ਬਾਬੇ ਨਾਨਕ ਦੀਆਂ ਪਹਿਲਤਾਵਾਂ
5/28/2019 12:19:20 PM

ਕਿਸੇ ਵੀ ਧਰਮ ਦੇ ਮੋਢੀ ਦੀ ਮਹੱਤਤਾ ਇਸ ਆਧਾਰ ਤੇ ਜਾਣੀ ਜਾ ਸਕਦੀ ਹੈ ਕਿ ਉਸ ਨੇ ਨਵੇਂ ਧਰਮ ਦੀ ਨੀਂਹ ਕਿਉਂ ਰੱਖੀ ਸੀ? ਰੱਬ ਦੇ ਬੰਦਿਆਂ ਵਿਚਕਾਰ ਜਦੋਂ ਕੋਈ ਖਾਸ ਬੰਦਾ ਧਰਮ ਦਾ ਮੋਢੀ ਹੋ ਜਾਂਦਾ ਹੈ ਤਾਂ ਉਸ ਦੇ ਪੈਰੋਕਾਰ ਉਸ ਨੂੰ ਸਵਾਲਾਂ ਜਵਾਬਾਂ ਤੋਂ ਉਤੇ ਮੰਨ ਲੈਂਦੇ ਹਨ ਕਿਉਂਕਿ ਧਰਮ ਦੇ ਮੋਢੀ ਦੀ ਥਾਂ ਉਨ੍ਹਾਂ ਦੀਆਂ ਸਿੱਖਿਆਵਾਂ ਹੀ ਸਾਰੇ ਸਵਾਲਾਂ ਦੇ ਜਵਾਬਾਂ ਵਾਸਤੇ ਵਰਤੀਆਂ ਜਾਣ ਲੱਗ ਪੈਂਦੀਆਂ ਹਨ।ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਤ ਕੀਤੇ ਗਏ ਸਿੱਖ ਧਰਮ ਦਾ ਧਰਮ-ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਿਆ ਹੈ।ਸਾਰੇ ਹੀ ਧਰਮ-ਗ੍ਰੰਥ ਪਵਿੱਤਰ ਮੰਨੇ ਜਾਂਦੇ ਹਨ, ਪਰੰਤੂ ਜਿਸ ਤਰ੍ਹਾਂ ਜਿਊਂਦੇ ਜਾਗਦੇ ਗੁਰੂ ਵਜੋਂ ਮਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਗਈ ਹੈ, ਉਹ ਕਿਸੇ ਵੀ ਹੋਰ ਧਰਮ-ਗ੍ਰੰਥ ਦੀ ਮਾਨਤਾ ਨਾਲੋਂ ਨ ਕੇਵਲ ਵੱਖਰੀ ਹੈ, ਸਗੋਂ ਆਪਣੇ ਆਪ ਵਿਚ ਆਪਣੇ ਵਰਗੀ ਆਪ ਹੀ ਹੈ।ਸਿੱਖਾਂ ਦੀ ਅਰਦਾਸ ਵਿਚੋਂ ਇਸ ਦਾ ਹਵਾਲਾ "ਜਾਗਤ ਜੋਤਿ ਜ਼ਾਹਰਾ ਜ਼ਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ" ਤੋਂ ਮਿਲ ਜਾਂਦਾ ਹੈ।ਸਿੱਖ ਸਾਹਿਤ ਵਿਚ ਇਹੀ ਵਿਲੱਖਣ ਮਾਨਤਾ, ਦਸਮ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿਚ "ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ" ਵਜੋਂ ਦਰਜ ਹੈ।