ਸਾਲ 2026 : ਫਰਵਰੀ ’ਚ ਕੁੰਭ ਰਾਸ਼ੀ ’ਚ ਬਣੇਗਾ 5 ਗ੍ਰਹਿਆਂ ਦਾ ਯੋਗ, ਸਾਰੇ ਲਗਨਾਂ ਦੇ ਜਾਤਕਾਂ ’ਤੇ ਪਵੇਗਾ ਅਸਰ
1/31/2026 10:28:42 AM
ਨੈਸ਼ਨਲ ਡੈਸਕ - ਫ਼ਰਵਰੀ ਮਹੀਨੇ ’ਚ ਐਸਟ੍ਰੋ ਸਾਈਕਲ ’ਚ ਸੂਰਜ, ਬੁੱਧ, ਸ਼ੁੱਕਰ ਤੇ ਮੰਗਲ ਦੀ ਰਾਸ਼ੀ ਤਬਦੀਲ ਹੋਵੇਗੀ। ਬੁੱਧ 3 ਫਰਵਰੀ ਨੂੰ ਕੁੰਭ ਰਾਸ਼ੀ ’ਚ ਪ੍ਰਵੇਸ਼ ਕਰਨਗੇ ਜਦਕਿ 6 ਫਰਵਰੀ ਨੂੰ ਸ਼ੁੱਕਰ ਦੀ ਰਾਸ਼ੀ ਤਬਦੀਲ ਹੋਵੇਗੀ। ਸੂਰਜ 12 ਫਰਵਰੀ ਨੂੰ ਕੁੰਭ ਰਾਸ਼ੀ ’ਚ ਗੋਚਰ ਕਰਨਗੇ ਜਦਕਿ ਮੰਗਲ ਵੀ 23 ਫਰਵਰੀ ਨੂੰ ਕੁੰਭ ਰਾਸ਼ੀ ’ਚ ਆ ਜਾਣਗੇ। ਕੁੰਭ ’ਚ ਰਾਹੂ, ਬੁੱਧ, ਸ਼ੁੱਕਰ, ਸੂਰਜ ਤੇ ਮੰਗਲ ਦੀ ਮੌਜੂਦਗੀ ਯਕੀਨੀ ਰੂਪ ਨਾਲ ਮਾਨਸਿਕਤਾ ’ਚ ਵੱਡੀ ਤਬਦੀਲੀ ਲਿਆਵੇਗੀ। ਇਸ ਮਹੀਨੇ ਕੁੰਭ ਰਾਸ਼ੀ ’ਚ 5 ਗ੍ਰਹਿਆਂ ਦਾ ਯੋਗ ਬਣੇਗਾ ਜਿਸ ਦਾ ਸਾਰੇ ਲਗਨਾਂ ਦੇ ਜਾਤਕਾਂ ’ਤੇ ਅਸਰ ਪਏਗਾ।
ਧਿਆਨ ਲੰਬੇ ਸਮੇਂ ਦੇ ਟੀਚਿਆਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਵੱਡੇ ਮੰਤਵਾਂ ਲਈ ਕੰਮ ਕਰਨ ’ਤੇ ਰਹੇਗਾ। ਬੁੱਧ ਦਾ ਗੋਚਰ ਲੇਖਣ, ਅਧਿਆਪਨ, ਸਲਾਹ-ਮਸ਼ਵਰੇ, ਮੀਡੀਆ, ਤਕਨੀਕ ਤੇ ਡਿਜੀਟਲ ਪਲੇਟਫਾਰਮਾਂ ਲਈ ਢੁਕਵਾਂ ਹੈ। ਗ੍ਰਹਿਆਂ ਦੀ ਇਸ ਤਬਦੀਲੀ ਦਾ ਵੱਖ-ਵੱਖ ਲਗਨਾਂ ਦੇ ਜਾਤਕਾਂ ’ਤੇ ਹੇਠ ਲਿਖੇ ਅਨੁਸਾਰ ਪ੍ਰਭਾਵ ਰਹੇਗਾ।:
ਮੇਖ
