ਪੌਰਾਣਿਕ ਗ੍ਰੰਥਾਂ ਅਨੁਸਾਰ ਜਾਣੋ 'ਗਣਪਤੀ ਜੀ ਦੀ ਅਰਾਧਨਾ'
9/7/2021 2:56:10 PM
ਪੌਰਾਣਿਕ ਗ੍ਰੰਥਾਂ ਅਨੁਸਾਰ, ਭਾਦੋਂ ਸ਼ੁਕਲ ਚਤੁਰਥੀ ਨੂੰ ਗਣੇਸ਼ ਜਨਮ ਉਤਸਵ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਪੌਰਾਣਿਕ ਕਥਾਵਾਂ ਅਨੁਸਾਰ ਇਕ ਵਾਰ ਭਗਵਾਨ ਸ਼੍ਰੀ ਕ੍ਰਿਸ਼ਣ 'ਤੇ ਸਯਮੰਤਕ ਮਣੀ ਚੋਰੀ ਕਰਨ ਦਾ ਝੂਠਾ ਕਲੰਕ ਲੱਗਾ ਅਤੇ ਉਹ ਅਪਮਾਨਿਤ ਹੋਏ ਸਨ। ਨਾਰਦ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਤੁਸੀਂ ਭਾਦੋਂ ਸ਼ੁਕਲ ਪੱਖ ਦੀ ਚਤੁਰਥੀ ਨੂੰ ਗਲਤੀ ਨਾਲ ਚੰਦਰ ਦਰਸ਼ਨ ਕੀਤਾ ਸੀ। ਇਸ ਦਿਨ ਚੰਦਰਮਾ ਨੂੰ ਗਣੇਸ਼ ਜੀ ਨੇ ਸ਼ਰਾਪ ਦਿੱਤਾ ਸੀ, ਇਸ ਲਈ ਜੋ ਇਸ ਦਿਨ ਚੰਦਰ ਦਰਸ਼ਨ ਕਰਦਾ ਹੈ, ਉਸ ਦੇ ਮਿੱਥਿਆ ਕਲੰਕ ਲੱਗਦਾ ਹੈ।
ਗਣੇਸ਼ ਚਤੁਰਥੀ ਦਾ ਵਰਤ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਣ ਇਸ ਕਲੰਕ ਤੋਂ ਮੁਕਤ ਹੋਏ ਸਨ, ਇਸ ਲਈ ਝੂਠੇ ਦੋਸ਼ਾਂ ਅਤੇ ਮਿੱਥੇ ਕਲੰਕ ਤੋਂ ਵੀ ਗਣੇਸ਼ ਚਤੁਰਥੀ ਦੇ ਵਰਤ ਅਨੁਸ਼ਠਾਨ ਨਾਲ ਮੁਕਤੀ ਮਿਲਦੀ ਹੈ। ਇਸੇ ਘਟਨਾ ਦੇ ਆਧਾਰ 'ਤੇ ਇਸ ਨੂੰ ਕਲੰਕ ਚਤੁਰਥੀ ਵੀ ਕਿਹਾ ਜਾਂਦਾ ਹੈ।
ਮਹਾਭਾਰਤ ਵਿਚ ਵੀ ਭਗਵਾਨ ਸ਼੍ਰੀ ਕ੍ਰਿਸ਼ਣ ਯੁਧਿਸ਼ਟਰ ਨੂੰ ਇਸ ਗਣੇਸ਼ ਚਤੁਰਥੀ ਦਾ ਮਹੱਤਵ ਦੱਸਦੇ ਹਨ ਕਿ ਇਸ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਭਾਰਤੀ ਸੰਸਕ੍ਰਿਤੀ ਦੀ ਪੂਜਾ ਪੱਧਤੀ ਵਿਚ ਗਣੇਸ਼ ਜੀ ਦਾ ਵੱਡਾ ਸਥਾਨ ਹੈ। ਇਨ੍ਹਾਂ ਨੂੰ ਵਿੱਦਿਆ, ਬੁੱਧੀ ਦੇ ਪ੍ਰਦਾਤਾ, ਵਿਘਨ ਵਿਨਾਸ਼ਕ, ਮੰਗਲਕਾਰੀ, ਸਿੱਧੀ ਦਾਇਕ, ਸਮ੍ਰਿਧੀ ਸ਼ਕਤੀ ਅਤੇ ਸਨਮਾਨ ਦੇ ਪ੍ਰਤੀਕ ਮੰਨਿਆ ਗਿਆ ਹੈ।
