ਮਹਿੰਗਾਈ ਦਾ ਡਬਲ ਅਟੈਕ : ਪੈਟਰੋਲ-ਡੀਜ਼ਲ ਨੇ ਦਿੱਤਾ ਝਟਕਾ, LPG ਗੈਸ ਦੀਆਂ ਕੀਮਤਾਂ 'ਚ ਵੀ ਹੋਇਆ ਵਾਧਾ
Tuesday, Mar 22, 2022 - 03:50 PM (IST)
ਨਵੀਂ ਦਿੱਲੀ : ਜਿਸ ਗੱਲ ਦੀ ਕਾਫੀ ਸਮੇਂ ਤੋਂ ਭਵਿੱਖਬਾਣੀ ਕੀਤੀ ਜਾ ਰਹੀ ਸੀ, ਉਹ ਕੰਮ ਅੱਜ ਹੋ ਗਿਆ ਹੈ। ਅੱਜ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਰੂਸ-ਯੂਕਰੇਨ ਯੁੱਧ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਹੋਇਆ ਹੈ।
ਪੈਟਰੋਲ ਅਤੇ ਡੀਜ਼ਲ ਵਿੱਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਹੁਣ ਤੋਂ ਕੀਮਤਾਂ ਵਿੱਚ ਰੋਜ਼ਾਨਾ ਵਾਧਾ ਹੋਣ ਦੀ ਵੀ ਸੰਭਾਵਨਾ ਹੈ। ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 137 ਦਿਨਾਂ ਬਾਅਦ ਵਾਧਾ ਹੋਇਆ ਹੈ ਅਤੇ ਇਸ ਤੋਂ ਪਹਿਲਾਂ 4 ਨਵੰਬਰ ਨੂੰ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹੋਰ ਮਹਿੰਗਾ ਹੋ ਜਾਵੇਗਾ ਬਿਸਕੁੱਟ ਖਾਣਾ, FMCG ਕੰਪਨੀਆਂ ਵਧਾਉਣ ਵਾਲੀਆਂ ਹਨ ਉਤਪਾਦਾਂ ਦੇ ਮੁੱਲ
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 96.21 ਰੁਪਏ ਹੋ ਗਈ ਹੈ। ਜਦੋਂ ਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਤੋਂ ਹੁਣ 87.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਭਾਰਤੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ 22 ਮਾਰਚ, 2022 ਨੂੰ ਪੈਟਰੋਲ ਦੀ ਕੀਮਤ 109.98 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 110.82 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦਕਿ ਡੀਜ਼ਲ ਦੀ ਕੀਮਤ 95 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ, ਜੋ ਕਿ 4 ਮਹੀਨਿਆਂ ਤੋਂ 94.14 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਜਾਣੋ ਪੈਟਰੋਲ-ਡੀਜ਼ਲ ਦੇ ਅੱਜ ਦੇ ਭਾਅ
ਸ਼ਹਿਰ ਦਾ ਨਾਮ ਪੈਟਰੋਲ ਡੀਜ਼ਲ
ਜਲੰਧਰ 95.69 84.51
ਲੁਧਿਆਣਾ 96.35 85.13
ਅੰਮ੍ਰਿਤਸਰ 96.43 85.22
ਹੁਸ਼ਿਆਰਪੁਰ 95.82 84.62
ਚੰਡੀਗੜ੍ਹ 95.01 81.63
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ
ਇਸ ਦੇ ਨਾਲ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ। ਨਵੀਂ ਕੀਮਤ ਅੱਜ (ਮੰਗਲਵਾਰ) ਤੋਂ ਲਾਗੂ ਹੋਵੇਗੀ। 6 ਅਕਤੂਬਰ 2021 ਤੋਂ ਬਾਅਦ ਅੱਜ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧੀਆਂ ਹਨ। ਅੱਜ ਤੋਂ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਤੋਂ ਵਧ ਕੇ 949.5 ਰੁਪਏ ਹੋ ਗਈ ਹੈ। ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਹੁਣ 949.50 ਰੁਪਏ ਹੈ।
ਐਲਪੀਜੀ ਦੀਆਂ ਕੀਮਤਾਂ ਵਿੱਚ ਆਖਰੀ ਵਾਰ 6 ਅਕਤੂਬਰ ਨੂੰ ਬਦਲਾਅ ਕੀਤਾ ਗਿਆ ਸੀ, ਜਦੋਂ ਕਿ ਕਈ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 4 ਨਵੰਬਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ।
ਨਵੰਬਰ ਵਿੱਚ, ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ 81-82 ਡਾਲਰ ਪ੍ਰਤੀ ਬੈਰਲ ਸਨ, ਜੋ ਹੁਣ 114 ਡਾਲਰ ਪ੍ਰਤੀ ਬੈਰਲ ਹਨ।
ਸੂਤਰਾਂ ਨੇ ਦੱਸਿਆ ਕਿ 5 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 349 ਰੁਪਏ, 10 ਕਿਲੋ ਦੇ ਸਿਲੰਡਰ ਦੀ ਕੀਮਤ 669 ਰੁਪਏ ਅਤੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2003.50 ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਹੁਣ HPCL ਨੇ 20 ਲੱਖ ਬੈਰਲ ਰੂਸੀ ਕੱਚੇ ਤੇਲ ਦੀ ਖਰੀਦ ਕੀਤੀ, MRPL ਨੇ ਜਾਰੀ ਕੀਤਾ ਟੈਂਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।