ਝੀਲ ਦੇ ਅੰਦਰ ਬਣਿਆ ‘ਆਨੰਥਪੁਰਾ ਮੰਦਰ’
9/9/2020 2:21:24 PM
ਬਲਰਾਜ ਸਿੰਘ ਸਿੱਧੂ
ਆਨੰਥਪੁਰਾ ਮੰਦਰ ਕੇਰਲਾ ਦੇ ਕਾਸਰਾਗੌੜ ਜ਼ਿਲ੍ਹੇ ਵਿਚ ਇਕ ਝੀਲ ਦੇ ਅੰਦਰ ਬਣਿਆ ਹੋਇਆ ਹੈ। ਇਹ ਮੰਦਰ ਭਗਵਾਨ ਵਿਸ਼ਣੂੰ ਜੀ ਨੂੰ ਸਮਰਪਿਤ ਹੈ। ਇਹ ਮੰਦਰ ਕੇਰਲਾ ਦਾ ਇਕੋ-ਇਕ ਮੰਦਰ ਹੈ, ਜੋ ਕਿਸੇ ਝੀਲ ਦੇ ਅੰਦਰ ਬਣਿਆ ਹੋਇਆ ਹੈ। ਮਾਨਤਾ ਹੈ ਕਿ ਇਸ ਜਗ੍ਹਾ 'ਤੇ ਰਿਸ਼ੀ ਵਿਲਮਾਮੰਗਲਮ ਨੇ ਘੋਰ ਤਪੱਸਿਆ ਕੀਤੀ ਸੀ। ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਵਿਸ਼ਣੂੰ ਜੀ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਸਦਾ ਲਈ ਇਥੇ ਨਿਵਾਸ ਕਰਨ ਦਾ ਵਾਅਦਾ ਕੀਤਾ ਸੀ।
ਇਸ ਮੰਦਰ ਦੀ ਉਸਾਰੀ 200 ਈਸਵੀ ਦੇ ਲਗਭਗ ਰਾਜਾ ਬਲਾਲ ਵੱਲਭ ਨੇ ਕਰਵਾਈ ਸੀ ਤੇ ਇਹ 10 ਏਕੜ ਦੀ ਝੀਲ ਦੇ ਵਿਚਕਾਰ ਸਥਿੱਤ ਹੈ। ਝੀਲ ਨੂੰ ਪਾਣੀ ਨਜ਼ਦੀਕ ਹੀ ਸਥਿੱਤ ਇਕ ਬਾਰਾਂ ਮਹੀਨੇ ਚੱਲਣ ਵਾਲੇ ਚਸ਼ਮੇ ਤੋਂ ਪ੍ਰਾਪਤ ਹੁੰਦਾ ਹੈ। ਮੰਦਰ ਤੱਕ ਜਾਣ ਲਈ ਇੱਕ ਪੁਲ ਬਣਿਆ ਹੋਇਆ ਹੈ। ਗਰਭ ਗ੍ਰਹਿ ਵਿਚ ਸ਼ੇਸ਼ਨਾਗ ਦੀ ਸੇਜ 'ਤੇ ਲੇਟੇ ਭਗਵਾਨ ਵਿਸ਼ਣੂੰ ਤੋਂ ਇਲਾਵਾ ਜਲ ਦੁਰਗਾ ਦੀਆਂ ਮੂਰਤੀਆਂ ਸ਼ੁਸ਼ੋਭਿਤ ਹਨ। ਇਨ੍ਹਾਂ ਮੂਰਤੀਆਂ ਦੀ ਖਾਸ ਗੱਲ ਇਹ ਹੈ ਕਿ ਇਹ 70 ਕਿਸਮ ਦੀਆਂ ਧਾਤਾਂ ਨੂੰ ਮਿਲਾ ਕੇ ਬਣਾਈਆਂ ਗਈਆਂ ਹਨ। ਮੰਦਰ ਦੀਆਂ ਦੀਵਾਰਾਂ 'ਤੇ ਭਗਵਾਨ ਵਿਸ਼ਣੂੰ ਜੀ ਦੇ ਦਸ ਅਵਤਾਰਾਂ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਲੱਕੜ ਦੀ ਬਣੀ ਛੱਤ ਅਤੇ ਦਰਵਾਜ਼ਿਆਂ 'ਤੇ ਸ਼ਾਨਦਾਰ ਮੀਨਾਕਾਰੀ ਕੀਤੀ ਗਈ ਹੈ।