ਇਸ ਲਗਨ ਦੇ ਜਾਤਕਾਂ ਦੀ ਫਰਵਰੀ ’ਚ ਲੰਬੇ ਸਮੇਂ ਦੀਆਂ ਇੱਛਾਵਾਂ ਪੂਰੀਆਂ ਹੋਣ ਦੇ ਕਰੀਬ ਆਉਂਦੀਆਂ ਹਨ। ਦੂਜੇ ਭਾਵ ਦੇ ਸੁਆਮੀ ਸ਼ੁੱਕਰ ਦਾ 11ਵੇਂ ਭਾਵ ’ਚ ਹੋਣਾ ਆਰਥਿਕ ਲਾਭ ਤੇ ਆਮਦਨ ’ਚ ਸੁਧਾਰ ਲਈ ਬਹੁਤ ਢੁਕਵਾਂ ਹੈ। ਸੱਟੇਬਾਜ਼ੀ ਦੀਆਂ ਸਰਗਰਮੀਆਂ ਜਾਂ ਅਗਵਾਈ ਆਧਾਰਿਤ ਪ੍ਰਾਜੈਕਟਾਂ ਰਾਹੀਂ ਵਿਚਾਰਾਂ ਨੂੰ ਠੋਸ ਸਫ਼ਲਤਾ ’ਚ ਬਦਲਣ ਦੇ ਮਜ਼ਬੂਤ ਯੋਗ ਬਣ ਰਹੇ ਹਨ। ਹਾਲਾਂਕਿ, ਨਿੱਜੀ ਸਬੰਧਾਂ ਵਿਸ਼ੇਸ਼ ਤੌਰ ’ਤੇ ਪ੍ਰੇਮ ਮਾਮਲਿਆਂ ’ਚ ਬੇਲੋੜੇ ਟਕਰਾਅ ਤੋਂ ਬਚਣ ਲਈ ਹਉਮੈ ’ਤੇ ਕੰਟਰੋਲ ਰੱਖਣਾ ਜ਼ਰੂਰੀ ਹੈ।
ਬ੍ਰਿਖ
ਇਸ ਲਗਨ ਦੇ ਜਾਤਕਾਂ ਲਈ ਫਰਵਰੀ ’ਚ 10ਵੇਂ ਭਾਵ ’ਚ ਰਾਹੂ, ਬੁੱਧ ਤੇ ਸ਼ੁੱਕਰ ਦੀ ਯੁਤੀ ਰਵਾਇਤੀ ਹੱਦਾਂ ਤੋਂ ਪਰੇ ਨਵੇਂ ਕਰੀਅਰ ਦੇ ਮੌਕੇ ਤੇ ਅਚਾਨਕ ਉੱਨਤੀ ਦੇ ਰਾਹ ਖੋਲ੍ਹਦੀ ਹੈ। ਸੰਚਾਰ, ਤਕਨੀਕ, ਨੈੱਟਵਰਕਿੰਗ, ਮੀਡੀਆ, ਮਾਰਕੀਟਿੰਗ ਤੇ ਰਚਨਾਤਮਕ ਖੇਤਰਾਂ ’ਚ ਵਿਸ਼ੇਸ਼ ਸਫ਼ਲਤਾ ਦੇ ਸੰਕੇਤ ਹਨ। ਚੌਥੇ ਭਾਵ ’ਤੇ ਪੈਣ ਵਾਲਾ ਦ੍ਰਿਸ਼ਟੀ- ਪ੍ਰਭਾਵ ਜਾਇਦਾਦ, ਜ਼ਮੀਨ, ਰੀਅਲ ਐਸਟੇਟ, ਵਾਹਨ ਤੇ ਘਰੇਲੂ ਜ਼ਿੰਮੇਵਾਰੀਆਂ ਨਾਲ ਜੁੜੇ ਮਾਮਲਿਆਂ ਨੂੰ ਸਰਗਰਮ ਕਰਦਾ ਹੈ। ਜਨਤਕ ਜ਼ਿੰਮੇਵਾਰੀਆਂ ਤੇ ਪਰਿਵਾਰਕ ਜੀਵਨ ਦਰਮਿਆਨ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਰਹੇਗਾ।
ਮਿਥੁਨ
