ਜਨਮ ਦਿਹਾੜੇ ’ਤੇ ਵਿਸ਼ੇਸ਼ : ਬਾਬਾ ਸ੍ਰੀ ਚੰਦ ਜੀ ਅਤੇ ਉਦਾਸੀ ਸੰਪ੍ਰਦਾ

8/27/2020 12:10:51 PM

ਡਾ. ਪਰਮਜੀਤ ਸਿੰਘ ਮਾਨਸਾ

9988351990

ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਭਾਦੋਂ ਸੁਦੀ ਨੌਵੀਂ ਸੰਮਤ 1551 ਬ੍ਰਿ. (ਸੰਨ 1494ਈ:) ਨੂੰ ਸੁਲਤਾਨਪੁਰ ਲੋਧੀ (ਜ਼ਿਲ੍ਹਾ ਕਪੂਰਥਲਾ)ਪੰਜਾਬ ਵਿਖੇ ਹੋਇਆ। ਬਾਬਾ ਜੀ ਦੀ ਮਾਤਾ ਸੁਲਖਣੀ ਜੀ ਇਕ ਦੇਵ ਆਤਮਾ ਸਨ । ਬਾਬਾ ਜੀ ਦੇ  ਜਨਮ ਨਾਲ ਕਈ ਸਧਾਰਨ ਕਥਾਵਾਂ ਵੀ ਜੁੜੀਆਂ ਹਨ ਕਿ ਜਦੋਂ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਹੋਇਆ, ਜਨਮ ਅਸਥਾਨ ਸੁਗੰਧੀ ਨਾਲ ਪ੍ਰਫੁਲਤ ਹੋ ਗਿਆ ਸੀ। ਉਨ੍ਹਾਂ ਦੇ ਸੱਜੇ ਕੰਨ ਵਿਚ ਮਾਸ ਦੀ ਮੁੱਦਰਾ ਸੀ। ਛੋਟੇ-ਛੋਟੇ ਘੁੰਗਰਾਲੇ ਵਾਲ ਲਿਸ਼ਕਦੇ ਸਨ। ਸੁਲਤਾਨਪੁਰ ਵਿਖੇ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ, ਉਥੇ ਗੁਰਦੁਆਰਾ ‘ਗੁਰੂ ਕਾ ਬਾਗ’ ਸਥਾਪਤ ਹੈ।

ਬਾਬਾ ਸ੍ਰੀ ਚੰਦ ਉਦਾਸੀਨ ਪੰਥ  ਦੇ ਬਾਨੀ ,ਮਹਾਨ ਵਿਅਕਤਿਤਵ ਅਤੇ ਪ੍ਰਤਿਭਾ ਦੇ ਮਾਲਕ, ਅਦਭੁਤ ਤੋਂ ਅਲੌਕਿਕ ਸ਼ਕਤੀਆਂ ਦੇ ਅਪੂਰਣ ਸੁਆਮੀ, ਧਰਮ ਅਰਥ, ਕਾਮ ਅਤੇ ਮੋਖ ਦੇ ਦਾਤਾ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਚਾਰ ਚੰਨ ਲਾਏ ਅਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵਾਧਾ ਕੀਤਾ। ਉਨ੍ਹਾਂ ਦੀ ਕਮਾਈ ਅਤੇ ਕੀਰਤੀ ਧੰਨਤਾ ਯੋਗ ਹੈ। ਜਿਥੇ-ਜਿਥੇ ਦੇਸ਼ ਅਤੇ ਪ੍ਰਦੇਸ਼ ਵਿਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਭਾਵ ਯਾਤਰਾਵਾਂ ਕਰਦੇ ਗਏ ਤਾਂ ਧਰਮਸ਼ਾਲ ਸਥਾਪਿਤ ਕਰਦੇ ਗਏ,  ਇਨ੍ਹਾਂ ਸਾਰਿਆਂ ਅਸਥਾਨਾਂ ’ਤੇ ਬਾਬਾ ਸ੍ਰੀ ਚੰਦ ਜੀ ਜਾ ਕੇ ਦਰਸ਼ਨ ਹੀ ਨਹੀਂ ਕਰਦੇ ਸਨ ਬਲਕਿ ਉਨ੍ਹਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ।

ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਛੋਟੀ ਉਮਰ ਵਿਚ ਹੀ ਆਪਣੀ ਅਧਿਆਤਮਿਕ ਅਵਸਥਾ ਵਿਚ ਹੀ ਦੀਕਸ਼ਾ ਸਿਖਸ਼ਾ ਦੇਣੀ ਆਰੰਭੀ। ਜਿਸ ਨਾਲ ਉਨ੍ਹਾਂ ਨੇ ਅੰਮ੍ਰਿਤ ਵੇਲੇ ਉਠਣਾ, ਇਸ਼ਨਾਨ ਕਰਨਾ ਅਤੇ ਕਈ ਘੰਟੇ ਸਿਮਰਨ ਵਿਚ ਲੀਨ ਹੋਣਾ ਹੀ ਆਪਣਾ ਸੁਭਾਅ ਬਣਾ ਲਿਆ। ਉਨ੍ਹਾਂ ਨੂੰ ਜੋ ਵੀ ਧਾਰਮਿਕ ਕਥਾਵਾਂ ਸੁਣਾਈਆਂ ਜਾਂਦੀਆਂ, ਉਨ੍ਹਾਂ ਨੂੰ ਬਾਬਾ ਜੀ ਅਤਿ ਧਿਆਨ ਨਾਲ ਇਕ ਚਿਤ ਹੋ ਕੇ ਸੁਣਦੇ। ਆਪਣੀ ਉਮਰ ਦੇ ਬੱਚਿਆ ਵਾਂਗੂ ਕਿਸੇ ਖੇਡ ਵਿਚ ਨਹੀਂ ਸਨ ਪੈਂਦੇ, ਸਗੋਂ ਜਦੋਂ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਖੇਡਣ ਲਈ ਘੇਰਦੇ ਤਾਂ ਉਹ ਉਨ੍ਹਾਂ ਨੂੰ ਇਕੱਠਾ ਬਿਠਾ ਕੇ ਸਿਮਰਨ ਜਾਂਚ ਦੱਸਦੇ। ਉਨ੍ਹਾਂ ਦੇ ਬਚਪਨ ਨਾਲ ਕਈ ਅਲੌਕਿਕ ਮੁਆਜਜ਼ੇ ਜੁੜੇ ਹੋਏ ਸਨ। ਜਿਵੇਂ ਕਿ ਇਕ ਵਾਰੀ ਉਹ ਜੰਗਲ ਤੋਂ ਵਾਪਸ ਘਰ ਨਹੀਂ ਆਏ, ਬਹੁਤ ਦੇਰ ਹੋ ਗਈ, ਲੋਕ ਬਹੁਤ ਚਿੰਤਤ ਹੋ ਉਠੇ। ਉਨ੍ਹਾਂ ਦੀ ਭਾਲ ਵਿਚ ਕੁਝ ਬੰਦੇ ਭੇਜੇ ਗਏ, ਉਹ ਦੇਖ ਕੇ ਹੈਰਾਨ ਹੋ ਗਏ ਕਿ ਬਾਬਾ ਜੀ ਡੂੰਘੀ ਸਮਾਧੀ ਵਿਚ  ਲੀਨ ਸਨ। ਉਨ੍ਹਾਂ ਦੇ ਆਲੇ-ਦੁਆਲੇ ਜੰਗਲੀ ਜਾਨਵਰ ਹਾਥੀ, ਸ਼ੇਰ, ਚੀਤੇ ਆਦਿ ਇਕਾਗਰ ਚਿੱਤ ਅੱਖਾਂ ਬੰਦ ਕਰੀ ਬੈਠੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਆਪਣੇ ਮਾਲਕ ਦੀ ਰਹੱਸਮਈ ਸ਼ਕਤੀ ਦਾ ਅਨੰਦ ਮਾਣ ਰਹੇ ਹੋਣ।

ਬਾਬਾ ਸ੍ਰੀ ਚੰਦ ਜੀ ਦੀ ਵਿਦਵਤਾ, ਬ੍ਰਹਮ-ਗਿਆਨ ਦੀ ਸੂਝ, ਈਸ਼ਵਰ ਹਸਤੀ ਅਤੇ ਸਤਿ ਦੀ ਪਛਾਣ ਮਨੁੱਖ ਦਾ ਸਹੀ ਮੰਤਵ ਤੇ ਜੀਵਨ ਮਨੋਰਥ ਪ੍ਰਗਟ ਕਰਦੀ ਹੈ। ਉਨ੍ਹਾਂ ਦੀ ਸਾਦਗੀ ਸਚਾਈ ਤੋਂ ਪਵਿੱਤਰਤਾ ਅਤੇ ਉਚਤਮ ਅਧਿਆਤਮਕਤਾ ਅਤੇ ਸੁੰਦਰਤਾ ਤਥਾ ਸਤਿਯੰਮ ਸ਼ਿਵਮ, ਸੁਦ੍ਰੰਮ ਦਾ ਸਰੂਪ ਹੈ। ਬਾਬਾ ਸ੍ਰੀ ਚੰਦ ਜੀ ਦੀਆਂ ਮਹਾਨਤਾਵਾਂ, ਉਨ੍ਹਾਂ ਦੀਆਂ ਕਰਤਿੱਤਵਾਂ ਅਤੇ ਤਪਸਿਆਵਾਂ ਨੂੰ ਸਾਹਿਤਕਾਰਾਂ ਤੇ ਇਤਿਹਾਸਕਾਰਾਂ ਨੇ ਸਹੀ ਅਰਥਾਂ ਵਿਚ ਬਿਆਨ ਨਹੀਂ ਕੀਤਾ। ਜਿਸ ਦੇ ਫਲਸਰੂਪ ਬਾਬਾ ਸ੍ਰੀ ਚੰਦ ਜੀ ਦੀਆਂ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਅਨੁਯਾਈਆਂ ਨੂੰ ਸਾਰਥਿਕ ਰੂਪ ਵਿਚ ਪ੍ਰਸਤੁਤ ਨਹੀਂ ਕੀਤਾ ਜਾ ਸਕਿਆ। ਜਿਸ ਨਾਲ ਕਈ ਪ੍ਰਕਾਰ ਦੀ ਭ੍ਰਾਂਤੀਆਂ ਪੈ ਗਈਆਂ।  ‘ਉਦਾਸੀ’ ਸ਼ਬਦ ਸੰਸਕ੍ਰਿਤ ਦੇ ਧਾਤੂ ‘ ਉਦਾਸੀਨ’ ਤੋਂ ਬਣਿਆ ਹੈ। ਜਿਸ ਦੇ ਅਰਥ ਹਨ- ਉਪਰਾਮਤਾ, ਵਿਰੁਕਤਾ ਆਦਿ। ਉਦ+ਆਸੀਨ=ਉਪਰ ਬੈਠਾ।

