Ahoi Ashtami 2021: ਅੱਜ ਹੈ ‘ਅਹੋਈ ਅਸ਼ਟਮੀ’, ਬੱਚਿਆਂ ਦੀ ਲੰਮੀ ਉਮਰ ਲਈ ਪੜ੍ਹੀ ਜਾਂਦੀ ਹੈ ਇਹ ਪ੍ਰਚਲਿਤ ਕਥਾ

10/28/2021 10:14:17 AM

ਅਹੋਈ ਅਸ਼ਟਮੀ ਦਾ ਵਰਤ ਕੱਤਕ ਦੇ ਕ੍ਰਿਸ਼ਣ ਪੱਖ ਦੀ ਅੱਠਵੀਂ ਮਿਤੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਮਾਵਾਂ ਆਪਣੇ ਬੱਚਿਆਂ ਦੀ ਰੱਖਿਆ ਲਈ ਪੂਰਾ ਦਿਨ ਵਰਤ ਕਰਦੀਆਂ ਹਨ। ਸ਼ਾਮ ਨੂੰ ਦੀਵਾਰ ’ਤੇ ਛਾਪ ਕੇ ਅਹੋਈ ਮਾਤਾ ਦੀ ਪੂਜਾ ਕਰਦੀਆਂ ਹਨ ਅਤੇ ਕਥਾ ਸੁਣਦੀਆਂ ਹਨ। ਅਹੋਈ ਮਾਤਾ ਦੀ ਮੂਰਤੀ ’ਚ ਸੰਸਾਰ ਸੰਜੋਇਆ ਦਿਖਾਇਆ ਜਾਂਦਾ ਹੈ। ਰਾਤ ਨੂੰ  ਤਾਰੇ ਨੂੰ ਅਰਘ ਦੇ ਕੇ ਵਰਤ ਖੋਲ੍ਹਿਆ ਜਾਂਦਾ ਹੈ। 

ਇਸ ਵਰਤ ਵਾਲੇ ਦਿਨ ਦੇ ਸੰਬੰਧ ’ਚ ਪ੍ਰਚਲਿਤ ਕਥਾ ਹੇਠ ਲਿਖੀ ਹੈ : ‘‘ਪੁਰਾਣੇ ਸਮੇਂ ਦੀ ਗੱਲ ਹੈ। ਦਤਿਆ ਨਾਂ ਦੇ ਨਗਰ ’ਚ ਇਕ ਸੇਠ ਚੰਦਰਭਾਨ ਰਹਿੰਦਾ ਸੀ। ਉਸ ਦੀ ਪਤਨੀ ਦਾ ਨਾਂ ਚੰਦ੍ਰਿਰਕਾ ਸੀ, ਜੋ ਬਹੁਤ ਗੁਣਵਤੀ, ਸੁੰਦਰ ਅਤੇ ਚਰਿੱਤਰਵਾਨ ਸੀ। ਉਸ ਦੀਆਂ ਕਈ ਔਲਾਦਾਂ ਹੋਈਆਂ ਪਰ ਸਾਰਿਆਂ ਦੀ ਛੋਟੀ ਉਮਰ ’ਚ ਹੀ ਮੌਤ ਹੋ ਜਾਂਦੀ ਸੀ। ਔਲਾਦਾਂ ਦੇ ਇਸ ਤਰ੍ਹਾਂ ਮਰਦੇ ਰਹਿਣ ਕਾਰਨ ਪਤੀ-ਪਤਨੀ ਬਹੁਤ ਦੁਖੀ ਸਨ ਅਤੇ ਉਨ੍ਹਾਂ ਨੂੰ ਚਿੰਤਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਵੰਸ਼ ਕੌਣ ਚਲਾਏਗਾ। ਇਕ ਦਿਨ ਦੋਵਾਂ ਨੇ ਸੋਚਿਆ ਕਿ ਅਸੀਂ ਸਭ ਕੁਝ ਤਿਆਗ ਕੇ ਜੰਗਲਾਂ ’ਚ ਨਿਵਾਸ  ਕਰੀਏ ਅਤੇ ਇਹ ਸੋਚ ਕੇ ਉਹ ਸਭ ਕੁਝ ਛੱਡ ਕੇ ਜੰਗਲ ਵੱਲ ਚਲ ਪਏ। ਚਲਦੇ-ਚਲਦੇ ਪਤੀ-ਪਤਨੀ ਬਦ੍ਰਿਰਕਾ ਆਸ਼ਰਮ ਦੇ ਕੋਲ ਸ਼ੀਤਲ ਕੁੰਡ ਦੇ ਨੇੜੇ ਪੁਹੰਚੇ ਅਤੇ ਉਥੇ ਜਾ ਕੇ ਪ੍ਰਾਣ ਤਿਆਗਣ ਦਾ ਮਨ ਬਣਾ ਲਿਆ ਅਤੇ ਅੰਨ-ਜਲ ਤਿਆਗ ਕੇ ਬੈਠ ਗਏ।

