ਇਕੋ ਦਿਨ ਹੈ ਅਸ਼ਟਮੀ ਤੇ ਨੌਮੀ! ਜਾਣੋਂ ਕਦੋਂ ਕੀਤਾ ਜਾ ਸਕਦੈ ਕੰਜਕ ਪੂਜਨ
10/8/2024 5:23:28 PM
ਜਲੰਧਰ (ਬਿਊਰੋ)- ਸ਼ਾਰਦੀਆ ਨਰਾਤਿਆਂ 'ਚ ਪੂਰੇ ਦਿਨ ਤੱਕ ਮਾਂ ਭਗਵਤੀ ਦੀ ਅਰਾਧਨਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਅਸ਼ਟਮੀ ਅਤੇ ਨੌਮੀ ਤਿਥੀ ਨੂੰ ਲੋਕ ਕੰਨਿਆ ਪੂਜਨ ਕਰਦੇ ਹਨ। ਇਸ ਨੂੰ ਕੰਜਕ ਪੂਜਨ ਵੀ ਕਿਹਾ ਜਾਂਦਾ ਹੈ। ਨਰਾਤਿਆਂ ਦੀ ਅਸ਼ਟਮੀ ਤਿਥੀ ਨੂੰ ਮਾਂ ਮਹਾਗੌਰੀ ਤੇ ਨੌਮੀ ਨੂੰ ਮਾਂ ਸਿੱਧੀਦਾਤਰੀ ਦੀ ਪੂਜਾ ਹੁੰਦੀ ਹੈ। ਇਸ ਲਈ ਇਨ੍ਹਾਂ ਦਿਨਾਂ 'ਚ ਕੰਜਕ ਪੂਜਨ ਕਰਨਾ ਸ਼ੁੱਭ ਹੁੰਦਾ ਹੈ।
ਕੁਝ ਲੋਕ ਨਰਾਤਿਆਂ ਦੀ ਅਸ਼ਟਮੀ ਨੂੰ ਤਾਂ ਕੁਝ ਨੌਮੀ ਨੂੰ ਵੀ ਕੰਜਕ ਪੂਜਨ ਕਰਦੇ ਹਨ। ਪਰ ਪੰਚਾਂਗ ਮੁਤਾਬਕ ਇਸ ਸਾਲ ਅਸ਼ਟਮੀ ਅਤੇ ਨੌਮੀ ਤਿਥੀ ਇਕ ਹੀ ਦਿਨ ਆ ਰਹੀ ਹੈ। ਇਸ ਲਈ ਕੰਨਿਆ ਪੂਜਨ ਵੀ ਦੋ ਦਿਨ ਨਹੀਂ ਸਗੋਂ ਇਕ ਹੀ ਦਿਨ ਕੀਤਾ ਜਾਵੇਗਾ।
ਦਰਅਸਲ ਅਸ਼ਟਮੀ ਤਿਥੀ ਦੀ ਸ਼ੁਰੂਆਤ 10 ਅਕਤੂਬਰ ਨੂੰ 12 ਵੱਜ ਕੇ 31 ਮਿੰਟ ਤੋਂ ਹੋਵੇਗੀ ਅਤੇ ਅਗਲੇ ਦਿਨ ਭਾਵ 11 ਅਕਤੂਬਰ ਨੂੰ ਦੁਪਹਿਰ 12 ਵੱਜ ਕੇ 6 ਮਿੰਟ ਤੱਕ ਰਹੇਗੀ। ਦੁਪਹਿਰ 'ਚ ਹੀ ਅਸ਼ਟਮੀ ਤਿਥੀ ਖਤਮ ਹੋਣ ਤੋਂ ਬਾਅਦ ਨੌਮੀ ਤਿਥੀ ਲੱਗ ਜਾਵੇਗੀ। ਅਜਿਹੇ 'ਚ ਅਸ਼ਟਮੀ-ਨੌਮੀ ਦੋਵੇਂ 11 ਅਕਤੂਬਰ ਨੂੰ ਹੀ ਹੋਵੇਗਾ।