ਇਸ ਵਿਲੱਖਣਤਾ ਦਾ ਮੋਢੀ ਵੀ ਗੁਰੂ ਨਾਨਕ ਦੇਵ ਜੀ ਹਨ ਕਿਉਂਕਿ ਉਨ੍ਹਾਂ ਨੇ ਸਿੱਧ ਜੋਗੀਆਂ ਨਾਲ ਚਰਚਾ ਕਰਦਿਆਂ ਆਪਣਾ ਗੁਰੂ ਸ਼ਬਦ ਗੁਰੂ (ਸਬਦੁ ਗੁਰੂ ਸੁਰਤਿ ਧੁਨਿ ਚੇਲਾ) ਨੂੰ ਦੱਸਿਆ ਸੀ।ਇਸ ਤੋਂ ਬਿਨਾਂ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜਿਹੋ ਜਿਹੇ ਜੀਵਨ ਵਾਲਾ ਭਾਈਚਾਰਾ ਸਿਰਜਿਆ ਗਿਆ ਸੀ, ਉਹ ਵੀ ਪਹਿਲੀ ਵਾਰ ਸਾਹਮਣੇ ਆਇਆ ਕਿਹਾ ਜਾ ਸਕਦਾ ਹੈ।ਨੋਬਲ ਇਨਾਮ ਜੇਤੂ ਬੰਗਾਲੀ ਦਾਨਸਵਰ ਰਾਬਿੰਦਰ ਨਾਥ ਟੈਗੋਰ ਦੇ ਬਚਨ ਹਨ ਕਿ ਇਹ ਸੋਹਣੇ ਸੁਨੱਖੇ ਪੱਗਾਂ ਤੇ ਦਾਹੜੀਆਂ ਵਾਲੇ ਸਿੱਖ ਗੁਰੂ ਨਾਨਕ ਦੇ ਸਿੱਖ ਹਨ।ਗੁਰੂ ਨਾਨਕ ਤੋਂ ਪਹਿਲਾਂ ਇਹ ਨਹੀਂ ਹੁੰਦੇ ਸਨ।
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਖਾਸ ਕਰਕੇ ਅਤੇ ਅੱਜ ਤੱਕ ਆਮ ਕਰਕੇ ਧਰਮ ਨੂੰ ਭੂਤ ਅਤੇ ਭਵਿਖ ਦੇ ਹਵਾਲੇ ਨਾਲ ਹੀ ਜਾਣਿਆ ਜਾਂਦਾ ਰਿਹਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੂਤ ਅਤੇ ਭਵਿਖ ਨਾਲ ਜੁੜੇ ਹੋਏ ਜਿੰਨੇ ਵੀ ਹਵਾਲੇ ਆਏ ਹਨ, ਉਹ ਧਰਮ ਦੇ ਵਿਸ਼ਵਾਸ਼ੀਆਂ ਦੇ ਮੁਹਾਵਰੇ ਵਿਚ ਬਾਬਾ ਨਾਨਕ ਦੀ ਸਿੱਖਿਆ ਨੂੰ ਸਮਝਾਉਣ ਵਾਸਤੇ ਆਏ ਹਨ।ਪਰ ਅਸਲ ਵਿਚ ਸਿੱਖ ਧਰਮ ਨੂੰ ਵਰਤਮਾਨ ਦਾ ਧਰਮ ਹੀ ਮੰਨਿਆ ਗਿਆ ਹੈ ਅਤੇ ਏਸੇ ਕਰਕੇ ਸਿੱਖ ਧਰਮ ਦੀ ਮੰਜ਼ਲ ਜੀਵਨ-ਮੁਕਤੀ ਨੂੰ ਮੰਨਿਆ ਗਿਆ ਹੈ।ਇਸ ਦੇ ਨਾਲ ਹੀ ਜੁੜੀ ਹੋਈ ਸਚਾਈ ਇਹ ਵੀ ਹੈ ਕਿ ਸਿੱਖ ਧਰਮ ਆਮ ਬੰਦੇ ਦੇ ਧਰਮ ਵਜੋਂ ਸਾਹਮਣੇ ਆ ਗਿਆ ਸੀ ਅਤੇ ਹੈ।ਇਹ ਪੱਖ ਗੁਰੂ ਨਾਨਕ ਦੇਵ ਜੀ ਦੇ ਬਚਨ "ਨੀਚਾਂ ਅੰਦਰਿ ਨੀਚ ਜਾਤ ਨੀਚੀ ਹੂੰ ਅਤਿ ਨੀਚੁ" ਅਤੇ ਦਸਮ ਪਾਤਸ਼ਾਹ ਹਜ਼ੂਰ ਦੇ ਬਚਨ "ਇਨਹੀ ਕੀ ਕਿਰਪਾ ਸੇ ਸਜੇ ਹਮ ਹੈਂ" ਦੇ ਹਵਾਲੇ ਨਾਲ ਪੁਸ਼ਟ ਵੀ ਕੀਤੇ ਜਾ ਸਕਦੇ ਹਨ ਅਤੇ ਸਮਝੇ ਵੀ ਜਾ ਸਕਦੇ ਹਨ।
