ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
12/4/2020 2:23:32 PM
(ਕਿਸ਼ਤ ਪੱਚਵੰਝਵੀਂ)
ਭੈਣ ਨਾਨਕੀ ਜੀ ਦੇ ਵਿਆਹ ਦੀ ਕਥਾ
ਜਿਸ ਪ੍ਰਕਾਰ ਮਹਿਤਾ ਕਾਲੂ ਜੀ, ਤਲਵੰਡੀ ਰਾਇ ਭੋਇ ਦੇ ਜਾਗੀਰਦਾਰ (ਭੱਟੀ ਸਰਦਾਰ) ਰਾਇ ਬੁਲਾਰ ਖ਼ਾਨ ਸਾਹਿਬ ਦੇ ਮਾਲ ਮਹਿਕਮੇ ਵਿੱਚ ਪਟਵਾਰੀ ਸਨ ਠੀਕ ਇਸੇ ਤਰ੍ਹਾਂ ਸੁਲਤਾਨਪੁਰ ਨਿਵਾਸੀ ਭਾਈ ਜੈ ਰਾਮ ਜੀ, ਸੁਲਤਾਨਪੁਰ ਲੋਧੀ ਦੇ ਉੱਚ ਮੁਗ਼ਲ ਅਧਿਕਾਰੀ, ਨਵਾਬ ਦੌਲਤ ਖ਼ਾਨ ਲੋਧੀ ਸਾਹਿਬ ਦੇ ਮਾਲ ਮਹਿਕਮੇ ਵਿੱਚ, ਅਹਿਮ ਅਫ਼ਸਰ ਸਨ। ਸੋਢੀ ਮਿਹਰਬਾਨ ਜੀ ਨੇ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ, ਭਾਈ ਜੈ ਰਾਮ ਜੀ ਨੂੰ ‘ਉੱਪਲ’ ਗੋਤ ਦੇ ਖੱਤਰੀ ਦੱਸਿਆ ਹੈ। ਇਸ ਦੇ ਉਲਟ ਭਾਈ ਬਾਲਾ ਜੀ ਵਾਲੀ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਾਖੀ ਅੰਦਰ, ਉਨ੍ਹਾਂ ਨੂੰ ‘ਪਲਤਾ’ ਗੋਤ ਦੇ ਖੱਤਰੀ ਦੱਸਿਆ ਗਿਆ ਹੈ।
ਭਾਈ ਜੈ ਰਾਮ ਜੀ ਪਲਤਾ ਜਾਂ ਉੱਪਲ ਗੋਤ ਦੇ ਖੱਤਰੀ ਸਨ, ਇਸ ਬਾਰੇ ਦੋ ਰਾਇ ਹੋ ਸਕਦੀ ਹੈ ਪਰ ਭਾਈ ਬਾਲਾ ਜੀ ਵਾਲੀ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਾਖੀ ਵਿੱਚ ਮਿਲਦੇ ਵੇਰਵਿਆਂ ਦੇ ਆਧਾਰ ’ਤੇ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਉਹ ਨਵਾਬ ਦੌਲਤ ਖ਼ਾਨ ਲੋਧੀ ਦੇ ਮਾਲ ਮਹਿਕਮੇ ਵਿੱਚ ਇੱਕ ਬਾਰਸੂਖ਼ ਅਤੇ ਸਮਰੱਥਾਵਾਨ ਅਧਿਕਾਰੀ ਅਰਥਾਤ ‘ਆਮਿਲ’ ਸਨ। ‘ਆਮਿਲ’ ਉਰਦੂ-ਫ਼ਾਰਸੀ ਦਾ ਸ਼ਬਦ ਹੈ; ਜਿਸਦਾ ਅਰਥ ਹੈ, ਰਿਆਸਤ ਦੇ ਜ਼ਮੀਨ ਨਾਲ ਸੰਬੰਧਿਤ ਕੰਮ ਕਰਨ ਵਾਲਾ ਕਰਮਚਾਰੀ, ਕਰਿੰਦਾ, ਅਧਿਕਾਰੀ ਜਾਂ ਹਾਕਮ। ਇਨ੍ਹਾਂ ਅਰਥਾਂ ਤੋਂ ਸਪਸ਼ਟ ਹੈ ਕਿ ਉਹ ਨਵਾਬ ਦੌਲਤ ਖ਼ਾਨ ਲੋਧੀ ਦੀ ਰਿਆਸਤ ਵਿੱਚ, ਉਸ ਦੇ ਮਾਲ ਮਹਿਕਮੇ ਵਿੱਚ, ਕਾਨੂੰਗੋ ਜਾਂ ਤਹਿਸੀਲਦਾਰ ਦੀ ਪੱਧਰ ਦੇ ਉੱਚ-ਅਧਿਕਾਰੀ ਜਾਂ ਅਹਿਲਕਾਰ ਸਨ।
ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ-ਸਫ਼ਰ ਦੇ ਇਸ ਕਾਲ ਅਰਥਾਤ ਸੰਨ 1469 ਈਸਵੀ ਤੋਂ ਲੈ ਕੇ ਸੰਨ 1482-83 ਈਸਵੀ ਤੱਕ ਦੇ ਸਮੇਂ ਵਿੱਚ, ਮੁਗ਼ਲ ਸੁਲਤਾਨ ਬਹਿਲੋਲ ਲੋਧੀ ਹਿੰਦੁਸਤਾਨ ਦਾ ਬਾਦਸ਼ਾਹ ਸੀ। ਉਸ ਸਮੇਂ ਪੰਜਾਬ ਦਾ ਸਮੁੱਚਾ ਭੂ-ਖੰਡ (ਭੂਗੋਲਿਕ ਖਿੱਤਾ) ਪ੍ਰਸ਼ਾਸਨਿਕ ਜਾਂ ਪ੍ਰਬੰਧਕੀ ਪੱਧਰ ’ਤੇ ਪੰਜ ਹਿੱਸਿਆਂ/ਖੇਤਰਾਂ ਲਾਹੌਰ, ਮੁਲਤਾਨ, ਦੀਪਾਲਪੁਰ, ਸਰਹਿੰਦ ਅਤੇ ਜਲੰਧਰ-ਦੁਆਬ ਵਿੱਚ ਵੰਡਿਆ ਹੋਇਆ ਸੀ। ਜਲੰਧਰ-ਦੁਆਬ ਦੇ ਇਲਾਕੇ (ਸੂਬੇ/ਪਰਗਣੇ) ਦਾ ਸੂਬੇਦਾਰ ਜਾਂ ਨਵਾਬ (ਗਵਰਨਰ) ਨਵਾਬ ਦੌਲਤ ਖ਼ਾਨ ਲੋਧੀ ਸੀ। ਸੁਲਤਾਨਪੁਰ ਨਗਰ ਇਸ ਸੂਬੇ, ਰਾਜ ਜਾਂ ਇਲਾਕੇ ਦੀ ਸੂਬਾਈ ਰਾਜਧਾਨੀ ਸੀ। ਬਿਆਸ ਦਰਿਆ ਦੀ ਇੱਕ ਸਹਾਇਕ ਨਦੀ, ਕਾਲੀ ਵੇਈਂ ਦੇ ਬੇਹੱਦ ਰਮਣੀਕ ਕਿਨਾਰੇ ’ਤੇ ਵਸੇ ਇਸ ਨਗਰ ਨੂੰ ਕਿਉਂਕਿ ਲੋਧੀ ਖ਼ਾਨਦਾਨ ਦੇ ਸੁਲਤਾਨਾਂ/ਬਾਦਸ਼ਾਹਾਂ ਵੱਲੋਂ, ਨਵੇਂ ਸਿਰਿਉਂ ਆਬਾਦ ਕੀਤਾ ਗਿਆ ਸੀ; ਇਸ ਕਰਕੇ ਇਸ ਦਾ ਨਾਂ ਸੁਲਤਾਨਪੁਰ ਲੋਧੀ ਪ੍ਰਚਲਿਤ ਹੋ ਗਿਆ।