ਮਿਥੁਨ ਲਗਨ ਦੇ ਜਾਤਕਾਂ ਲਈ ਫਰਵਰੀ ’ਚ ਕਿਸਮਤ ਸਾਥ ਦਿੰਦੀ ਹੋਈ ਨਜ਼ਰ ਆਵੇਗੀ । ਸਿੱਖਿਆ, ਅਧਿਆਤਮਿਕਤਾ, ਗੁਰੂ ਜਾਂ ਵਿਦੇਸ਼ ਨਾਲ ਜੁੜੇ ਮੌਕੇ ਸਾਹਮਣੇ ਆ ਸਕਦੇ ਹਨ, ਜੋ ਤੁਹਾਨੂੰ ਵਿਆਪਕ ਦ੍ਰਿਸ਼ਟੀਕੋਣ ਦੀ ਦਿਸ਼ਾ ’ਚ ਮਾਰਗਦਰਸ਼ਨ ਕਰਨਗੇ। ਤੀਜੇ ਭਾਵ ’ਤੇ ਬੁੱਧ ਤੇ ਸ਼ੁੱਕਰ ਦੀ ਦ੍ਰਿਸ਼ਟੀ ਸੰਚਾਰ ਹੁਨਰ ਨੂੰ ਮਜ਼ਬੂਤ ਕਰੇਗੀ ਤੇ ਛੋਟੇ ਦੌਰਿਆਂ , ਚਰਚਿਆਂ ਤੇ ਨੈੱਟਵਰਕਿੰਗ ਨੂੰ ਵਧਾਅਗੀ। ਭਰਾਵਾਂ-ਭੈਣਾਂ ਨਾਲ ਸਬੰਧਾਂ ’ਚ ਸੁਧਾਰ ਅਤੇ ਆਪਸੀ ਸਹਿਯੋਗ ਵਧੇਗਾ।
ਕਰਕ
ਕਰਕ ਲਗਨ ਦੇ ਜਾਤਕਾਂ ਲਈ ਫਰਵਰੀ ’ਚ ਸਾਂਝੇ ਵਿੱਤ, ਵਿਰਾਸਤ, ਬੀਮਾ ਜਾਂ ਸਹੁਰੇ ਪੱਖ ਤੋਂ ਲਾਭ ਦੇ ਵਿਸ਼ੇ ਉੱਭਰ ਸਕਦੇ ਹਨ। ਨਾਲ ਹੀ ਲੁਕੇ ਹੋਏ ਜਾਂ ਅਧੂਰੇ ਮੁੱਦੇ ਸਾਹਮਣੇ ਆ ਸਕਦੇ ਹਨ, ਜੋ ਭਾਵਨਾਤਮਕ ਇਲਾਜ ਤੇ ਆਤਮ-ਜਾਗਰੂਕਤਾ ਨੂੰ ਉਤਸ਼ਾਹਿਤ ਕਰਨਗੇ। ਦੂਜੇ ਭਾਵ ’ਤੇ ਸ਼ੁੱਕਰ ਤੇ ਬੁੱਧ ਦੀ ਦ੍ਰਿਸ਼ਟੀ ਪਰਿਵਾਰ, ਵਿੱਤ, ਬਚਤ ਤੇ ਵਾਣੀ ਨੂੰ ਪ੍ਰਭਾਵਿਤ ਕਰਦੀ ਹੈ। ਆਮਦਨ ’ਚ ਸੁਧਾਰ ਦੇ ਸੰਕੇਤ ਹਨ ਪਰ ਪਰਿਵਾਰਕ ਸੰਵੇਦਨਸ਼ੀਲਤਾ ਜ਼ਰੂਰੀ ਹੈ।
ਸਿੰਘ
ਸਿੰਘ ਲਗਨ ਦੇ ਜਾਤਕਾਂ ਲਈ ਫਰਵਰੀ ’ਚ ਭਾਈਵਾਲੀ , ਵਿਆਹ ਤੇ ਜਨਤਕ ਸਬੰਧਾਂ ਨਾਲ ਸਬੰਧਤ ਸੱਤਵਾਂ ਭਾਵ ਐਕਟਿਵ ਰਹੇਗਾ। ਇਸ ਨਾਲ ਸੰਚਾਰ ਤੇ ਗੱਲਬਾਤ ਦੀ ਸਮਰੱਥਾ ਵਧੇਗੀ। ਅਚਾਨਕ ਨਵੇਂ ਸਬੰਧ ਬਣ ਸਕਦੇ ਹਨ, ਜਿਨ੍ਹਾਂ ’ਚ ਖਿੱਚ ਤੀਬਰ ਹੋਵੇਗੀ । ਅਕਸਰ ਵੱਖਰੇ ਪਿਛੋਕੜ ਵਾਲੇ ਲੋਕ ਸ਼ਾਮਲ ਹੋ ਸਕਦੇ ਹਨ। ਵਪਾਰਕ ਸਹਿਯੋਗ, ਇਕਰਾਰਨਾਮੇ ਤੇ ਰਣਨੀਤਕ ਗੱਠਜੋੜ ਲਈ ਇਹ ਸ਼ਕਤੀਸ਼ਾਲੀ ਸਮਾਂ ਹੈ, ਬਸ਼ਰਤੇ ਸਪੱਸ਼ਟਤਾ ਤੇ ਪਾਰਦਰਸ਼ਤਾ ਬਣੀ ਰਹੇ।
