ਬਾਬਰ ਤੇ ਗੁਰੂ ਨਾਨਕ ਦੇਵ ਜੀ

6/3/2019 4:42:26 PM

ਮੈਂ ਗੁਰਦਵਾਰੇ ਦੀ ਦਹਿਲੀਜ਼ ਤੇ ਖੜ੍ਹਾ ਸੀ। ਲੱਕੜ ਦੇ ਦਰਵਾਜ਼ੇ ਤੇ ਉੱਪਰ ਕਰ ਕੇ ਇੱਕ ਤਖ਼ਤੀ ਲੱਗੀ ਸੀ ਜਿਸ ਉੱਪਰ ਲਿਖਿਆ ਸੀ, 'ਗੁਰਦਵਾਰਾ ਚੱਕੀ ਸਾਹਿਬ, ਏਮਨਾਬਾਦ'। ਗੁਰਦਵਾਰੇ ਨੂੰ ਜਿੰਦਰਾ ਲੱਗਾ ਸੀ ਅਤੇ ਵਿਹੜੇ ਵਿੱਚ ਬਣੇ ਥੜ੍ਹੇ ਤੇ ਖ਼ਾਲਸੇ ਦਾ ਪ੍ਰਤੀਕ ਨਿਸ਼ਾਨ ਸਾਹਿਬ ਝੂਲ ਰਿਹਾ ਸੀ। ਜੀ.ਟੀ. ਰੋਡ ਦੇ ਨੇੜੇ ਮੁਕੀਮ ਏਮਨਾਬਾਦ ਚੋਖਾ ਇਤਿਹਾਸ ਆਪਣੀ ਬੁੱਕਲ਼ ਵਿੱਚ ਸਮੋਈ ਬੈਠਾ ਹੈ। ਹੁਣ ਘਰਾਂ ਵਿੱਚ ਵਟ ਚੁੱਕੇ ਕਿੰਨੇ ਹੀ ਮੰਦਰਾਂ ਦੇ ਢਾਂਚੇ ਬਾਕੀ ਘਰਾਂ ਦਰਮਿਆਨ ਫ਼ਖ਼ਰ ਨਾਲ ਸਿਰ ਉੱਚਾ ਕਰ ਕੇ ਖੜ੍ਹੇ ਹੋਏ ਦਿਖਾਈ ਦਿੰਦੇ ਹਨ। ਸ਼ਹਿਰ ਵਿੱਚ ਹਰ ਜਗਹ ਤੁਸੀਂ ਉਹਨਾਂ ਕੁਲੀਨ ਲੋਕਾਂ ਦੀਆਂ ਖ਼ੂਬਸੂਰਤ ਹਵੇਲੀਆਂ ਅਤੇ ਮਹਿਲਾਂ ਦਾ ਨਜ਼ਾਰਾ ਕਰ ਸਕਦੇ ਹੋ ਜਿਹੜੇ ਕਦੀ ਇਹਨਾਂ ਵਿੱਚ ਰਿਹਾ ਕਰਦੇ ਸਨ।

ਇਹਨਾਂ ਵਿੱਚੋਂ ਇੱਕ ਹਵੇਲੀ ਭ੍ਰਿਸ਼ਟ ਸੇਠ ਮਲਕ ਭਾਗੋ ਦੀ ਵੀ ਹੈ ਜਿਸ ਦੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਸ਼ਹਿਰ ਦੇ ਦੌਰੇ ਦੌਰਾਨ ਝਾੜ ਝੰਬ ਕੀਤੀ ਸੀ। ਸਾਖੀ ਦੇ ਮੁਤਾਬਕ ਗੁਰੂ ਜੀ ਨੇ ਉਸ ਦੇ ਪੁੱਤਰ ਦੇ ਵਿਆਹ ਮੌਕੇ ਰੱਖੇ ਬ੍ਰਹਮਭੋਜ ਲਈ ਤਿਆਰਸ਼ੁਦਾ ਲਜੀਜ਼ ਵਿਅੰਜਨਾਂ ਵਾਲੀ ਦਾਅਵਤ ਵਿੱਚ ਸ਼ਾਮਲ ਹੋਣੋ ਇਨਕਾਰ ਕਰ ਦਿੱਤਾ ਸੀ। ਇਸ ਦੀ ਬਜਾਇ ਉਨ੍ਹਾਂ ਨੇ ਇਸੇ ਸ਼ਹਿਰ ਵਿੱਚ ਵੱਸਦੇ ਇੱਕ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਭੋਜਨ ਗ੍ਰਹਿਣ ਕੀਤਾ ਸੀ। ਗੁੱਸੇ ਵਿੱਚ ਉਸ ਨੇ ਗੁਰੂ ਜੀ ਨੂੰ ਆਪਣੀ ਮਹਿਲਨੁਮਾ ਹਵੇਲੀ ਸੱਦਿਆ ਅਤੇ ਇਸ ਤਰ੍ਹਾਂ ਹੋਏ ਆਪਣੇ ਅਪਮਾਨ ਦਾ ਕਾਰਨ ਜਾਣਨਾ ਚਾਹਿਆ। ਮਲਿਕ ਭਾਗੋ ਦੀ ਦਾਅਵਤ 'ਚੋਂ ਇੱਕ ਰੋਟੀ ਲੈ ਕੇ ਗੁਰੂ ਜੀ ਹੱਥ ਨਾਲ ਨਚੋੜਿਆ ਤਾਂ ਇਸ 'ਚੋਂ ਖ਼ੂਨ ਟਪਕਣ ਲੱਗਾ। ਫਿਰ ਜਦੋਂ ਉਨ੍ਹਾਂ ਨੇ ਭਾਈ ਲਾਲੋ ਦੇ ਘਰੋਂ ਮੰਗਾਈ ਇੱਕ ਰੋਟੀ ਨੂੰ ਇੰਜ ਹੀ ਨਚੋੜਿਆ ਤਾਂ ਉਸ ਵਿੱਚੋਂ ਦੁੱਧ ਦੀ ਧਾਰ ਵਗ ਨਿੱਕਲੀ। ਗੁਰ  ਜੀ ਨੇ ਦੱਸਿਆ ਕਿ ਇਹ  ਇਸ ਕਰ ਕੇ ਹੈ ਕਿ ਮਲਕਭਾਗੋ ਦੀ ਰੋਟੀ ਗ਼ਰੀਬਾਂ ਦੀ ਲੁੱਟ-ਖਸੁੱਟ ਨਾਲ ਜੋੜੇ ਧਨ ਨਾਲ ਕਮਾਈ ਗਈ ਹੈ, ਜਦੋਂਕਿ ਭਾਈ ਲਾਲੋ ਦੀ ਕਮਾਈ ਮਿਹਨਤ ਦੀ ਕਮਾਈ ਹੈ, ਜਿਸ ਕਰ ਕੇ ਉਸ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਹੈ।
ਕੁੱਝ ਗਲੀਆਂ ਛੱਡ ਕੇ ਭਾਈ ਲਾਲੋ ਦਾ ਗੁਰਦਵਾਰਾ ਹੈ 'ਭਾਈ ਲਾਲੋ ਦੀ ਖੋਈ'। ਇਸ ਥਾਂ ਤੇ ਪਹਿਲਾਂ ਭਾਈ ਲਾਲੋ ਦੀ ਝੌਂਪੜੀ ਸੀ ਜਿੱਥੇ ਗੁਰੂ ਲਾਨਕ ਦੇਵ ਜੀ ਅਤੇ ਭਾਈ ਮਰਦਾਨਾ ਠਹਿਰੇ ਸਨ। ਇਸ ਗੁਰਦਵਾਰੇ ਦੇ ਧਾਤ ਦੇ ਦਰਵਾਜ਼ੇ ਨੂੰ ਵੀ ਜਿੰਦਾ ਲੱਗਾ ਹੋਇਆ ਸੀ ਅਤੇ ਇੱਥੇ ਵੀ ਇੱਕ ਪੋਲ ਤੇ ਲੱਗਾ ਨਿਸ਼ਾਨ ਸਾਹਿਬ ਉਚਾਈ ਤੋਂ ਸਾਡੇ ਵੱਲ ਦੇਖ ਰਿਹਾ ਜਾਪਦਾ ਸੀ। ਗੁੱਜਰਾਂਵਾਲਾ ਦੇ ਵਪਾਰਕ ਕੇਂਦਰ ਵਜੋਂ ਉੱਭਰਨ ਤੋਂ ਪਹਿਲਾਂ ਏਮਨਾਬਾਦ ਹੀ ਆਲ਼ੇ ਦੁਆਲ਼ੇ ਵਿੱਚ ਵਪਾਰਕ ਸਰਗਰਮੀਆਂ ਦਾ ਕੇਂਦਰ ਸੀ ਜਿਹੜਾ ਕਾਬੁਲ ਤੇ ਪਿਸ਼ਾਵਰ ਨੂੰ ਲਾਹੌਰ ਤੇ ਦਿੱਲੀ ਨਾਲ ਜੋੜਦਾ ਸੀ। ਗੁੱਜਰਾਂਵਾਲਾ ਦੇ ਉੱਭਰਨ ਨਾਲ ਇਸ ਸ਼ਹਿਰ ਦੀ ਮਹੱਤਤਾ ਹੌਲ਼ੀ ਹੌਲ਼ੀ ਘਟਦੀ ਗਈ ਅਤੇ ਇਹ ਪਛੜ ਕੇ ਰਹਿ ਗਿਆ। ਜੀ.ਟੀ. ਰੋਡ ਦੇ ਮਾਰਗ ਨੂੰ ਵੀ ਮੁੜ ਵਿਉਂਤਿਆ ਗਿਆ ਅਤੇ ਏਮਨਾਬਾਦ ਹੁਣ ਇੱਕ ਛੋਟੀ ਜਿਹੀ ਟੋਇਆਂ ਨਾਲ ਭਰੀ ਸੜਕ ਰਾਹੀਂ ਮੁੱਖ ਮਾਰਗ ਯਾਨੀ ਹਾਈਵੇਅ ਨਾਲ ਜੁੜਦਾ ਹੈ।
ਸੋਲ੍ਹਵੀਂ ਸਦੀ ਦੇ ਅੱਧ ਵਿੱਚ ਜਦੋਂ ਮੁਗ਼ਲ ਸਾਮਰਾਜ ਦਾ ਮੋਢੀ ਬਾਬਰ ਝਨਾਂ ਦਰਿਆ ਪਾਰ ਕਰ ਕੇ ਇੱਕ ਨਵੇਂ ਸਾਮਰਾਜ ਦੀ ਤਲਾਸ਼ ਵਿਚ ਆਇਆ ਤਾਂ ਉਦੋਂ ਇਹ ਇੱਕ ਵੱਡਾ ਸ਼ਹਿਰ ਸੀ। ਉਸ ਦੀਆਂ ਫ਼ੌਜਾਂ ਨੇ ਇੱਥੇ ਦਹਿਸ਼ਤ ਅਤੇ ਅੱਤਿਆਚਾਰ ਫੈਲਾ ਕੇ ਹਜ਼ਾਰਾਂ ਨਾਗਰਿਕਾਂ ਨੂੰ ਮਾਰ ਦਿੱਤਾ ਅਤੇ ਭਾਰੀ ਸੰਖਿਆ ਵਿੱਚ ਲੋਕਾਂ ਨੂੰ ਕੈਦ ਕਰ ਲਿਆ। ਉਹਨੀ ਦਿਨੀਂ ਇਸ ਸ਼ਹਿਰ ਦਾ ਨਾਂ ਸੈਦਪੁਰ ਸੀ ਜੋ ਬਾਅਦ ਵਿੱਚ ਨਵੇਂ ਬਾਦਸ਼ਾਹ ਦੇ ਹੁਕਮ ਨਾਲ ਏਮਨਾਬਾਦ ਹੋ ਗਿਆ। ਨਾਨਕ ਦੀ ਜੀਵਨ ਕਥਾ ਦੱਸਦੀ ਹੈ ਕਿ ਬਾਬਰ ਵੱਲੋਂ ਸ਼ਹਿਰ ਤੇ ਕਬਜ਼ਾ ਕੀਤੇ ਜਾਣ ਵੇਲੇ ਗੁਰੂ ਜੀ ਇਸੇ ਸ਼ਹਿਰ ਵਿੱਚ ਹਾਜ਼ਰ ਸਨ। ਹੋਰਨਾਂ ਵਾਂਗ ਇਨ੍ਹਾਂ ਨੂੰ ਵੀ ਕੈਦ ਕਰ ਲਿਆ ਗਿਆ ਅਤੇ ਚੱਕੀ ਪੀਹਣ ਲਈ ਮਜਬੂਰ ਕੀਤਾ ਗਿਆ। ਸੰਤ ਹੋਣ ਕਰ ਕੇ ਗੁਰੂ ਜੀ ਨੇ ਚੱਕੀ ਚਲਾਉਣ ਲਈ ਹੱਥਾਂ ਦਾ ਇਸਤੇਮਾਲ ਕੀਤੇ ਬਿਨਾ ਇਸ ਦੇ ਪੁੜਾਂ ਨੂੰ ਆਪਣੇ ਅਧਿਆਤਮ ਬਲ ਨਾਲ ਹੀ ਘੁਮਾ ਦਿੱਤਾ। ਇਹ ਇੱਕ ਵਿਰੋਧਾਭਾਸੀ ਸਥਿਤੀ ਹੈ ਕਿਉਂਕਿ ਆਪਣੀ ਬਾਣੀ ਵਿੱਚ ਉਨ੍ਹਾਂ ਨੇ ਇਸ ਤਰ੍ਹਾਂ ਦੇ ਚਮਤਕਾਰੀ ਵਿਖਾਵਿਆਂ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਸਾਧ ਕੋਲ ਕੋਈ ਜਾਦੂ ਜਾਂ ਚਮਤਕਾਰ ਵਰਗੀ ਚੀਜ਼ ਨਹੀਂ ਹੁੰਦੀ। ਸੁਣਿਆ ਹੈ ਕਿ ਇੱਕ ਵਾਰ ਇਹ ਪੁੱਛੇ ਜਾਣ ਤੇ ਕਿ ਕੀ ਉਹ ਕੋਈ ਚਮਤਕਾਰ ਦਿਖਾ ਸਕਦੇ ਹਨ ਉਨ੍ਹਾਂ ਨੇ ਵਿਅੰਗ ਭਰੀ ਸ਼ੈਲੀ ਵਿੱਚ ਜੁਆਬ ਦਿੱਤਾ ਸੀ, ਜੋ ਕਿ ਗੁਰਬਾਣੀ ਵਿਚ ਦਰਜ ਹੈ।
