ਦੀਵਾਲੀ ਮੇਲੇ ਕਾਰਨ ਹੋਈ ਸੀ ਭਾਈ ਮਨੀ ਸਿੰਘ ਦੀ ਸ਼ਹੀਦੀ

10/16/2017 7:20:00 AM

ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦਾ ਨਾਂ ਲੈਂਦਿਆਂ ਹੀ ਮਨ ਅੰਦਰ ਪ੍ਰਕਾਸ਼ ਜਿਹਾ ਹੋ ਜਾਂਦਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ਨੂੰ ਸਭ ਧਰਮਾਂ, ਵਰਣਾਂ, ਜਾਤਾਂ ਦੇ ਲੋਕ, ਸਾਰੇ ਅਮੀਰ-ਗਰੀਬ ਇਕੋ ਜਿਹੇ ਉਤਸ਼ਾਹ ਨਾਲ ਮਨਾਉਂਦੇ ਹਨ। ਦੀਵਾਲੀ ਕੇਵਲ ਦੀਵਿਆਂ ਤੇ ਰੌਸ਼ਨੀਆਂ ਦਾ ਹੀ ਤਿਉਹਾਰ ਨਹੀਂ ਹੈ, ਬਲਕਿ ਇਹ ਮਨ ਵਿਚਲਾ ਹਨੇਰਾ ਦੂਰ ਕਰਨ ਵਾਲਾ ਵੀ ਪ੍ਰਮੁੱਖ ਤਿਉਹਾਰ ਹੈ। ਜਿਵੇਂ ਅਸੀਂ ਆਪਣੇ ਘਰਾਂ ਵਿਚ ਪਿਆ ਫਾਲਤੂ ਸਾਮਾਨ ਅਤੇ ਕੂੜਾ-ਕਬਾੜ ਇਸ ਤਿਉਹਾਰ ਮੌਕੇ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ ਅਤੇ ਆਲਾ-ਦੁਆਲਾ ਸਾਫ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਚਾਹੀਦਾ ਹੈ ਕਿ ਕੂੜੇ-ਕਬਾੜ ਵਾਂਗ ਹੀ ਆਪਣੇ ਮਨਾਂ ਵਿਚ ਵਸਿਆ ਨਿੰਦਾ, ਚੁਗਲੀ,  ਬੁਰਾਈ, ਭੇਦ-ਭਾਵ, ਵੈਰ-ਵਿਰੋਧ ਆਦਿ ਦਾ ਕੂੜਾ-ਕਬਾੜ ਵੀ ਕੱਢ ਕੇ ਬਾਹਰ ਸੁੱਟਿਆ ਜਾਵੇ।
ਹਿੰਦੂਆਂ ਵਿਚ ਜਿਥੇ ਇਹ ਤਿਉਹਾਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦਾ ਬਨਵਾਸ ਕੱਟਣ ਤੋਂ ਬਾਅਦ ਅਯੁੱਧਿਆ ਵਾਪਿਸ ਪਰਤਣ ਦੀ ਯਾਦ ਵਿਚ ਦੀਪਮਾਲਾ ਕਰਕੇ ਮਨਾਇਆ ਜਾਂਦਾ ਹੈ,  ਉਸੇ ਤਰ੍ਹਾਂ ਸਿੱਖਾਂ ਵਲੋਂ ਵੀ ਇਸ ਤਿਉਹਾਰ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚੋਂ 52 ਕੈਦੀ ਰਾਜਿਆਂ ਨੂੰ ਨਾਲ ਲੈ ਕੇ ਰਿਹਾਅ ਹੋਏ ਤਾਂ ਏਧਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਸਿੱਖਾਂ ਨੇ ਦੀਪਮਾਲਾ ਕਰਦੇ ਹੋਏ ਬੰਦੀ ਛੋੜ ਦਿਵਸ ਪਹਿਲੀ ਵਾਰ ਮਨਾਇਆ ਸੀ। ਉਸੇ ਦਿਨ ਤੋਂ ਅੱਜ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰਨਾਂ ਹਿੱਸਿਆਂ ਵਿਚ ਵੀ ਬੰਦੀ ਛੋੜ ਦਿਵਸ ਬਹੁਤ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।  ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਲਾਵਾ ਇਸ ਤਿਉਹਾਰ ਦਾ ਇਕ ਹੋਰ ਵੀ ਬੜਾ ਗੂੜ੍ਹਾ ਸੰਬੰਧ ਭਾਈ ਮਨੀ ਸਿੰਘ ਜੀ ਨਾਲ ਜਾ ਜੁੜਦਾ ਹੈ। ਉਨ੍ਹਾਂ ਨੂੰ ਦੀਵਾਲੀ ਦੇ ਸੰਬੰਧ ਵਿਚ ਹੀ ਸ਼ਹੀਦ ਕੀਤਾ ਗਿਆ ਸੀ। ਇਸ ਲਈ ਸਿੱਖ ਸੰਗਤਾਂ ਭਾਈ ਮਨੀ ਸਿੰਘ ਜੀ ਨੂੰ ਵੀ ਇਸ ਦਿਨ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ।
ਭਾਈ ਮਨੀ ਸਿੰਘ ਜੀ ਸਿੱਖਾਂ ਵਿਚ ਬਹੁਤ ਹੀ ਸਤਿਕਾਰਯੋਗ ਹਸਤੀ ਹਨ। ਆਪ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤਪਾਨ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦਾ ਹੈੱਡ ਗ੍ਰੰਥੀ ਬਣਾ ਕੇ ਭੇਜਿਆ ਸੀ। ਇਹ ਗੱਲ 1738 ਈਸਵੀ ਦੀ ਹੈ। ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਦੀਆਂ ਸੰਗਤਾਂ ਨਾਲ ਸਲਾਹ ਕੀਤੀ ਕਿ ਇਸ ਸਾਲ ਦੀਵਾਲੀ ਦੇ ਮੌਕੇ 10 ਦਿਨ ਦਾ ਮੇਲਾ ਲਾਇਆ ਜਾਵੇ। ਇਸ ਮੇਲੇ ਲਈ ਮਨਜ਼ੂਰੀ ਲਾਹੌਰ ਦੇ ਗਵਰਨਰ ਨੇ ਦੇਣੀ ਸੀ। ਸਾਰਿਆਂ ਦੀ ਸਲਾਹ ਨਾਲ ਭਾਈ ਮਨੀ ਸਿੰਘ ਜੀ ਨੇ ਇਕ ਪੱਤਰ ਲਾਹੌਰ ਦੇ ਗਵਰਨਰ ਨੂੰ ਲਿਖ ਕੇ ਮੇਲੇ ਦੀ ਆਗਿਆ ਮੰਗੀ। ਗਵਰਨਰ ਨੇ ਆਗਿਆ ਤਾਂ ਦੇ ਦਿੱਤੀ ਪਰ ਸ਼ਰਤ ਇਹ ਰੱਖੀ ਕਿ ਮੇਲੇ ਤੋਂ ਬਾਅਦ ਭਾਈ ਮਨੀ ਸਿੰਘ ਜੀ ਸਰਕਾਰ ਨੂੰ 5 ਹਜ਼ਾਰ ਰੁਪਏ ਬਤੌਰ ਮੇਲਾ ਕਰ ਅਦਾ ਕਰਨਗੇ। ਆਗਿਆ ਮਿਲਣ ਮਗਰੋਂ ਸਾਰੇ ਹੀ ਸਿੱਖਾਂ ਨੂੰ ਮੇਲੇ ਵਿਚ ਪੁੱਜਣ ਲਈ ਸੁਨੇਹੇ ਭੇਜ ਦਿੱਤੇ ਗਏ। ਲੋਕ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਮਨਾਉਣ ਲਈ ਤਿਆਰ ਹੋ ਗਏ ਤੇ ਹੁੰਮ-ਹੁਮਾ ਕੇ ਘਰੋਂ ਅੰਮ੍ਰਿਤਸਰ ਲਈ ਚੱਲ ਪਏ।  