ਆਇਨ-ਇ-ਅਕਬਰੀ ਵਿੱਚ ਆਉਂਦਾ ਹੈ ਕਿ ਦੌਲਤ ਖ਼ਾਨ ਲੋਧੀ ਨੇ ਇੱਥੇ ਇੱਕ ਸ਼ਾਨਦਾਰ ਕਿਲ੍ਹਾ ਬਣਵਾਇਆ। ਕਿਲ੍ਹੇ ਤੋਂ ਇਲਾਵਾ ਉਸਨੇ ਇੱਥੇ ਇੱਕ ਆਲੀਸ਼ਾਨ ‘ਬਾਦਸ਼ਾਹੀ ਸਰਾਂ’ ਵੀ ਬਣਵਾਈ ਸੀ। ਇਨ੍ਹਾਂ ਦੋਹਾਂ ਇਤਿਹਾਸਕ ਇਮਾਰਤਾਂ ਦੀ ਰਹਿੰਦ-ਖੂੰਹਦ, ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਸੁਲਤਾਨਪੁਰ ਲੋਧੀ ਵਿਖੇ ਮੌਜੂਦ ਹੈ। ਚੀਨ ਦੇ ਸੰਸਾਰ ਪ੍ਰਸਿੱਧ ਬੋਧੀ ਚਿੰਤਕ, ਖੋਜੀ ਅਤੇ ਯਾਤਰੂ ਹਿਉਨ ਸਾਂਗ (Hiuen Tsang) ਦੇ ਕਥਨ ਅਨੁਸਾਰ, ਬਾਦਸ਼ਾਹੀ ਸਰਾਂ, ਇੱਥੇ ਸਥਾਪਿਤ ਇੱਕ ਪੁਰਾਤਨ ਬੋਧੀ ਮੱਠ/ਸਤੂਪ ਨੂੰ ਢਾਹ ਕੇ, ਤਾਮੀਰ ਕੀਤੀ ਗਈ ਸੀ। ਹਿਉਨ ਸਾਂਗ ਮੁਤਾਬਕ, ਇਤਿਹਾਸ ਦੇ ਉਸ ਦੌਰ ਵਿੱਚ ਜਦੋਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਬੁੱਧ ਜਾਂ ਬੋਧ ਪੰਜਾਬ ਵਜੋਂ ਜਾਣੀ ਜਾਂਦੀ ਸੀ, ਉਸ ਸਮੇਂ ਇਸ ਨਗਰ ਦਾ ਨਾਂ ਸੁਲਤਾਨਪੁਰ ਲੋਧੀ ਨਹੀਂ ਸਗੋਂ ‘ਤਾਮਸਵਣ’ ਸੀ।
‘ਤਾਮਸਵਣ’ ਦੋ ਸ਼ਬਦਾਂ ਤਾਮਸ ਅਤੇ ਵਣ ਦਾ ਸੁਮੇਲ ਹੈ। ‘ਤਾਮਸ’ ਦਾ ਅਰਥ ਹੈ ‘ਕਾਲਾ’ ਜਦੋਂ ਕਿ ‘ਵਣ’ ਤੋਂ ਭਾਵ ਹੈ ‘ਜੰਗਲ’। ਉਸ ਸਮੇਂ ਇਹ ਇਲਾਕਾ ਤਾਮਸਵਣ ਜਾਂ ਕਾਲੇ ਜੰਗਲ ਵਜੋਂ ਇਸ ਕਰਕੇ ਜਾਣਿਆ ਜਾਂਦਾ ਸੀ ਕਿਉਂਕਿ ਇੱਕ ਤਾਂ ਇਹ ਬਿਆਸ ਦਰਿਆ ਦੇ ਜਿਸ ਬਰਸਾਤੀ ਵਹਾਓ, ਵਹਿਣ ਜਾਂ ਵੇਈਂ ਦੇ ਕੰਢੇ ਵਸਿਆ ਸੀ, ਉਸ ਦੇ ਪਾਣੀ ਦਾ ਰੰਗ ਕਾਲਾ ਸੀ। ਦੂਸਰਾ ਇਸ ਕਾਲੀ ਵੇਈਂ ਦੇ ਆਲੇ-ਦੁਆਲੇ ਦੇ ਇਲਾਕੇ ਦੀ ਮਿੱਟੀ ਦਾ ਰੰਗ ਵੀ ਕਾਲਾ ਸੀ।
