ਭਾਈ ਦੂਜ ਦੇ ਮੌਕੇ ਭੈਣਾਂ ਇਸ ਸ਼ੁਭ ਮਹੂਰਤ 'ਤੇ ਭਰਾ ਨੂੰ ਲਗਾਉਣ 'ਟਿੱਕਾ', ਵਧੇਗੀ ਉਮਰ
11/6/2021 9:41:49 AM
ਜਲੰਧਰ (ਬਿਊਰੋ) : ਭਾਈ ਦੂਜ ਦਾ ਤਿਉਹਾਰ 6 ਨਵੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਦੀਵਾਲੀ ਤੋਂ 2 ਦਿਨ ਬਾਅਦ ਭਾਈ ਦੂਜ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਯਮਦੂਜ ਵੀ ਕਿਹਾ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ 'ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਰੱਖੜੀ ਜਿੰਨਾ ਹੀ ਮਹੱਤਵ ਮੰਨਿਆ ਜਾਂਦਾ ਹੈ। ਰਿਵਾਜ਼ ਅਨੁਸਾਰ, ਇਸ ਦਿਨ ਭਰਾਵਾਂ ਨੂੰ ਆਪਣੀਆਂ ਭੈਣਾਂ ਦੇ ਘਰ ਜਾਣਾ ਅਤੇ ਭੈਣਾਂ ਦੇ ਹੱਥੋਂ ਤਿਲਕ ਲਗਵਾ ਕੇ ਉਨ੍ਹਾਂ ਦੇ ਹੱਥ ਦੀ ਰੋਟੀ ਖਾਣੀ ਸ਼ੁਭ ਮੰਨੀ ਜਾਂਦੀ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਮੱਥੇ 'ਤੇ ਤਿਲਕ ਲਗਾਉਂਦੀਆਂ ਹਨ ਅਤੇ ਲੰਮੀ ਉਮਰ ਦੀ ਇੱਛਾ ਕਰਦੀਆਂ ਹਨ।
ਭਾਈ ਦੂਜ ਦਾ ਸ਼ੁਭ ਮਹੂਰਤ
ਹਿੰਦੂ ਕੈਲੰਡਰ ਅਨੁਸਾਰ, ਭਾਈ ਦੂਜ ਦਾ ਤਿਉਹਾਰ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦਵਿਤੀਆ ਤਿਥੀ 05 ਨਵੰਬਰ ਨੂੰ ਰਾਤ 11:14 ਵਜੇ ਤੋਂ ਸ਼ੁਰੂ ਹੋਵੇਗੀ ਅਤੇ 06 ਨਵੰਬਰ ਦੀ ਰਾਤ 07:44 ਵਜੇ ਤੱਕ ਰਹੇਗੀ। ਇਸ ਆਧਾਰ 'ਤੇ ਭਾਈ ਦੂਜ ਦਾ ਤਿਉਹਾਰ 06 ਨਵੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਜੋਤਿਸ਼ ਅਨੁਸਾਰ ਇਸ ਦਿਨ ਭਰਾਵਾਂ ਨੂੰ ਤਿਲਕ ਲਗਾਉਣ ਦਾ ਸ਼ੁਭ ਸਮਾਂ ਦਿਨ ਵੇਲੇ 01.10 ਤੋਂ 03.21 ਤੱਕ ਹੈ।
ਇੰਝ ਲਗਾਓ ਭਰਾ ਦੇ ਤਿਲਕ