ਉਦੈਤਿਥੀ ਮਾਨਤਾ ਹੋਣ ਕਾਰਨ ਕੰਜਕ ਪੂਜਨ ਵੀ ਸ਼ੁੱਕਰਵਾਰ 11 ਅਕਤੂਬਰ ਨੂੰ ਹੀ ਕੀਤਾ ਜਾਵੇਗਾ, ਕਿਉਂਕਿ ਇਸ ਦਿਨ ਅਸ਼ਟਮੀ ਨੌਮੀ ਦੋਵੇਂ ਰਹਿਣਗੀਆਂ। ਤੁਸੀਂ ਵੀ ਇਸ ਦਿਨ ਕੰਨਿਆ ਪੂਜਨ ਕਰ ਸਕਦੇ ਹੋ। ਕੰਜਕ ਪੂਜਨ ਦੇ ਦੌਰਾਨ ਕੁੜੀਆਂ ਨੂੰ ਪੂੜੀਆਂ, ਛੋਲੇ, ਹਲਵਾ ਅਤੇ ਨਾਰੀਅਲ ਦਾ ਪ੍ਰਸ਼ਾਦ ਖਵਾਓ। ਫਿਰ ਸਮਰੱਥਾ ਦੇ ਅਨੁਸਾਰ ਤੋਹਫੇ ਦਿਓ। ਕੰਜਕਾਂ ਨੂੰ ਵਿਦਾ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪੈਰ ਜ਼ਰੂਰ ਛੂਹੋ। ਧਾਰਮਿਕ ਮਾਨਤਾ ਹੈ ਕਿ ਨਰਾਤਿਆਂ 'ਚ ਛੋਟੀਆਂ-ਛੋਟੀਆਂ ਕੰਜਕਾਂ ਦੀ ਪੂਜਾ ਕਰਨ ਨਾਲ ਦੁਰਗਾ ਮਾਂ ਖੁਸ਼ ਹੁੰਦੀ ਹੈ ਅਤੇ ਉਨ੍ਹਾਂ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਕੰਜਕ ਪੂਜਨ ਕਰਨ ਨਾਲ ਘਰ 'ਚ ਸੁੱਖ ਦਾ ਹਮੇਸ਼ਾ ਵਾਸ ਹੁੰਦਾ ਹੈ।
ਇਸ ਕਾਰਨ ਕੀਤਾ ਜਾਂਦਾ ਹੈ ਕੰਜਕ ਪੂਜਨ
ਦੇਵੀ ਪੁਰਾਣ ਮੁਤਾਬਕ ਇੰਦਰ ਨੇ ਜਦੋਂ ਬ੍ਰਹਮਾ ਜੀ ਤੋਂ ਭਗਵਤੀ ਨੂੰ ਖੁਸ਼ ਕਰਨ ਦਾ ਤਰੀਕਾ ਪੁੱਛਿਆ ਤਾਂ ਉਨ੍ਹਾਂ ਸਰਬੋਤਮ ਵਿਧੀ ਦੇ ਰੂਪ ਵਿੱਚ ਛੋਟੀ ਉਮਰ ਦੀਆਂ ਕੁੜੀਆਂ ਦਾ ਪੂਜਨ ਦੱਸਿਆ। ਨੌਂ ਕੁਆਰੀਆਂ ਕੁੜੀਆਂ ਤੇ ਇਕ ਮੁੰਡੇ ਨੂੰ ਘਰ ਬੁਲਾ ਕੇ ਉਨ੍ਹਾਂ ਦੇ ਪੈਰ ਧੁਆ ਕੇ ਰੋਲੀ-ਕੁਮਕਮ ਲਗਾ ਕੇ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕੱਪੜੇ, ਗਹਿਣੇ, ਫਲ਼, ਪਕਵਾਨ ਤੇ ਅੰਨ ਆਦਿ ਦਿੱਤਾ ਜਾਂਦਾ ਹੈ।
ਦਕਸ਼ਣਾ ਹੈ ਬੇਹੱਦ ਜ਼ਰੂਰੀ
ਨਰਾਤੇ 'ਚ ਕੰਜਕ ਪੂਜਨ ਤੋਂ ਬਾਅਦ ਬੱਚਿਆਂ ਨੂੰ ਪ੍ਰਸ਼ਾਦ ਗ੍ਰਹਿਣ ਕਰਵਾਉਣਾ ਚਾਹੀਦਾ ਹੈ। ਨਾਲ ਹੀ ਦਕਸ਼ਣਾ ਵੀ ਦੇਣੀ ਚਾਹੀਦੀ ਹੈ। ਇਹ ਕਾਫ਼ੀ ਅਹਿਮ ਹੁੰਦੀ ਹੈ। ਇਸ ਨਾਲ ਮਾਂ ਦੁਰਗਾ ਖੁਸ਼ ਹੋ ਕੇ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8