ਨਵਾਬ/ਫ਼ੌਜਦਾਰ ਜਾਂ ਸੂਬੇਦਾਰ ਦੌਲਤ ਖ਼ਾਨ ਲੋਧੀ, ਦਿੱਲੀ ਦੇ ਲੋਧੀ ਸੁਲਤਾਨਾਂ ਦੇ ਸ਼ਾਹੀ ਕਬੀਲੇ ਵਿੱਚੋਂ ਸੀ। ਈਰਾਨੀ ਧਾੜਵੀ ਜਹੀਰੁੱਦੀਨ ਮੁਹੰਮਦ ‘ਬਾਬਰ’ (15 ਫਰਵਰੀ, ਸੰਨ 1483 ਈਸਵੀ ਤੋਂ 26 ਦਸੰਬਰ, ਸੰਨ 1530 ਈਸਵੀ) ਦੇ ਹਿੰਦੁਸਤਾਨ ਉੱਪਰ ਹਮਲਾਵਰ ਹੋ ਕੇ ਆਉਣ ਤੋਂ ਪਹਿਲਾਂ ਦੇ ਸਮੇਂ ਵਿੱਚ, ਇਹ ਹਾਕਮ (ਦੌਲਤ ਖ਼ਾਨ ਲੋਧੀ), ਜਲੰਧਰ-ਦੁਆਬ ਦੀ ਪੂਰੀ ਸਲਤਨਤ ਦਾ ਰਾਜ-ਪ੍ਰਬੰਧ, ਰਾਜਧਾਨੀ ਸੁਲਤਾਨਪੁਰ ਲੋਧੀ ਤੋਂ, ਬੜੇ ਸੁਚੱਜੇ ਢੰਗ ਨਾਲ ਚਲਾ ਰਿਹਾ ਸੀ। ਸਿੱਟੇ ਵਜੋਂ ਇਸਦੇ ਰਾਜ ਵਿੱਚ ਬੜੀ ਸ਼ਾਂਤੀ ਅਤੇ ਸਥਿਰਤਾ ਸੀ।
ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖ਼ਾਨ ਲੋਧੀ ਦੇ ਮਾਲ ਮਹਿਕਮੇ ਵਿੱਚ ਇੱਕ ਕਾਨੂੰਗੋ, ਤਹਿਸੀਲਦਾਰ ਜਾਂ ਮਾਲ ਅਫ਼ਸਰ ਹੋਣ ਦੇ ਨਾਤੇ, ਭਾਈ ਜੈ ਰਾਮ ਜੀ ਦਾ ਇਹ ਕਾਅਦਾ ਸੀ ਕਿ ਉਹ ਸਾਲ ਵਿੱਚ ਘੱਟ ਤੋਂ ਘੱਟ ਦੋ ਵਾਰ (ਹਾੜੀ-ਸਾਉਣੀ), ਰਾਇ ਭੋਇ ਦੀ ਤਲਵੰਡੀ ਜਾ ਕੇ, ਕਿਸਾਨਾਂ ਪਾਸੋਂ ਮਾਲੀਏ, ਮਾਮਲੇ ਜਾਂ ਕਰ ਦੀ ਉਗਰਾਹੀ ਕਰਦੇ ਸਨ। ਕੰਮ-ਕਾਜ ਦੇ ਸਿਲਸਿਲੇ ਵਿੱਚ ਉਹ ਜਿੰਨੇ ਦਿਨ ਵੀ ਤਲਵੰਡੀ ਰਹਿੰਦੇ, ਉਸ ਸਮੇਂ ਦੌਰਾਨ ਉਨ੍ਹਾਂ ਦੀ ਠਾਹਰ ਜ਼ਿਆਦਾਤਰ ਰਾਇ ਬੁਲਾਰ ਖ਼ਾਨ ਸਾਹਿਬ ਦੀ ਹਵੇਲੀ ਵਿੱਚ ਹੁੰਦੀ ਸੀ। ਸਿੱਟੇ ਵਜੋਂ ਉਨ੍ਹਾਂ ਦੀ ਰਾਇ ਬੁਲਾਰ ਸਾਹਿਬ ਨਾਲ ਕਾਫ਼ੀ ਨੇੜਤਾ ਸੀ। ਦੋਵੇਂ ਜਣੇ ਇੱਕ-ਦੂਜੇ ਨਾਲ ਆਪਣੇ ਦਿਲ ਦੀਆਂ ਗੱਲਾਂ, ਬੇਝਿਜਕ ਕਰ ਲੈਂਦੇ ਸਨ।
