ਬ੍ਰਹਮਾ ਜੀ ਦੀ ਮਾਨਸ ਪੁੱਤਰੀ ਅਹਿੱਲਿਆ ਜਦੋਂ ਇਕ ਸ਼ਰਾਪ ਕਾਰਨ ‘ਸ਼ਿਲਾ’ ਦੇ ਰੂਪ ’ਚ ਬਦਲ ਗਈ
6/14/2021 6:41:00 PM
ਨਵੀਂ ਦਿੱਲੀ - ਅਹਿੱਲਿਆ ਬ੍ਰਹਮਾ ਜੀ ਦੀ ਮਾਨਸ ਪੁੱਤਰੀ ਸੀ। ਸਿ੍ਰਸ਼ਟੀ ਦੇ ਨਿਰਮਾਤਾ ਬ੍ਰਹਮਾ ਜੀ ਨੇ ਇਕ ਇਸਤਰੀ ਦਾ ਨਿਰਮਾਣ ਕੀਤਾ, ਜਿਨ੍ਹਾਂ ਨੂੰ ਉਹ ਅਹਿੱਲਿਆ ਦੇ ਨਾਂ ਨਾਲ ਬੁਲਾਉਂਦੇ ਸਨ। ਅਹਿੱਲਿਆ ਅਤਿਅੰਤ ਸੁੰਦਰ ਸੀ ਅਤੇ ਉਸ ਨੂੰ ਇਹ ਵਰਦਾਨ ਪ੍ਰਾਪਤ ਸੀ ਕਿ ਉਸ ਦੀ ਖੂਬਸੂਰਤੀ ਹਮੇਸ਼ਾ ਬਣੀ ਰਹੇਗੀ, ਉਸ ਦੀ ਸੁੰਦਰਤਾ ਦੇ ਸਾਹਮਣੇ ਸਵਰਗ ਲੋਕ ਦੀਆਂ ਸੁੰਦਰੀਆਂ ਵੀ ਫਿੱਕੀਆਂ ਨਜ਼ਰ ਆਉਂਦੀਆਂ ਸਨ। ਅਹਿੱਲਿਆ ਦੀ ਸੁੰਦਰਤਾ ਦੇ ਕਾਰਨ ਸਾਰੇ ਦੇਵਤਾ ਨੂੰ ਉਸ ਨੂੰ ਪਾਉਣ ਦੀ ਇੱਛਾ ਰੱਖਦੇ ਸਨ। ਬ੍ਰਹਮਾ ਜੀ ਨੇ ਅਹਿੱਲਿਆ ਦੇ ਵਿਆਹ ਦੇ ਲਈ ਇਕ ਪ੍ਰੀਖਿਆ ਦਾ ਆਯੋਜਨ ਕੀਤਾ ਜਿਸ ਦੇ ਜੇਤੂ ਨਾਲ ਉਹ ਅਹਿੱਲਿਆ ਦਾ ਵਿਆਹ ਕਰਨਾ ਚਾਹੁੰਦੇ ਸਨ। ਸਾਰੇ ਦੇਵਤਿਆਂ ਨੂੰ ਸੱਦਾ ਦਿੱਤਾ ਗਿਆ। ਸਾਰੇ ਦੇਵਤਾ ਉਸ ਪ੍ਰੀਖਿਆ ਦੇ ਲਈ ਹਾਜ਼ਰ ਹੋਏ। ਮਹਾਰਿਸ਼ੀ ਗੌਤਮ ਨੇ ਇਹ ਪ੍ਰੀਖਿਆ ਪਾਸ ਕੀਤੀ ਇਸੇ ਕਾਰਨ ਵਿਧੀਪੂਰਵਕ ਅਹਿੱਲਿਆ ਦਾ ਵਿਆਹ ਮਹਾਰਿਸ਼ੀ ਗੌਤਮ ਦੇ ਨਾਲ ਹੋਇਆ।
ਇੰਦਰ ਦੇਵ ਅਹਿੱਲਿਆ ਦੀ ਸੁੰਦਰਤਾ ’ਤੇ ਬਹੁਤ ਜ਼ਿਆਦਾ ਮੋਹਿਤ ਹੋਏ। ਇਕ ਦਿਨ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਇੰਦਰ ਦੇਵ ਧਰਤੀ ਲੋਕ ’ਚ ਅਹਿੱਲਿਆ ਨੂੰ ਮਿਲਣ ਆ ਗਏ। ਮਹਾਰਿਸ਼ੀ ਗੌਤਮ ਕਾਰਨ ਇੰਦਰ ਦੇਵ ਕੋਈ ਦੁਸਾਹਸ ਨਾ ਕਰ ਸਕੇ। ਇੰਦਰ ਦੇਵ ਨੇ ਅਹਿੱਲਿਆ ਨੂੰ ਮਿਲਣ ਦੀ ਯੋਜਨਾ ਬਣਾਈ ਅਤੇ ਚੰਦਰਮਾ ਨੂੰ ਉਸ ਯੋਜਨਾ ’ਚ ਸ਼ਾਮਲ ਕੀਤਾ ਕਿ ਜਦੋਂ ਮਹਾਰਿਸ਼ੀ ਗੌਤਮ ਸਵੇਰੇ ਗੰਗਾ ਇਸ਼ਨਾਨ ਦੇ ਲਈ ਜਾਣਗੇ ਤਾਂ ਉਸ ਸਮੇਂ ਦਾ ਲਾਭ ਉਠਾ ਕੇ ਅਹਿੱਲਿਆ ਨੂੰ ਪ੍ਰਾਪਤ ਕਰ ਲੈਣਗੇ। ਯੋਜਨਾ ਦੇ ਅਨੁਸਾਰ ਚੰਦਰ ਦੇਵ ਨੇ ਅੱਧੀ ਰਾਤ ਨੂੰ ਮੁਰਗੇ ਦੀ ਬਾਂਗ ਦਿੱਤੀ। ਗੌਤਮ ਮਹਾਰਿਸ਼ੀ ਸਮਝੇ ਕਿ ਸਵੇਰਾ ਹੋ ਚੱਲਿਆ ਹੈ। ਉਹ ਤੁਰੰਤ ਉੱਠੇ ਅਤੇ ਗੰਗਾ ਤਟ ’ਤੇ ਇਸ਼ਨਾਨ ਕਰਨ ਚਲੇ ਗਏ।
ਮਹਾਰਿਸ਼ੀ ਗੌਤਮ ਦੇ ਜਾਂਦਿਆਂ ਹੀ ਇੰਦਰ ਦੇਵ ਨੇ ਗੌਤਮ ਮਹਾਰਿਸ਼ੀ ਦਾ ਰੂਪ ਧਾਰਨ ਕਰ ਕੇ ਘਰ ’ਚ ਦਾਖਲ ਹੋਏ ਅਤੇ ਪਹਿਰੇਦਾਰੀ ਦੇ ਲਈ ਚੰਦਰ ਦੇਵ ਨੂੰ ਘਰ ਦੇ ਬਾਹਰ ਬੈਠਾ ਦਿੱਤਾ। ਰਿਸ਼ੀ ਗੌਤਮ ਜਦੋਂ ਗੰਗਾ ਤਟ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵੱਖਰਾ ਹੀ ਅਹਿਸਾਸ ਹੋਇਆ ਅਤੇ ਉਨ੍ਹਾਂ ਦੇ ਮਨ ’ਚ ਸ਼ੱਕ ਪੈਦਾ ਹੋਇਆ। ਉਦੋਂ ਗੰਗਾ ਮਈਆ ਨੇ ਪ੍ਰਗਟ ਹੋ ਕੇ ਮਹਾਰਿਸ਼ੀ ਨੂੰ ਦੱਸਿਆ ਇਹ ਸਭ ਇੰਦਰ ਦੇਵ ਦਾ ਬਣਾਇਆ ਜਾਲ ਹੈ। ਅਹਿੱਲਿਆ ਦੀ ਸੁੰਦਰਤਾ ’ਤੇ ਮੋਹਿਤ ਹੋ ਕੇ ਮਾੜੀ ਨੀਅਤ ਦੀ ਭਾਵਨਾ ਨਾਲ ਇੰਦਰ ਧਰਤੀ ਲੋਕ ’ਤੇ ਆਏ ਹਨ। ਉਦੋਂ ਹੀ ਗੁੱਸਾ ਹੋ ਕੇ ਮਹਾਰਿਸ਼ੀ ਗੌਤਮ ਤੇਜ਼ੀ ਨਾਲ ਆਪਣੀ ਕੁਟੀਆ ਵੱਲ ਆਏ। ਜਦੋਂ ਉਨ੍ਹਾਂ ਨੇ ਕੁਟੀਆ ਦੇ ਬਾਹਰ ਚੰਦਰ ਦੇਵ ਨੂੰ ਬੈਠੇ ਦੇਖਿਆ ਤਾਂ ਗੁੱਸੇ ’ਚ ਮਹਾਰਿਸ਼ੀ ਗੌਤਮ ਨੇ ਚੰਦਰ ਦੇਵ ਨੂੰ ਸ਼ਰਾਪ ਦੇ ਦਿੱਤਾ ਕਿ ਰਾਹੂ ਦੀ ਕੁਦਿ੍ਰਸ਼ਟੀ ਤੇਰੇ ’ਤੇ ਹਮੇਸ਼ਾ ਬਣੀ ਰਹੇਗੀ।
