ਕਲਾ ਤੇ ਵਿੱਦਿਆ ਦੀ ਦੇਵੀ ਸਰਸਵਤੀ ਦਾ ਜਨਮ ਦਿਹਾੜਾ ‘ਬਸੰਤ ਪੰਚਮੀ’
2/16/2021 10:28:57 AM
ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਭਾਵੇਂ ਆਪੋ-ਆਪਣਾ ਮਹੱਤਵ ਰੱਖਦੀਆਂ ਹਨ ਪਰ ਇਨ੍ਹਾਂ ਸਭਨਾਂ ’ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਇਸੇ ਕਾਰਨ ਇਸ ਨੂੰ ਰੁੱਤਾਂ ਦੀ ਰਾਣੀ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਕੁਦਰਤ ’ਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਰੁੱਤ ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਡ ਦਾ ਦਬਾਅ ਘੱਟ ਜਾਂਦਾ ਹੈ ਅਤੇ ਦਰੱਖ਼ਤਾਂ ਅਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਤੋਂ ਨਵੇਂ ਰੂਪ ’ਚ ਖਿੜ ਉੱਠਦੇ ਹਨ ਅਤੇ ਸਭਨਾਂ ’ਚ ਇਕ ਨਵੀਂ ਸ਼ਕਤੀ ਦਿਖਾਈ ਦੇਣ ਲੱਗਦੀ ਹੈ। ਇਨਸਾਨੀ ਸਰੀਰ ’ਚ ਖੂਨ ਦਾ ਵਹਾਅ ਤੇਜ਼ ਹੋ ਜਾਣ ਸਦਕਾ ਮਨੁੱਖ ਨਵੀਂ ਫੁਰਤੀ ਅਨੁਭਵ ਕਰਨ ਲੱਗਦੇ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖ਼ਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ, ਇਸੇ ਲਈ ਕਿਹਾ ਜਾਂਦਾ ਹੈ-ਆਈ ਬਸੰਤ, ਪਾਲਾ ਉਡੰਤ।
ਸਰ੍ਹੋਂ ਦੇ ਖੇਤ, ਸਰ੍ਹੋਂ ਦੇ ਖਿੜੇ ਪੀਲੇ ਫੁੱਲ ਵੱਖਰਾ ਨਜ਼ਾਰਾ ਪੇਸ਼ ਕਰਦੇ ਹਨ
ਇਸ ਸੁਹਾਵਣੀ ਰੁੱਤ ਬਸੰਤ ’ਚ ਵਧੇਰੇ ਗਰਮੀ, ਸਰਦੀ ਸਹਿਣ ਨਾ ਕਰ ਸਕਣ ਵਾਲੇ ਬਜ਼ੁਰਗ ਸਰੀਰਾਂ ਨੂੰ ਪੂਰੀ ਤਰ੍ਹਾਂ ਰਾਹਤ ਮਹਿਸੂਸ ਹੁੰਦੀ ਹੈ। ਜਿਵੇਂ ਇਸ ਰੁੱਤ ’ਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿੜ ਉੱਠਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ ਅਤੇ ਸਰ੍ਹੋਂ ਦੇ ਖੇਤ, ਸਰ੍ਹੋਂ ਦੇ ਖਿੜੇ ਪੀਲੇ ਫੁੱਲ ਵੱਖਰਾ ਨਜ਼ਾਰਾ ਪੇਸ਼ ਕਰਦੇ ਹਨ, ਉਸੇ ਤਰ੍ਹਾਂ ਉਹ ਵੀ ਖਿੜੇ-ਖਿੜੇ ਮਹਿਸੂਸ ਕਰਦੇ ਹਨ। ਧਰਤੀ ’ਤੇ ਹਰ ਪਾਸੇ ਸੁੱਕੀ ਪਈ ਬਨਸਪਤੀ ਉਸ ’ਚ ਪੈਦਾ ਹੋਈ ਹਰਿਆਲੀ ਸਦਕਾ ਟਹਿਕ ਉੱਠਦੀ ਹੈ। ਹਰ ਪਾਸੇ ਖਿੜੀ ਫੁੱਲਾਂ ਦੀ ਬਹਾਰ ਸਦਕਾ ਇਨ੍ਹਾਂ ਉੱਪਰ ਸ਼ਹਿਦ ਦੇਣ ਵਾਲੀਆਂ ਮੱਖੀਆਂ ਅਤੇ ਤਿੱਤਲੀਆਂ ਉਡਾਰੀਆਂ ਭਰਦੀਆਂ ਹਨ।