ਸੰਨ 1482-83 ਈਸਵੀ ਦੀ ਗੱਲ ਹੈ। ਚੇਤਰ-ਵੈਸਾਖ ਦੇ ਮਹੀਨੇ ਦੌਰਾਨ, ਭਾਈ ਜੈ ਰਾਮ ਜੀ ਤਲਵੰਡੀ ਦੇ ਸਰਕਾਰੀ ਦੌਰੇ ’ਤੇ ਸਨ। ਤਲਵੰਡੀ ਵਿਖੇ ਠਾਹਰ ਦੌਰਾਨ, ਇੱਕ ਦਿਨ ਫੁਰਸਤ ਦੇ ਪਲਾਂ ਵਿੱਚ, ਉਹ ਰਾਇ ਬੁਲਾਰ ਖ਼ਾਨ ਸਾਹਿਬ ਦੀ ਹਵੇਲੀ ਦੇ ਚੁਬਾਰੇ ਵਿੱਚ ਬੈਠੇ, ਉਨ੍ਹਾਂ ਨਾਲ ਗੱਲੀਂ ਲੱਗੇ ਹੋਏ ਸਨ। ਬੇਹੱਦ ਨੇਕ ਅਤੇ ਉਦਾਰਚਿੱਤ ਰਾਇ ਬੁਲਾਰ ਸਾਹਿਬ ਨੇ ਆਪਣੀ ਅਤੇ ਪਿੰਡ ਵਾਲਿਆਂ ਦੀ ਸਹੂਲਤ ਲਈ, ਆਪਣੀ ਹਵੇਲੀ ਦੇ ਬਾਹਰਵਾਰ ਇੱਕ ਖੂਹ ਬਣਵਾਇਆ ਹੋਇਆ ਸੀ, ਜਿੱਥੇ ਪਿੰਡ ਦੇ ਸਾਰੇ ਲੋਕ (ਮਰਦ-ਸੁਆਣੀਆਂ, ਧੀਆਂ-ਧਿਆਣੀਆਂ ਆਦਿ) ਬੇਝਿਜਕ ਪਾਣੀ ਭਰਨ ਆਉਂਦੇ ਸਨ।
ਠੀਕ ਇਸੇ ਸਮੇਂ ਇਤਫ਼ਾਕਨ ਬੇਬੇ ਨਾਨਕੀ ਜੀ ਖੂਹ ’ਤੇ ਪਾਣੀ ਭਰਨ ਲਈ ਆਏ। ਉਸ ਸਮੇਂ ਉਨ੍ਹਾਂ ਦੀ ਉਮਰ ਅੰਦਾਜ਼ਨ 18-19 ਵਰ੍ਹਿਆਂ ਦੀ ਸੀ। ਉਹ ਵਾਹਵਾ ਲੰਮੇ-ਉੱਚੇ, ਰਿਸ਼ਟ-ਪੁਸ਼ਟ ਅਤੇ ਸੁਹਣੇ-ਸੁਨੱਖੇ ਸਨ। ਉਨ੍ਹਾਂ ਦਾ ਸਮੁੱਚਾ ਵਿਅਕਤਿੱਤਵ ਬੜਾ ਸਾਦਗੀ ਭਰਪੂਰ, ਸ਼ਾਲੀਨ, ਸ਼ਾਇਸਤਾ ਅਤੇ ਪ੍ਰਭਾਵਸ਼ਾਲੀ ਸੀ। ਸੁਭਾਵਕ ਹੀ ਭਾਈ ਜੈ ਰਾਮ ਜੀ ਦਾ ਧਿਆਨ, ਉਨ੍ਹਾਂ ਦੀ ਦੈਵੀ ਸੁਹਜਭਾਵੀ ਦਿੱਖ ਵੱਲ ਖਿੱਚਿਆ ਗਿਆ। ਉਸ ਸਮੇਂ ਉਹ ਵੀ ਭਰ ਜੁਆਨ (ਲਗਭਗ 21-22 ਸਾਲਾਂ ਦੇ) ਸਨ। ਦੌਲਤ ਖ਼ਾਨ ਲੋਧੀ ਦੇ ਮਾਲ ਮਹਿਕਮੇ ਵਿੱਚ ਇੱਕ ਜ਼ਿੰਮੇਵਾਰ ਅਫ਼ਸਰ ਸਨ। ਕੁਆਰੇ ਸਨ, ਸੂਝਵਾਨ ਸਨ, ਵਿਆਹੁਣਯੋਗ ਉਮਰ ਦੇ ਵੀ ਸਨ।
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com