ਇਸ ਮੰਦਰ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੀ ਝੀਲ ਵਿਚ ਕਈ ਸਾਲਾਂ ਤੋਂ ਬਬੀਆ ਨਾਮਕ ਸ਼ਾਕਾਹਾਰੀ ਮਗਰਮੱਛ ਰਹਿ ਰਿਹਾ ਹੈ। ਅੱਜ ਤੱਕ ਇਸ ਮਗਰਮੱਛ ਨੇ ਕਦੇ ਵੀ ਕਿਸੇ ਇਨਸਾਨ ਜਾਂ ਜਾਨਵਰ 'ਤੇ ਹਮਲਾ ਨਹੀਂ ਕੀਤਾ। ਬਬੀਆ ਨੂੰ ਹਰ ਰੋਜ਼ ਦੁਪਹਿਰ ਦੀ ਪੂਜਾ ਤੋਂ ਬਾਅਦ ਉਬਲੇ ਹੋਏ ਚਾਵਲਾਂ ਅਤੇ ਗੁੜ ਨਾਲ ਬਣਾਇਆ ਗਿਆ ਪ੍ਰਸ਼ਾਦ ਰੂਪੀ ਖਾਣਾ (ਲੱਡੂ) ਖਵਾਇਆ ਜਾਂਦਾ ਹੈ। ਇਹ ਹਮੇਸ਼ਾਂ ਨਿਸ਼ਚਤ ਸਮੇਂ 'ਤੇ ਪਹੁੰਚ ਜਾਂਦਾ ਹੈ ਤੇ ਪੁਜਾਰੀ ਇਸ ਨੂੰ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਹੱਥਾਂ ਨਾਲ ਪ੍ਰਸ਼ਾਦ ਖਵਾਉਂਦੇ ਹਨ। ਕਹਿੰਦੇ ਹਨ ਕਿ 1940 ਵਿੱਚ ਇੱਕ ਅੰਗਰੇਜ਼ ਸ਼ਿਕਾਰੀ ਨੇ ਜਦੋਂ ਇਸ ਮੰਦਰ ਦੇ ਮੱਗਰਮੱਛ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਤਾਂ ਕੁਝ ਹੀ ਦਿਨਾਂ ਬਾਅਦ ਉਹ ਸੱਪ ਲੜ ਕੇ ਮਰ ਗਿਆ।
ਇਸ ਘਟਨਾ ਤੋਂ ਕੁਝ ਹੀ ਦਿਨਾਂ ਬਾਅਦ ਇਕ ਨਵਾਂ ਮਗਰਮੱਛ ਝੀਲ ਵਿੱਚ ਪਹੁੰਚ ਗਿਆ। ਹੁਣ ਵੀ ਜਦੋਂ ਪੁਰਾਣਾ ਮਗਰਮੱਛ ਬੁੱਢਾ ਹੋ ਕੇ ਮਰ ਜਾਂਦਾ ਹੈ ਤਾਂ ਚਮਤਕਾਰੀ ਤਰੀਕੇ ਨਾਲ ਨਵਾਂ ਮਗਰਮੱਛ ਉਸ ਦੀ ਜਗ੍ਹਾ ਲੈ ਲੈਂਦਾ ਹੈ। ਮੰਦਰ ਦੀ ਯਾਤਰਾ ਕਰਦੇ ਸਮੇਂ ਜੇ ਕਿਸੇ ਸ਼ਰਧਾਲੂ ਨੂੰ ਬਬੀਆ ਝੀਲ ਵਿੱਚ ਤੈਰਦਾ ਹੋਇਆ ਦਿਖਾਈ ਦੇ ਜਾਵੇ ਤਾਂ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹੈ।
ਪੰਡੋਰੀ ਸਿੱਧਵਾਂ, ਮੋ. 9501100062