ਕੰਨਿਆ
ਕੰਨਿਆ ਲਗਨ ਵਾਲੇ ਜਾਤਕਾਂ ਲਈ ਫਰਵਰੀ ’ਚ ਕੰਮ ਦਾ ਦਬਾਅ, ਮੁਕਾਬਲਾ ਤੇ ਸਿਹਤ ਪ੍ਰਤੀ ਚੌਕਸੀ ਵਧੇਗੀ। ਇਹ ਸਮਾਂ ਰੁਕਾਵਟਾਂ ਨੂੰ ਦੂਰ ਕਰਨ, ਵਿਰੋਧੀਆਂ ’ਤੇ ਜਿੱਤ ਹਾਸਲ ਕਰਨ ਤੇ ਸੇਵਾ, ਵਿਸ਼ਲੇਸ਼ਣ ਜਾਂ ਸਮੱਸਿਆਵਾਂ ਦੇ ਹੱਲ ਨਾਲ ਜੁੜੇ ਖੇਤਰਾਂ ’ਚ ਉੱਤਮਤਾ ਲਈ ਢੁਕਵਾਂ ਹੈ। ਬਹੁਤ ਵਧੇਰੇ ਜ਼ਿੰਮੇਵਾਰੀ ਜਾਂ ਤਣਾਅ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਸੰਤੁਲਨ ਜ਼ਰੂਰੀ ਹੈ। ਅਨੁਸ਼ਾਸਨ, ਰੋਜ਼ਾਨਾਂ ਦੀ ਵਧੀਅਾ ਜ਼ਿੰਦਗੀ ਤੇ ਸਵੈ-ਦੇਖਭਾਲ ਲੰਬੇ ਸਮੇਂ ਦੀ ਸਥਿਰਤਾ ਤੇ ਸਫ਼ਲਤਾ ਨੂੰ ਯਕੀਨੀ ਬਣਾਏਗੀ।
ਤੁਲਾ
ਤੁਲਾ ਲਗਨ ਵਾਲਿਆਂ ਲਈ ਫਰਵਰੀ ’ਚ ਰਚਨਾਤਮਕਤਾ, ਪਿਆਰ, ਸਿਆਣਪ ਤੇ ਔਲਾਦ ਨਾਲ ਜੁੜਿਆ ਪੰਜਵਾਂ ਭਾਵ ਐਕਟਿਵ ਰਹੇਗਾ। ਇਹ ਪੜਾਅ ਰਚਨਾਤਮਕ ਪ੍ਰਾਜੈਕਟਾਂ ਨੂੰ ਸਮਰਥਨ ਦਿੰਦਾ ਹੈ ਜੋ ਪਛਾਣ ਤੇ ਆਰਥਿਕ ਲਾਭ ਦੋਵੇਂ ਦਿਵਾ ਸਕਦਾ ਹੈ। ਪ੍ਰੇਮ ਜੀਵਨ ’ਚ ਨਵੀਨਤਾ ਤੇ ਉਤਸ਼ਾਹ ਵਧੇਗਾ। ਗਿਆਰ੍ਹਵੇਂ ਭਾਵ ’ਤੇ ਸ਼ੁੱਕਰ ਤੇ ਬੁੱਧ ਦੀ ਦ੍ਰਿਸ਼ਟੀ ਆਰਥਿਕ ਲਾਭ, ਸਮਾਜਿਕ ਨੈੱਟਵਰਕਿੰਗ ਤੇ ਇੱਛਾਪੂਰਤੀ ਨੂੰ ਮਜ਼ਬੂਤ ਕਰੇਗੀ। ਆਮਦਨ ’ਚ ਸੁਧਾਰ ਮਿੱਤਰਾਂ, ਗਰੁੱਪਾਂ ਜਾਂ ਰਚਨਾਤਮਕ ਵਿਚਾਰਾਂ ਨਾਲ ਸੰਭਵ ਹੈ।
ਬ੍ਰਿਸ਼ਚਿਕ
