''ਸਾਈਕਲ ''ਤੇ ਚੱਲੀ ਬੁਲਡੋਜ਼ਰ, ਉੱਤਰ ਪ੍ਰਦੇਸ਼ ''ਚ ਫਿਰ ਯੋਗੀ

03/11/2022 11:38:08 AM

ਨਵੀਂ ਦਿੱਲੀ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਲੀਡਰਸ਼ਿਪ ਵਿਚ ਸਿਆਸੀ ਰੂਪ ਵਿਚ ਮਹੱਤਵਪੂਰਨ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਸੱਤਾ ਵਿਚ ਪਰਤ ਆਈ। ਕੁੱਲ 403 ਸੀਟਾਂ ਵਾਲੇ ਸੂਬੇ ਵਿਚ 202 ਸੀਟਾਂ ਦੇ ਬਹੁਮਤ ਤੋਂ ਕਿਤੇ ਵਧ 269 ਸੀਟਾਂ ਜਿੱਤ ਕੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਭਾਜਪਾ ਨੇ 37 ਸਾਲ ਬਾਅਦ ਯੂ. ਪੀ. ਵਿਚ ਪੂਰਨ ਬਹੁਮਤ ਦੀ ਸਰਕਾਰ ਦੀ ਵਾਪਸੀ ਦਾ ਇਤਿਹਾਸ ਰਚ ਦਿੱਤਾ ਹੈ। ਯੋਗੀ ਗੋਰਖਪੁਰ ਸੀਟ ਤੋਂ 1 ਲੱਖ ਤੋਂ ਵਧ ਵੋਟਾਂ ਨਾਲ ਜਿੱਤੇ ਜਦਕਿ ਸਪਾ ਦੇ ਅਖਿਲੇਸ਼ ਯਾਦਵ ਨੇ 67504 ਵੋਟਾਂ ਨਾਲ ਕਰਹਲ ਸੀਟ ’ਤੇ ਜਿੱਤ ਦਰਜ ਦਿੱਤੀ। ਗੌਤਮਬੁੱਧ ਨਗਰ ਜ਼ਿਲੇ ਦੀ ਨੋਇਡਾ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਪੰਕਜ ਸਿੰਘ 1 ਲੱਖ 79 ਹਜ਼ਾਰ ਵੋਟਾਂ ਨਾਲ ਜਿੱਤੇ। ਵਿਧਾਨ ਸਭਾ ਚੋਣਾਂ ਵਿਚ ਇਹ ਕਿਸੇ ਵੀ ਉਮੀਦਵਾਰ ਦੀ ਸਭ ਤੋਂ ਵੱਡੀ ਜਿੱਤ ਹੈ। ਚੋਣਾਂ ਤੋਂ ਐਨ ਪਹਿਲਾਂ ਭਾਜਪਾ ਛੱਡ ਕੇ ਸਪਾ ਵਿਚ ਸ਼ਾਮਲ ਹੋਏ ਸਵਾਮੀ ਪ੍ਰਸਾਦ ਮੌਰਿਆ ਹਾਰ ਗਏ। ਸੂਬੇ ਵਿਚ ਫਿਰ ਤੋਂ ਭਗਵਾ ਲਹਿਰਾਉਣ ਤੋਂ ਬਾਅਦ ਭਾਜਪਾ ਹੈੱਡਕੁਆਰਟਰ ਪੁੱਜੇ ਸੀ. ਐੱਮ. ਯੋਗੀ ਨੇ ਗੁਲਾਲ ਲਾ ਕੇ ਸਾਰੇ ਵਰਕਰਾਂ ਨੂੰ ਇਸ ਵੱਡੀ ਜਿੱਤ ਦੀ ਵਧਾਈ ਦਿੱਤੀ। ਇਸ ਦੌਰਾਨ ਵਰਕਰਾਂ ਵਿਚ ਭਾਰੀ ਉਤਸ਼ਾਹ ਦਿਖਿਆ।

ਅਯੁੱਧਿਆ ’ਚ ਭਾਜਪਾ ਨੇ 3 ਸੀਟਾਂ ਜਿੱਤੀਆਂ, 2 ਸਪਾ ਨੇ
ਅਯੁੱਧਿਆ ਵਿਚ 5 ਸੀਟਾਂ ਵਿਚੋਂ 3 ’ਤੇ ਭਾਜਪਾ ਅਤੇ 2 ’ਤੇ ਸਪਾ ਦੀ ਜਿੱਤ ਹੋਈ। ਰਾਮ ਮੰਦਰ ਵਾਲੀ ਅਯੁੱਧਿਆ ਸੀਟ ਤੋਂ ਭਾਜਪਾ ਦੇ ਵੇਦ ਪ੍ਰਕਾਸ਼ ਗੁਪਤਾ, ਰੂਦੌਲੀ ਤੋਂ ਰਾਮਚੰਦਰ ਯਾਦਵ ਅਤੇ ਬੀਕਾਪੁਰ ਤੋਂ ਅਮਿਤ ਸਿੰਘ ਚੌਹਾਨ ਜਿੱਤੇ। ਮਿਲਕੀਪੁਰ ਤੋਂ ਸਪਾ ਦੇ ਅਵਧੇਸ਼ ਪ੍ਰਸਾਦ ਅਤੇ ਗੋਸਾਈਂਗੰਜ ਤੋਂ ਅਭੇ ਸਿੰਘ ਜੇਤੂ ਰਹੇ।