ਜਿਸ ਤੋਂ ਭਾਵ ਹੈ ਉੱਚ ਆਸਣ ਤੋਂ ਬੈਠਾ ਹੋਇਆ, ਜੋ ਪੁਰਸ਼ ਮੋਹ ਮਾਇਆ ਤੋਂ ਉਪਰ ਉਠ ਕੇ ਸੰਸਾਰਕ ਬੰਧਨਾਂ ਤੋਂ ਨਿਰਲੇਪ ਰਹਿ ਕੇ ਜੀਵਨ ਬਤੀਤ ਕਰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ, ‘ ਮਹਾਨਕੋਸ਼’ ਵਿਚ ‘ਉਦਾਸੀ’ ਦੇ ਅਰਥ ‘ਉਦਾਸੀਨ’ ਕਰਦੇ ਹਨ। ਉਦਾਸੀਨ ਤੋਂ ਭਾਵ ਉਪਰਾਮਤਾ, ਵਿਰਕਤਤਾ, ਨਿਰਾਸਤਾ, ਸੰਗਯਾ। ਸਿੱਖ ਕੌਮ ਦਾ ਇਕ ਅੰਗ ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚਲਿਆ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਬਾਬਾ ਗੁਰਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਸਨ। ਇਨ੍ਹਾਂ ਦੇ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ। ਸੁਆਸੀ ਗੰਗੇਸਵਰਾਨੰਦ ਜੀ ਨੇ ਆਪਣੀ ਪੁਸਤਕ ‘ ਸਰੋਤ ਮੁਨਿ ਚਰਿਤਮ੍ਰਿਤ’ ਵਿਚ ‘ਉਦਾਸੀ’ ਸ਼ਬਦ ਦੀ ਵਿਆਖਿਆ ਵੇਲੇ ਉਦ ਦਾ ਅਰਥ ਸਰਵੋਦ੍ਰਿਸ਼ਟ ਜਾਂ ਸਰਵਪਾਪ ਵਿਨਿਰਮੁਕਤ ਅਤੇ ‘ਆਸੀਨ’ ਦਾ ਅਰਥ ਸਥਿਤੀ ਕਰਦੇ ਹਨ। ਸੰਖੇਪ ਵਿਚ ‘ਉਦਾਸੀ’ ਦਾ ਅਰਥ ਸੰਸਾਰ ਵਲੋਂ ਉਪਰਾਮਤਾ ਹੈ। ਪਰ ਉਦਾਸੀ ਸੰਤ ਸੰਸਾਰ ਵਿਚ ਰਹਿ ਕੇ ਲੋਕਾਈ ਨੂੰ ਗੁਰਮਤਿ ਮਾਰਗ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਕੇ ਰਹੇ ਹਨ।

ਜਿਵੇਂ ਅਸੀਂ ਪਹਿਲਾ ਲਿਖ ਆਏ ਹਾਂ ਬਾਬਾ ਸ੍ਰੀ ਚੰਦ ਦੀ ਨੇ ਛੋਟੀ ਅਵਸਥਾ ਵਿਚ ਹੀ ਜੰਗਲਾਂ ਵਿਚ ਜਾ ਕੇ ਸਮਾਧੀ ਵਿਚ ਲਿਵਲੀਨ ਹੋ ਜਾਂਦੇ ਸਨ। ਗੁਰੂ ਸਾਹਿਬ ਜੀ ਨੇ ਵੀ ਅੱਖੀਂ ਦੇਖਿਆ ਸੀ। ਜਦੋਂ ਸ੍ਰੀ ਗੁਰੂ ਨਾਨਕ ਦੀ ਸੰਸਾਰ ਫੇਰੀ (ਉਦਾਸੀ) ਪ੍ਰਚਾਰਕ ਦੌਰੇ ’ਤੇ ਜਾਣ ਲੱਗੇ ਤਾਂ ਆਪਣੇ ਬਾਲ ਬਾਬਾ ਸ੍ਰੀ ਚੰਦ ਜੀ ਦੀ ਬਾਂਹ ਆਪਣੀ ਭੈਣ ਨਾਨਕੀ ਜੀ ਦੇ ਸਪੁਰਦ ਕਰਨ ਲਗੇ ਤਾਂ ਆਪ ਜੀ ਇਉਂ ਕਿਹਾ ਕਿ ਇਹ ਕੋਈ ਸਧਾਰਣ ਬਾਲ ਨਹੀਂ ਸਮਝਣਾ ਬਲਕਿ ਇਹ ਆਪਣੇ ਜੱਪ ਤੱਪ ਅਤੇ ਪ੍ਰੇਮਾ ਭਗਤੀ ਦੇ ਪ੍ਰਤਾਪ ਨਾਲ ਪ੍ਰਸਿੱਧ ਮਹਾਤਮਾ ਹੋਵੇਗਾ। ਆਪਣਾ ਪੱਥ ਚਲਾਏਗਾ ਅਤੇ ਮਾਨਵਤਾ ਦੀ ਸੇਵਾ ਕਰਦਿਆਂ ਵੱਡਾ ਕਰਾਮਾਤੀ, ਜਤੀ-ਸਤੀ ਅਤੇ ਚਿਰੰਜੀਵੀ ਸਾਧੂ ਬਣੇਗਾ। ਸਮਾਂ ਬੀਤਦਾ ਗਿਆ ਅਤੇ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਅਖੀਰਲੀ ਉਦਾਸੀ ਤੋਂ ਵਾਪਸ ਆ ਕੇ ਕਰਤਾਰਪੁਰ ਡੇਰੇ ਲਾਏ ਤਾਂ ਇਕ ਧਰਮਸ਼ਾਲਾ ਕਾਇਮ ਕੀਤੀ, ਜਿਥੇ ਸਵੇਰੇ ਸ਼ਾਮ ਨਾਮ ਬਾਣੀ ਦਾ ਜਾਪ ਅਤੇ ਪ੍ਰਭੂ ਦਾ ਕੀਰਤਨ ਹੋਣ ਲੱਗਿਆ। ਇਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਪੁੱਤਰ ਨੂੰ ਬੁਲਾ ਕੇ ਛਾਤੀ ਨਾਲ ਲਾ ਕੇ ਪਿਆਰ ਕੀਤਾ ਅਤੇ ਆਪਣੀ ਉਦਾਸੀ ਵਾਲਾ ਲਿਬਾਸ ਬਾਬਾ ਜੀ ਨੂੰ ਅਰਪਣ ਕਰਦਿਆਂ ਸਿਰ ’ਤੇ ਹੱਥ ਰੱਖਿਆ ਕਿ ਅੱਜ ਤੋਂ ਤੁਹਾਨੂੰ ਸੰਪੂਰਨ ਮਹਾਂਪੁਰਸ਼ ਕਹਿ ਕੇ ਨਿਵਾਜਦਾਂ ਹੈਂ ਅਤੇ ਉਸ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਹਰ ਮੈਦਾਨ ਫਤਹਿ ਹੋਵੇਗੀ। ਵੱਡੇ-ਵੱਡੇ ਰਾਜੇ, ਬਾਦਸ਼ਾਹ, ਪੈਗੰਬਰ ਤੁਹਾਨੂੰ ਸੀਸ ਝੁਕਾਉਣਗੇ। ਰਿੱਧੀਆਂ ਸਿੱਧੀਆਂ ਤੁਹਾਡੇ ਪੈਰਾਂ ਨੂੰ ਚੁੰਮਣਗੀਆਂ ਅਤੇ ਤੁਸੀਂ ਤਾਂ ਬਹੁਤ ਮਹਾਨ ਧਰਮੀ ਪੁਰਖ ਹੋ।’’
ਛੋਟੀ ਆਯੂ ਵਿਚ ਹੀ ਬਾਬਾ ਸ੍ਰੀ ਚੰਦ ਜੀ ਨੇ ਮੌਲਵੀ ਨੂਰਦੀਨ ਚੁਗਤਾ ਨੂੰ ਰਾਮ ਅਤੇ ਰਹੀਮ ਅਤੇ ਹਿੰਦੂ ਅਤੇ ਮੁਸਲਮਾਨ ਨੂੰ ਇਕੋ ਅੱਲਾ ਤਾਲਾ ਅਤੇ ਖੁਦਾ ਤੇ ਪ੍ਰਭੂ ਸਮਝਣਾ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕੋ ਹੀ ਨੂਰ ਤੋਂ ਉਪਜਿਆ ਸਮਝ ਕੇ ਊਚ ਨੀਚ ਦੇ ਭੇਦ-ਭਾਵ ਨੂੰ ਮਿਟਾ ਕੇ ਉਸ ਦੇ ਸ਼ੰਕਿਆਂ ਨੂੰ ਨਿਰਵਿਰਤ ਕੀਤਾ ਤਾਂ ਮੌਲਵੀ ਜੀ ਨੇ ਸੀਸ ਝੁਕਾਇਆ ਅਤੇ  ਕਿਹਾ ਕਿ ‘‘ ਨਾਨਕ ਦਰਵੇਸ਼ ਧੰਨ ਹੈ’’ ਅਤੇ ਉਨ੍ਹਾਂ ਦਾ ਇਹ  ‘‘ ਸਾਂਈ ਮਲੰਗਾ ਫਰਜੰਦ ਵੀ ਧੰਨ ਹੈ’’। ਇਸੇ ਤਰ੍ਹਾਂ ਬਾਬਾ ਜੀ ਨੇ ਬਿਸ਼ਨਦਾਸ ਨਾਮੀ ਬ੍ਰਾਹਮਣ ਅਤੇ ਅਜਿਤੇ ਰੰਧਾਵੇ ਚੌਧਰੀ ਦੇ ਸ਼ੰਕੇ ਦੂਰ ਕੀਤੇ ਅਤੇ ਸੁਨਹਿਰੀ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਸੇਵਾ, ਸਿਮਰਨ ਅਤੇ ਪ੍ਰਭੂ ਦਾ ਨਾਮ ਜਪਣਾ ਅਤੇ ਅਜਿਹੀ ਹਲੀਮੀ, ਕ੍ਰਾਮ ,ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਮਾਰ ਕੇ ਊੱਚ-ਨੀਚ ਦੇ ਭੇਦਭਾਵ ਨੂੰ ਮਿਟਾ ਕੇ ਇਕ ਸੰਗਤ ਤੋਂ ਪੰਗਤ ਦਾ ਮਹਾਨ ਗਾਡੀ ਰਾਹ ਦਰਸਾਇਆ। 