ਗੁਰਦਵਾਰਾ ਸਾਹਿਬ ਉਸ ਜਗਹ ’ਤੇ ਬਣਿਆ ਹੋਇਆ ਹੈ ਜਿੱਥੇ ਗੁਰੂ ਜੀ ਨੂੰ ਕੈਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਹ 'ਕਰਤਬ'- ਦਿਖਾਇਆ ਸੀ। ਜੇਲ੍ਹ ਦੇ ਪਹਿਰੇਦਾਰਾਂ ਨੇ ਜਦੋਂ ਇਹ ਕੌਤਕ ਦੇਖਿਆ ਤਾਂ ਉਹਨਾਂ ਨੇ ਫਟਾਫਟ ਬਾਬਰ ਨੂੰ ਹਿਤਲਾਹ ਦਿੱਤੀ ਜਿਸ ਨੇ ਉਨ੍ਹਾਂ ਨੂੰ ਆਪਣੇ ਦਰਬਾਰ  ਵਿੱਚ ਸੱਦਿਆ ਅਤੇ ਆਪਣੀਆਂ ਭਵਿੱਖ ਵਿੱਚ ਉਲੀਕੀਆਂ ਜਿੱਤਾਂ ਹਾਸਲ ਕਰਨ ਵਿੱਚ ਕਾਮਯਾਬ ਹੋਣ ਦੀ ਅਸੀਸ ਮੰਗੀ। ਗੁਰੂ ਜੀ ਨੇ ਇਹ ਕਹਿੰਦਿਆਂ ਉਸ ਨੂੰ ਅਸੀਸ ਦੇਣੋ ਨਾਂਹ ਕਰ ਦਿੱਤੀ ਕਿ ਉਹ ਉਨ੍ਹਾਂ ਦੀ ਭੂਮੀ ਤੇ ਜਿੱਤ ਹਾਸਲ ਕਰਨ ਲਈ ਉਨ੍ਹਾਂ ਤੋਂ ਹੀ ਅਸ਼ੀਰਵਾਦ ਮੰਗਣ ਜੁੱਰਅਤ ਕਰ ਰਿਹਾ ਹੈ। ਪਰ ਗੁਰੂ ਨਾਨਕ ਦੀ ਅਸੀਸ ਤੋਂ ਬਗ਼ੈਰ ਵੀ ਬਾਬਰ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਅਤੇ ਉਸ ਨੇ ਇੱਥੇ ਮੁਗ਼ਲ ਸਾਮਰਾਜ ਦੀ ਨੀਂਹ ਰੱਖੀ।
ਨਾਨਕ ਅਤੇ ਬਾਬਰ ਦੀ ਮਿਲਣੀ ਤੋਂ ਕੋਈ ਪੰਜ ਸਦੀਆਂ ਬਾਅਦ ਹਿੰਦੁਸਤਾਨ ਅਤੇ ਪਾਕਿਸਤਾਨ ਬਾਬਰ ਦੀ ਵਿਰਾਸਤ ਦੇ ਮੁਲਿਆਂਕਣ ਦੇ ਵਿਸ਼ੇ ਤੇ ਬਹਿਸ ਮੁਬਾਹਿਸੇ ਵਿੱਚ ਪਏ ਹੋਏ ਹਨ। ਭਾਰਤ ਦੇ ਕੌਮਪ੍ਰਸਤਾਂ ਲਈ ਬਾਬਰ ਇੱਕ ਪਸਾਰਵਾਦੀ ਸ਼ਾਸਕ ਹੈ, ਜਿਸ ਨੇ ਉਹਨਾਂ ਦੇ ਮੁਲਕ ਨੂੰ ਲੁੱਟਿਆ,ਉਹਨਾਂ ਦੀ ਧਾਰਮਿਕ ਆਜ਼ਾਦੀ ਤੇ ਬੰਦਸ਼ਾਂ ਲਾਈਆਂ ਅਤੇ ਉਹਨਾਂ ਦੀਆਂ ਪਰੰਪਰਾਵਾਂ ਦਾ ਗਲ਼ਾ ਘੁੱਟਿਆ। ਸੰਨ 1992 ਵਿੱਚ ਢਾਹ ਦਿੱਤੇ ਜਾਣ ਬਾਅਦ ਬਾਬਰੀ ਮਸਜਿਦ ਜਿਸ ਨੂੰ ਰਾਮ ਰੰਦਰ ਦੀ ਜਨਮ ਭੂਮੀ ਸਮਝਿਆ ਜਾਂਦਾ ਹੈ, ਭਾਰਤ ਦੇ ਹਾਲੀਆ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਿਆਸੀ ਘਟਨਾ ਹੋ ਨਿੱਬੜੀ, ਜੋ ਝਗੜੇ ਦਾ ਇੱਕ ਵੱਡਾ ਮੁੱਦਾ ਬਣ ਚੁੱਕੀ ਹੈ। ਪਾਕਿਸਤਾਨ ਵਿੱਚ ਖ਼ਾਸ ਤੌਰ ਤੇ 1992 ਤੋਂ ਬਾਅਦ ਬਾਬਰ ’ਤੇ ਕੁੱਝ ਜ਼ਿਆਦਾ ਹੀ ਪਿਆਰ ਆਉਣ ਲੱਗ ਪਿਆ। ਇਹ ਰਵੱਈਆ ਉਹਨਾਂ ਦੇ ਹਿੰਦੂ ਸੱਭਿਅਤਾ ਉੱਪਰ ਮੁਸਲਿਮ ਤਹਿਜ਼ੀਬ ਦਾ ਗ਼ਲਬਾ ਦਿਖਾਉਣ ਵਾਲੇ ਇਤਿਹਾਸਕ ਜ਼ਾਵੀਏ ਵਿੱਚ ਫਿੱਟ ਬੈਠਦਾ ਸੀ। ਮੁਹੰਮਦ ਬਿਨ ਕਾਸਿਮ, ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਵਾਂਗ ਬਾਬਰ ਵੀ ਮੁਸਲਿਮ ਰਾਸ਼ਟਰਵਾਦ ਦਾ ਮੁਜੱਸਮਾ ਬਣ ਗਿਆ ਜਿਸ ਦਾ ਹਸ਼ਰ ਛੇਕੜ ਪਾਕਿਸਤਾਨ ਦੇ ਰੂਪ ਵਿੱਚ ਸਾਹਮਣੇ ਆਇਆ। ਮੁਲਕ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਕਿੰਨੀਆਂ ਹੀ ਸੜਕਾਂ ਅਤੇ ਚੌਰਾਹਿਆਂ ਦਾ ਨਾਮਕਰਨ ਪਹਿਲੇ ਮੁਗ਼ਲ ਬਾਦਸ਼ਾਹ ਦੇ ਨਾਂ ਤੇ ਕੀਤਾ ਗਿਆ ਹੈ। ਦੋ ਕੁ ਹਫ਼ਤੇ ਪਹਿਲਾਂ ਮੁਲਕ ਦੀ ਹਕੂਮਤ ਨੇ ਇੱਕ ਮੀਡੀਅਮ ਰੇਂਜ ਅਤੇ ਸਬਸਾਨਿਕ ਕ੍ਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ ਜਿਸ ਨੂੰ ਵੀ 'ਬਾਬਰ ਮਿਜ਼ਾਈਲ' ਦਾ ਨਾਮ ਦਿੱਤਾ ਗਿਆ ਹੈ।