ਓਧਰ ਮੁਗਲਾਂ ਨੇ ਮੇਲੇ ਵਿਚ ਇਕੱਠੇ ਹੋਏ ਸਿੱਖਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਲਈ ਕਿ ਜਦੋਂ ਸਾਰੇ ਹੀ ਸਿੱਖ ਮੇਲੇ ਵਿਚ ਆਏ ਹੋਣਗੇ ਤਾਂ ਸਾਰਿਆਂ 'ਤੇ ਹੀ ਤੋਪਾਂ ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਭਾਈ ਮਨੀ ਸਿੰਘ ਜੀ ਨੂੰ ਵੀ ਇਸ ਚਾਲ ਦਾ ਪਤਾ ਲੱਗ ਗਿਆ। ਉਨ੍ਹਾਂ ਨੇ ਤੁਰੰਤ ਵਾਪਿਸ ਸੁਨੇਹੇ ਭੇਜੇ ਕਿ ਕੋਈ ਵੀ ਸਿੱਖ ਅੰਮ੍ਰਿਤਸਰ ਨਾ ਆਵੇ, ਨਹੀਂ ਤਾਂ ਮੁਗਲਾਂ ਨੇ ਸਿੱਖਾਂ 'ਤੇ ਗੋਲੀਆਂ ਚਲਾ ਦੇਣੀਆਂ ਹਨ। ਬਹੁਤ ਸਾਰੇ ਸਿੱਖ ਤਾਂ ਰੁਕ ਗਏ ਪਰ ਦੂਰ-ਦੁਰਾਡੇ ਸੁਨੇਹੇ ਨਾ ਪੁੱਜਣ ਕਰਕੇ ਫਿਰ ਵੀ ਕਾਫੀ ਸਿੰਘ ਅੰਮ੍ਰਿਤਸਰ ਆ ਗਏ।
ਗਵਰਨਰ ਨੇ ਦੀਵਾਨ ਲਖਪਤ ਰਾਇ ਦੀ ਅਗਵਾਈ ਵਿਚ ਫੌਜ ਅੰਮ੍ਰਿਤਸਰ ਭੇਜ ਦਿੱਤੀ। ਭਾਈ ਮਨੀ ਸਿੰਘ ਜੀ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਇਹ ਤਾਂ ਅਮਨ-ਸ਼ਾਂਤੀ ਕਾਇਮ ਰੱਖਣ ਲਈ ਭੇਜੀ ਗਈ ਹੈ। ਹੋਇਆ ਇਹ ਕਿ ਫੌਜ ਨੇ ਗੋਲੀਆਂ ਚਲਾ ਦਿੱਤੀਆਂ ਤੇ ਕਈ ਸਿੰਘ ਸ਼ਹੀਦ ਹੋ ਗਏ ਤੇ ਮੇਲਾ ਨਾ ਭਰ ਸਕਿਆ। ਹੁਣ ਗਵਰਨਰ ਨੇ 5 ਹਜ਼ਾਰ ਰੁਪਏ ਕਰ ਦੀ ਮੰਗ ਕੀਤੀ। ਭਾਈ ਸਾਹਿਬ ਨੇ ਕਿਹਾ ਕਿ ਜਦੋਂ ਮੇਲਾ ਹੀ ਨਹੀਂ ਭਰਨ ਦਿੱਤਾ ਗਿਆ ਤਾਂ ਕਰ ਕਿਹੜੀ ਗੱਲ ਦਾ। ਮੁੱਕਦੀ ਗੱਲ ਇਹ ਕਿ ਇਸੇ ਦੋਸ਼ ਵਿਚ ਭਾਈ ਸਾਹਿਬ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ। ਭਾਈ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਸਿੱਖ ਸੰਗਤਾਂ ਵਿਚ ਰੋਸ ਦੀ ਲਹਿਰ ਦੌੜ ਗਈ। ਇਸੇ ਲਈ ਸਿੱਖ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਦੀਵਾਲੀ ਦੇ ਦਿਨ ਹੀ ਭੇਟ ਕਰਦੇ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਮਗਰੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਕਾਇਦਾ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਬਕਾਇਦਾ ਕਚਹਿਰੀ ਲਗਾਉਣੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਮੁਗਲ ਸਰਕਾਰ ਵਲੋਂ ਇਨ੍ਹਾਂ ਗਤੀਵਿਧੀਆਂ ਨੂੰ ਬਗਾਵਤ ਸਮਝਿਆ ਗਿਆ। ਅਖੀਰ ਸਰਕਾਰ ਵਲੋਂ ਕਿਸੇ ਨਾ ਕਿਸੇ ਬਹਾਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਜਦੋਂ ਗੁਰੂ ਜੀ ਕਿਲੇ ਵਿਚ ਨਜ਼ਰਬੰਦ ਸਨ ਤਾਂ ਬਾਬਾ ਬੁੱਢਾ ਜੀ ਲਗਭਗ 2 ਹਜ਼ਾਰ ਸਿੱਖਾਂ ਦੇ ਟੋਲੇ ਨੂੰ ਲੈ ਕੇ ਗਵਾਲੀਅਰ ਆਏ ਅਤੇ ਗੁਰੂ ਜੀ ਨੂੰ ਮਿਲੇ। ਗੁਰੂ ਜੀ ਨੇ ਸਭ ਨੂੰ ਧੀਰਜ ਬੰਨ੍ਹਾਇਆ ਤੇ ਮਾਤਾ ਗੰਗਾ ਜੀ ਲਈ ਇਕ ਚਿੱਠੀ ਵੀ ਭੇਜੀ ਤਾਂ ਜੋ ਉਹ ਚਿੰਤਾ ਨਾ ਕਰਨ। ਇਸ ਕਿਲੇ 'ਚ 52 ਹੋਰ ਰਾਜੇ ਕੈਦੀਆਂ ਦੇ ਰੂਪ ਵਿਚ ਰੱਖੇ ਗਏ ਸਨ, ਉਹ ਗੁਰੂ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ। ਕਿਲੇ ਦਾ ਸਾਰਾ ਹੀ ਮਾਹੌਲ ਭਗਤੀ ਭਾਵ ਵਾਲਾ ਤੇ ਸਤਿਸੰਗ ਵਾਲਾ ਬਣ ਗਿਆ ਸੀ।
ਇਸੇ ਦੌਰਾਨ ਇਕ ਹੋਰ ਘਟਨਾ ਵਾਪਰੀ। ਗੁਰੂ ਜੀ ਦੀ ਨਜ਼ਰਬੰਦੀ ਦੇ ਦੌਰਾਨ ਜਹਾਂਗੀਰ ਨੂੰ ਇਕ ਅਜੀਬ ਜਿਹੇ ਮਾਨਸਿਕ ਰੋਗ ਨੇ ਘੇਰ ਲਿਆ। ਉਹ ਰਾਤ ਨੂੰ ਸੁੱਤਾ ਪਿਆ ਬੁਰੜਾ-ਬੁਰੜਾ ਕੇ ਤੇ ਡਰ-ਡਰ ਕੇ ਉੱਠਣ ਲੱਗ ਪਿਆ, ਕਦੇ ਉਸਨੂੰ ਇਉਂ ਜਾਪਦਾ ਜਿਵੇਂ ਸ਼ੇਰ ਉਸਨੂੰ ਮਾਰਨ ਲਈ ਆਉਂਦੇ ਹੋਣ। ਉਸਨੇ ਆਪਣਾ ਪਹਿਰਾ ਸਖਤ ਕਰ ਲਿਆ ਪਰ ਇਸ ਰੋਗ ਤੋਂ ਉਸਨੂੰ ਛੁਟਕਾਰਾ ਨਾ ਮਿਲਿਆ। ਉਸਨੇ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ।