ਭਾਈ ਦੂਜ 'ਤੇ ਤਿਲਕ ਲਗਾਉਣ ਲਈ ਸੋਫੇ, ਕੁਰਸੀ, ਬੀਨ ਬੈਗ ਅਤੇ ਬਿਸਤਰੇ ਦੀ ਬਜਾਏ ਜ਼ਮੀਨ 'ਤੇ ਚੌਰਸ ਰੱਖ ਕੇ ਅਤੇ ਉਸ 'ਤੇ ਬੈਠ ਕੇ ਤਿਲਕ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ, ਭੈਣਾਂ ਤਿਲਕ ਕਰਨ ਤੋਂ ਪਹਿਲਾਂ ਆਟੇ ਜਾਂ ਗੋਬਰ ਨਾਲ ਜ਼ਮੀਨ 'ਤੇ ਇੱਕ ਚੌਕੀ ਬਣਾਉਂਦੀਆਂ ਹਨ। ਚੌਕੀ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਵਰਗ ਨੂੰ ਇਸ ਤਰ੍ਹਾਂ ਰੱਖਿਆ ਜਾਵੇ ਕਿ ਬੈਠਣ ਸਮੇਂ ਭਰਾ ਦਾ ਮੂੰਹ ਉੱਤਰ ਜਾਂ ਉੱਤਰ-ਪੱਛਮ ਦਿਸ਼ਾ ਵੱਲ ਹੋਵੇ। ਜਦੋਂ ਕਿ ਭੈਣ ਦਾ ਮੂੰਹ ਉੱਤਰ-ਪੂਰਬ ਜਾਂ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਚੌਕੀ 'ਤੇ ਲੱਕੜ ਦੀ ਸੋਟੀ ਰੱਖੋ ਅਤੇ ਆਪਣੇ ਭਰਾ ਨੂੰ ਉਸ 'ਤੇ ਬਿਠਾਓ। ਫਿਰ ਭੈਣਾਂ ਆਪ ਵੀ ਕਿਸੇ ਆਸਣ ਜਾਂ ਚਟਾਈ 'ਤੇ ਬੈਠ ਕੇ ਭਰਾ ਦੇ ਮੱਥੇ 'ਤੇ ਤਿਲਕ ਲਗਾਉਣ, ਉਸ ਤੋਂ ਬਾਅਦ ਭਰਾ ਦੇ ਹੱਥ 'ਚ ਕਲਵਾ ਬੰਨ੍ਹਣ। ਫਿਰ ਦੀਵਾ ਜਗਾ ਕੇ ਭਰਾ ਦੀ ਆਰਤੀ ਕੀਤੀ ਅਤੇ ਮਠਿਆਈ ਚੜ੍ਹਾ ਕੇ ਭਰਾ ਦੀ ਲੰਬੀ ਉਮਰ ਦੀ ਅਰਦਾਸ ਕੀਤੀ।
ਪੂਜਾ ਵਾਲੀ ਥਾਲੀ 'ਚ ਰੱਖੋ ਇਹ ਚੀਜ਼ਾਂ
ਭਾਈ ਦੂਜ ਦੀ ਥਾਲੀ 'ਚ 5 ਪਾਨ ਦੇ ਪੱਤੇ, ਸੁਪਾਰੀ ਅਤੇ ਚਾਂਦੀ ਦਾ ਸਿੱਕਾ ਜ਼ਰੂਰ ਰੱਖੋ। ਤਿਲਕ ਭੇਟ ਕਰਨ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੂੰ ਹਰ ਚੀਜ਼ ਪਾਣੀ ਛਿੜਕ ਕੇ ਅਰਪਣ ਕਰੋ ਅਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰੋ। ਇਸ ਤੋਂ ਇਲਾਵਾ ਥਾਲੀ 'ਚ ਸਿੰਦੂਰ, ਫੁੱਲ, ਚਾਵਲ ਦੇ ਦਾਣੇ, ਨਾਰਿਅਲ ਅਤੇ ਮਠਿਆਈ ਵੀ ਰੱਖੋ।
ਕਿਵੇਂ ਮਨਾਉਣ ਭੈਣਾਂ ਭਾਈ ਦੂਜ ਦਾ ਤਿਉਹਾਰ
ਇਸ ਦਿਨ ਕੀਤੇ ਗਏ ਇਸ਼ਨਾਨ, ਦਾਨ ਅਤੇ ਚੰਗੇ ਕਰਮਾਂ ਦਾ ਫਲ ਕਈ ਗੁਣਾ ਵੱਧ ਹੈ ਪਰ ਭਾਈ ਦੂਜ ਨੂੰ ਯਮੁਨਾ ਨਦੀ 'ਚ ਇਸ਼ਨਾਨ ਕਰਨ ਦਾ ਵੱਡਾ ਮਹੱਤਵ ਹੈ। ਭੈਣਾਂ ਪਵਿੱਤਰ ਜਲ 'ਚ ਇਸ਼ਨਾਨ ਕਰਨ ਤੋਂ ਬਾਅਦ ਮਰਕੰਡੇਏ, ਬਲੀ, ਹਨੂਮਾਨ, ਵਭੀਸ਼ਨ, ਕ੍ਰਿਪਾਚਾਰੀਆ ਅਤੇ ਪ੍ਰਸ਼ੂਰਾਮ ਜੀ ਆਦਿ ਅੱਠ ਚਿਰੰਜੀਵੀਆਂ ਦਾ ਵਿਧੀ ਅਨੁਸਾਰ ਪੂਜਾ ਕਰਨ, ਬਾਅਦ 'ਚ ਭਰਾ ਦੇ ਮੱਥੇ 'ਤੇ ਟਿੱਕਾ ਲਗਾਉਂਦੀਆਂ ਹਨ ਅਤੇ ਸੂਰਜ, ਚੰਦਰਮਾ, ਪ੍ਰਿਥਵੀ ਅਤੇ ਸਾਰੇ ਦੇਵਤਾਵਾਂ ਤੋਂ ਆਪਣੇ ਭਰਾ ਦੇ ਪਰਿਵਾਰ ਦੀ ਸੁਖ ਸਾਂਦ ਲਈ ਪ੍ਰਾਥਨਾ ਕਰਦੀਆਂ ਹਨ।
ਭਾਈ ਦੂਜ ਦੀ ਕਥਾ
ਕਥਾ ਅਨੁਸਾਰ, ਧਰਮਰਾਜ ਯਮ ਤੇ ਯਮੁਨਾ ਭਗਵਾਨ ਸੂਰਜ ਤੇ ਉਨ੍ਹਾਂ ਦੀ ਪਤਨੀ ਸੰਧਿਆ ਦੇ ਬੱਚੇ ਸਨ ਪਰ ਸੰਧਿਆ ਦੇਵੀ, ਭਗਵਾਨ ਸੂਰਜ ਦਾ ਤੇਜ ਬਰਦਾਸ਼ਤ ਨਾ ਕਰ ਸਕੀ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਨਾਨਕੇ ਘਰ ਚਲੀ ਗਈ। ਇਸਦੀ ਥਾਂ ਉਸ ਦੀ ਪ੍ਰਤੀਕ੍ਰਿਤੀ ਛਾਇਆ ਨੂੰ ਭਗਵਾਨ ਸੂਰਜ ਨਾਲ ਛੱਡ ਗਈ ਸੀ। ਛਾਇਆ ਦੇ ਬੱਚਾ ਨਾ ਹੋਣ ਕਾਰਨ ਯਮਰਾਜ ਅਤੇ ਯਮੁਨਾ ਆਪਣੀ ਮਾਂ ਦੇ ਪਿਆਰ ਤੋਂ ਵਾਂਝੇ ਰਹਿ ਗਏ ਪਰ ਦੋਵੇਂ ਭੈਣ-ਭਰਾ ਆਪਸ 'ਚ ਬਹੁਤ ਪਿਆਰ ਕਰਦੇ ਸਨ। ਵਿਆਹ ਤੋਂ ਬਾਅਦ ਧਰਮਰਾਜ ਯਮ ਆਪਣੀ ਭੈਣ ਦੇ ਕਹਿਣ 'ਤੇ ਯਮ ਦ੍ਵਿਤੀਏ ਵਾਲੇ ਦਿਨ ਉਨ੍ਹਾਂ ਦੇ ਘਰ ਪਹੁੰਚਿਆ। ਜਿੱਥੇ ਯਮੁਨਾ ਜੀ ਨੇ ਆਪਣੇ ਭਰਾ ਦਾ ਸਨਮਾਨ ਕੀਤਾ ਤੇ ਤਿਲਕ ਲਗਾ ਕੇ ਪੂਜਾ ਕੀਤੀ। ਉਦੋਂ ਤੋਂ ਇਸ ਦਿਨ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਂਦਾ ਹੈ।