ਇਸੇ ਸ਼ਰਾਪ ਦੇ ਕਾਰਨ ਚੰਦਰ ਨੂੰ ਗ੍ਰਹਿਣ ਲੱਗਦਾ ਹੈ। ਗੁੱਸੇ ਨਾਲ ਲਾਲ, ਪੀਲੇ ਮਹਾਰਿਸ਼ੀ ਗੌਤਮ ਨੇ ਆਪਣੇ ਕਮੰਡਲ ਨਾਲ ਚੰਦਰ ’ਤੇ ਹਮਲਾ ਕੀਤਾ। ਇਸ ਕਾਰਨ ਚੰਦਰਮਾ ’ਚ ਦਾਗ ਹਨ। ਇੰਦਰ ਲੋਕ ਨੂੰ ਮਹਾਰਿਸ਼ੀ ਗੌਤਮ ਦੇ ਆਉਣ ਦਾ ਅਹਿਸਾਸ ਹੁੰਦੇ ਹੀ ਉਹ ਉਥੋਂ ਦੌੜਨ ਲੱਗੇ। ਮਹਾਰਿਸ਼ੀ ਗੌਤਮ ਨੇ ਇੰਦਰ ਨੂੰ ਸਰਾਪ ਦਿੱਤਾ ਅਤੇ ਧਰਤੀ ਲੋਕ ’ਚ ਪੂਜਾ ਨਾ ਹੋਣ ਦੀ ਗੱਲ ਕਹੀ। ਉਥੋਂ ਭੱਜਦੇ ਸਮੇਂ ਇੰਦਰ ਦੇਵ ਆਪਣੇ ਅਸਲੀ ਰੂਪ ’ਚ ਆ ਗਏ। ਉਦੋਂ ਅਹਿੱਲਿਆ ਦੀ ਕੋਈ ਗਲਤੀ ਨਹੀਂ ਸੀ। ਉਸ ਦੇ ਨਾਲ ਤਾਂ ਇੰਦਰ ਦੇਵ ਨੇ ਛਲ ਕੀਤਾ ਸੀ। ਪਰ ਕ੍ਰੋਧ ਵਿਚ ਮਹਾਰਿਸ਼ੀ ਗੌਤਮ ਨੇ ਅਹਿੱਲਿਆ ਨੂੰ ਅਨੰਤ ਕਾਲ ਤੱਕ ਸ਼ਿਲਾ ਦਾ ਰੂਪ ਧਾਰਨ ਕਰਨ ਦਾ ਸ਼ਰਾਪ ਦੇ ਦਿੱਤਾ ਪਰ ਜਦੋਂ ਮਹਾਰਿਸ਼ੀ ਗੌਤਮ ਦਾ ਗੁੱਸਾ ਸ਼ਾਂਤ ਹੋਇਆ ਉਦੋਂ ਉਨ੍ਹਾਂ ਨੂੰ ਆਭਾਸ ਹੋਇਆ ਕਿ ਇਸ ਸਾਰੇ ਚੱਕਰ ’ਚ ਅਹਿੱਲਿਆ ਦੀ ਕੋਈ ਗਲਤੀ ਨਹੀਂ ਸੀ।
ਉਨ੍ਹਾਂ ਨੇ ਜੋ ਸ਼ਰਾਪ ਅਹਿੱਲਿਆ ਨੂੰ ਦਿੱਤਾ ਸੀ, ਉਸ ਨਾਲ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਪਰ ਆਪਣਾ ਸਰਾਪ ਵਾਪਸ ਨਹੀਂ ਲੈ ਸਕਦੇ ਸਨ, ਉਦੋਂ ਉਨ੍ਹਾਂ ਨੇ ਅਹਿੱਲਿਆ ਦੀ ਸ਼ਿਲਾ ਨੂੰ ਕਿਹਾ ਜਦੋਂ ਤੁਹਾਡੀ ਸ਼ਿਲਾ ਨੂੰ ਕਿਸੇ ਦਿਵਯ ਆਤਮਾ ਦੇ ਚਰਨਾਂ ਦੀ ਧੂੜ ਛੂਹੇਗੀ, ਉਦੋਂ ਤੁਸੀਂ ਆਪਣੇ ਅਸਲੀ ਰੂਪ ’ਚ ਜਾਓਗੇ। ਸਾਲਾਂ ਬੀਤ ਜਾਣ ’ਤੇ ਮਹਾਰਿਸ਼ੀ ਵਿਸ਼ਵਵਿਮੱਤਰ ਰਾਕਸ਼ਸੀ ਤਾੜਕਾ ਵਧ ਦੇ ਲਈ ਅਯੁੱਧਿਆ ਤੋਂ ਪ੍ਰਭੂ ਸ਼੍ਰੀਰਾਮ ਅਤੇ ਉਨ੍ਹਾਂ ਦੇ ਭਰਾ ਲਕਛਮਣ ਨੂੰ ਲੈ ਕੇ ਆਏ।