ਆਪਣੀ ਬੀਮਾਰੀ ਤੋਂ ਪੀੜਤ ਜਹਾਂਗੀਰ ਨਜੂਮੀਆਂ ਕੋਲ ਘੁੰਮਦਾ ਰਿਹਾ ਪਰ ਕਿਤਿਓਂ ਉਸਦਾ ਇਲਾਜ ਨਾ ਹੋਇਆ। ਅਖੀਰ ਉਹ ਸਾਈਂ ਮੀਆਂ ਮੀਰ ਜੀ ਦੀ ਸ਼ਰਨ ਵਿਚ ਆਇਆ। ਉਸਨੇ ਸਾਈਂ ਜੀ ਨੂੰ ਸਾਰੀ ਗੱਲ ਦੱਸੀ। ਸਾਈਂ ਜੀ ਨੇ ਕਿਹਾ ਕਿ ਰੱਬ ਦੇ ਪਿਆਰਿਆਂ ਨੂੰ ਤੰਗ ਕਰਨ ਦਾ ਇਹੋ ਫਲ ਹੁੰਦਾ ਹੈ। ਸਾਈਂ ਜੀ ਨੇ ਵਿਸਥਾਰ ਨਾਲ ਉਸਨੂੰ ਸਮਝਾਇਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਰੱਬ ਦਾ ਰੂਪ ਹਨ। ਤੂੰ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੂੰ ਸ਼ਹੀਦ ਕਰਵਾਇਆ ਤੇ ਹੁਣ ਉਨ੍ਹਾਂ ਨੂੰ ਕੈਦ ਕਰ ਰੱਖਿਆ ਹੈ। ਤੂੰ ਵੱਡਾ ਪਾਪ ਕਮਾ ਰਿਹਾ ਹੈਂ। ਅਖੀਰ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਕਰ ਲਿਆ। ਗੁਰੂ ਜੀ ਨੇ ਵਚਨ ਕੀਤਾ ਕਿ ਉਹ ਆਪਣੇ ਨਾਲ ਸਾਰੇ ਰਾਜਿਆਂ ਨੂੰ ਹੀ ਕੈਦ 'ਚੋਂ ਰਿਹਾਅ ਕਰਵਾਉਣਗੇ। ਆਪਣੇ ਵਚਨ ਦੀ ਪਾਲਣਾ ਕਰਦੇ ਹੋਏ ਗੁਰੂ ਜੀ ਨੇ ਇਕੱਲਿਆਂ ਕਿਲੇ 'ਚੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ।
ਇਹ ਗੱਲ ਬਾਦਸ਼ਾਹ ਨੂੰ ਦੱਸੀ ਗਈ। ਬਾਦਸ਼ਾਹ ਸਾਰੇ ਰਾਜਿਆਂ ਨੂੰ ਛੱਡਣਾ ਨਹੀਂ ਸੀ ਚਾਹੁੰਦਾ, ਇਸ ਲਈ ਉਸਨੇ ਕਿਹਾ ਕਿ ਜੋ ਵੀ ਰਾਜਾ ਗੁਰੂ ਜੀ ਦਾ ਪੱਲਾ ਫੜ ਕੇ ਜਾ ਸਕਦਾ ਹੈ, ਉਸਨੂੰ ਕਿਲੇ ਤੋਂ ਬਾਹਰ ਜਾਣ ਦੀ ਇਜਾਜ਼ਤ ਹੈ। ਗੁਰੂ ਜੀ ਨੇ ਆਪਣੇ ਲਈ ਵਿਸ਼ੇਸ਼ ਤੌਰ 'ਤੇ 52 ਕਲੀਆਂ ਵਾਲਾ ਚੋਗਾ ਤਿਆਰ ਕਰਵਾਇਆ। ਫਿਰ ਸਾਰੇ ਹੀ ਰਾਜੇ ਗੁਰੂ ਜੀ ਦੇ ਚੋਗੇ ਦੀ ਇਕ-ਇਕ ਕਲੀ ਫੜ ਕੇ ਤੇ ਰਹਿੰਦੇ 2 ਗੁਰੂ ਜੀ ਦਾ ਪੱਲਾ ਫੜ ਕੇ ਕਿਲੇ 'ਚੋਂ ਬਾਹਰ ਆ ਗਏ। ਇੰਝ ਗੁਰੂ ਜੀ ਨੇ ਆਪਣੇ ਨਾਲ 52 ਬੰਦੀਆਂ ਨੂੰ ਵੀ ਰਿਹਾਅ ਕਰਵਾਇਆ, ਜਿਸ ਕਰਕੇ ਗੁਰੂ ਜੀ ਨੂੰ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ। ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਪਮਾਲਾ ਵੇਖਣਯੋਗ ਹੁੰਦੀ ਹੈ। ਇਸੇ ਲਈ ਕਿਹਾ ਵੀ ਜਾਂਦਾ ਹੈ ਕਿ 'ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।'

—ਗੁਰਪ੍ਰੀਤ ਸਿੰਘ ਨਿਆਮੀਆਂ