Rakhi 2023 : ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਭੈਣਾਂ ਸਜਾਉਣ ਰੱਖੜੀ ਦੀ ਥਾਲੀ, ਚਮਕ ਜਾਵੇਗੀ ਕਿਸਮਤ
8/29/2023 11:28:56 AM

ਜਲੰਧਰ (ਬਿਊਰੋ) - ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੁੰਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰਕਸ਼ਾ ਸੂਤਰ ਬੰਨ੍ਹਦੀਆਂ ਹਨ ਅਤੇ ਉਸ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਇਸ ਮੌਕੇ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬਨ੍ਹਣ ਤੋਂ ਪਹਿਲਾਂ ਰੱਖੜੀ ਦੀ ਥਾਲੀ ਬੜੇ ਸੋਹਣੇ ਤਰੀਕੇ ਨਾਲ ਸਜਾਉਂਦੀਆਂ ਹਨ। ਜੇਕਰ ਰੱਖੜੀ ਦੀ ਥਾਲੀ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਸਜਾਇਆ ਜਾਵੇ ਤਾਂ ਇਸ ਨਾਲ ਭਰਾ ਦੀ ਕਿਸਮਤ ਖੁੱਲ੍ਹ ਸਕਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਥਾਲੀ ਵਿੱਚ ਕਿਹੜੀਆਂ ਚੀਜ਼ਾਂ ਰੱਖਣ ਨਾਲ ਸ਼ੁਭ ਫਲ ਪ੍ਰਾਪਤ ਹੋਵੇਗਾ, ਦੇ ਬਾਰੇ ਆਓ ਜਾਣਦੇ ਹਾਂ.....
ਨਾਰੀਅਲ ਰੱਖੋ
ਵਾਸਤੂ ਸ਼ਾਸਤਰ ਅਨੁਸਾਰ ਰੱਖੜੀ ਦੀ ਥਾਲੀ ਵਿੱਚ ਨਾਰੀਅਲ ਰੱਖਣਾ ਬਹੁਤ ਸ਼ੁੱਭ ਮੰਨਿਆ ਜਾਂਦਾਹੈ। ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਨਾਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸ ਨੂੰ ਰੱਖੜੀ ਦੀ ਥਾਲੀ ਤੋਂ ਕਿਉਂ ਵਾਂਝਾ ਰੱਖਿਆ ਜਾਵੇ। ਇਸੇ ਲਈ ਭੈਣਾਂ ਰੱਖਵੀ ਵਾਲੀ ਥਾਲੀ ਵਿੱਚ ਨਾਰੀਅਲ ਜ਼ਰੂਰ ਰੱਖਣ।
ਥਾਲੀ 'ਚ ਇਸ ਪਾਸੇ ਰੱਖੋ ਦੀਵਾ ਅਤੇ ਧੂਪ
ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਨੂੰ ਭਰਾ ਦੀ ਆਰਤੀ ਉਤਾਰਨੀ ਪੈਂਦੀ ਹੈ ਤਾਂਕਿ ਉਸ ਨੂੰ ਹਰ ਬੁਰੀ ਨਜ਼ਰ ਤੋਂ ਬਚਾਇਆ ਜਾ ਸਕੇ। ਵਾਸਤੂ ਸ਼ਾਸਤਰ ਅਨੁਸਾਰ ਰੱਖੜੀ ਵਾਲੀ ਥਾਲੀ ਵਿੱਚ ਆਰਤੀ ਕਰਨ ਲਈ ਦੀਵੇ ਨੂੰ ਸੱਜੇ ਪਾਸੇ ਅਤੇ ਧੂਪ ਸਟਿਕ ਨੂੰ ਖੱਬੇ ਪਾਸੇ ਰੱਖਣਾ ਚਾਹੀਦਾ ਹੈ। ਇਸ ਨਾਲ ਭੈਣ-ਭਰਾ ਦਾ ਪਿਆਰ ਵਧਦਾ ਹੈ।
ਮੌਲ਼ੀ, ਚੌਲ ਅਤੇ ਕੁਮਕੁਮ
ਵਾਸਤੂ ਸ਼ਾਸਤਰ ਵਿੱਚ ਰੱਖੜੀ ਵਾਲੀ ਥਾਲੀ ਵਿੱਚ ਮੌਲ਼ੀ, ਚੌਲ ਅਤੇ ਕੁਮਕੁਮ ਰੱਖਣੇ ਸ਼ੁੱਭ ਮੰਨੇ ਜਾਂਦੇ ਹਨ। ਹਿੰਦੂ ਧਰਮ ਵਿੱਚ ਚੌਲਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਰੱਖੜੀ ਦੇ ਖ਼ਾਸ ਮੌਕੇ 'ਤੇ ਕੁਮਕੁਮ ਦੇ ਸੱਤ ਅਕਸ਼ਤ ਦਾ ਤਿਲਕ ਲਗਾਉਣ ਨਾਲ ਨਾ ਸਿਰਫ਼ ਭਰਾ ਦੀ ਉਮਰ ਲੰਬੀ ਹੁੰਦੀ ਹੈ, ਸਗੋਂ ਸਰੀਰਕ ਸੁੱਖ ਵੀ ਪ੍ਰਾਪਤ ਹੁੰਦਾ ਹੈ।
ਰੱਖੜੀ ਮੌਕੇ ਇਸ ਪਾਸੇ ਹੋਵੇ ਭੈਣ-ਭਰਾ ਦਾ ਮੂੰਹ
ਵਾਸਤੂ ਸ਼ਾਸਤਰ ਦੇ ਅਨੁਸਾਰ ਰੱਖੜੀ ਵਾਲੇ ਦਿਨ ਸਿਰਫ਼ ਥਾਲੀ ਹੀ ਨਹੀਂ, ਸਗੋਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਰੱਖੜੀ ਬੰਨ੍ਹਦੇ ਸਮੇਂ ਭੈਣ-ਭਰਾ ਕਿਵੇਂ ਬੈਠੇ ਹਨ। ਇਸ ਦੌਰਾਨ ਭੈਣ ਦਾ ਮੂੰਹ ਪੂਰਬ ਵੱਲ ਅਤੇ ਭਰਾ ਦਾ ਮੂੰਹ ਪੱਛਮ ਵੱਲ ਹੋਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਇਸ ਤਰ੍ਹਾਂ ਰੱਖੜੀ ਬੰਨ੍ਹਣੀ ਸ਼ੁੱਭ ਹੁੰਦੀ ਹੈ।