ਵਰਤਮਾਨ ਵਿਚ ਸੰਸਾਰ ਇਕ ਪਿੰਡ ਹੋ ਗਿਆ ਹੈ ਅਤੇ ਸਮਾਜਿਕ ਭਾਈਚਾਰਾ ਬਹੁ-ਸਭਿਆਚਾਰ ਹੋ ਗਿਆ ਹੈ।ਇਸ ਵਿਚ ਸਾਂਝੀਆਂ ਸਮੱਸਿਆਵਾਂ ਵਿਚ ਖਾਣ ਦਾ ਸਭਿਆਚਾਰ (ਡੋੋਦ ਚੁਲਟੁਰੲ) ਅਤੇ ਪਹਿਨਣ ਦਾ ਸਭਿਆਚਾਰ (ਦਰੲਸਸ ਚੁਲਟੁਰੲ) ਮੁੱਖ ਆਖੇ ਜਾ ਸਕਦੇ ਹਨ।ਇਨ੍ਹਾਂ ਨੂੰ ਲੈਕੇ ਬਹੁ-ਸਭਿਆਚਾਰ ਵਰਤਾਰਿਆਂ ਵਿਚ ਬਹੁਤ ਕੁਝ ਵਾਪਰ ਰਿਹਾ ਹੈ ਅਤੇ ਖਾਣ ਪੀਣ ਵਿਚ ਪੰਜਾਬੀ ਖਾਣੇ ਤੇ ਪਹਿਰਾਵੇ, ਚੀਨੀ ਖਾਣੇ ਅਤੇ ਇਟਲੀਅਨ ਖਾਣੇ ਸਾਹਮਣੇ ਆਉਣ ਲੱਗ ਪਏ ਹਨ।ਇਨ੍ਹਾਂ ਸਾਰਿਆਂ ਵਿਚਕਾਰ ਬੇਸ਼ੱਕ ਕੋਈ ਟਕਰਾਉ ਨਹੀਂ ਲੱਗਦਾ, ਪਰ ਏਸੇ ਦੇ ਆਧਾਰ ਤੇ ਮਾਸਾਹਾਰੀ ਅਤੇ ਸ਼ਾਕਾਹਾਰੀ ਕੋਟੀਆਂ ਪੱਕੀਆਂ ਹੁੰਦੀਆਂ ਜਾ ਰਹੀਆਂ ਹਨ।ਇਸ ਬਾਰੇ ਜੋ ਸਿਧਾਂਤਕੀ ਗੁਰੂ ਨਾਨਕ ਦੇਵ ਜੀ ਨੇ ਦੇ ਦਿੱਤੀ ਸੀ, ਉਸ ਦੀ ਰੌਸ਼ਨੀ ਵਿਚ ਪੈਦਾ ਹੋ ਸਕਣ ਵਾਲੇ ਕਿਸੇ ਕਿਸਮ ਦੇ ਉਲਾਰ ਨੂੰ ਥੰਮਿ੍ਹਆ ਜਾ ਸਕਦਾ ਹੈ।ਸਿਧਾਂਤ ਦਾ ਆਧਾਰ ਬੰਦੇ ਦੀ ਮਾਨਸਿਕਤਾ ਹੈ ਕਿਉਂਕਿ ਖਾਣ ਅਤੇ ਪਹਿਨਣ ਦਾ ਸਭਿਆਚਾਰ ਬੰਦੇ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ।ਇਸ ਦੇ ਵਿਸਥਾਰ ਵਿਚ ਜਾਏ ਬਿਨਾ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਖਾਣ ਅਤੇ ਪਹਿਨਣ ਨਾਲ ਜੁੜੀ ਹੋਈ ਸਾਰੀ ਵੰਨਸਵੰਨਤਾ ਇਹੀ ਸੰਕੇਤ ਕਰਦੀ ਹੈ ਕਿ ਮਾਨਸਿਕਤਾ ਅਤੇ ਸਥਾਨਿਕਤਾ ਇਸ ਵਿਭਿੰਨਤਾ ਦਾ ਆਧਾਰ ਹੈ।