ਸੰਤਾਨ ਦੇ ਸੁੱਖ, ਖੁਸ਼ਹਾਲੀ ਤੇ ਲੰਮੀ ਉਮਰ ਨੂੰ ਸਮਰਪਿਤ ‘ਅਹੋਈ ਅਸ਼ਟਮੀ ਵਰਤ’

11/5/2023 9:48:49 AM

ਕੱਤਕ ਦਾ ਮਹੀਨਾ ਸਾਡੇ ਸਨਾਤਨ ਧਰਮ ਵਿੱਚ ਤਿਉਹਾਰਾਂ ਨਾਲ ਭਰਪੂਰ ਮਹੀਨਾ ਮੰਨਿਆ ਜਾਂਦਾ ਹੈ। ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਖ਼ ਨੂੰ ਅਹੋਈ ਅਸ਼ਟਮੀ ਦਾ ਵਰਤ ਬੱਚਿਆਂ ਦੀ ਖੁਸ਼ਹਾਲੀ, ਲੰਬੀ ਉਮਰ ਅਤੇ ਸ਼ੁੱਭ ਜੀਵਨ ਲਈ ਰੱਖਿਆ ਜਾਂਦਾ ਹੈ। ਅਹੋਈ ਅਸ਼ਟਮੀ ਦੀ ਪੂਜਾ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਨ ਤੋਂ ਬਾਅਦ ਵਰਤ ਰੱਖਣ ਦਾ ਸੰਕਲਪ ਲਿਆ ਜਾਂਦਾ ਹੈ। ਸਾਹੀ ਮਾਤਾ ਅਤੇ ਉਨ੍ਹਾਂ ਦੇ ਪੁੱਤਰਾਂ ਦੀ ਤਸਵੀਰ ਨਾਲ ਅਹੋਈ ਮਾਤਾ ਦੀ ਮੂਰਤੀ ਬਣਾਈ ਗਈ ਹੈ। ਔਰਤਾਂ ਸਵੇਰੇ ਉੱਠ ਕੇ ਮੰਦਰ ’ਚ ਪੂਜਾ ਕਰਨ ਲਈ ਜਾਂਦੀਆਂ ਹਨ ਅਤੇ ਇਹ ਵਰਤ ਉਥੇ ਪੂਜਾ ਨਾਲ ਸ਼ੁਰੂ ਹੁੰਦਾ ਹੈ।

PunjabKesari
 
ਧੀਆਂ ਵਾਲੀਆਂ ਔਰਤਾਂ ਅਤੇ ਬੇਔਲਾਦ ਔਰਤਾਂ ਲਈ ਇਹ ਵਰਤ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਬੱਚਿਆਂ ਦੀ ਭਲਾਈ ਲਈ ਰੱਖੇ ਜਾਣ ਵਾਲੇ ਇਸ ਵਰਤ ਦੀਆਂ ਰਸਮਾਂ ਬਹੁਤ ਸਖ਼ਤ ਹਨ। ਇਸ ਦਿਨ ਮਾਵਾਂ ਨਿਰਜਲ ਰਹਿ ਕੇ ਅਤੇ ਰਾਤ ਨੂੰ ਚੰਦ ਜਾਂ ਤਾਰਿਆਂ ਨੂੰ ਦੇਖ ਕੇ ‘ਉਦਯਾਪਨ’ ਕਰਦੀਆਂ ਹਨ। ਇਸ ਵਰਤ ਨਾਲ ਇਕ ਕਹਾਣੀ ਵੀ ਜੁੜੀ ਹੋਈ ਹੈ। ਪੁਰਾਣੇ ਸਮਿਆਂ ਵਿਚ ਇਕ ਸ਼ਹਿਰ ’ਚ ਸ਼ਾਹੂਕਾਰ ਰਹਿੰਦਾ ਸੀ। ਉਸ ਦੇ ਸੱਤ ਮੁੰਡੇ ਸਨ। ਦੀਵਾਲੀ ਤੋਂ ਪਹਿਲਾਂ ਸ਼ਾਹੂਕਾਰ ਦੀ ਪਤਨੀ ਘਰ ਦੇ ਪਲਸਤਰ ਲਈ ਮਿੱਟੀ ਲੈਣ ਲਈ ਬਾਹਰ ਖੇਤ ’ਚ ਗਈ ਅਤੇ ਕੁਦਾਲ (ਸੱਬਲ) ਨਾਲ ਮਿੱਟੀ ਪੁੱਟਣ ਲੱਗੀ। ਅਚਨਚੇਤ ਉਸ ਔਰਤ ਦੇ ਹੱਥੋਂ ਕੁਦਾਲ ਲੱਗਣ ਨਾਲ ਸੇਹ ਦੇ ਬੱਚੇ ਦੀ ਮੌਤ ਹੋ ਗਈ। ਉਸ ਨੂੰ ਆਪਣੇ ਹੱਥੀਂ ਕੀਤੇ ਕਤਲ ਦਾ ਬਹੁਤ ਦੁੱਖ ਹੋਇਆ।