ਬਾਬਾ ਸ੍ਰੀ ਚੰਦ ਜੀ ਉਦੋਂ 15 ਬਰਸ ਦੇ ਸਨ, ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਵਾਪਸ ਆਏ ਤਾਂ ਆਪ ਨੇ  ਬਾਬਾ ਸ੍ਰੀ ਚੰਦ ਨੂੰ ਆਪਣੀ ਉਦਾਸੀ ਦੀਆਂ ਸਾਰੀਆਂ ਸਾਖੀਆਂ, ਤਜ਼ਰਬੇ, ਦੇਸ਼ ਦੇਸ਼ਾਂਤਰਾਂ ਦੇ ਰਟਨ ਬਾਰੇ ਵਾਕਿਆਂ ਨੂੰ ਭਲੀ-ਭਾਂਤ ਸਾਂਝਾ ਕਰਕੇ ਆਪਣੇ ਸਪੁੱਤਰ ਦੇ ਗਿਆਨ ਭੰਡਾਰ ਵਿਚ ਵਾਧਾ ਕੀਤਾ। ਬਾਬਾ ਜੀ ਉਸ ਵਕਤ 15 ਸਾਲਾਂ ਦੇ ਸਨ, ਜਦੋਂ ਆਪ ਜੀ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਲਈ ਕਮਸ਼ੀਰ ਭੇਜ ਦਿੱਤਾ। ਕਿਹਾ ਜਾਂਦਾ ਹੈ ਕਿ ਇਕ ਵਾਰ ਕਾਸ਼ੀ ਤੋਂ ਆਏ ਧੁਰੰਧਰ ਵਿਦਵਾਨ ਪੰਡਿਤ ਸੋਮਨਾਥ ਤ੍ਰਿਪਾਠੀ ਦੇ ਨਾਲ ਸ਼ਾਸਤਰਾਅਰਥ ਕਰਦਿਆਂ ਬਾਬਾ ਸ੍ਰੀ ਚੰਦ ਜੀ ਨੇ ਪ੍ਰਮਾਰਥ ਅਤੇ ਨਿਰਗੁਣ-ਸਰਗੁਣ ਦੇ ਸਰੂਪ ਆਦਿ ਵਿਸ਼ਿਆ ਉੱਤੇ ਜੁਗਤ ਭਰੇ ਭਾਵ ਪੂਰਤ, ਗਿਆਨ ਮਈ, ਦਰਸ਼ਨ ਸ਼ਾਸਤ, ਵੇਦਾਂ, ਸਿਮਰਤੀਆਂ ਵਿਚੋਂ ਸੰਕੇਤ, ਵਿਆਖਿਆ ਤੇ ਦ੍ਰਿਸ਼ਟਾਂਤ ਅਤੇ ਵੈਦਿਕ ਧਰਮ ਅਤੇ ਭਗਵਤ ਗੀਤਾ ਦੇ ਹਵਾਲੇ ਦੇ ਕੇ ਸੂਖਸ਼ਮ ਤੋਂ ਸੂਖਮ ਪ੍ਰਸਨਾਂ ਦਾ ਉੱਤਰ ਦਿੱਤਾ ਅਤੇ ਸ਼ੰਕਾ ਨਿਵਿਰਤ ਕੀਤੀ ਤਾਂ ਤ੍ਰਿਪਾਠੀ ਜੀ ਨਿਰੁਤਰ ਹੋ ਗਏ, ਜਿਸ ਕਰਕੇ ਬਾਬਾ ਸ੍ਰੀ ਚੰਦ ਜੀ ਕੀ ਉਪਮਾ ਅਤੇ ਚਰਚਾ ਸਾਰੇ ਕਸ਼ਮੀਰ ਦੇ ਗਗਨ ਮੰਡਲ ਵਿਚ ਜਗਮਗਾਉਣ ਲਗ ਪਈ। 