ਤਾਂ ਤੇ ਜਿਹੜੀ ਗੱਲ ਇਨ੍ਹਾਂ ਦੋਹਾਂ ਨੂੰ ਨਾਲ ਲੈਕੇ ਨ ਤੁਰਦੀ ਹੋਵੇ ਉਸ ਤੋਂ ਗੁਰੇਜ਼ ਕਰਣਾ ਚਾਹੀਦਾ ਹੈ। ਸਭਿਆਚਾਰ ਨੂੰ ਜਾਬਤਾ (ਚੋਦੲ) ਬਨਾਉਣ ਨਾਲ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਉਨ੍ਹਾਂ ਦਾ ਪੱਕਾ ਬਾਨ੍ਹਣੂੰ ਬੰਨ੍ਹਣ ਲਈ ਲੋੜੀਂਦੇ ਸਿਧਾਂਤਕ ਆਧਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਪ੍ਰਾਪਤ ਹਨ।ਖਾਣ ਪੀਣ ਦਾ ਸਬੰਧ ਬੰਦੇ ਦੀ ਮਾਨਸਿਕਤਾ ਨਾਲ ਮੰਨਦਿਆਂ ਇਹ ਸੁਝਾਇਆ ਹੋਇਆ ਹੈ ਕਿ ਖਾਣਾ ਓਹੋ ਜਿਹਾ ਹੀ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ਅਤੇ ਮਨ ਨੂੰ ਤਕਲੀਫ ਨ ਪਹੁੰਚਦੀ ਹੋਵੇ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥16
ਏਸੇ ਤਰ੍ਹਾਂ ਪਹਿਨਣ ਬਾਰੇ ਵੀ ਸਿਧਾਂਤ ਇਹੋ ਰੱਖਿਆ ਹੈ ਕਿ ਸਰੀਰ ਅਤੇ ਮਨ ਨੂੰ ਠੀਕ ਬੈਠਣ ਵਾਲਾ ਪਹਿਰਾਵਾ ਹੀ ਵਰਤਣਾ ਚਾਹੀਦਾ ਹੈ:
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥16
ਏਸੇ ਨਾਲ ਜੁੜਿਆ ਹੋਇਆ ਹੈ ਨੀਂਦ-ਸਭਿਆਚਾਰ ਕਿਉਂਕਿ ਸਰੀਰ ਅਤੇ ਮਨ ਵਾਸਤੇ ਨੀਂਦ ਦਾ ਅਹਿਮ ਮਹੱਤਵ ਹੈ।ਤਾਂ ਤੇ ਮਾਨਸਿਕ ਵਿਚਲਨ ਅਤੇ ਸਰੀਰਕ ਵਿਚਲਨ ਵਿਚ ਬਾਧਾ ਬਨਣ ਵਾਲੇ ਸਰੋਕਾਰਾਂ ਪ੍ਰਤੀ ਲੋੜੀਂਦੀ ਇਸ ਚੇਤਨਾ ਨਾਲ ਜੁੜਣ ਦੀ ਲੋੜ ਹੈ:
ਬਾਬਾ ਹੋਰੁ ਸਉਣਾ ਖੁਸੀ ਖੁਆਰੁ॥
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥17
ਬਰਦੀ-ਸਭਿਆਚਾਰ ਬੇਸ਼ੱਕ ਖਾਣ ਅਤੇ ਪਹਿਨਣ ਦੇ ਸਭਿਆਚਾਰ ਨਾਲੋਂ ਵੱਖਰਾ ਹੈ, ਪਰ ਬਰਦੀ ਸਭਿਆਚਾਰ ਵਿਚ ਵੀ ਸਰੀਰ ਅਤੇ ਮਨ ਨੂੰ ਧਿਆਨ ਵਿਚ ਰੱਖਕੇ ਹੀ ਬਨਾਇਆ ਜਾਂਦਾ ਹੈ ਅਤੇ ਬਨਾਇਆ ਜਾਣਾ ਵੀ ਚਾਹੀਦਾ ਹੈ।ਏਸੇ ਕਰਕੇ ਬਰਦੀਆਂ ਨੂੰ ਜਿਸ ਸਹਿਜ ਨਾਲ ਪਰਵਾਨ ਕਰ ਲਿਆ ਜਾਂਦਾ ਹੈ, ਉਸ ਤਰ੍ਹਾਂ ਡਰੈਸ ਕੋਡ ਨੂੰ ਪਰਵਾਨ ਨਹੀਂ ਕੀਤਾ ਜਾਂਦਾ।