ਭਾਗ-13 : ਸਾਖੀ ਭਾਈ ਮਰਦਾਨਾ ਜੀ ਦੀ

7/28/2019 8:54:21 AM

ਜਨਮ-ਸਾਖੀ ਸਾਹਿਤ
ਤਾਂ ਬਾਬੇ ਕਹਿਆ-ਮਰਦਾਨਿਆ ਹਉਂ ਤੈਂਡੇ ਪਿੰਡ ਤਲਵੰਡੀ ਕੇ ਬੇਦੀਆਂ ਕਾ ਨਾਨਕ ਹਾਂ। ਭੁਲੇਖਾ ਨਾਂਹੀ। ਉਹੀ ਹਾਂ। ਹੋਰ ਕਿਛੁ ਨਹੀਂ। ਤਦ ਮਰਦਾਨੇ ਗਾਇਆ

ਸਹੀ ਤਾਂ ਨਾਨਕ ਕਾਲੁਆਣ ਜਿਨਿ ਸਿਰੀ ਫੁਨਿ ਤਿਸਹੀ ਗੋਈ। ਤੁਧੁ ਜੇਵਡ ਪਰਮੇਸਰ ਹੋਇ ਤਾਂ ਹੋਈ। (ਸੱਚ ਹੈ, ਕਲਿਆਣ ਰਾਇ ਦੇ ਬੇਟੇ ਨੇ ਆਪਣੀ ਸਾਜੀ ਸ੍ਰਿਸ਼ਟੀ ਨੂੰ ਫਿਰ ਗੁੰਨ੍ਹਣਾ ਸ਼ੁਰੂ ਕਰ ਦਿਤਾ। ਰੱਬ, ਤੇਰੇ ਜਿੱਡਾ ਹੋਵੇ ਤਾਂ ਹੋਵੇ, ਹੋਰ ਕੋਈ ਨਹੀਂ)।

ਬਾਬੇ ਕਹਿਆ- ਮਰਦਾਨਿਆ, ਕਰਤਾਰ ਦਾ ਨਾਉਂ ਲਇ। ਏਦੂੰ ਅੱਗੈ ਹੋਰ ਨਹੀਂ ਆਖਣਾ। ਬਸ ਭਾਈ ਅਗੈ ਨਾਹੀਂ ਚਲਾਉਣਾ ਅੱਖਰ ਕੋਈ। ਗੋਲੀ, ਤੀਰ, ਤਲਵਾਰ ਆਦਿਕ ਹਥਿਆਰਾਂ ਦਾ ਚੱਲਣਾ ਸੁਣਿਆ ਸੀ, ਅੱਖਰ 'ਚਲਦਾ' ਹੁੰਦਾ ਹੈ, ਪਹਿਲੀ ਵਾਰ ਸਾਖੀ ਵਿਚ ਪੜ੍ਹਿਆ।

ਲੰਮੇ ਪੈਂਡੇ... ਦੂਰ ਦੇ ਦੇਸ... ਸਮਾਂ ਬੀਤਿਆ। ਭਾਈ ਦਾ ਬਿਰਧ ਸਰੀਰ ਕਮਜ਼ੋਰ ਹੋ ਗਿਆ। ਅਫ਼ਗਾਨਿਸਤਾਨ ਦੀ ਸਰਹੱਦ ਨਾਲ ਵਗਦੇ ਕੁੱਰਮ ਦਰਿਆ ਕਿਨਾਰੇ ਥੱਕ ਗਏ ਤਾਂ ਸਹਾਰਾ ਦੇ ਕੇ ਬਾਬਾ ਜੀ ਉਨ੍ਹਾਂ ਨੂੰ ਰੁੱਖ ਹੇਠ ਲੈ ਗਏ ਤੇ ਲਿਟਾ ਦਿੱਤੇ। ਸੀਸ ਆਪਣੀ ਗੋਦ ਵਿਚ ਰੱਖ ਲਿਆ ਅਤੇ ਕਿਹਾ ਭਾਈ ਜੀ, ਘੜੀ ਆਉਣ ਵਾਲੀ ਹੈ ਜਦੋਂ ਤੁਸਾਂ ਸਾਡੇ ਪਾਸੋਂ ਚਲੇ ਜਾਣਾ ਹੈ। ਇਹ ਦੱਸੋ ਜੁ ਦਫ਼ਨਾਈਏ ਕਿ ਅਗਨੀ ਭੇਟ ਕਰੀਏ? ਭਾਈ ਚੁੱਪ ਰਹੇ। ਫਿਰ ਬਾਬਾ ਜੀ ਬੋਲੇ- ਤੁਸੀਂ ਸਾਡੀ ਸੰਗਤ ਕੀਤੀ। ਕੋਈ ਯਾਦਗਾਰ ਬਣਾ ਦੇਈਏ? ਖ਼ਾਮੋਸ਼ ਰਹੇ। ਫਿਰ ਬਾਬੇ ਨੇ ਪੁੱਛਿਆ- ਯਾਦਗਾਰ ਹੇਤੁ ਮਸਜਿਦ ਉਸਾਰੀਏ ਕਿ ਧਰਮਸਾਲ?

ਭਾਈ ਮਰਦਾਨਾ ਜੀ ਨੇ ਸਹਿਜੇ ਅੱਖਾਂ ਖੋਹਲੀਆਂ। ਕਿਹਾ- ਹੱਡ ਮਾਸ ਦੀ ਕੈਦ ਵਿਚੋਂ ਕੱਢ ਕੇ ਇੱਟਾਂ ਚੂਨੇ ਦੀ ਕੈਦ ਵਿਚ ਕਿਵੇਂ ਪਾ ਸਕਦਾ ਹੈਂ ਬਾਬਾ? ਜਾਣਦਾ ਹਾਂ, ਤੁਸੀਂ ਅਜਿਹਾ ਨਹੀਂ ਕਰਨ ਵਾਲੇ ਮਹਾਰਾਜ। ਬਾਬਾ ਨੇ ਕਿਹਾ- ਤਾਂ ਬੀ, ਭਾਈ ਜੀ ਖਾਲੀ ਹੱਥ ਨਹੀਂ ਜਾਣ ਦਿਆਂਗੇ। ਪ੍ਰੀਤ ਓੜਕ ਤੱਕ ਨਿਭਾਈ ਤੁਸਾਂ। ਜੋ ਮੰਗੋਗੇ ਮਿਲੇਗਾ। ਨਹੀਂ ਭੇਜਾਂਗੇ ਖਾਲੀ। ਅਸਾਂ ਦਾ ਬੀ ਫ਼ੈਸਲਾ ਹੈ। ਭਾਈ ਨੇ ਕਿਹਾ- ਬਾਬਾ ਤੂੰ ਖੁਦਾਇ ਦਾ ਡੂੰਮ। ਮੈਂ ਤੇਰਾ ਡੂੰਮ। ਤੈਂ ਖੁਦਾਇ ਦੇਖਿਆ। ਤੈਂ ਖੁਦਾਇ ਪਾਇਆ। ਤੇਰਾ ਕਹਿਆ ਖੁਦਾਈ ਮੰਨਦੀ ਹੈ। ਮੈਂ ਤੈਨੂੰ ਦੇਖਿਆ। ਮੈਂ ਤੈਨੂੰ ਪਾਇਆ। ਅਰ ਮੇਰਾ ਕਹਿਆ ਤੂੰ ਮੰਨਦਾ ਹੈਂ। ਤੁਧ ਆਗੈ ਅਸਾਂ ਦੀ ਬੇਨਤੀ ਹੈ ਅੱਜ ਇੱਕ। ਅਸਾਂ ਨੂੰ ਬਿਛੋੜਨਾ ਨਾਹੀਂ ਆਪਣੇ ਨਾਲਹੁੰ। ਨਾ ਏਥੈ। ਨਾ ਉਥੈ। ਬਾਬੇ ਕਹਿਆ- ਮਰਦਾਨਿਆ ਤੁਧ ਉਪਰ ਅਸਾਂ ਦੀ ਖਰੀ ਖੁਸੀ ਹੈ। ਜਿਥੈ ਤੇਰਾ ਵਾਸਾ ਤਿਥੈ ਮੇਰਾ ਵਾਸਾ। ਤਦ ਇਹ ਕਾਮਲ ਫ਼ਕੀਰ ਧਰਤੀ ਉਪਰੋਂ ਰੁਖ਼ਸਤ ਹੋਇਆ। ਇਹ ਭਾਈ ਮਰਦਾਨਾ ਜੀ ਦੀ ਵਸੀਅਤ ਹੈ। ਇਸ ਵਸੀਅਤ ਉਪਰ ਗੁਰੂ ਜੀ ਦੇ ਹਸਤਾਖਰ ਹਨ ਤੇ ਸਾਖੀਕਾਰ ਇਸ ਵਸੀਅਤ ਦਾ ਅਹਿਲਮਦ ਹੈ।

ਮਹਾਰਾਜ ਨੇ ਆਪਣੇ ਮੋਢਿਆਂ ਤੋਂ ਚਾਦਰ ਉਤਾਰ ਕੇ ਭਾਈ ਸਾਹਿਬ ਦੇ ਸਰੀਰ ਉਪਰ ਪਾਈ ਅਤੇ ਆਪਣੇ ਹੱਥੀਂ ਅੰਤਮ ਰਸਮਾਂ ਨਿਭਾਈਆਂ। ਰਬਾਬ ਮੋਢੇ ਉਪਰ ਲਟਕਾ, ਯਾਤਰਾ ਵਿਚਕਾਰ ਛੱਡ ਕੇ, ਉਹ ਵਾਪਸ ਰਾਇ ਭੋਇ ਤਲਵੰਡੀ ਪਿੰਡ ਵੱਲ ਚੱਲ ਪਏ। ਜਦੋਂ ਤੱਕ ਭਾਈ ਮਰਦਾਨਾ ਨਾਲ ਜਾਣ ਲਈ ਤਿਆਰ ਨਾ ਹੋਏ ਉਦੋਂ ਤੱਕ ਮਹਾਰਾਜ ਨੇ ਉਦਾਸੀਆਂ ਨਹੀਂ ਆਰੰਭੀਆਂ। ਜਦੋਂ ਵਿਛੜੇ ਉਦਾਸੀਆਂ ਸਮਾਪਤ ਹੋ ਗਈਆਂ। ਪਿੰਡ ਪਤਾ ਲੱਗਦਾ ਗਿਆ ਕਿ ਬਾਬਾ ਨਗਰ ਪਰਤ ਆਇਆ ਹੈ। ਨਗਰ ਨਿਵਾਸੀ ਮਿਲਣ ਆਏ। ਭਾਈ ਮਰਦਾਨਾ ਜੀ ਦਾ ਵੱਡਾ ਬੇਟਾ ਸ਼ਾਹਜ਼ਾਦ ਆਇਆ। ਸ਼ਾਹਜ਼ਾਦ ਨੂੰ ਹਮੇਸ਼ਾ ਅਪਣੇ ਪਿਤਾ ਵਿਰੁੱਧ ਗਿਲਾ ਰਿਹਾ ਕਿ ਜੇ ਸਾਨੂੰ ਰਿਜ਼ਕ ਨਹੀਂ ਦੇਣਾ ਸੀ ਤਾਂ ਜੰਮਿਆਂ ਕਾਸ ਲਈ ਸੀ? ਅਸੀਂ ਭੁੱਖਣ ਭਾਣੇ ਲੋਕਾਂ ਦੇ ਦਰਾਂ ਵੱਲ ਤੱਕਦੇ, ਦਿਹਲੀਆਂ ਤੇ ਬੈਠੇ ਰਹਿੰਦੇ, ਅੱਬੂ ਦੁਨੀਆਂ ਦੀ ਸੈਰ ਕਰਦਾ ਰਿਹਾ। ਕਿਉਂ ਜੰਮਿਆਂ ਸੀ ਸਾਨੂੰ ਇਉਂ ਰੋਲਣ ਲਈ?