ਬਾਬਾ ਸ੍ਰੀ ਚੰਦ ਨੇ ਪਹਿਲੀ ਯਾਤਰਾ 1524 ਈ. ਤੋਂ ਆਰੰਭੀ। ਉਦੋਂ ਆਪ ਲੱਗਭਗ 30 ਸਾਲ ਦੇ ਸਨ। ਆਪ ਜੀ ਦੇ ਬਚਪਨ ਦਾ ਸਾਥੀ ਭਾਈ ਕਮਲੀਆ ਆਪ ਜੀ ਦੇ ਨਾਲ ਸੀ। ਆਪ ਜੀ ਹਰਿਦੁਆਰ ਰਿਸ਼ੀਕੇਸ਼, ਲਛਮਣ ਝੂਲਾ ਅਤੇ ਉੱਤਰ ਪ੍ਰਦੇਸ਼ ਦੇ ਪਿੰਡਾਂ ਵਿੱਚੋਂ ਹੁੰਦੇ ਹੋਏ ਮਥੁਰਾ ਆਗਰਾ, ਕਾਨਪੁਰ, ਲਖਨਊ, ਫੌਜ਼ਾਬਾਦ, ਆਯੁੱਧਿਆ, ਪ੍ਰਯਾਗ ਆਦਿ ਥਾਵਾਂ ਤੋਂ ਹੁੰਦੇ ਹੋਏ ਕਾਸੀਂ ਪੁੱਜੇ। ਜਿਥੇ ਆਪ ਸੋਮਨਾਥ, ਤ੍ਰਿਪਾਠੀ ਦੇ ਸਥਾਨ ਤੇ ਕਈ ਦਿਨ ਟਿਕੇ ਰਹੇ। ਉਥੋਂ ਆਪ ਪਟਨਾ, ਕਾਮਰੂਪ ਬੰਗਾਲ ਤੋਂ ਉੜੀਸਾ ਤੇ ਕਟਕ ਪੁੱਜੇ। ਬਾਅਦ ਵਿੱਚ ਜਗਗਨਾਥ ਪੁਰੀ ਗਏ। ਇਥੋਂ ਦੇ ਪਾਂਡਿਆਂ ਨੇ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਦਾ ਆਉਣਾ ਸੁਣ ਕੇ ਬਹੁਤ ਖ਼ੁਸ਼ੀਆਂ ਮਨਾਈਆਂ। ਉੱਥੇ ਬਾਬਾ ਸ੍ਰੀ ਚੰਦ ਜੀ ਦੀ ਯਾਦ ਵਿੱਚ ਪਰਮ ਉਦਾਸੀ ਬਾਲੂ ਹਸਨਾ ਜੀ ਦਾ ਮੰਗੂ ਮੱਠ ਸਥਾਪਤ ਕੀਤਾ ਗਿਆ। ਪੁਰੀ ਦੇ ਰਾਜੇ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ 'ਤੇ 300 ਵਿਘੇ ਜ਼ਮੀਨ ਵੀ ਲਗਵਾ ਦਿੱਤੀ ਜੋ ਅੱਜ ਤੱਕ ਤੁਰੀ ਆਉਂਦੀ ਹੈ।

ਫਿਰ ਬਾਬਾ ਜੀ ਮੱਧ ਪ੍ਰਦੇਸ਼ ਦੇ ਬੀਆ ਬਾਨ ਜੰਗਲਾਂ ਵਿਚੋਂ ਵਿਚਰਦੇ ਹੋਏ ਪ੍ਰਸਿੱਧ ਇਤਿਹਾਸਕ ਤੀਰਥ 'ਅਮਰ ਕੰਟਕ' ਦੇ ਅਸਥਾਨ ਤੇ ਪੁੱਜੇ ਜਿਸ ਦੀ ਪਹਾੜ ਚੋਟੀ ਤੋਂ ਚਾਰ ਵੱਡੇ ਦਰਿਆ ਚੌਹਾਂ ਦਿਸ਼ਾਵਾਂ ਨੂੰ ਨਿਕਲਦੇ ਹਨ।ਪੁਰਾਣੇ ਸਮੇਂ ਇਸ ਅਸਥਾਨ ਤੇ ਵੱਡੇ ਵੱਡੇ ਰਿਸ਼ੀ ਤਪ ਕਰਦੇ ਸਨ।ਬਾਬਾ ਜੀ ਨੇ ਪੱਛਮ ਦੇਸ਼ਾਂ ਦਾ ਰਟਨ ਕਰਦੇ ਹੋਏ ਜਦੋਂ ਪੇਸ਼ਾਵਰ ਸ਼ਹਿਰ ਦੇ ਲਾਗੇ ਇਕ ਹਵੇਲੀ ਵਿਚ ਆ ਕੇ ਡੇਰਾ ਲਾਇਆ ਤਾਂ ਯੂਸਫ਼ ਨਾਂ ਦੇ ਹਾਕਮ ਨੇ ਉਨ੍ਹਾਂ ਦਾ ਡੇਰਾ ਚੁਕਾ ਦਿੱਤਾ ਤੇ ਘੋੜਿਆਂ ਲਈ ਅਸਤਬਲ ਬਣਾ ਦਿੱਤਾ।ਜਦੋਂ ਘੋੜੇ ਕਿਸੇ ਗੈਬੀ ਬਿਮਾਰੀ ਨਾਲ ਮਰਨ ਲੱਗੇ ਤਾਂ ਹਾਕਮ ਨੇ ਬਾਬਾ ਜੀ ਦੇ ਚਰਨੀਂ ਲੱਗ ਕੇ ਮੁਆਫ਼ੀ ਮੰਗੀ ਤੇ ਉਹਨਾਂ ਨੂੰ ਡੇਰਾ ਵਾਪਿਸ ਕਰ ਦਿੱਤਾ। 