PunjabKesari

ਕੁਝ ਦਿਨਾਂ ਬਾਅਦ ਉਸ ਦੇ ਇਕ ਪੁੱਤਰ ਦੀ ਮੌਤ ਹੋ ਗਈ। ਇਸ ਤਰ੍ਹਾਂ ਉਸ ਦੇ ਸਾਰੇ ਪੁੱਤਰ ਇਕ ਸਾਲ ਦੇ ਅੰਦਰ ਹੀ ਮਰ ਗਏ। ਉਸ ਦੁੱਖੀ ਅਤੇ ਪਰੇਸ਼ਾਨ ਹੁੰਦਾ ਵੇਖ ਕੇ ਆਲੇ-ਦੁਆਲੇ ਦੀਆਂ ਬਜ਼ੁਰਗ ਔਰਤਾਂ ਨੇ ਉਸ ਨੂੰ ਸਮਝਾਇਆ ਕਿ ਇਹ ਉਸ ਤੋਂ ਅਣਜਾਣੇ ਵਿੱਚ ਹੋਈ ਗਲਤੀ ਦਾ ਨਤੀਜਾ ਹੈ। ਇਸ ਲਈ ਇਸ ਅਸ਼ਟਮੀ ’ਤੇ ਦੇਵੀ ਭਗਵਤੀ ਦਾ ਆਸਰਾ ਲਓ ਅਤੇ ਸੇਹ ਦੇ ਬੱਚੇ ਦੀ ਤਸਵੀਰ ਬਣਾ ਕੇ ਉਸ ਦੀ ਪੂਜਾ ਕਰੋ। ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਰੇ ਪਾਪ ਧੋਤੇ ਜਾਣਗੇ। ਸ਼ਾਹੂਕਾਰ ਦੀ ਪਤਨੀ ਨੇ ਬਜ਼ੁਰਗ ਔਰਤਾਂ ਦੇ ਜ਼ੋਰ ਪਾਉਣ ’ਤੇ ਅਹੋਈ ਅਸ਼ਟਮੀ ਵਾਲੇ ਦਿਨ ਸ਼ਰਧਾ ਨਾਲ ਇਹ ਵਰਤ ਰੱਖਿਆ ਅਤੇ ਅਹੋਈ ਦੀ ਕਿਰਪਾ ਨਾਲ ਉਸ ਨੂੰ ਦੁਬਾਰਾ ਬੱਚੇ ਦੀ ਬਖਸ਼ਿਸ਼ ਹੋਈ। 

ਅਸਲ ਵਿਚ ਅਹੋਈ ਦਾ ਅਰਥ ਹੈ- ‘ਅਣਹੋਣੀ ਨੂੰ ਵੀ ਬਦਲ ਦੇਣਾ।’ ਜੇਕਰ ਇਸ ਵਰਤ ਨੂੰ ਸ਼ਰਧਾ ਨਾਲ ਰੱਖਿਆ ਜਾਵੇ ਤਾਂ ਇਹ ਬੱਚਿਆਂ ਨੂੰ ਬੁਰਾਈਆਂ ਤੋਂ ਬਚਾਉਂਦਾ ਹੈ। ਇਸ ਮੌਕੇ ਭਗਵਾਨ ਸ਼ਿਵ ਅਤੇ ਪਾਰਵਤੀ ਦੀ ਵਿਸ਼ੇਸ਼ ਪੂਜਾ ਦਾ ਵੀ ਪ੍ਰਬੰਧ ਹੈ। ਇਸ ਵਰਤ ਦੌਰਾਨ ਔਰਤਾਂ ਵੀ ਆਪਣੀ ਸੱਸ ਜਾਂ ਘਰ ਦੀਆਂ ਬਜ਼ੁਰਗ ਔਰਤਾਂ ਨੂੰ ਕੱਪੜੇ ਆਦਿ ਭੇਂਟ ਕਰਕੇ ਆਸ਼ੀਰਵਾਦ ਲੈਂਦੀਆਂ ਹਨ। 

PunjabKesari

ਪੂਜਾ ਦੇ ਸਮੇਂ ਔਰਤਾਂ ਹੱਥਾਂ ਵਿਚ ਕਣਕ ਦੇ ਸੱਤ ਦਾਣੇ ਲੈ ਕੇ ਕਥਾ ਸੁਣਦੀਆਂ ਹਨ। ਬੱਚਿਆਂ ਨੂੰ ਵੀ ਪੂਜਾ ਕਰਨ ਵੇਲੇ ਇਕੱਠੇ ਬੈਠਣਾ ਚਾਹੀਦਾ ਹੈ। ਮਾਤਾ ਜੀ ਨੂੰ ਭੋਗ ਪਾਉਣ ਤੋਂ ਬਾਅਦ ਮਾਵਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਪ੍ਰਸ਼ਾਦ ਖੁਆਉਂਦੀਆਂ ਹਨ। ਰਾਤ ਨੂੰ ਔਰਤਾਂ ਤਾਰਿਆਂ ਦੀ ਪੂਜਾ ਕਰਕੇ ਆਪਣਾ ਵਰਤ ਖ਼ਤਮ ਕਰਦੀਆਂ ਹਨ। ਇਸ ਵਰਤ ਦੀ ਪਾਲਣਾ ਦੌਰਾਨ ਮਾਵਾਂ ਆਪਣੇ ਬੱਚਿਆਂ ਦੀ ਭਲਾਈ ਲਈ ਦਿਨ ਭਰ ਹਿੰਸਾ, ਜਾਨਵਰਾਂ ਨੂੰ ਮਾਰਨਾ, ਫਜ਼ੂਲ ਗੱਲਾਂ ਅਤੇ ਬੱਚਿਆਂ ਨੂੰ ਕੁੱਟਣਾ ਆਦਿ ਦਾ ਤਿਆਗ ਕਰਕੇ ਆਪਣੇ ਬੱਚਿਆਂ ਦੀ ਭਲਾਈ ਲਈ ਅਰਦਾਸ ਕਰਦੀਆਂ ਹਨ।                    

ਅਚਾਰੀਆ ਦੀਪ ਚੰਦ ਭਾਰਦਵਾਜ


rajwinder kaur

Content Editor rajwinder kaur