ਇਤਿਹਾਸ ਦਾ ਬੇਮਿਸਾਲ ਸਾਕਾ;ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ
6/24/2020 12:07:56 PM
ਦਸੰਬਰ, 1715 ਤੋਂ ਲੈ ਕੇ ਜੂਨ 1716 ਈ: ਤੱਕ ਮੁਗਲ ਸਾਮਰਾਜ ਦੀ ਹੋਰ ਕਿਸੇ ਵੀ ਵੱਡੀ ਮੁਹਿੰਮ ਦੀ ਕੋਈ ਜਾਣਕਾਰੀ ਨਹੀਂ ਮਿਲਦੀ। ਮੁਗਲ ਸਾਮਰਾਜ ਸਾਰੇ ਦੇਸ਼ ਦਾ ਧਿਆਨ ਛੱਡ ਕੇ, ਵੱਡੇ ਮੁਗ਼ਲ ਵਜ਼ੀਰਾਂ ਦਾ, ਸੈਨਿਕ ਕਮਾਂਡਰਾਂ ਦਾ ਅਤੇ ਕਾਜ਼ੀਆਂ ਦਾ ਵੀ, ਸਾਰਾ ਧਿਆਨ ਹੀ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੰਘਾਂ ਨੂੰ ਤਸੀਹੇ ਦੇਣ ਅਤੇ ਮਾਰਨ ਵਿੱਚ ਹੀ ਲੱਗਿਆ ਰਿਹਾ ਸੀ ਪਰ ਮੁਗ਼ਲ ਸਾਮਰਾਜ ਨੂੰ ਕਾਮਯਾਬੀ ਇਥੇ ਵੀ ਨਹੀਂ ਮਿਲ ਰਹੀ ਸੀ।
ਆਖਰ ਤਸੀਹੇ ਦੇ ਕੇ ਜਦੋਂ ਸਿੰਘਾਂ ਦੇ ਸਰੀਰਾਂ ਦੀਆਂ ਹੱਡੀਆਂ-ਪਸਲੀਆਂ ਤੋੜ ਦਿੱਤੀਆਂ ਜਾ ਚੁੱਕੀਆਂ ਸਨ ਤਾਂ ਕਿਤੇ ਜਾ ਕੇ ਮੁਗ਼ਲ ਅਧਿਕਾਰੀ ਤਸੀਹੇ ਦੇਣੋਂ ਹਟੇ ਸਨ, ਕਿਉਂਕਿ ਇਸ ਤੋਂ ਵੱਧ ਹੋਰ ਤਸੀਹੇ ਦਿੱਤੇ ਹੀ ਨਹੀਂ ਜਾ ਸਕਦੇ ਸਨ। ਇਹ ਗੱਲਾਂ ਇਸੇ ਹੀ ਇੱਕ ਤੱਥ ਤੋਂ ਸਾਬਤ ਹੋ ਜਾਂਦੀਆਂ ਹਨ ਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਤਿਰਪੋਲੀਆ ਕਿਲ੍ਹੇ ਵਿਚੋਂ ਕੱਢ ਕੇ ਮਹਿਰੌਲੀ ਵਿਖੇ ਕੁਤਬਦੀਨ ਬਖ਼ਤਿਆਰ ਕਾਕੀ ਦੀ ਮਜ਼ਾਰ ਦੇ ਨੇੜੇ ਲਿਆਂਦਾ ਗਿਆ ਸੀ ਤਾਂ ਬੰਦਾ ਸਿੰਘ ਬਹਾਦਰ ਨੂੰ ਚੁੱਕ ਕੇ ਹਾਥੀ ਦੇ ਹੌਦੇ ਵਿੱਚ ਬਿਠਾਇਆ ਗਿਆ ਸੀ, ਚੁੱਕ ਕੇ ਹੀ ਉਸ ਨੂੰ ਹਾਥੀ ਦੇ ਹੌਦੇ ਵਿੱਚੋਂ ਉਤਾਰਿਆ ਗਿਆ ਸੀ ਅਤੇ ਚੁੱਕ ਕੇ ਹੀ ਉਸ ਨੂੰ ਮਜ਼ਾਰ ਦੇ ਆਲੇ-ਦੁਆਲੇ ਘੁਮਾਇਆ ਗਿਆ ਸੀ। ਇਹੀ ਹਾਲ ਬਾਕੀ ਦੇ ਮੋਹਰੀ ਸਿੰਘਾਂ ਦਾ ਸੀ। ਬੰਦਾ ਸਿੰਘ ਬਹਾਦਰ ਦੀ ਧਰਮ-ਪਤਨੀ ਅਤੇ ਨੰਨ੍ਹਾ ਪੁੱਤਰ ਅਜੈ ਸਿੰਘ ਵੀ ਇਥੇ ਹੀ ਲਿਆਂਦੇ ਗਏ ਸਨ।