ਯੋਗੀ ਬੋਲੇ- ਮਾੜਾ ਪ੍ਰਚਾਰ ਕਰਨ ਲਈ ਲੋਕਾਂ ਨੇ ਵਿਰੋਧੀ ਧਿਰ ਨੂੰ ਸਿਖਾਇਆ ਸਬਕ
ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸ਼ਾਨਦਾਰ ਜਿੱਤ ਪਿੱਛੋਂ ਕਿਹਾ ਕਿ ਲੋਕਾਂ ਨੇ ਵਿਰੋਧੀ ਧਿਰ ਨੂੰ ਸਬਕ ਸਿਖਾਇਆ ਹੈ ਕਿਉਂਕਿ ਉਨ੍ਹਾਂ ਨੇ ਭਾਜਪਾ ਵਿਰੁੱਧ ਮਾੜੇ ਪ੍ਰਚਾਰ ਦੀ ਮੁਹਿੰਮ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਮ ਕਰ ਰਹੇ ਸੀ ਪਰ ਉਹ ਵੱਡੀ ਪੱਧਰ ’ਤੇ ਗਲਤ ਸੂਚਨਾਵਾਂ ਫੈਲਾ ਰਹੇ ਸਨ। ਸੂਬੇ ਦੀ ਵਿਸ਼ਾਲਤਾ ਨੂੰ ਵੇਖਦੇ ਹੋਏ ਸਭ ਦੀ ਨਜ਼ਰ ਯੂ.ਪੀ. ’ਤੇ ਸੀ। ਮੈਨੂੰ ਬਹੁਮਤ ਨਾਲ ਜਿਤਾਉਣ ਲਈ ਮੈਂ ਲੋਕਾਂ ਦਾ ਧੰਨਵਾਦੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਯੂ.ਪੀ., ਗੋਆ, ਮਣੀਪੁਰ ਅਤੇ ਉੱਤਰਾਖੰਡ ’ਚ ਸਰਕਾਰਾਂ ਬਣਾਵਾਂਗੇ।


ਯੋਗੀ ਦੇ ਨਾਂ 5 ਰਿਕਾਰਡ
* ਲਗਾਤਾਰ ਦੂਜੀ ਵਾਰ ਸੀ.ਐੱਮ. ਬਣਨ ਵਾਲੇ ਪਹਿਲੇ ਵਿਅਕਤੀ

* 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਭਾਜਪਾ ਦੇ ਪਹਿਲੇ ਮੁੱਖ ਮੰਤਰੀ

* 2007 ਵਿਚ ਮੁਲਾਇਮ ਸਿੰਘ ਪਿੱਛੋਂ ਮੁੱਖ ਮੰਤਰੀ ਵਜੋਂ ਚੋਣ ਲੜਣ ਵਾਲੇ ਪਹਿਲੇ ਵਿਅਕਤੀ

* ਯੋਗੀ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰਨ ਵਾਲੇ ਪੰਜਵੇ ਮੁੱਖ ਮੰਤਰੀ

* 15 ਸਾਲ ’ਚ ਪਹਿਲੇ ਮੁੱਖ ਮੰਤਰੀ ਹੋਣਗੇ ਜੋ ਵਿਧਾਇਕ ਵਜੋਂ ਸਹੁੰ ਚੁਕਣਗੇ।


7 ਬਾਹੁਬਲੀਆਂ ’ਚ 4 ਜਿੱਤੇ, 3 ਹਾਰੇ
ਯੂ. ਪੀ. ਦੀਆਂ ਚੋਣਾਂ ਵਿਚ 7 ਬਾਹੁਬਲੀ ਉਤਰੇ ਸਨ। ਇਨ੍ਹਾਂ ਵਿਚ 4 ਜਿੱਤ ਗਏ ਅਤੇ 3 ਹਾਰ ਗਏ। 4 ਬਾਹੁਬਲੀਆਂ ਦੇ ਨੇਤਾ ਉਤਰੇ ਅਤੇ ਉਨ੍ਹਾਂ ਵਿਚ 3 ਹਾਰ ਗਏ। 3 ਬਾਹੁਬਲੀਆਂ ਦੀਆਂ ਪਤਨੀਆਂ ਵੱਖ-ਵੱਖ ਪਾਰਟੀਆਂ ਤੋਂ ਉਤਰੀਆਂ ਪਰ ਕੋਈ ਵੀ ਜਿੱਤ ਨਹੀਂ ਸਕੀ।

DIsha

This news is Content Editor DIsha