ਕਸ਼ਮੀਰ ਵਿੱਚ ਬਾਬਾ ਜੀ ਕਈ ਵਾਰੀ ਗਏ।ਉਥੋਂ ਦੇ ਸੇਖ਼ ਨਾਲ ਮੁਲਾਕਾਤ ਹੋਈ। ਬਾਬਾ ਜੀ ਨੇ ਉਸ ਨੂੰ ਸੰਦੇਸ਼ ਦਿੱਤਾ ਕਿ ਤੁਸੀਂ ਲੋਭ ਲਾਲਚ ਵੱਸ ਹਿੰਦੂਆਂ ਨੂੰ ਮੁਸਲਮਾਨ ਤਾਂ ਬਣਾ ਸਕਦੇ ਹੋ ਪਰ ਉਹਨਾਂ ਦੇ ਦਿਲੋਂ ਰਾਮ ਦਾ ਨਾਂ ਨਹੀਂ ਕੱਢ ਸਕਦੇ।ਹਮਾਯੂੰ ਬਾਦਸ਼ਾਹ ਜਦੋਂ ਸ਼ੇਰਸ਼ਾਹ ਸੂਰੀ ਤੋਂ ਭਾਂਜ ਖਾ ਕੇ ਵਾਪਿਸ ਆ ਰਿਹਾ ਸੀ ਤਾਂ ਉਸਨੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਤੇ ਅਸੀਸ ਪ੍ਰਾਪਤ ਕੀਤੀ। 13 ਸਾਲ ਮਗਰੋਂ ਸ਼ੇਰਸ਼ਾਹ ਨਾਲ ਯੁੱਧ ਕੀਤਾ ਤੇ ਜਿੱਤ ਪ੍ਰਾਪਤ ਕੀਤੀ।1588 ਈਂ ਵਿੱਚ ਮਹਾਰਾਣਾ ਪ੍ਰਤਾਪ ਵੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਇਆ ਕਿਉਂਕਿ ਉਹ ਹਲਦੀਘਾਟੀ ਦੀ ਲੜਾਈ ਚ ਬਾਦਸ਼ਾਹ ਅਕਬਰ ਤੋਂ ਹਾਰ ਗਿਆ ਸੀ। ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਮਹਾਰਾਣਾ ਪ੍ਰਤਾਪ ਦਾ ਹੌਂਸਲਾ ਬੁਲੰਦ ਹੋ ਗਿਆ ਤੇ ਉਸਨੇ ਚਤੌੜ ਨੂੰ ਛੱਡ ਕੇ ਬਾਕੀ ਦਾ ਆਪਣਾ ਖੁਸਿਆ ਹੋਇਆ ਇਲਾਕਾ ਬਾਦਸ਼ਾਹ ਤੋਂ ਵਾਪਿਸ ਛੁਡਵਾ ਲਿਆ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਦਾ ਗੁਰੂ ਘਰ ਨਾਲ ਚੰਗਾ ਸਬੰਧ ਬਣਿਆ ਰਿਹਾ।ਗੁਰੂ ਅੰਗਦ ਦੇਵ ਜੀ ਨੇ ਬਾਬਾ ਦਾਤੂ ਜੀ ਨੂੰ ਆਪਣੇ ਸਪੁੱਤਰ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਭੇਟਾ ਕਰ ਦਿੱਤਾ ਸੀ ।ਗੁਰੂ ਅਮਰਦਾਸ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ 500 ਰੁਪਏ ਦੀ ਭੇਂਟ ਨਾਲ ਇਕ ਘੋੜੇ ਦਾ ਨਜ਼ਰਾਨਾ ਭੀ ਕਰ ਦਿੱਤਾ ਸੀ।ਸ੍ਰੀ ਗੁਰੂ ਰਾਮਦਾਸ ਜੀ ਵੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਸਨ।ਗੁਰੂ ਅਰਜਨ ਦੇਵ ਜੀ ਵੀ 1599 ਈ. ਵਿਚ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਆਏ ਤੇ 6 ਮਹੀਨੇ ਰਹੇ।ਗੁਰੂ ਹਰਿਗੋਬਿੰਦ ਸਾਹਿਬ ਆਪ ਜੀ ਦੇ ਦਰਸ਼ਨਾਂ ਨੂੰ ਆਏ ਤਾਂ ਆਪਣਾ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਭੇਟਾ ਕਰ ਦਿੱਤਾ ਤਾਂ ਬਾਬਾ ਜੀ ਨੇ ਫ਼ੁਰਮਾਇਆ ਕਿ ਸਾਡੇ ਬਾਅਦ ਸਾਡਾ ਜਾਨਸੀਨ ਇਹੋ ਬਾਬਾ ਗੁਰਦਿੱਤਾ 'ਦੀਨ ਦੁਨੀ ਦਾ ਟਿਕਾ' ਕਰਕੇ ਜਾਣਿਆ ਜਾਏਗਾ।ਉਦਾਸੀ ਭੇਖ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਕੇ ਆਪਣਾ ਪ੍ਰਮੁੱਖ ਸ਼ਿਸ਼ ਬਣਾ ਲਿਆ।

