ਦੇ ਲੋਕ 7 ਸਤੰਬਰ 2023 ਨੂੰ ਜਨਮ ਅਸ਼ਟਮੀ ਮਨਾਉਣਗੇ।
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸ਼ੁੱਭ ਮਹੂਰਤ
ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਾਰੀਖ਼ ਸ਼ੁਰੂ -
6 ਸਤੰਬਰ 2023 ਨੂੰ ਦੁਪਹਿਰ 03.27 ਵਜੇ ਤੋਂ
ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਖ਼ ਖ਼ਤਮ -
7 ਸਤੰਬਰ 2023 ਨੂੰ ਦੁਪਹਿਰ 04.14 ਵਜੇ
ਰੋਹਿਣੀ ਨਕਸ਼ਤਰ -
6 ਸਤੰਬਰ ਨੂੰ ਸਵੇਰੇ 09.20 ਵਜੇ ਤੋਂ 7 ਸਤੰਬਰ ਨੂੰ ਸਵੇਰੇ 10.25 ਵਜੇ ਤੱਕ ਹੋਵੇਗਾ
ਇੰਝ ਕਰੋ ਲੱਡੂ ਗੋਪਾਲ ਦੀ ਪੂਜਾ
ਜਨਮ ਅਸ਼ਟਮੀ 'ਤੇ ਬਾਲ ਗੋਪਾਲ ਦੀ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਦੁੱਧ, ਦਹੀਂ, ਸ਼ਹਿਦ ਅਤੇ ਪਾਣੀ ਨਾਲ ਉਨ੍ਹਾਂ ਦਾ ਜਲਾਭਿਸ਼ੇਕ ਕਰਨਾ ਚਾਹੀਦਾ ਹੈ। ਫਿਰ ਬਾਲ ਗੋਪਾਲ ਜੀ ਨੂੰ ਸੋਹਣੇ ਕੱਪੜੇ ਪੁਆ ਕੇ ਝੂਲੇ ਵਿੱਚ ਬਿਠਾ ਦਿਓ ਅਤੇ ਉਨ੍ਹਾਂ ਨੂੰ ਝੂਲਾ ਝੁਲਾਓ। ਇਸ ਤੋਂ ਬਾਅਦ ਤੁਸੀਂ ਕ੍ਰਿਸ਼ਨ ਜੀ ਨੂੰ ਮੱਖਣ, ਮਿਸ਼ਰੀ, ਲੱਡੂ, ਧਨੀਆ ਪੰਜੀਰੀ ਅਤੇ ਮਠਿਆਈਆਂ ਭੋਗ ਲਗਾਓ। ਅੱਧੀ ਰਾਤ 12 ਵਜੇ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਪੂਜਾ ਕਰੋ ਅਤੇ ਪੂਜਾ ਕਰਨ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਆਰਤੀ ਜ਼ਰੂਰ ਕਰੋ।