ਬ੍ਰਿਸ਼ਚਿਕ ਲਗਨ ਵਾਲਿਆਂ ਲਈ ਫਰਵਰੀ ’ਚ ਘਰ, ਪਰਿਵਾਰ ਤੇ ਭਾਵਨਾਤਮਕ ਸਥਿਰਤਾ ਦਾ ਪ੍ਰਤੀਕ ਚੌਥਾ ਭਾਵ ਐਕਟਿਵ ਰਹੇਗਾ। ਇਹ ਸਮਾਂ ਜਾਇਦਾਦ ਖਰੀਦਣ, ਨਵੀਨੀਕਰਨ ਜਾਂ ਵਾਹਨ ਲੈਣ ਲਈ ਢੁਕਵਾਂ ਹੈ। ਗ੍ਰਹਿ ਪ੍ਰਭਾਵ ਘਰੇਲੂ ਸੁੱਖ-ਸਹੂਲਤਾਂ ਤੇ ਭਾਵਨਾਤਮਕ ਸੰਤੁਲਨ ਨੂੰ ਬਿਹਤਰ ਬਣਾਉਂਦੇ ਹਨ। ਦਸਵੇਂ ਭਾਵ ’ਤੇ 5 ਗ੍ਰਹਿਆਂ ਦੀ ਦ੍ਰਿਸ਼ਟੀ ਹੋਣ ਕਾਰਨ ਪੇਸ਼ੇਵਰ ਪੱਧਰ ’ਤੇ ਕਰੀਅਰ ਪ੍ਰਗਤੀ ਤੇ ਅਹਿਮ ਗਾਹਕਾਂ ਨਾਲ ਮੇਲ ਦੇ ਸੰਕੇਤ ਹਨ।
ਧਨੁ
ਧਨੁ ਲਗਨ ਵਾਲਿਆਂ ਲਈ ਫਰਵਰੀ ’ਚ ਸੰਚਾਰ, ਹਿੰਮਤ ਤੇ ਪਹਿਲਕਦਮੀ ਨਾਲ ਸਬੰਧਤ ਤੀਜਾ ਭਾਵ ਐਕਟਿਵ ਰਹੇਗਾ। ਫਰਵਰੀ ’ਚ ਛੋਟੇ ਸਫਰ ਹੋ ਸਕਦੇ ਹਨ, ਭਰਾਵਾਂ-ਭੈਣਾਂ ਨਾਲ ਸਬੰਧ ਤੇ ਹੁਨਰ ਵਿਕਾਸ ’ਤੇ ਫੋਕਸ ਰਹਿ ਸਕਦਾ ਹੈ। ਮੀਡੀਆ, ਲੇਖਣ, ਮਾਰਕੀਟਿੰਗ, ਤਕਨੀਕ ਤੇ ਆਨਲਾਈਨ ਖੇਤਰਾਂ ’ਚ ਇਹ ਢੁਕਵਾਂ ਸਮਾਂ ਹੈ। ਨੌਵੇਂ ਭਾਵ ’ਤੇ ਸ਼ੁੱਕਰ, ਬੁੱਧ ਤੇ ਸੂਰਜ ਦੀ ਦ੍ਰਿਸ਼ਟੀ ਕਿਸਮਤ, ਗੁਰੂ ਕਿਰਪਾ ਤੇ ਵਿਕਾਸ ਦੇ ਮੌਕੇ ਵਧਾਉਂਦੀ ਹੈ। ਅਧਿਆਤਮਿਕਤਾ ’ਚ ਰੁਚੀ ਵੀ ਵਧ ਸਕਦੀ ਹੈ।
ਮਕਰ
ਮਕਰ ਲਗਨ ਵਾਲਿਆਂ ਲਈ ਫਰਵਰੀ ’ਚ ਪਰਿਵਾਰ, ਆਮਦਨ, ਬਚਤ ਤੇ ਵਾਣੀ ਨਾਲ ਜੁੜਿਆ ਦੂਜਾ ਭਾਵ ਐਕਟਿਵ ਰਹੇਗਾ। ਰਾਹੂ, ਬੁੱਧ ਤੇ ਸ਼ੁੱਕਰ ਦਾ ਗੋਚਰ ਆਰਥਿਕ ਵਾਧੇ, ਭੌਤਿਕ ਲਾਭ ਤੇ ਰਣਨੀਤਕ ਯੋਜਨਾਬੰਦੀ ਲਈ ਢੁਕਵਾਂ ਹੈ। ਵਾਣੀ ਤੇ ਗੱਲਬਾਤ ਨਵੇਂ ਮੌਕੇ ਪੈਦਾ ਕਰ ਸਕਦੇ ਹਨ। ਇਹ ਸਮਾਂ ਧਨ ਇਕੱਠਾ ਕਰਨ, ਸੁੱਖ-ਸਹੂਲਤਾਂ ਦਾ ਆਨੰਦ ਲੈਣ ਤੇ ਪਰਿਵਾਰਕ ਤਾਲਮੇਲ ਵਧਾਉਣ ਲਈ ਚੰਗਾ ਹੈ। ਡਰਾਈਵਿੰਗ ’ਚ ਸਾਵਧਾਨੀ ਜ਼ਰੂਰੀ ਹੈ।