ਬਹੁ-ਸਭਿਆਚਾਰ ਪ੍ਰਸੰਗ ਵਿਚ ਜਿਸ ਤਰ੍ਹਾਂ ਪੰਜਾਬੀ ਖਾਣੇ ਅਤੇ ਪੰਜਾਬੀ ਪਹਿਰਾਵੇ ਨੂੰ ਮਾਨਤਾ ਮਿਲ ਰਹੀ ਹੈ, ਉਸ ਨਾਲ ਇਹ ਸੱਚ ਸਾਹਮਣੇ ਆਉਣ ਲੱਗ ਪਿਆ ਹੈ ਕਿ ਪੰਜਾਬੀ ਖਾਣਾ ਅਤੇ ਪੰਜਾਬੀ ਪਹਿਰਾਵਾ ਸਰੀਰਕ ਸੁਖ ਦੇ ਅਤੇ ਮਨ ਦੇ ਸਹਿਜ ਨਾਲ ਜੁੜਿਆ ਹੋਣ ਕਰਕੇ ਹੈ।
ਏਸੇ ਤਰ੍ਹਾਂ ਮਾਤ ਭਾਸ਼ਾ ਨੂੰ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਆਪਣੀਆਂ ਸਿੱਖਿਆਵਾਂ ਦਾ ਮਾਧਿਅਮ ਬਨਾਇਆ ਸੀ, ਉਸ ਤਰ੍ਹਾਂ ਹੋਰ ਕਿਸੇ ਧਰਮ ਨੇ ਨਹੀਂ ਕੀਤਾ।ਮਾਤ ਭਾਸ਼ਾ ਨੂੰ ਧਰਮ ਪਰਚਾਰ ਵਾਸਤੇ ਵਰਤਣ ਦੀਆਂ ਉਦਾਹਰਣਾ ਤਾਂ ਬਹੁਤ ਮਿਲ ਜਾਣਗੀਆਂ, ਪਰ ਧਰਮ-ਗ੍ਰੰਥ ਨੂੰ ਮਾਤ ਭਾਸ਼ਾ ਵਿਚ ਪ੍ਰਗਟਾਉਣ ਦੀ ਉਦਾਹਰਣ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਮਿਲਦੀ ਹੈ, ਇਸ ਤਰ੍ਹਾਂ ਹੋਰ ਕਿਸੇ ਧਰਮ ਵਿਚ ਨਹੀਂ ਮਿਲਦੀ।ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਇਹੋ ਜਿਹੀਆਂ ਬਹੁਤ ਸਾਰੀਆਂ ਪਹਿਲਤਾਵਾਂ ਦੇ ਮਾਲਕ ਹੋ ਗਏ ਹਨ।ਇਹੋ ਜਿਹੇ ਕਾਰਣਾ ਕਰਕੇ ਉਹ ਆਪਣੇ ਸਮੇਂ ਦੇ ਭਾਈਚਾਰੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਾਰਮਿਕ ਆਗੂ ਹੋ ਗਏ ਸਨ ਕਿਉਂਕਿ ਬਾਬਾ ਨਾਨਕ ਦੀ ਰਹਿਨੁਮਾਈ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਕਿਸੇ ਕਿਸਮ ਦਾ ਓਪਰਾਪਨ ਨਹੀਂ ਲੱਗਿਆ ਸੀ:
ਨਾਨਕ ਸ਼ਾਹ ਫਕੀਰ।
ਹਿੰਦੂਆਂ ਦਾ ਦੇਵਤਾ ਅਤੇ ਮੁਸਲਮਾਨਾਂ ਦਾ ਪੀਰ।
ਡਾ. ਬਲਕਾਰ ਸਿੰਘ
9316301328
ਇਹ ਵੀ ਪੜੋ : ‘ਜਪੁਜੀ ਸਾਹਿਬ’ ਵਾਲੇ ਗੁਰੂ ਨਾਨਕ ਸਾਹਿਬ