ਇਸੇ ਤਰ੍ਹਾਂ ਬੈਠੇ ਕਈ ਦਿਨ ਬੀਤ  ਗਏ ਤਾਂ ਸੱਤਵੇਂ ਦਿਨ ਆਕਾਸ਼ਵਾਣੀ ਹੋਈ ਕਿ ਤੁਸੀਂ ਆਪਣੇ ਪ੍ਰਾਣ ਨਾ ਤਿਆਗੋ। ਇਹ ਦੁੱਖ ਤੁਹਾਨੂੰ ਪਿਛਲੇ ਜਨਮ ਦੇ ਪਾਪ ਕਰਮਾਂ ਤੋਂ ਮਿਲਿਆ ਹੈ। ਐ ਸੇਠ, ਹੁਣ ਤੁਸੀਂ ਆਪਣੀ ਪਤਨੀ ਨਾਲ ਆਉਣ ਵਾਲੇ ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਅੱਠਵੀਂ ਮਿਤੀ ਨੂੰ ਵਰਤ ਕਰਵਾਉਣਾ, ਜਿਸ ਦੇ ਅਸਰ ਨਾਲ ਅਹੋਈ ਦੇਵੀ ਪ੍ਰਗਟ ਹੋਵੇਗੀ। ਤੁਸੀਂ ਉਨ੍ਹਾਂ ਤੋਂ ਆਪਣੇ ਪੁੱਤਰਾਂ ਦੀ ਲੰਬੀ ਉਮਰ ਮੰਗਣਾ। ਵਰਤ ਦੇ ਦਿਨ ਤੁਸੀਂ ਰਾਧਾ ਕੁੰਡ ’ਚ ਇਸ਼ਨਾਨ ਕਰਨਾ।

ਕੱਤਕ ਦੇ ਮਹੀਨੇ ਦੀ ਕ੍ਰਿਸ਼ਣ ਪੱਖ ਦੀ ਅੱਠਵੀਂ ਮਿਤੀ  ’ਤੇ ਚੰਦਰਿਕਾ ਨੇ ਬੜੀ ਸ਼ਰਧਾ ਨਾਲ ਅਹੋਈ ਦੇਵੀ ਦਾ ਵਰਤ ਰੱਖਿਆ ਅਤੇ ਰਾਤ ਨੂੰ ਸੇਠ ਨੇ ਰਾਧਾ ਕੁੰਡ ’ਚ ਇਸ਼ਨਾਨ ਕੀਤਾ। ਜਦੋਂ ਸੇਠ ਇਸ਼ਨਾਨ ਕਰਕੇ ਵਾਪਸ ਆ ਰਿਹਾ ਸੀ ਤਾਂ ਰਸਤੇ ’ਚ ਅਹੋਈ ਦੇਵੀ ਨੇ ਦਰਸ਼ਨ ਦਿੱਤੇ ਅਤੇ ਬੋਲੀ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ। ਤੁਸੀਂ ਮੇਰੇ ਤੋਂ ਕੋਈ ਵੀ ਵਰ ਮੰਗੋ।

ਅਹੋਈ ਦੇਵੀ ਦੇ ਦਰਸ਼ਨ ਕਰਕੇ ਸੇਠ ਬੁਹਤ ਖੁਸ਼ ਹੋਇਆ ਅਤੇ ਉਸ ਨੇ ਕਿਹਾ ਕਿ ਮਾਂ ਮੇਰੇ ਬੱਚੇ ਦੀ ਛੋਟੀ ਉਮਰ ’ਚ ਹੀ ਸਵਰਗ ਸਿਧਾਰ ਜਾਂਦੇ ਹਨ, ਇਸ ਲਈ ਉਨ੍ਹਾਂ ਦੀ ਲੰਬੀ ਉਮਰ ਦਾ ਵਰ ਦਿਓ। ਅਹੋਈ ਦੇਵੀ ਨੇ ਕਿਹਾ ਅਜਿਹਾ ਹੀ ਹੋਵੇਗਾ ਅਤੇ ਅੰਤਰਧਿਆਨ  ਹੋ ਗਈ। ਕੁਝ ਸਮੇਂ ਬਾਅਦ ਸੇਠ ਦੇ ਘਰੇ ਪੁੱਤਰ ਪੈਦਾ ਹੋਇਆ ਅਤੇ ਵੱਡਾ ਹੋ ਕੇ ਵਿਦਵਾਨ, ਸ਼ਕਤੀਸ਼ਾਲੀ ਅਤੇ ਪ੍ਰਤਾਪੀ ਹੋਇਆ।’’

ਇਸ ਮਹਿਮਾ ਕਾਰਨ ਹੀ ਅਹੋਈ ਮਾਤਾ ਦੇ ਵਰਤ ਦਾ ਪ੍ਰਭਾਵ  ਬਣਿਆ। ਉਸ ਦਿਨ ਕੱਤਕ ਕ੍ਰਿਸ਼ਣ ਪੱਖ ਦੀ ਅੱਠਵੀਂ ਮਿਤੀ ਸੀ, ਇਸ ਲਈ ਸਾਰੀਆਂ ਮਾਵਾਂ ਇਸ ਦਿਨ ਵਰਤ ਰੱਖਦੀਆਂ ਹਨ ਅਤੇ ਵਿਧੀ ਅਨੁਸਾਰ ਪੂਜਾ ਅਰਾਧਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। 

ਸੱਤ ਪ੍ਰਕਾਸ਼ ਸਿੰਗਲਾ


Rahul Singh

Content Editor Rahul Singh