ਮਹਿਰੌਲੀ (ਦਿੱਲੀ) ਵਿਖੇ ਜਿਥੇ ਕੁਤਬਦੀਨ ਬਖ਼ਤਿਆਰੀ ਕਾਕੀ ਦੀ ਮਜ਼ਾਰ ਹੈ, ਉਸ ਤੋਂ ਕੁਝ ਵਿੱਥ 'ਤੇ ਇੱਕ ਬੜਾ ਉੱਚਾ ਦਰਸ਼ਨੀ ਦਰਵਾਜ਼ਾ ਸੀ। ਇਹ ਦਰਵਾਜ਼ਾ ਹੁਣ ਵੀ ਬਿਨਾਂ ਛੱਤ ਤੋਂ ਖੜ੍ਹਾ ਹੈ। ਬੰਦਾ ਸਿੰਘ ਬਹਾਦਰ ਨੂੰ ਬਾਕੀ ਕਾਫ਼ਲੇ ਦੇ ਨਾਲ ਇਥੇ ਲਿਆਂਦਾ ਗਿਆ। ਉਸ ਦੇ ਸਾਹਮਣੇ ਉਸ ਦੇ ਪੁੱਤਰ ਅਤੇ ਪਤਨੀ ਨੂੰ ਬਿਠਾਇਆ ਗਿਆ। ਪਹਿਲਾਂ ਉਸ ਦੇ ਮੋਹਰੀ ਸਾਥੀਆਂ ਨੂੰ ਇੱਕ-ਇੱਕ ਕਰਕੇ ਦਰਵਾਜ਼ੇ ਨਾਲ ਪੁੱਠੇ ਲਮਕਾ-ਲਮਕਾ ਕੇ ਕੁੱਟਿਆ ਗਿਆ ਤੇ ਫਿਰ ਉਨ੍ਹਾਂ ਦੇ ਸਿਰ ਕਤਲ ਕੀਤੇ ਗਏ। ਸ਼ਹੀਦ ਹੋਣ ਵਾਲੇ ਇਨ੍ਹਾਂ ਸਤਾਰਾਂ ਸਾਥੀ ਸਿੰਘਾਂ ਦੇ ਪੂਰੇ ਨਾਂ ਨਹੀਂ ਮਿਲ ਸਕੇ ਪਰ ਜਿਹੜੇ ਹੁਣ ਤੱਕ ਮਿਲੇ ਹਨ ਉਹ ਇਉਂ ਹਨ: ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫਤਹਿ ਸਿੰਘ, ਭਾਈ ਹਰਿਦਾਸ ਸਿੰਘ ਰਾਮਗੜ੍ਹੀਆ, ਭਾਈ ਧਰਮ ਸਿੰਘ, ਭਾਈ ਪਰਮ ਸਿੰਘ ਰਾਮਗੜ੍ਹੀਆ, ਭਾਈ ਗੁਰਦਾਸ ਸਿੰਘ ਬਹਿਲੋ ਕਾ, ਭਾਈ ਮੱਲ ਸਿੰਘ ਜਰਗ ਦਾ ਅਤੇ ਭਾਈ ਜੰਗ ਸਿੰਘ ਬਨੂੜ ਦਾ, ਭਾਈ ਸੰਗਤ ਸਿੰਘ ਬੰਗੇਸਰੀ, ਭਾਈ ਚੂਹੜ ਸਿੰਘ ਵਣਜਾਰਾ ਆਦਿ।
ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’
ਇਹ ਸਾਰਾ ਕੁਝ ਇਹਤਮਾਦ-ਉਦ-ਦੌਲਾ ਅਮੀਨ ਖਾਨ ਚੀਨ ਬਹਾਦਰ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ। ਬੰਦਾ ਸਿੰਘ ਮੁੱਢ ਤੋਂ ਲੈ ਕੇ ਅਖੀਰਲੇ ਸਮੇਂ ਤੱਕ, ਇਸੇ ਅਧਿਕਾਰੀ ਦੀ ਹੀ ਸਪੁਰਦਗੀ ਵਿੱਚ ਸੀ। ਬੰਦਾ ਸਿੰਘ ਦੇ ਸਾਹਮਣੇ ਕਾਜ਼ੀ ਆਇਆ। ਉਸ ਨੇ ਸ਼ਰ੍ਹਾ ਦਾ ਹੁਕਮ ਦੱਸਦਿਆਂ ਕਿਹਾ ਕਿ ਇਸ ਦੋਜਖ਼ੀ ਨੇ ਮੁਸਲਮਾਨਾਂ ਦੇ ਹਜ਼ਾਰਾਂ ਬੱਚੇ ਮਾਰੇ ਹਨ ਇਸ ਲਈ ਇਸ ਦੇ ਬੱਚੇ ਨੂੰ ਇਸ ਦੀ ਗੋਦ ਵਿੱਚ ਬਿਠਾ ਕੇ ਜ਼ਿਬਾਹ ਕੀਤਾ ਜਾਵੇ। ਹਾਂ ਇਸ ਨੂੰ ਇਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਹੈ ਕਿ ਜੇਕਰ ਇਹ ਖ਼ੁਦ ਆਪ ਆਪਣੇ ਬੱਚੇ ਨੂੰ ਮਾਰਨਾ ਚਾਹੇ ਤਾਂ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ ਹੈ। ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਛੁਰਾ ਫੜਾਇਆ ਗਿਆ। ਬੱਚਾ ਉਸ ਦੀ ਗੋਦ ਵਿੱਚ ਬਿਠਾਇਆ ਗਿਆ। ਇਹ ਹਕੂਮਤ ਦਾ ਅਖੀਰਲਾ ਵਾਰ ਸੀ। ਉਹ ਹਰ ਹਾਲਤ ਵਿੱਚ ਬੰਦਾ ਸਿੰਘ ਬਹਾਦਰ ਨੂੰ ਡੁਲਾਉਣਾ ਚਾਹੁੰਦੀ ਸੀ। ਮਾਸੂਮ ਬੱਚੇ ਨੂੰ ਮਾਰਨ ਦਾ ਕੋਈ ਮਤਲਬ ਹੀ ਨਹੀਂ ਸੀ ਬਣਦਾ। ਇਹ ਸਿਰਫ਼ ਬੰਦਾ ਸਿੰਘ ਬਹਾਦਰ ਤੋਂ ਈਨ ਮਨਵਾਉਣ ਖ਼ਾਤਰ ਹੀ ਕੀਤਾ ਗਿਆ ਸੀ।
ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ
ਹੁਕਮ ਕੀਤਾ ਗਿਆ ਕਿ ਉਹ ਆਪਣੇ ਬੱਚੇ ਨੂੰ ਆਪ ਹੀ ਮਾਰੇ। ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਕਿ ਜੇਕਰ ਬੱਚੇ ਨੂੰ ਮਾਰਨਾ ਹੀ ਹੈ ਤਾਂ ਤੁਸੀਂ ਖੁਦ ਹੀ ਮਾਰੋ ਤਾਂ ਕਿ ਸੰਸਾਰ ਨੂੰ ਪਤਾ ਲੱਗ ਸਕੇ ਕਿ ਇਸਲਾਮ ਬੱਚਿਆਂ ਨੂੰ ਵੀ ਕਤਲ ਕਰਨ ਦੀ ਸਜ਼ਾ ਦਿੰਦਾ ਹੈ। ਫਲਸਰੂਪ ਬੱਚੇ ਨੂੰ ਜਲਾਦ ਨੇ ਹਲਾਲ ਕਰਕੇ ਕਤਲ ਕਰ ਦਿੱਤਾ। ਬੱਚੇ ਦਾ ਤੜਫਦਾ ਹੋਇਆ ਦਿਲ ਕੱਢਿਆ ਗਿਆ ਅਤੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਇਸ ਤੋਂ ਵੱਡਾ ਵਾਰ ਬੰਦਾ ਸਿੰਘ ਬਹਾਦਰ ਉਪਰ ਹੋਰ ਕੋਈ ਨਹੀਂ ਹੋ ਸਕਦਾ ਸੀ ਪਰ ਉਹ ਇਸ ਵਾਰ ਨੂੰ ਵੀ ਝੱਲ ਗਿਆ ਸੀ।
