ਮਿਲ ਕੇ ਕੰਮ ਕਰਨ ਤੇ ਹਿੰਮਤ ਦਾ ਪ੍ਰਤੀਕ ਹੈ ‘ਦਹੀਂ-ਹਾਂਡੀ ਉਤਸਵ’

8/27/2024 3:19:46 PM

ਜਲੰਧਰ- ਭਾਦੋਂ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਮਿਤੀ ’ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ। ਇਸ ਸਾਲ ਜਨਮ ਅਸ਼ਟਮੀ 26 ਅਗਸਤ ਨੂੰ ਮਨਾਈ ਗਈ ਅਤੇ ਹਮੇਸ਼ਾ ਦੀ ਤਰ੍ਹਾਂ ਜਨਮ ਅਸ਼ਟਮੀ ਦੇ ਅਗਲੇ ਦਿਨ ਭਾਵ ਅੱਜ ਪੂਰੇ ਦੇਸ਼ ’ਚ ਦਹੀ-ਹਾਂਡੀ ਉਤਸਵ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਮਹਾਰਾਸ਼ਟਰ, ਗੁਜਰਾਤ ਸਮੇਤ ਕਈ ਸੂਬਿਆਂ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਵਾ ਉੱਤਰ ਪ੍ਰਦੇਸ਼ ਦੇ ਮਥੁਰਾ, ਵ੍ਰਿੰਦਾਵਨ ਅਤੇ ਗੋਕੁਲ ਦੇ ਇਸ ਉਤਸਵ ’ਤੇ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਮਾਨਤਾ ਦੇ ਅਨੁਸਾਰ ਇਸ ਤਿਉਹਾਰ ਨੂੰ ਦੁਆਪਰ ਯੁੱਗ ਤੋਂ ਹੀ ਮਨਾਇਆ ਜਾ ਰਿਹਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਦਹੀਂ, ਦੁੱਧ ਅਤੇ ਮੱਖਣ ਬਹੁਤ ਪਸੰਦ ਸੀ। ਉਹ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਗੁਆਂਢੀਆਂ ਦੇ ਘਰਾਂ ’ਚੋਂ ਮੱਖਣ ਚੋਰੀ ਕਰ ਕੇ ਖਾ ਜਾਂਦੇ ਸਨ, ਇਸ ਲਈ ਉਨ੍ਹਾਂ ਨੂੰ ‘ਮਾਖਨ ਚੋਰ’ ਵੀ ਕਿਹਾ ਜਾਂਦਾ ਹੈ।

ਇਹੀ ਨਹੀਂ, ਉਹ ਗੋਪੀਆਂ ਦੀਆਂ ਮਟਕੀਆਂ ਵੀ ਭੰਨ ਦਿੰਦੇ ਸਨ, ਜਿਸ ਤੋਂ ਤੰਗ ਆ ਕੇ ਗੋਪੀਆਂ ਨੇ ਮੱਖਣ ਅਤੇ ਦਹੀਂ ਦੇ ਮਟਕੇ ਨੂੰ ਉੱਚਾਈ ’ਤੇ ਲਟਕਾਉਣਾ ਸ਼ੁਰੂ ਕਰ ਦਿੱਤਾ ਪਰ ਗੋਪੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੁੰਦੀਆਂ ਰਹੀਆਂ, ਕਿਉਂਕਿ ਨਟਖਟ ਕਾਨ੍ਹਾ ਆਪਣੇ ਮਿੱਤਰਾਂ ਦੀ ਮਦਦ ਨਾਲ ਮਟਕੇ ਨੂੰ ਭੰਨ ਕੇ ਮੱਖਣ ਅਤੇ ਦਹੀਂ ਖਾ ਜਾਂਦੇ ਸਨ। ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਇਨ੍ਹਾਂ ਬਾਲ ਲੀਲਾਵਾਂ ਨੂੰ ਯਾਦ ਕਰਦੇ ਹੋਏ ਦਹੀਂ ਹਾਂਡੀ ਦਾ ਉਤਸਵ ਮਨਾਉਣ ਦੀ ਸ਼ੁਰੂਆਤ ਹੋਈ ਸੀ।

