ਗੁਰਗੱਦੀ ਦਿਹਾੜੇ ’ਤੇ ਵਿਸ਼ੇਸ਼ : ਨਿਮਾਣਿਆਂ ਦੇ ਮਾਣ ‘ਗੁਰੂ ਰਾਮਦਾਸ ਜੀ’
9/2/2020 11:12:59 AM
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ।।
ਮਨੁੱਖੀ ਜ਼ਿੰਦਗੀ ਦਾ ਪ੍ਰਵਾਹ ਔਕੜਾਂ ਦੁਸ਼ਵਾਰੀਆਂ ਰੂਪੀ ਬਿਖੜੇ ਰਾਹਾਂ ਤੋਂ ਮੁਸ਼ਕਲਾਂ ਮੁਸੀਬਤਾਂ ਦੀਆਂ ਠੋਕਰਾਂ ਨਾਲ ਟਕਰਾ ਕੇ ਹੀ ਵਹਿੰਦਾ ਹੈ। ਮੁੱਢ ਕਦੀਮ ਤੋਂ ਦੁੱਖ ਮਨੁੱਖੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਰਹੇ ਹਨ, ਜਿਸ ਨੂੰ ਗੁਰੂ ਨਜ਼ਰ ਨੇ...
ਨਾਨਕ ਦੁਖੀਆ ਸਭੁ ਸੰਸਾਰੁ।।
ਦੇ ਰੂਪ ਵਿਚ ਵੇਖਿਆ ਹੈ। ਇਨ੍ਹਾਂ ਦੁੱਖ ਦਰਦਾਂ ਦੇ ਝੰਬੇ ਹੋਏ ਬਹੁਤ ਸਾਰੇ ਲੋਕਾਂ ਨੇ ਸੰਸਾਰ ਨੂੰ ਦੁੱਖਾਂ ਦਾ ਘਰ ਕਹਿ ਕੇ ਇਸ ਤੋਂ ਦੂਰ ਭੱਜਣ ਦਾ ਯਤਨ ਕੀਤਾ। ਬਹੁਤ ਸਾਰੇ ਲੋਕ ਜੀਵਨ ਨਿਰਬਾਹ ਦੇ ਕਰਮ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੁਨੱਕਰ ਹੋ ਕੇ ਜਗਤ ਨੂੰ ਮਿੱਥਿਆ ਕਹਿ ਕੇ ਇਸ ਤੋਂ ਦੂਰ ਜੰਗਲਾਂ, ਭੋਰਿਆਂ ਵਿਚ ਵਸੇਬਾ ਕਰ ਬੈਠੇ ਫਰਜ਼ਾਂ ਤੋਂ ਭਗੌੜੇ ਹੁੰਦੇ ਕਾਇਰ ਅਤੇ ਕਮਜ਼ੋਰ ਲੋਕਾਂ ਨੂੰ ਸੰਘਰਸ਼ਸ਼ੀਲ ਅਤੇ ਆਤਮ-ਨਿਰਭਰ ਬਣਾਉਂਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਕਾਰਤਮਕ ਸੋਚ ਦਿੱਤੀ।
ਦੁਖੁ ਦਾਰੂ ਸੁਖੁ ਰੋਗੁ ਭਇਆ।।
ਦਾ ਉਪਦੇਸ਼ ਦੇ ਕੇ ਮਾਨਵਤਾ ਨੂੰ ਜ਼ਿੰਦਗੀ ਵਿਚ ਸੰਘਰਸ਼ਸ਼ੀਲ ਯੋਧੇ ਬਣਾਇਆ। ਅੱਜ ਵੀ ਹਰ ਮਨੁੱਖ ਨੂੰ ਆਪਣਾ ਦੁੱਖ ਸਭ ਤੋਂ ਵੱਡਾ ਲਗਦਾ ਹੈ। ਹਰ ਮਨੁੱਖ ਆਪਣਾ-ਆਪਣਾ ਦੁੱਖ ਗਿਣਾਉਂਦਾ ਹੈ, ਜਿਸ ਵਿਚ ਅਕਸਰ ਇਹੀ ਵਿਸ਼ੇਸ਼ ਹੁੰਦਾ ਹੈ। ਜਿਨ੍ਹਾਂ ਕਰਕੇ ਮਨੁੱਖ ਹਉਕਿਆਂ ਤੇ ਹਾਵਿਆਂ ਵਿਚ ਜਿਉਂਦਾ ਜ਼ਿੰਦਗੀ ਨੂੰ ਬੋਝ ਸਮਝਣ ਲੱਗ ਪੈਂਦਾ ਹੈ। ਉਨ੍ਹਾਂ ਦੁੱਖਾਂ ਵਿਚ ਜਿਵੇਂ ਕਿਸੇ ਆਪਣੇ ਦਾ ਸਦੀਵੀ ਵਿਛੋੜਾ ਪੈ ਜਾਣ ਦਾ ਅਸਹਿ ਦੁੱਖ, ਗਰੀਬੀ ਦਾ ਦੁੱਖ, ਕਿਸੇ ਦੇ ਮੁਥਾਜ ਹੋਣ ਦਾ ਦੁੱਖ, ਸੰਸਾਰ ਦੇ ਤਾਨ੍ਹੇ-ਮਿਹਣਿਆਂ ਦਾ ਦੁੱਖ ਅਤੇ ਸਮਾਜਿਕ ਦੁੱਖਾਂ ਵਿਚ ਮਨੁੱਖ ਆਤਰ ਹੋ ਜਾਂਦਾ ਹੈ। ਇਨ੍ਹਾਂ ਹਾਲਾਤ ਵਿਚ ਮਨੁੱਖ ਭਾਵਨਾਤਮਕ ਤੌਰ 'ਤੇ ਅਕਸਰ ਟੁੱਟ ਜਾਂਦਾ ਹੈ।
ਪਰ ਇਨ੍ਹਾਂ ਹਾਲਾਤ ਵਿਚ ਮਨੁੱਖਤਾ ਲਈ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਇਕ ਰਾਹ ਦਸੇਰਾ ਹੀ ਨਹੀਂ ਸਗੋਂ ਸਾਕਾਰਾਤਮਕ ਸੋਚ ਅਤੇ ਆਤਮਿਕ ਬਲ ਪ੍ਰਦਾਨ ਕਰਦਾ ਹੈ। ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਸਮੁੱਚਾ ਜੀਵਨ ਇਨ੍ਹਾਂ ਹਾਲਾਤ ਵਿਚ ਅਮਲੀ ਰੂਪ ਵਿਚ ਕਮਾਈ ਹੋਈ ਮਿਸਾਲ ਹੈ। ਕਿਹੜਾ ਉਹ ਸੰਸਾਰੀ ਦੁੱਖ ਹੈ? ਜੋ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਨਾ ਵਾਪਰਿਆ ਹੋਵੇ। ਲਗਭਗ 7 ਵਰ੍ਹਿਆਂ ਦੇ ਸਨ ਜਦੋਂ ਵਾਰੀ-ਵਾਰੀ ਪਿਤਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਚਲਾਣਾ ਕਰ ਗਏ। ਸੰਸਾਰੀ ਦ੍ਰਿਸ਼ਟੀ ਤੋਂ ਬਾਲ ਵਰੇਸ ਯਤੀਮ ਹੋ ਬਿਰਧ ਨਾਨੀ ਦਾ ਸਹਾਰਾ ਬਣ ਕੇ ਬਾਸਰਕੇ ਆ ਗਏ। ਮਾਪਿਆਂ ਦੇ ਸਿਰ 'ਤੇ ਬੇਪ੍ਰਵਾਹੀ ਵਾਲਾ ਬਚਪਨ, ਸਿਰ 'ਤੇ ਟੋਕਰੀ ਚੁੱਕ ਕੇ ਘੁੰਗਣੀਆਂ ਵੇਚਦਾ, ਗੁਰਬਤ ਦੀ ਜ਼ਿੰਦਗੀ ਵਿਚ ਦੂਜਿਆਂ ਦੀ ਜ਼ਿੰਦਗੀ ਦੀਆਂ ਫਿਕਰਾਂ ਕਰਨ ਲੱਗਾ। ਹਾਲਾਤ ਉਨ੍ਹਾਂ ਨੂੰ ਚੂਨਾ ਮੰਡੀ ਲਾਹੌਰ ਤੋਂ ਬਾਸਰਕੇ ਅਤੇ ਬਾਸਰਕੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਲੈ ਆਏ ਪਰ ਦੁਸ਼ਵਾਰੀਆਂ ਦੇ ਸਮੁੰਦਰ ਨੂੰ ਚੀਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਗਤ ਸਦਕਾ ਆਤਮ ਨਿਰਭਰ ਹੋ ਸ਼ੁਭ ਗੁਣਾਂ ਦੀ ਮਹਿਕ ਵੰਡਦੇ ਅੱਗੇ ਹੀ ਅੱਗੇ ਵਧਦੇ ਗਏ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਦੁੱਖਾਂ ਦੀਆਂ ਚੱਟਾਨਾਂ ਨੂੰ ਚੀਰਕੇ ਖਿੜੇ ਇਸ ਫੁੱਲ ਵਰਗੇ ਬਾਲਕ ਦੀ ਹਿੰਮਤ ਅਤੇ ਦੈਵੀ ਗੁਣਾਂ ਦੀ ਕਦਰ ਕਰਦਿਆਂ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਨਾਤਾ ਰਾਮਦਾਸ ਜੀ ਨਾਲ ਜੋੜਿਆ। ਸਿਰ ਤੇ ਛਾਬੜੀ ਚੁੱਕ ਕੇ ਸਹੁਰਿਆਂ ਦੀ ਨਗਰੀ ਵਿਚ ਘੁੰਗਣੀਆਂ ਵੇਚਦੇ ਇਸ ਕਿਰਤੀ ਬਾਲਕ ਨੂੰ ਸੰਸਾਰ ਦੇ ਕਈ ਤਾਹਨੇ-ਮਿਹਣੇ ਅਕਸਰ ਸਹਿਣੇ ਪੈਂਦੇ। ਇਕ ਪਾਸੇ ਸ੍ਰੀ ਰਾਮਦਾਸ ਜੀ ਆਤਮ ਵਿਸ਼ਵਾਸ ਤੇ ਦੂਜੇ ਪਾਸੇ ਆਰਥਿਕ ਤੰਗੀਆਂ ਤੁਰਸੀਆਂ। ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਹਾਲਾਤਾਂ ਅਤੇ ਮਜਬੂਰੀਆਂ ਦੀ ਭੱਠ ਵਿਚ ਪੈ ਕੇ ਕੁੰਦਨ ਹੋਣ ਲੱਗੀ। ਸਮਾਜਿਕ ਤੰਗ-ਦਿਲੀ, ਮਾਪਿਆਂ ਦੇ ਸਾਏ ਤੋਂ ਵਿਹੂਣੇ ਅਤੇ ਆਰਥਿਕ ਤੰਗੀਆਂ ਵਿਚ ਜੂਝਦਿਆਂ ਸ੍ਰੀ ਰਾਮਦਾਸ ਜੀ ਨੇ ਕਦੀ ਵੀ ਸੁਰਤ 'ਤੇ ਸੋਚ ਨੂੰ ਨਿਵਾਣ ਵੱਲ ਨਹੀਂ ਜਾਣ ਦਿੱਤਾ। ਸਗੋਂ ਗੁਰ ਸੰਗਤ ਅਤੇ ਟਹਿਲ ਸੇਵਾ ਦੀ ਪਰਉਪਕਾਰੀ ਬਿਰਤੀ ਨੇ ਰਾਮਦਾਸ ਜੀ ਨੂੰ ਰੁਹਾਨੀ ਗੁਣਾਂ ਨਾਲ ਸਰਸ਼ਾਰ ਕਰ ਦਿੱਤਾ ਅਤੇ ਅਤਿਅੰਤ ਦੁਨਿਆਵੀ ਕਸ਼ਟਾਂ ਵਿਚ ਗੁਜ਼ਰਦਿਆਂ ਹੋਇਆਂ ਵੀ ਸੁਰਤ ਆਤਮਕ ਮੰਡਲ ਦੀਆਂ ਉਚੀਆਂ ਪ੍ਰਵਾਜ਼ਾਂ ਭਰਨ ਲੱਗੀ।