ਉਧਰ ਬਾਦਸ਼ਾਹ ਪਲ-ਪਲ ਦੀ ਖ਼ਬਰ ਰੱਖ ਰਿਹਾ ਸੀ। ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨਾਲ ਗੱਲਾਂ ਕਰਨ ਦਾ ਮਨ ਬਣਾਇਆ। ਬਾਦਸ਼ਾਹ ਉੱਥੇ ਪਹੁੰਚਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਕਿ 'ਆਖਰ ਤੂੰ ਚਾਹੁੰਦਾ ਕੀ ਹੈਂ? ਤੂੰ ਇੰਨਾ ਹਠ ਕਿਸ ਲਈ ਦਿਖਾ ਰਿਹਾ ਹੈਂ? ਕੀ ਤੈਨੂੰ ਨਹੀਂ ਪਤਾ ਕਿ ਤੇਰੇ ਪੁੱਤਰ ਨੂੰ ਮਾਰ ਦਿੱਤਾ ਗਿਆ ਹੈ? ਅਤੇ ਤੈਨੂੰ ਵੀ ਮਾਰ ਦਿੱਤਾ ਜਾਣਾ ਹੈ। ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, 'ਇਸ ਗੱਲ ਦਾ ਮੈਨੂੰ ਉਸ ਸਮੇਂ ਹੀ ਪਤਾ ਸੀ ਜਦੋਂ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਤੁਰਿਆ ਸੀ। ਬਾਦਸ਼ਾਹ ਇਹ ਸੁਣ ਕੇ ਨਿਰਉੱਤਰ ਹੋ ਗਿਆ ਸੀ। ਫਿਰ ਕਾਜ਼ੀ ਦੇ ਹੁਕਮ 'ਤੇ ਬੰਦਾ ਸਿੰਘ ਬਹਾਦਰ ਦੀ ਜੀਭ ਕੱਟ ਦਿੱਤੀ ਗਈ, ਫਿਰ ਅੱਖਾਂ ਕੱਢੀਆਂ, ਫਿਰ ਹੱਥ ਪੈਰ ਵੀ ਕੱਟ ਦਿੱਤੇ ਗਏ। ਇਸ ਤਰ੍ਹਾਂ ਤਸੀਹੇ ਝੱਲ ਕੇ ਬੰਦਾ ਸਿੰਘ ਬਹਾਦਰ ਆਪਣੀ ਜਾਨ ਵਾਰ ਗਿਆ ।
ਮੱਕੀ ਦੀ ਬਿਜਾਈ ਹਰ ਹਾਲ 30 ਜੂਨ ਤੱਕ ਮੁਕੰਮਲ ਕਰ ਲੈਣ ਕਿਸਾਨ : ਪੀ.ਏ.ਯੂ.ਮਾਹਿਰ
ਜਿੰਨੇ ਵੀ ਸਿੰਘ ਬੰਦਾ ਸਿੰਘ ਬਹਾਦਰ ਨਾਲ ਫੜੇ ਗਏ ਸਨ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ, ਨਾ ਹੀ ਆਪਣੇ ਧਰਮ ਵੱਲੋਂ ਮੂੰਹ ਮੋੜਿਆ ਸੀ ਅਤੇ ਨਾ ਹੀ ਆਪਣੇ ਯੋਧੇ ਵਲੋਂ। ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਹ ਸਾਰੇ ਹੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਹਿਲਾਂ ਸ਼ਹੀਦ ਹੋ ਗਏ ਸਨ। ਬੰਦਾ ਸਿੰਘ ਬਹਾਦਰ ਇਨ੍ਹਾਂ ਸਭ ਦੀ ਸ਼ਹੀਦੀ ਨੂੰ ਦੇਖਦਾ ਰਿਹਾ ਸੀ ਅਤੇ ਅਖੀਰ ਨੂੰ ਆਪਣੀ ਸ਼ਹੀਦੀ ਦੇ ਕੇ ਇਨ੍ਹਾਂ ਸਿੰਘਾਂ ਦੀਆਂ ਸ਼ਹੀਦੀਆਂ ਦੀ ਸ਼ਹਾਦਤ ਦੇ ਗਿਆ ਸੀ। ਇਹ ਇਤਿਹਾਸ ਦਾ ਇਕ ਬੇਮਿਸਾਲ ਸਾਕਾ ਸੀ।
ਡਾ. ਸੁਖਦਿਆਲ ਸਿੰਘ
ਮੋ. 098158-80539