ਭਾਦੋਂ ਦੀ ਇਸ ਚਤੁਰਥੀ ਨੂੰ ਗਣੇਸ਼ ਜੀ ਦਾ ਉਤਸਵ ਹੋਣ ਕਾਰਨ ਉਨ੍ਹਾਂ ਦੇ ਭਗਤਾਂ ਲਈ ਇਸ ਮਿਤੀ ਦਾ ਵਿਸ਼ੇਸ਼ ਮਹੱਤਵ ਹੈ। ਸੰਪੂਰਨ ਵਿਧੀ-ਵਿਧਾਨ ਨਾਲ ਗਣਪਤੀ ਦੀ ਪੂਜਾ ਮੁੱਖ ਤੌਰ 'ਤੇ ਪੁੰਨ ਪ੍ਰਦਾਨ ਕਰਨ ਵਾਲੀ ਕਹੀ ਗਈ ਹੈ। ਸਨਾਤਨ ਧਰਮ ਦੇ ਸਾਰੇ ਧਾਰਮਿਕ ਯੱਗਾਂ ਵਿਚ ਗਣਪਤੀ ਨੂੰ ਪਹਿਲੇ ਪੂਜਨਿਕ ਦੇਵ ਕਿਹਾ ਗਿਆ ਹੈ। ਕਿਸੇ ਵੀ ਧਾਰਮਿਕ ਸਤਿਕਰਮ, ਯੱਗ ਆਦਿ ਦੇ ਸ਼ੁਰੂ ਵਿਚ ਉੱਤਮ ਤੋਂ ਉੱਤਮ ਅਤੇ ਸਧਾਰਨ ਤੋਂ ਸਧਾਰਨ ਕੰਮ ਵਿਚ ਵੀ ਗਣਪਤੀ ਦਾ ਸਮਰਣ ਅਤੇ ਪੂਜਨ ਕੀਤਾ ਜਾਂਦਾ ਹੈ। ਇਨ੍ਹਾਂ ਦੀ ਪੂਜਾ ਤੋਂ ਬਿਨਾਂ ਕੋਈ ਵੀ ਮੰਗਲਮਈ ਕੰਮ ਸ਼ੁਰੂ ਨਹੀਂ ਹੁੰਦਾ। ਸਨਾਤਨ ਗ੍ਰੰਥਾਂ ਵਿਚ ਵੀ ਗਣਪਤੀ ਦੀ ਪੂਜਾ ਦਾ ਸਭ ਤੋਂ ਪਹਿਲਾ ਵਿਧਾਨ ਕੀਤਾ ਗਿਆ ਹੈ। 'ਗਣ' ਦਾ ਅਰਥ ਹੈ ਵਰਗ ਜਾਂ ਸਮੂਹ ਅਤੇ 'ਈਸ਼' ਦਾ ਅਰਥ ਹੈ ਸਵਾਮੀ। ਗਣੇਸ਼ ਚਤੁਰਥੀ ਦੇ ਪਵਿੱਤਰ ਤਿਉਹਾਰ ਮੌਕੇ 'ਤੇ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰਕੇ ਉਨ੍ਹਾਂ ਦੀ 9 ਦਿਨਾਂ ਤੱਕ ਅਰਾਧਨਾ ਕੀਤੀ ਜਾਂਦੀ ਹੈ। ਇਸ ਨਾਲ ਮਨੁੱਖ ਦੇ ਸਾਰੇ ਵਿਘਨਾਂ ਦਾ ਨਾਸ਼ ਹੁੰਦਾ ਹੈ। ਗਣਪਤੀ ਦੀ ਉਪਾਸਨਾ ਭੌਤਿਕ ਸੁੱਖ-ਖ਼ੁਸ਼ਹਾਲੀ ਦੀ ਪ੍ਰਾਪਤੀ ਕਰਵਾਉਂਦੀ ਹੈ।
- ਆਚਾਰੀਆ ਦੀਪ ਚੰਦ