ਬਾਬਾ  ਸ੍ਰੀ ਚੰਦ ਜੀ ਨੇ ਆਪਣੀ 149 ਵਰ੍ਹਿਆਂ ਦੀ ਆਯੂ ਵਿੱਚ ਘੱਟੋ ਘੱਟ 20-25 ਹਜ਼ਾਰ ਕਿਲੋਮੀਟਰ ਦਾ ਸਫ਼ਰ ਕੀਤਾ।ਪਿਤਾ ਦੇ ਮਿਸ਼ਨ ਨੂੰ ਅੱਗੇ ਤੋਰਿਆ।ਬਾਬਾ ਗੁਰਦਿੱਤਾ ਜੀ ਨੇ ਚਾਰ ਪ੍ਰਸਿੱਧ ਧੂਣਿਆਂ ਦੀ ਸਥਾਪਨਾ ਕੀਤੀ । (ੳ)ਫੂਲ ਸਾਹਿਬ (ਅ) ਬਾਲੂ ਹਸਨਾ ਜੀ (ੲ) ਅਲਮਸਤ ਸਾਹਿਬ ਜੀ (ਸ) ਗੋਇੰਦਾ ਜੀ । ਬਿਹਾਰ ਵਿੱਚ ਉਦਾਸੀਆਂ ਸੰਤਾਂ ਦੇ ਡੇਰੇ ਲਗਭਗ 1000 ਦੇ ਕਰੀਬ ਹਨ। ਇਕੱਲੇ ਪਟਨਾ ਸਾਹਿਬ ਵਿਖੇ 300 ਤੋਂ ਵੱਧ ਸਥਾਨ ਉਦਾਸੀ ਸੰਤਾਂ ਦੇ ਹਨ।ਇਹਨਾਂ ਸਾਰੇ ਸਥਾਨਾਂ  ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਕਥਾ ਕੀਰਤਨ ਦੇ ਪਰਿਵਾਹ ਚਲਦੇ ਹਨ।ਅੱਜ ਜੋ ਸਾਡੇ ਕੋਲ ਇਤਿਹਾਸਕ ਗੁਰਦੁਆਰੇ ਹਨ ਇਹਨਾਂ ਚੋਂ ਬਹੁਤ ਸਾਰਿਆ ਦੀ ਨਿਸ਼ਾਨਦੇਹੀ ਵੀ ਉਦਾਸੀ ਸੰਤਾਂ ਨੇ ਕੀਤੀ ਹੈ।ਪੁਰਾਤਨ ਸਮਿਆਂ ਚ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਉਦਾਸੀ ਸੰਤਾਂ ਨੇ ਪੈਦਲ ਚੱਲ ਕੇ ਭੁੱਖੇ ਤਿਹਾਏ ਰਹਿ ਕੇ ਗੁਰੂ ਸਾਹਿਬਾਨਾਂ ਦੇ ਠਹਿਰਣ ਦੇ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ।ਡੇਹਰਾ ਬਾਬਾ ਨਾਨਕ ਵੀ ਉਦਾਸੀ ਸੰਤਾਂ ਕਰਕੇ ਵਿਸ਼ੇਸ਼ਤਾ ਰੱਖਦਾ ਹੈ ।ਉਦਾਸੀ ਸੰਤਾਂ ਦੀਆਂ ਮਨੁੱਖਤਾ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਸੰਸਾਰ ਹਮੇਸ਼ਾ ਯਾਦ ਰੱਖੇਗਾ।ਸਿੱਖ ਧਰਮ ਬਾਬਾ ਸ੍ਰੀ ਚੰਦ ਜੀ ਤੇ ਉਨ੍ਹਾਂ ਦੇ ਅਨੁਯਾਈਆਂ ਦਾ ਹਮੇਸ਼ਾ ਇਣੀ ਰਹੇਗਾ।  


rajwinder kaur

Content Editor rajwinder kaur