ਜਦੋਂ ਕਿ ਦੋਵੇਂ ਦੇਸ਼ ਬਾਬਰ ਨੂੰ ਆਪੋ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਦੇਖਦੇ ਪਰਖਦੇ ਹਨ ਮੈਂ ਆਪਣਾ ਰੁਖ਼ ਗੁਰੂ ਨਾਨਕ ਦੇਵ ਜੀ ਵੱਲ ਕਰਦਾ ਹਾਂ ਕਿ ਇਸ ਪਹਿਲੇ ਮੁਗ਼ਲ ਸਮਰਾਟ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ। ਗੁਰੂ ਗਰੰਥ ਸਾਹਿਬ ਵਿੱਚ ਦਰਜ ਉਨ੍ਹਾਂ ਦੀ ਰਚਨਾ 'ਬਾਬਰ ਬਾਣੀ' ਬੜੀ ਖ਼ੂਬਸੂਰਤੀ ਨਾਲ ਉਸ ਤਬਾਹੀ ਦਾ ਬਿਆਨ ਕਰਦੀ ਹੈ, ਜਿਹੜੀ ਏਮਨਾਬਾਦ ’ਤੇ ਹਮਲੇ ਬਾਅਦ ਦੀ ਮੰਜ਼ਰਕਸ਼ੀ ਹੈ। ਗੁਰੂ ਸਾਹਿਬ ਲਿਖਦੇ ਹਨ: 

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥

ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
...................

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤ ਕਾ ਕੁੰਗੂ ਪਾਇ ਵੇ ਲਾਲੋ ॥


ਇਸ ਵਿੱਚ ਦੱਸਿਆ ਗਿਆ ਹੈ ਕਿ ਜ਼ੁਲਮ ਦੇ ਮਾਮਲੇ ਵਿੱਚ ਬਾਬਰ ਦੀਆਂ ਫ਼ੌਜਾਂ ਹਿੰਦੂ ਮੁਸਲਮਾਨ ਦਰਮਿਆਨ ਕੋਈ ਭੇਦਭਾਵ ਨਹੀਂ ਕਰਦੀਆਂ ਸਨ। ਇਸ ਜ਼ੁਲਮ ਨੂੰ ਗੁਰੂ ਜੀ ਵਿਅੰਗਪੂਰਵਕ 'ਰੱਬ ਦਾ ਇਨਸਾਫ਼' ਕਹਿੰਦੇ ਹਨ। ਗੁਰੂ ਜੀ ਲਈ ਬਾਬਰ ਹਿੰਦੂ ਤਹਿਜ਼ੀਬ ਨੂੰ ਤਬਾਹ ਕਰਨ ਤੇ ਤੁਲਿਆ ਮੁਸਲਮਾਨ ਰਾਜਾ ਨਹੀਂ ਸੀ ਅਤੇ ਨਾ ਹੀ ਉਹ ਇਸਲਾਮੀ ਰਾਸ਼ਟਰਵਾਦੀ ਸੀ ਜਿਹੜਾ ਇਸ ਕਾਫ਼ਰ ਭੂਮੀ ’ਤੇ ਆਪਣਾ ਮਜ਼ਹਬ ਫੈਲਾਉਣਾ ਚਾਹੁੰਦਾ ਹੋਵੇ। ਉਹ ਤਾਂ ਸਿਰਫ਼ ਲਾਲਚ ਅਤੇ ਹਵਸ ਦਾ ਭੁੱਖਾ ਰਾਜਾ ਸੀ, ਜਿਹੜਾ ਧਾਰਮਿਕ ਵਖਰੇਵੇਂ ਤੋਂ ਬੇਨਿਆਜ਼ ਹੋ ਕੇ ਜਿਹੜਾ ਵੀ ਉਸ ਦੇ ਰਸਤੇ ਵਿੱਚ ਆਉਂਦਾ ਉਸੇ ਨੂੰ ਮਾਰ ਮੁਕਾਉਂਦਾ ਸੀ।

ਹਾਰੂਨ ਖ਼ਾਲਿਦ


Baljeet Kaur

Edited By Baljeet Kaur