ਅਗਰਵਾਲ ਸਮਾਜ ਦੇ ਸਿਰਜਕ ਮਹਾਰਾਜਾ ਅਗਰਸੈਨ ਜੀ
10/14/2020 10:37:14 AM
ਅਗਰਵਾਲ ਸਮਾਜ ਦੇ ਸਿਰਜਣਹਾਰ ਮਹਾਰਾਜਾ ਅਗਰਸੈਨ ਇਕ ਮਹਾਂਪੁਰਸ਼ ਹੀ ਨਹੀਂ ਇਕ ਯੁੱਗ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਉਸ ਸਮੇਂ ਦੀ ਨਬਜ਼ ਨੂੰ ਪਛਾਣਦੇ ਹੋਏ ਅਗਰੋਹਾ (ਜ਼ਿਲ੍ਹਾ ਹਿਸਾਰ) ਹਰਿਆਣਾ ਵਿਖੇ ਇਕ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕਰਕੇ ਅਗਰਵਾਲ (ਵੈਸ਼ਯ) ਸਮਾਜ ਨੂੰ ਸ਼ਕਤੀਸ਼ਾਲੀ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਨੇ 18 ਕੁਲਾਂ ਦੇ ਆਧਾਰ 'ਤੇ ਅਗਰਵਾਲ ਸਮਾਜ ਦਾ ਸੰਗਠਨ ਕਰਕੇ ਇਕ ਨਵੇਂ ਵੰਸ਼ ਦੇ ਮੋਢੀ ਬਣੇ।
ਮਹਾਰਾਜਾ ਅਗਰਸੈਨ ਨੇ ਆਪਣੇ ਰਾਜ ਵਿਚ ਜਿਸ ਗਣਰਾਜ ਦੀ ਸਥਾਪਨਾ ਕੀਤੀ, ਉਸ ਲਈ ਸ਼ਕਤੀ ਅਤੇ ਧਨ ਦੇ ਪ੍ਰਬੰਧਾਂ ਲਈ ਸ਼ਿਵਜੀ ਅਤੇ ਲਕਸ਼ਮੀ ਜੀ ਦੀ ਅਰਾਧਨਾ ਕੀਤੀ। ਰਾਜ ਮੰਤਰੀ ਸ਼ਾਸ਼ਕ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਰਾਜ ਵਿਚ ਲੋਕਤੰਤਰੀ ਰਾਜ ਅਤੇ ਪੰਚਾਇਤੀ ਰਾਜ ਦੀ ਨੀਂਹ ਰੱਖੀ ਅਤੇ ਆਪਸੀ ਸਹਿਯੋਗ ਦੀ ਭਾਵਨਾ ਦਾ ਵਿਕਾਸ ਕੀਤਾ ਆਪਣੇ ਰਾਜ ਵਿਚ ਵਸਣ ਵਾਲੇ 18 ਵੈਸ਼ਯ ਕੁਲਾਂ ਨੂੰ ਯੱਗਾਂ ਦੁਆਰਾ ਸੰਗਠਿਤ ਇਕਾਈ ਦਾ ਰੂਪ ਦੇ ਕੇ ਅਗਰਵਾਲ ਸਮਾਜ ਦੀ ਸਿਰਜਣਾ ਕੀਤੀ।
ਅਗਰਵਾਲ ਸ਼੍ਰੋਮਣੀ ਮਹਾਰਾਜਾ ਅਗਰਸੈਨ ਦਾ ਜਨਮ ਲਗਭਗ 5 ਹਜ਼ਾਰ ਸਾਲ ਪਹਿਲਾਂ ਅੱਸੂ ਦੇ ਸ਼ੁਕਲ ਪੱਖ ਦੀ ਪਹਿਲੀ ਤਿਥੀ ਨੂੰ ਪਿਤਾ ਰਾਜਾ ਬੱਲਭ ਤੇ ਦਾਦਾ ਰਾਜਾ ਮਹੀਸ਼ਵਰ ਦੇ ਘਰ ਪ੍ਰਤਾਪ ਨਗਰ ਵਿਖੇ ਹੋਇਆ ਸੀ। ਸਿੱਖਿਆ ਪ੍ਰਾਪਤੀ ਮਗਰੋਂ ਸਮੇਂ ਅਨੁਸਾਰ ਰਾਜਾ ਬੱਲਭ ਨੇ ਮਹਾਰਾਜਾ ਅਗਰਸੈਨ ਜੀ ਨੂੰ ਰਾਜ ਤਿਲਕ ਕੀਤਾ। ਰਾਜ ਸਿੰਘਾਸਨ 'ਤੇ ਬੈਠਦੇ ਹੀ ਮਹਾਰਾਜਾ ਅਗਰਸੈਨ ਜੀ ਨੇ ਰਾਜ ਦਾ ਵਿਸਥਾਰ ਕਰਨਾ ਸ਼ੁਰੂ ਕੀਤਾ। ਧਨ ਦੀ ਕਮੀ ਆਉਣ ਤੇ ਮਹਾਲਕਸ਼ਮੀ ਦੀ ਅਰਾਧਨਾ ਕੀਤੀ। ਮਹਾਲਕਸ਼ਮੀ ਨੇ ਖੁਸ਼ ਹੋ ਕੇ ਇਨ੍ਹਾਂ ਨੂੰ ਨਾਗਰਾਜ ਕੁਮੁਦ ਦੀ ਕੰਨਿਆ ਮਾਧਵੀ ਨਾਲ ਵਿਆਹ ਕਰਨ ਦਾ ਆਦੇਸ਼ ਦਿੱਤਾ। ਮਾਧਵੀ ਬਹੁਤ ਸੁੰਦਰ ਸੀ। ਸਵਰਗ ਦਾ ਰਾਜਾ ਇੰਦਰ ਵੀ ਇਸ ਨਾਲ ਵਿਆਹ ਦੀ ਕਾਮਨਾ ਕਰਦਾ ਸੀ ਪਰ ਨਾਗਰਾਜ ਨੇ ਆਪਣੀ ਕੰਨਿਆ ਦਾ ਵਿਆਹ ਅਗਰਸੈਨ ਨਾਲ ਹੀ ਕੀਤਾ। ਇਸ ’ਤੇ ਇੰਦਰ ਅਗਰਸੈਨ 'ਤੇ ਕ੍ਰੋਧਿਤ ਹੋ ਗਏ ਅਤੇ ਅਗਰਸੈਨ ਦੇ ਰਾਜ ਵਿਚ ਵਰਖਾ ਬੰਦ ਕਰ ਦਿੱਤੀ। ਪਰਜਾ ਭੁੱਖ-ਪਿਆਸ ਨਾਲ ਵਿਆਕੁਲ ਹੋ ਉਠੀ ਅਤੇ ਭੁੱਖੀ ਮਰਨ ਲੱਗੀ।
ਉਨ੍ਹਾਂ ਇੰਦਰ ਤੋਂ ਹਾਰ ਨਾ ਮੰਨੀ ਤੇ ਆਪਣੀ ਪਰਜਾ ਲਈ ਪਾਣੀ ਦਾ ਪੂਰਾ ਪ੍ਰਬੰਧ ਕਰਕੇ ਅਕਾਲ ਦੀ ਸਥਿਤੀ ਸਮਾਪਤ ਕੀਤੀ। ਪਰ ਮਗਰੋਂ ਨਾਰਦ ਜੀ ਨੇ ਇੰਦਰ ਅਤੇ ਮਹਾਰਾਜਾ ਅਗਰਸੈਨ ਵਿਚਕਾਰ ਸੰਧੀ ਕਰਵਾ ਦਿੱਤੀ ਜਿਸ ’ਤੇ ਇਨ੍ਹਾਂ ਨੇ ਵੈਰ ਭਾਵਨਾ ਸਮਾਪਤ ਕਰ ਦਿੱਤੀ। ਪਰ ਇਸ ਪ੍ਰਕੋਪ ਤੇ ਯੁੱਧ ਸਦਕਾ ਰਾਜ ਦੀ ਹੋਈ ਦੁਰਦਸ਼ਾ ਨੂੰ ਦੇਖ ਕੇ ਮਹਾਰਾਜਾ ਅਗਰਸੈਨ ਨੇ ਫਿਰ ਤਪ ਕਰਨ ਦਾ ਵਿਚਾਰ ਬਣਾਇਆ ਅਤੇ ਹਰਿਦੁਆਰ ਗਏ ਅਤੇ ਗਰਗ ਮੁਨੀ ਦੀ ਸ਼ਰਨ ਲਈ ਅਤੇ ਮਹਾਲਕਸ਼ਮੀ ਦੀ ਉਪਾਸਨਾ ਸ਼ੁਰੂ ਕੀਤੀ। ਰਾਜਾ ਰਾਣੀ ਨੇ ਮਿਲ ਕੇ ਘੋਰ ਤਪ ਕੀਤਾ, ਮਹਾਲਕਸ਼ਮੀ ਪ੍ਰਗਟ ਹੋਈ ਤੇ ਖੁਸ਼ ਹੋ ਕੇ ਵਰ ਦਿੱਤਾ ਕਿ ਅਗਰਸੈਨ ਰਾਜ ਦੇ ਸਾਰੇ ਸੰਕਟ ਦੂਰ ਹੋ ਜਾਣਗੇ ਤੇ ਤੇਰੇ ਵੰਸ਼ ਵਿਚ ਕੋਈ ਦੁਖੀ ਨਹੀਂ ਹੋਵੇਗਾ, ਧਨ ਤੇ ਯਸ਼ ਨਾਲ ਪੂਰਨ ਰਹੇਗਾ ਅਤੇ ਮੈਂ ਅੱਜ ਤੋਂ ਤੇਰੇ ਵੰਸ਼ ਦੀ ਕੁਲ ਦੇਵੀ ਬਣਕੇ ਤੇਰੀ ਅਤੇ ਤੇਰੇ ਵੰਸ਼ਜਾਂ ਦੀ ਰੱਖਿਆ ਕਰਾਂਗੀ। ਮਹਾਲਕਸ਼ਮੀ ਤੋਂ ਇਹ ਵਰ ਪਾ ਕੇ ਮਹਾਰਾਜਾ ਅਗਰਸੈਨ ਨੇ ਫਿਰ ਆਪਣੇ ਰਾਜ ਦਾ ਪੁਨਰ ਗਠਨ ਕੀਤਾ।
ਗਣਤੰਤਰ ਦੀ ਸਥਾਪਨਾ ਮਗਰੋਂ ਮਹਾਰਾਜਾ ਅਗਰਸੈਨ ਨੇ ਸਤਾਰਾਂ ਯੱਗ ਕੀਤੇ। ਉਨ੍ਹਾਂ ਦੇ ਰਾਜ ਵਿਚ ਸਵਾ ਲੱਖ ਪਰਿਵਾਰ ਰਹਿੰਦੇ ਸਨ। ਜਦੋਂ ਕੋਈ ਗਰੀਬ ਹੋ ਜਾਂਦਾ ਜਾਂ ਬਾਹਰੋਂ ਆ ਕੇ ਵਸਦਾ ਤਾਂ ਰਾਜ ਦਾ ਸਵਾ ਲੱਖ ਪਰਿਵਾਰ ਇਕ ਰੁਪਿਆ ਤੇ ਇਕ ਇੱਟ ਉਸ ਪਰਿਵਾਰ ਨੂੰ ਦੇ ਕੇ ਆਪਣੇ ਬਰਾਬਰ ਖੜ੍ਹਾ ਕਰਦਾ ਸੀ, ਜਿਸ ਦੀ ਮਿਸਾਲ ਹੋਰ ਕਿਸੇ ਵੀ ਰਾਜ ਵਿਚ ਨਹੀਂ ਮਿਲਦੀ। ਇਨ੍ਹਾਂ ਅਗਰੋਹਾ ਨਗਰ ਵਿਚ ਕੁਲ ਦੇਵੀ ਮਹਾਲਕਸ਼ਮੀ ਦਾ ਮੰਦਰ ਬਣਵਾਇਆ ਅਤੇ ਸ਼ਕਤੀ ਸਰੋਵਰ ਦਾ ਨਿਰਮਾਣ ਕਰਵਾਇਆ ਅਤੇ ਬਿਰਧ ਅਵਸਥਾ ਵਿਚ ਰਾਜ ਆਪਣੇ ਪੁੱਤਰ ਬਿਭੂ ਨੂੰ ਸੰਭਾਲ ਦਿੱਤਾ ਅਤੇ ਦੋਵੇਂ ਰਾਜ ਰਾਣੀ ਜੰਗਲ ਵਿਚ ਤਪ ਕਰਨ ਲਈ ਚਲੇ ਗਏ।
ਅਗਰਸੈਨ ਜੀ ਨੇ ਕਿਸੇ ਅਵਤਾਰ ਦੇ ਰੂਪ ਵਿਚ ਜਨਮ ਨਹੀਂ ਲਿਆ ਅਤੇ ਕੋਈ ਨਵਾਂ ਧਰਮ ਚਲਾ ਕੇ ਖੁਦ ਨੂੰ ਆਚਾਰੀਆ ਜਾਂ ਗੁਰੂ ਦੇ ਪਦ 'ਤੇ ਆਸੀਨ ਕਰਨ ਦਾ ਯਤਨ ਵੀ ਨਹੀਂ ਕੀਤਾ। ਉਨ੍ਹਾਂ ਦੀ ਪ੍ਰਸਿੱਧੀ ਅਤੇ ਹਜ਼ਾਰਾਂ ਸਾਲ ਬਾਅਦ ਵੀ ਬਣੇ ਰਹਿਣ ਦਾ ਕਾਰਣ ਉਨ੍ਹਾਂ ਦੇ ਉਸ ਕਾਲ ਵਿਚ ਲੋਕਤੰਤਰੀ ਰਾਜ ਦੀ ਇੱਕ ਨਵੀਂ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਸੀ, ਜੋ ਅਤਿ ਮਹੱਤਵਪੂਰਨ ਸੀ। ਅੱਜ ਉਨ੍ਹਾਂ ਦੀ ਜਯੰਤੀ ਅਗਰਵਾਲ ਸਮਾਜ ਬੜੀ ਸ਼ਰਧਾ ਨਾਲ ਮਨਾਉਂਦਾ ਹੈ।
ਸੱਤਪ੍ਰਕਾਸ਼ ਸਿੰਗਲਾ