ਇੰਝ ਮਨਾਇਆ ਜਾਂਦਾ ਹੈ ਉਤਸਵ
ਦਹੀਂ-ਹਾਂਡੀ ਉਤਸਵ ਲਈ ਇਕ ਮਿੱਟੀ ਦੇ ਮਟਕੇ ’ਚ ਦਹੀਂ, ਮੱਖਣ ਅਤੇ ਦੁੱਧ ਆਦਿ ਨੂੰ ਭਰਿਆ ਜਾਂਦਾ ਹੈ। ਉਸ ਤੋਂ ਬਾਅਦ ਮਟਕੇ ਨੂੰ ਇਕ ਉੱਚੇ ਸਥਾਨ ’ਤੇ ਲਟਕਾ ਦਿੰਦੇ ਹਨ। ਕੁਝ ਲੜਕੇ ਅਤੇ ਲੜਕੀਆਂ ਦੇ ਗਰੁੱਪ ਗੋਪਾਲਾ ਬਣ ਕੇ ਇਸ ਖੇਡ ’ਚ ਹਿੱਸਾ ਲੈਂਦੇ ਹਨ, ਜਿਸ ਵਿਚ ਸਾਰੇ ਮਿਲ ਕੇ ਇਕ ਪਿਰਾਮਿਡ ਬਣਾਉਂਦੇ ਹਨ ਅਤੇ ਇਕ ਗੋਵਿੰਦਾ ਉਨ੍ਹਾਂ ’ਤੇ ਚੜ੍ਹ ਕੇ ਨਾਰੀਅਲ ਦੀ ਮਦਦ ਨਾਲ ਲਟਕੀ ਮਟਕੀ ਨੂੰ ਤੋੜਦਾ ਹੈ। ਇਸ ਉਤਸਵ ਨੂੰ ਇਕ ਮੁਕਾਬਲੇ ਵਜੋਂ ਵੀ ਆਯੋਜਿਤ ਕੀਤਾ ਜਾਂਦਾ ਹੈ ਅਤੇ ਜਿੱਤਣ ਵਾਲੀ ਟੀਮ ਜਾਂ ਗਰੁੱਪ ਨੂੰ ਇਨਾਮ ਮਿਲਦਾ ਹੈ।

ਉਤਸਵ ਦਾ ਮਹੱਤਵ
ਜਨਮ ਅਸ਼ਟਮੀ ’ਤੇ ਦਹੀਂ-ਹਾਂਡੀ ਦਾ ਖਾਸ ਮਹੱਤਵ ਹੁੰਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦੀਆਂ ਝਾਕੀਆਂ ਦਰਸਾਉਣ ਲਈ ਦਹੀਂ-ਹਾਂਡੀ ਤਿਉਹਾਰ ਮਨਾਇਆ ਜਾਂਦਾ ਹੈ।

ਦਹੀਂ-ਹਾਂਡੀ ਨਾਲ ਜੁੜੇ ਰਿਕਾਰਡਸ
ਟੀਮਾਂ ਨੇ 40 ਫੁੱਟ ਤੋਂ ਵੱਧ ਉੱਚਾਈ ’ਤੇ ਲਟਕੀਆਂ ਹੋਈਆਂ ਹਾਂਡੀਆਂ ਨੂੰ ਸਫਲਤਾਪੂਰਵਕ ਤੋੜਿਆ ਹੈ, ਜੋ ਮਿਲ ਕੇ ਕੰਮ ਕਰਨ ਅਤੇ ਹਿੰਮਤ ਨੂੰ ਦਰਸਾਉਂਦਾ ਹੈ। ਕੁਝ ਟੀਮਾਂ ਨੇ ਦਹੀਂ-ਹਾਂਡੀ ਤੱਕ ਪਹੁੰਚਣ ਅਤੇ ਉਸ ਨੂੰ ਤੋੜਨ ’ਚ ਸਮਰੱਥ ਮਨੁੱਖੀ ਪਿਰਾਮਿਡ ਬਣਾਉਣ ਲਈ ਸਭ ਤੋਂ ਘੱਟ ਸਮੇਂ ਦਾ ਰਿਕਾਰਡ ਬਣਾਇਆ ਹੈ, ਜੋ ਸਟੀਕਤਾ ਅਤੇ ਤਾਲਮੇਲ ਨੂੰ ਦਰਸਾਉਂਦਾ ਹੈ।

2022 ’ਚ ਮੁੰਬਈ ਦੀ ‘ਜੈ ਜਵਾਨ ਗੋਵਿੰਦ ਪਥਕ ਟੀਮ’ ਨੇ ਸਭ ਤੋਂ ਉੱਚਾ ਮਨੁੱਖੀ ਪਿਰਾਮਿਡ ਬਣਾਉਣ ਦਾ ਗਿਨੀਜ਼ ਬੁੱਕ ਆਫ ਰਿਕਾਰਡ ਬਣਾਇਆ ਸੀ। ਇਸ ਟੀਮ ਨੇ ਗਿਨੀਜ਼ ਬੁੱਕ ਆਫ ਰਿਕਾਰਡਸ ਵਿਚ ਦਾਖਲਾ ਲੈਣ ਲਈ ਸਪੇਨ ਤੇ ਚੀਨ ਨੂੰ ਪਿੱਛੇ ਛੱਡ ਦਿੱਤਾ ਸੀ। ਟੀਮ ਨੇ 50 ਫੁੱਟ ਉੱਚੇ ਮਨੁੱਖੀ ਪਿਰਾਮਿਡ ਨਾਲ ਇਹ ਰਿਕਾਰਡ ਬਣਾਇਆ, ਜੋ ਅੱਜ ਤਕ ਕਾਇਮ ਹੈ। 


Tarsem Singh

Content Editor Tarsem Singh