ਤਾੜਕਾ ਵਧ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੀ ਨਜ਼ਰ ਜੰਗਲ ਵਿਚ ਇਕ ਪਾਸੇ ਸੁੰਨਸਾਨ ਪਈ ਕੁਟੀਆ ’ਤੇ ਪਈ ਤਾਂ ਉਥੇ ਗਏ ਅਤੇ ਆਪਣੇ ਗੁਰੂ ਮਹਾਰਿਸ਼ੀ ਵਿਸ਼ਵਾਮਿੱਤਰ ਤੋਂ ਪੁੱਛਿਆ, ਗੁਰੂਵਰ ਇਹ ਬਹੁਤ ਸੁੰਦਰ ਕੁਟੀਆ ਕਿਸ ਦੀ ਹੈ, ਜਿਥੇ ਇੰਨੀ ਵਿਰਾਨੀ ਹੈ। ਉਦੋਂ ਮਹਾਰਿਸ਼ੀ ਵਿਸ਼ਵਾਮਿੱਤਰ ਨੇ ਕਿਹਾ ਹੇ ਪ੍ਰਭੂ ਇਹ ਕੁਟੀਆ ਸਾਲਾਂ ਤੋਂ ਤੁਹਾਡੇ ਆਉਣ ਦੀ ਉਡੀਕ ਕਰ ਰਹੀ ਹੈ।
ਮਹਾਰਿਸ਼ੀ ਵਿਸ਼ਵਾਮਿੱਤਰ ਨੇ ਭਗਵਾਨ ਸ਼੍ਰੀ ਰਾਮ ਅਤੇ ਲਕਛਮਣ ਜੀ ਨੂੰ ਅਹਿੱਲਿਆ ਦੀ ਪੂਰੀ ਕਥਾ ਸੁਣਾਈ। ਪੂਰੀ ਕਥਾ ਸੁਣਨ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਨੇ ਆਪਣੇ ਚਰਨਾਂ ਨਾਲ ਉਸ ਸ਼ਿਲਾ ਨੂੰ ਛੂਹਿਆ। ਚਰਨਾਂ ਦੇ ਛੂਹਣ ਨਾਲ ਸ਼ਿਲਾ ਅਹਿੱਲਿਆ ਦੇ ਰੂਪ ’ਚ ਬਦਲ ਗਈ।
ਉਸ ਮੌਕੇ ’ਤੇ ਭਗਵਾਨ ਸ਼੍ਰੀ ਰਾਮ ਨੇ ਅਹਿੱਲਿਆ ਨੂੰ ਕਿਹਾ ਕਿ ਇਸ ਸਾਰੇ ਚੱਕਰ ’ਚ ਤੁਹਾਡਾ ਕੋਈ ਦੋਸ਼ ਨਹੀਂ। ਹੁਣ ਗੌਤਮ ਮਹਾਰਿਸ਼ੀ ਵੀ ਤੁਹਾਡੇ ਨਾਲ ਗੁੱਸਾ ਨਹੀਂ ਹਨ।
ਅਹਿੱਲਿਆ ਦੇ ਅਸਲੀ ਰੂਪ ’ਚ ਆਉਂਦੇ ਹੀ ਵਿਰਾਨ ਕੁਟੀਆ ’ਚ ਫਿਰ ਤੋਂ ਬਹਾਰ ਆ ਗਈ। ਪੰਛੀ ਚਹਿਕਣ ਲੱਗੇ ਇਸ ਤਰ੍ਹਾਂ ਭਗਵਾਨ ਸ਼੍ਰੀ ਰਾਮ ਨੇ ਦੇਵੀ ਅਹਿੱਲਿਆ ਦਾ ਉੱਧਾਰ ਕੀਤਾ। ਅੱਜ ਦੇ ਯੁੱਗ ’ਚ ਇੰਦਰ ਵਰਗੇ ਤਾਂ ਕਈ ਹਨ ਪਰ ਸ਼੍ਰੀ ਰਾਮ ਵਰਗਾ ਕੋਈ ਨਹੀਂ।
ਕ੍ਰਿਸ਼ਣ ਪਾਲ ਛਾਬੜਾ