ਇਸ ਚੜ੍ਹਦੀ ਕਲਾ ਦੀ ਬਿਰਤੀ ਦੀ ਕਦਰ ਕਰਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਹਿਬ ਰਾਮਦਾਸ ਜੀ ਨੂੰ ਆਪਣਾ ਦਾਮਾਦ ਬਣਾ ਲਿਆ। ਪਰ ਰਾਮਦਾਸ ਜੀ ਸਦਾ ਮਨ ਨੀਵਾਂ ਤੇ ਮਤ ਉੱਚੀ ਰੱਖਦੇ।
ਲਾਹੌਰ ਤੋਂ ਆਏ ਰਾਮਦਾਸ ਜੀ ਦੇ ਸ਼ਰੀਕਾਂ ਨੇ ਸੇਵਾ ਕਰਦਿਆਂ ਵੇਖ ਸਹੁਰਿਆਂ ਦਾ ਚਾਕਰ ਕਹਿ ਮਿਹਣਿਆਂ ਦੀ ਝੜੀ ਲਾ ਦਿੱਤੀ।
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਆਪੁਨਾ ਗੁਨੁ ਨ ਗਵਾਵੈ।। 1 ।। ਰਹਾਉ।।
ਦਾ ਉਪਦੇਸ਼ ਦੇਣ ਵਾਲੇ ਰਾਮਦਾਸ ਜੀ ਦੀ ਸਹਿਜ ਅਵਸਥਾ ਵਿਚ ਕੋਈ ਫਰਕ ਨਾ ਪਿਆ। ਗੁਰੂ ਰਜਾ ਦੇ ਸੰਚੇ ਵਿਚ ਐਸਾ ਢਾਲਿਆ ਕਿ ਨਤੀਜਿਆਂ ਤੋਂ ਬੇਪ੍ਰਵਾਹ ਹੋ ਕੇ ਗੁਰੂ ਹੁਕਮ ਵਿਚ ਕਰਮਸ਼ੀਲ ਹੋਣਾ ਹੀ ਧਰਮ ਬਣ ਗਿਆ ਤੇ ਔਕੜ ਹਾਲਾਤ ਤੇ ਮਜਬੂਰੀਆਂ ਨੂੰ ਪਛਾੜ ਕੇ ਆਤਮ ਹੁਲਾਸ ਵਿਚ ਲਟ-ਲਟ ਬਲਦੀ ਇਸ ਜੋਤ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਜੋਤ ਨੂੰ ਇੱਕ-ਮਿੱਕ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਜੋਤ ਦੇ ਵਾਰਸ ਬਣਾ ਦਿੱਤਾ। ਸ੍ਰੀ ਗੁਰੂ ਰਾਮਦਾਸ ਦੀ ਸਾਰੀ ਮਨੁੱਖਤਾ ਅਤੇ ਖਾਸ ਕਰਕੇ ਅਜੋਕੇ ਦੌਰ ਵਿਚ ਮਾਯੂਸੀ ਦੇ ਸਮੁੰਦਰ ਵਿਚ ਗੋਤੇ ਖਾਂਦੇ ਨੌਜਵਾਨ ਲਈ ਅਤੇ ਉਹ ਲੋਕ ਜੋ ਹਾਲਾਤ ਹੱਥੋਂ ਪ੍ਰੇਸ਼ਾਨ ਹੋ ਜ਼ਿੰਦਗੀ ਦੀ ਬਾਜ਼ੀ ਹਾਰਨ ਦੀ ਕਗਾਰ ਤੇ ਪਹੁੰਚ ਰਹੇ ਹਨ ਉਨ੍ਹਾਂ ਸਭ ਲਈ ਇਕ ਜਜ਼ਬਾ ਹਨ-ਇਕ ਜੋਸ਼ ਹਨ।
ਗੁਰੂ ਰਾਮਦਾਸ ਜੀ ਦਾ ਗੁਰੂ ਪਦਵੀ ਤਕ ਦਾ ਸਫਰ ਸਾਡੇ ਲਈ ਆਤਮ ਵਿਸ਼ਵਾਸ ਅਤੇ ਚੜ੍ਹਦੀ ਕਲਾ ਦਾ ਮਾਰਗ ਹੈ। ਆਓ ਪਾਧੀਂ ਬਣ ਕੇ ਸੋਚ ਨੂੰ ਬੁਲੰਦੀਆਂ ਤਕ ਲੈ ਕੇ ਜਾਈਏ।
ਮੁੱਖ ਗ੍ਰੰਥੀ ਫਤਿਹਗੜ੍ਹ ਸਾਹਿਬ
ਗਿਆਨੀ ਹਰਪਾਲ ਸਿੰਘ, ਮੋ. 98148-98807,