ਚੇਤ ਮਹੀਨੇ ’ਚ ਇਸ ਰੁੱਤ ਦਾ ਹੁੰਦਾ ਹੈ ਅਸਲੀ ਆਗਮਨ ਹੁੰਦਾ
ਬਸੰਤ ਰੁੱਤ ਦਾ ਅਸਲੀ ਮਹੀਨਾ ਭਾਵੇਂ ਕਿ ਚੇਤ ਤੇ ਵਿਸਾਖ ਮੰਨਿਆ ਗਿਆ ਹੈ, ਕਿਉਂਕਿ ਛੇ ਰੁੱਤਾਂ ਸਾਲ ’ਚ ਆਉਣ ਸਦਕਾ ਇਸ ਦੇ ਹਿੱਸੇ ਵੀ ਦੋ ਮਹੀਨੇ ਆਉਂਦੇ ਹਨ ਅਤੇ ਚੇਤ ਮਹੀਨੇ ’ਚ ਇਸ ਰੁੱਤ ਦਾ ਅਸਲੀ ਆਗਮਨ ਹੁੰਦਾ ਹੈ ਪਰ ਇਸ ਰੁੱਤ ਦਾ ਪ੍ਰਭਾਵ ਫੱਗਣ ਮਹੀਨੇ ’ਚ ਹੀ ਦਿਖਾਈ ਦੇਣ ਲੱਗਦਾ ਹੈ, ਇਸ ਦਾ ਆਨੰਦ 3 ਮਹੀਨੇ ਫੱਗਣ ਤੋਂ ਵਿਸਾਖ ਤਕ ਮਿਲਦਾ ਹੈ ਪਰ ਇਸ ਰੁੱਤ ਬਸੰਤ ਦੀ ਆਮਦ ਦੀ ਖੁਸ਼ੀ ਦਾ ਤਿਉਹਾਰ ਬਸੰਤ ਪੰਚਮੀ ਮਾਘ ਦੇ ਮਹੀਨੇ ਦੇ ਸ਼ੁਕਲ ਪੱਖ ਦੀ 5ਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ, ਇਸੇ ਲਈ ਇਸ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ ਪਰ ਇਸ ਰੁੱਤ ਦੇ ਦੋ ਮਹੀਨੇ ਦੇ ਹੋਣ ਤੋਂ ਪਹਿਲਾਂ ਹੀ 40 ਦਿਨ ਮਾਘ ’ਚ ਸ਼ੁਰੂ ਹੋਣ ਸਬੰਧੀ ਇਕ ਬੜੀ ਦਿਲਚਸਪੀ ਜਾਣਕਾਰੀ ਮਿਲਦੀ ਹੈ, ਜਿਸ ਅਨੁਸਾਰ ਕਿਹਾ ਜਾਂਦਾ ਹੈ ਕਿ ਇਕ ਸਮੇਂ ਬਸੰਤ ਤੋਂ ਇਲਾਵਾ ਬਾਕੀ ਦੀਆਂ 5 ਰੁੱਤਾਂ ਨੇ ਇਕੱਠੇ ਹੋ ਕੇ ਬਸੰਤ ਨੂੰ ਆਪਣੀ ਰਾਣੀ ਮੰਨਿਆ ਹੈ। ਆਪਣੇ ਦੋ-ਦੋ ਮਹੀਨਿਆਂ ’ਚੋਂ 8-8 ਦਿਨ ਬਸੰਤ ਨੂੰ ਦਿੱਤੇ, ਜਿਸ ਸਦਕਾ ਬਸੰਤ ਰੁੱਤ ਕੋਲ 40 ਦਿਨ ਵੱਧ ਜਾਣ ਕਾਰਣ ਬਸੰਤ ਰੁੱਤ ਸਭ ਤੋਂ ਵੱਡੀ ਹੋ ਗਈ ਅਤੇ ਇਸ ਦੀ ਆਮਦ ਚੇਤ ਤੋਂ 40 ਦਿਨ ਪਹਿਲਾਂ ਮਾਘ ਸੁਦੀ ਪੰਚਮੀ ਤੋਂ ਬਸੰਤ ਮਨਾ ਕੇ ਸ਼ੁਰੂ ਕੀਤੀ ਜਾਣ ਲੱਗੀ। ਇਸ ਤਰ੍ਹਾਂ ਇਸ ਦਿਨ ਦਾ ਨਾਂ ਬਸੰਤ ਪੰਚਮੀ ਪਿਆ।
ਕਲਾ ਤੇ ਵਿੱਦਿਆ ਦੀ ਦੇਵੀ ਸਰਸਵਤੀ
ਕਲਾ ਤੇ ਵਿੱਦਿਆ ਦੀ ਦੇਵੀ ਸਰਸਵਤੀ ਦਾ ਜਨਮ ਦਿਨ ਵੀ ਬਸੰਤ ਪੰਚਮੀ ਨੂੰ ਹੀ ਮਨਾਇਆ ਜਾਂਦਾ ਹੈ। ਇਸ ਬਾਰੇ ਵੀ ਕਿਹਾ ਜਾਂਦਾ ਹੈ ਕਿ ਸ਼੍ਰੀ ਬ੍ਰਹਮਾ ਜੀ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ, ਆਪਣੀ ਰਚੀ ਇਸ ਰਚਨਾ ਨੂੰ ਦੇਖਣ ਨਿਕਲੇ ਤਾਂ ਉਨ੍ਹਾਂ ਨੇ ਚਾਰੇ ਪਾਸੇ ਸੁੰਨਸਾਨ ਦੇਖਿਆ, ਉਸ ਵਲੋਂ ਪੈਦਾ ਕੀਤੇ ਸਭ ਜੀਵ-ਜੰਤੂ ਚੁੱਪ ਅਤੇ ਉਦਾਸ ਸਨ। ਸ਼੍ਰੀ ਬ੍ਰਹਮਾ ਜੀ ਇਹ ਦੇਖ ਕੇ ਸੋਚ ’ਚ ਪੈ ਗਏ ਅਤੇ ਆਪਣੇ ਕਰਮੰਡਲ ’ਚ ਜਲ ਲੈ ਕੇ ਕਮਲ ਫੁੱਲ ’ਤੇ ਛਿੜਕਿਆ, ਜਿਸ ’ਤੇ ਕਮਲ ਫੁੱਲ ’ਚੋਂ ਇਕ ਸੁੰਦਰ ਦੇਵੀ ਪ੍ਰਗਟ ਹੋਈ, ਜਿਸ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ ਅਤੇ ਦੋ ਹੱਥਾਂ ਨਾਲ ਵੀਣਾ ਵਜਾ ਰਹੀ ਸੀ, ਇਕ ਹੱਥ ’ਚ ਮਾਲਾ ਅਤੇ ਇਕ ਹੱਥ ’ਚ ਪੁਸਤਕ ਸੀ। ਸ਼੍ਰੀ ਬ੍ਰਹਮਾ ਜੀ ਨੇ ਇਸ ਦੇਵੀ ਨੂੰ ਕਿਹਾ ਕਿ ਆਪਣੀ ਵੀਣਾ ਨਾਲ ਸੰਸਾਰ ਦੀ ਚੁੱਪ ਦੂਰ ਕਰੋ। ਇਸ ’ਤੇ ਇਸ ਦੇਵੀ ਨੇ ਵੀਣਾ ਵਜਾ ਕੇ ਸਭ ਜੀਵਾਂ ਨੂੰ ਵਾਣੀ ਪ੍ਰਦਾਨ ਕੀਤੀ। ਇਸ ਦੇਵੀ ਦੇ ਹੱਥ ’ਚ ਵੀਣਾ ਹੋਣ ਕਾਰਣ ਇਸ ਨੂੰ ਵੀਣਾ ਵਾਦਿਨੀ ਜਾਂ ਵੀਣਾ ਧਾਰਨੀ ਵੀ ਕਹਿੰਦੇ ਹਨ, ਬਸੰਤ ਪੰਚਮੀ ਦੇ ਦਿਨ ਨੂੰ ਸਰਸਵਤੀ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ।
ਇਸ ਦਿਨ ਬਸੰਤ ਪੰਚਮੀ ਨੂੰ ਮੌਸਮੀ ਤਿਉਹਾਰ ਦੇ ਰੂਪ ’ਚ ਵਧੇਰੇ ਮਨਾਇਆ ਜਾਂਦਾ ਹੈ, ਜਿਸ ਦਾ ਪੀਲੇ ਰੰਗ ਨਾਲ ਵਿਸ਼ੇਸ਼ ਲਗਾਓ ਹੈ। ਇਸ ਦਿਨ ਵਧੇਰੇ ਲੋਕਾਂ ਵਲੋਂ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ। ਘਰ ’ਚ ਕਈ ਪਕਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਹਨ, ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਵੀ ਰਿਵਾਜ ਹੈ, ਹਰ ਥਾਂ ’ਤੇ ਭਾਰੀ ਗਿਣਤੀ ’ਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਹਨ ਅਤੇ ਵੱਡੀਆਂ-ਵੱਡੀਆਂ ਸ਼ਰਤਾਂ ਵੀ ਲਗਾਉਂਦੇ ਹਨ। ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ’ਚ ਹੈ। ਰਾਜਸਥਾਨ ’ਚ ਜਨਾਨੀਆਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਪੱਛਮੀ ਬੰਗਾਲ ’ਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਕਾਫੀ ਰਿਵਾਜ ਹੈ ਅਤੇ ਇਥੇ ਇਹ ਦਿਨ ਬੜੇ ਉਤਸ਼ਾਹ ਨਾਲ ਸਰਸਵਤੀ ਪੂਜਾ ਨਾਲ ਮਨਾਇਆ ਜਾਂਦਾ ਹੈ।
ਇਸ ਬਸੰਤ ਰੁੱਤ ਨੂੰ ਕਵਿਤਾ ਖੇਤਰ ’ਚ ਵੀ ਪੂਰਨ ਤੌਰ ’ਤੇ ਮਾਨਤਾ ਪ੍ਰਾਪਤ ਹੈ, ਸ਼ਾਇਦ ਹੀ ਕੋਈ ਕਵੀ ਅਜਿਹਾ ਹੋਵੇ ਜਿਸ ਨੇ ਆਪਣੀ ਕਵਿਤਾ ’ਚ ਬਸੰਤ ਰੁੱਤ ਨੂੰ ਸ਼ਾਮਲ ਨਾ ਕੀਤਾ ਹੋਵੇ। ਇਸ ਦਾ ਗੁਣਗਾਨ ਕਰਨ ਵਾਲੇ ਕਵੀਆਂ ’ਚ ਭਗਵਾਨ ਵਾਲਮੀਕਿ ਅਤੇ ਮਹਾਕਵੀ ਕਾਲੀਦਾਸ ਨੇ ਤਾਂ ਬਸੰਤੀ ਸੰਯੋਗ-ਵਿਯੋਗ ਦਾ ਚਿਤਰਨ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਹੈ ਅਤੇ ਇਸ ਦਾ ਗੁਣਗਾਨ ਕਰਨ ਵਾਲਿਆਂ ’ਚ ਵਿੱਦਿਆਪਤੀ, ਨੰਦ ਦਾਸ, ਚੰਦਰਵਰਦਾਈ, ਪਦਮਾਕਰ, ਅਬੂਦਰ ਰਹਿਮਾਨ, ਸੈਨਾਪਤੀ, ਹਰੀਸ਼ ਚੰਦਰ, ਬਿਹਾਰੀ ਆਦਿ ਦੇ ਨਾਂ ਪ੍ਰਮੁੱਖ ਹਨ।
ਭਾਵੇਂ ਕਿ ਇਸ ਵੇਲੇ ਬਸੰਤ ਪੰਚਮੀ ਵਾਲੇ ਦਿਨ ਉਹ ਪਹਿਲਾਂ ਵਾਲਾ ਨਜ਼ਾਰਾ ਨਹੀਂ ਰਿਹਾ ਜਿਵੇਂ ਆਧੁਨਿਕਤਾ ਦੇ ਦੌਰ ’ਚ ਪੁਰਾਣੇ ਰੰਗ-ਢੰਗ ਸਭ ਬਦਲਦੇ ਜਾ ਰਹੇ ਹਨ ਪਰ ਫਿਰ ਵੀ ਬਸੰਤ ਪੰਚਮੀ ਵਾਲੇ ਦਿਨ ਅਨੇਕਾਂ ਥਾਵਾਂ ’ਤੇ ਬਸੰਤ ਮੇਲੇ ਵੀ ਜੁੜਦੇ ਹਨ। ਪੰਜਾਬ ’ਚ ਇਸ ਦਿਨ ਨਾਲ ਸਬੰਧਤ ਮੇਲਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲੱਗਦਾ ਹੈ, ਜਿਹੜਾ ਕਿ ਇਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ ਅਤੇ ਇਥੇ ਬਣੇ ਸਰੋਵਰ ’ਚ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੇ ਹਨ। ਵੀਰ ਹਕੀਕਤ ਰਾਏ ਦਾ ਬਲੀਦਾਨ ਦਿਵਸ ਬਸੰਤ ਪੰਚਮੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ।
ਸੱਤ ਪ੍ਰਕਾਸ਼ ਸਿੰਗਲਾ