ਬਾਬੇ ਦੇ ਚਰਨੀਂ ਹੱਥ ਲਾਏ ਤੇ ਪਰੇ ਹਟਕੇ ਬੈਠ ਗਿਆ। ਨਾਲਦਿਆਂ ਨੂੰ ਪੁੱਛਿਆ ਅੱਬੂ ਕਿਥੇ ਹਾਈ? ਕਿਸੇ ਨੂੰ ਪਤਾ ਨਹੀਂ ਸੀ। ਫਿਰ ਥੋੜ੍ਹੀ ਦੇਰ ਪਿਛੋਂ ਬਾਬਾ ਜੀ ਦੇ ਨਜ਼ਦੀਕ ਆਇਆ। ਪੁੱਛਿਆ ਅੱਬੂ ਕਿਥੇ ਹਾਈ। ਬਾਬਾ ਅਬੂ ਕਿਵੇਂ ਹਾਈ? ਬਾਬਾ ਜੀ ਨੇ ਦੱਸਿਆ-ਉਹ ਵਿਦਾਅ ਹੋ ਗਏ ਹਨ ਪੁੱਤਰ ਆਪਣੇ ਕੋਲਹੁੰ। ਆਪਣੇ ਘਰ ਚਲੇ ਗਏ ਹਨ। ਜਿਹੜੇ ਨਿੱਜ ਘਰ ਚਲੇ ਜਾਵਣ ਤਿਨ੍ਹਾਂ ਦਾ ਸੋਗ ਨਹੀਂ ਕਰਨਾ। ਦੇਸਾਂ ਦਾ ਪੈਂਡਾ ਮਾਰ ਕੇ ਤੁਸਾਂ ਨੂੰ ਤਿਨ੍ਹਾਂ ਦੇ ਨਾਮ ਦਾ ਸਿਰੋਪਾਉ ਦੇਣ ਲਈ ਆਇਆ ਹਾਂ। ਦਸੋ ਕੀ ਦੇਈਏ ਪੁੱਤਰ। ਸ਼ਾਹਜ਼ਾਦ ਨੇ ਕਿਹਾ- ਕਿਛੁ ਪਤਾ ਨਾਹੀਂ ਸਾਨੂੰ ਬਾਬਾ। ਕੀ ਭਲਾ ਹੈ ਕੀ ਬੁਰਾ ਤੁਸੀਂ ਜਾਣੋ। ਸਾਨੂੰ ਪਤਾ ਨਾਹੀਂ। ਸਾਨੂੰ ਅਨਪੜ੍ਹਾਂ ਨੂੰ ਕਿਛ ਪਤਾ ਨਾਹੀਂ ਜੁ ਵੱਡਿਆਂ ਤੋਂ ਕੀ ਮੰਗੀਦਾ ਹੈ। ਬਾਬਾ ਜੀ ਨੇ ਕਿਹਾ- ਤੁਸਾਂ ਦੇ ਅਬੂ ਨੂੰ ਖਾਲੀ ਨਹੀਂ ਤੋਰਿਆ। ਤੁਸਾਂ ਨੂੰ ਵੀ ਖਾਲੀ ਨਹੀਂ ਰੱਖਣਾ। ਜੋ ਚਾਹੀਦਾ ਹੈ ਕਹੋ, ਮਿਲੇਗਾ। ਭਾਈ ਸ਼ਾਹਜ਼ਾਦ ਨੇ ਕਿਹਾ- ਮੇਹਰਬਾਨ ਹੋ ਕੇ ਤਰੁੱਠੇ ਹੋ ਤਦ ਉਹੋ ਦਿਉ ਬਾਬਾ ਜੀ, ਜੋ ਅੱਬੂ ਨੂੰ ਦਿੱਤਾ ਸਾਈ।

ਬਾਬਾ ਜੀ ਉਠੇ। ਕਿੱਲੀ ਨਾਲ ਲਟਕਦੀ ਰਬਾਬ ਉਤਾਰ ਭਾਈ ਸ਼ਾਹਜ਼ਾਦ ਨੂੰ ਦੇ ਕੇ ਗਲਵਕੜੀ ਵਿਚ ਲੈ ਅਸੀਸਾਂ ਦੀ ਝੜੀ ਲਾ ਦਿੱਤੀ। ਫਿਰ ਦੋਵੇਂ ਬੈਠ ਗਏ। ਭਾਈ ਮਰਦਾਨਾ ਜੀ ਦੀ ਯਾਦ ਵਿਚ ਦੋਵਾਂ ਨੇ ਕੀਰਤਨ ਕੀਤਾ। ਇਲਾਹੀ ਕੀਰਤਨ ਦੇ ਇਸ ਵਗਦੇ ਦਰਿਆ ਵਿਚ ਤਲਵੰਡੀ ਪਿੰਡ ਦੇ ਵਸਨੀਕਾਂ ਨੇ ਖ਼ੂਬ ਤੀਰਥ ਇਸ਼ਨਾਨ ਕੀਤਾ। ਜਿੰਨਾ ਸਮਾਂ ਗੁਰੂ ਬਾਬਾ ਸਰੀਰ ਦੇ ਜਾਮੇ ਵਿਚ ਰਹੇ, ਭਾਈ ਸ਼ਾਹਜ਼ਾਦ ਨੇ ਕਦੀ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਸਾਖੀਕਾਰ ਸਤਿਕਾਰ ਵਜੋਂ ਉਨ੍ਹਾਂ ਨੂੰ 'ਕਰਮ ਕਾ ਬਲੀ ਸ਼ਾਹਜ਼ਾਦ। ਸਾਡਾ ਪਿਆਰਾ ਸ਼ਾਹਜ਼ਾਦਾ ਭਾਈ ਸ਼ਾਹਜ਼ਾਦ ਖਾਨ' ਲਿਖਦਾ ਹੈ। ਭਾਈ ਮਰਦਾਨਾ ਜੀ ਦੀ ਬੇਨਤੀ ਕਬੂਲ ਹੋਈ। ਵਿਛੁੜੇ ਨਹੀਂ। ਕੀਰਤਨ ਬਣ ਕੇ ਉਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿਚ ਸਥਾਪਤ ਹੋ ਗਏ ਹਨ।
–ਡਾ. ਹਰਪਾਲ ਸਿੰਘ 'ਪੰਨੂੰ'


Baljeet Kaur

Edited By Baljeet Kaur