ਕੁੰਭ
ਕੁੰਭ ਲਗਨ ਵਾਲਿਆਂ ਲਈ ਫਰਵਰੀ ’ਚ ਰਾਹੂ, ਬੁੱਧ, ਸ਼ੁੱਕਰ ਤੇ ਸੂਰਜ ਦਾ ਲਗਨ ਤੋਂ ਗੋਚਰ ਤੁਹਾਡੀ ਪਛਾਣ, ਸ਼ਖਸੀਅਤ, ਸਿਹਤ ਤੇ ਜੀਵਨ ਦੀ ਦਿਸ਼ਾ ਨੂੰ ਕੇਂਦਰ ’ਚ ਲਿਆਵੇਗਾ। ਇਹ ਆਤਮ-ਪੁਨਰ ਨਿਰਮਾਣ ਦਾ ਸ਼ਕਤੀਸ਼ਾਲੀ ਸਮਾਂ ਹੈ, ਜਿੱਥੇ ਸ਼ਖਸੀਅਤ ’ਚ ਤਬਦੀਲੀ ਦੂਜਿਆਂ ਨੂੰ ਸਪੱਸ਼ਟ ਰੂਪ ’ਚ ਦਿਖਾਈ ਦੇਵੇਗੀ। ਤੁਹਾਡਾ ਸਵੈਭਰੋਸਾ ਵਧੇਗਾ। ਇਸ ਨਾਲ ਲੋਕ ਕੁਦਰਤੀ ਤੌਰ ’ਤੇ ਤੁਹਾਡੇ ਵੱਲ ਖਿੱਚੇ ਜਾਣਗੇ। ਨਿੱਜੀ ਟੀਚਿਆਂ ਨੂੰ ਮੁੜ-ਪਰਿਭਾਸ਼ਿਤ ਕਰਨ ਤੇ ਆਪਣੇ ਢੁਕਵੇਂ ਫੈਸਲੇ ਲੈਣ ਦਾ ਇਹ ਆਦਰਸ਼ ਸਮਾਂ ਹੈ।
ਮੀਨ
ਮੀਨ ਲਗਨ ਦੇ ਜਾਤਕਾਂ ਲਈ ਫਰਵਰੀ ’ਚ ਖਰਚ, ਵਿਦੇਸ਼, ਅਧਿਆਤਮਿਕਤਾ, ਨੀਂਦ ਤੇ ਅਚੇਤ ਮਨ ਨਾਲ ਸਬੰਧਤ ਬਾਰ੍ਹਵਾਂ ਭਾਵ ਐਕਟਿਵ ਰਹੇਗਾ। ਰਾਹੂ, ਬੁੱਧ ਤੇ ਸ਼ੁੱਕਰ ਦਾ ਬਾਰ੍ਹਵੇਂ ਭਾਵ ’ਚ ਗੋਚਰ ਵਿਦੇਸ਼ ਨਾਲ ਜੁੜੇ ਮੌਕਿਆਂ ਤੇ ਕੌਮਾਂਤਰੀ ਸੰਪਰਕਾਂ ਨੂੰ ਮਜ਼ਬੂਤ ਕਰੇਗਾ। ਖਰਚ ਵਧ ਸਕਦੇ ਹਨ ਪਰ ਨਾਲ ਹੀ ਅੰਦਰੂਨੀ ਸਪੱਸ਼ਟਤਾ, ਅਧਿਆਤਮਿਕ ਵਿਕਾਸ ਤੇ ਆਤਮ-ਚੇਤਨਾ ਵੀ ਵਧੇਗੀ। ਵਿਦੇਸ਼ ਯਾਤਰਾ ਜਾਂ ਸਹਿਯੋਗ ਦੇ ਮੌਕੇ ਉੱਭਰ ਸਕਦੇ ਹਨ, ਜੋ ਨਵੇਂ ਤਜ਼ਰਬਿਆਂ ਦੇ ਰਾਹ ਖੋਲ੍ਹਣਗੇ।
