ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

9/25/2020 2:09:33 PM

(ਕਿਸ਼ਤ ਸੰਨਤਾਲੀਵੀਂ)
...ਦੂਜਾ ਰਬਾਬੀ ਮਰਦਾਨਾ

ਸਾਡੀ ਜਾਚੇ ਜਿਸ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਅੰਦਾਜ਼ਨ 07-08 ਵਰ੍ਹਿਆਂ ਦੇ ਅਤੇ ਭਾਈ ਦਾਨਾ/ਮਰਜਾਣਾ/ਮਰਦਾਨਾ ਜੀ ਲਗਭਗ 17-18 ਸਾਲਾਂ ਦੇ ਸਨ ਤਾਂ ਠੀਕ ਉਸ ਸਮੇਂ ਸ਼ਾਇਰੀ ਅਤੇ ਸੰਗੀਤ ਦੇ ਸਹਿਜ ਸੁਮੇਲ ’ਤੇ ਉਸਰੀ, ਇਨ੍ਹਾਂ ਦੋਹਾਂ ਦੀ ਬਾਲ ਸਖਾਈ ਮਿੱਤਰਤਾ/ਯਾਰੀ, ਦਰਅਸਲ ਮੁਹੱਬਤ ਦੇ ਇੱਕ ਉੱਚੇ-ਸੁੱਚੇ ਅਤੇ ਲੰਮੇ ਰੂਹਾਨੀ ਸਫ਼ਰ (ਮਹਾਂ-ਪਰਵਾਜ਼) ਦਾ ਆਗਾਜ਼ ਸੀ; ਠੋਸ ਧਰਾਤਲ ਸੀ; ਤੁਰਨ-ਬਿੰਦੂ ਸੀ। ਬਾਬੇ ਨਾਨਕ ਨਾਲ ਪਿਆਰ ਅਤੇ ਦੋਸਤੀ ਦੇ ਸਮੁੱਚੇ ਅੰਤਰੀਵ ਅਤੇ ਬਾਹਰੀ ਸਫ਼ਰ ਦੌਰਾਨ, ਦਾਨਾ ਉਰਫ਼ ਮਰਜਾਣਾ ਮਿਰਾਸੀ ਪਹਿਲਾਂ ‘ਮਰਦਾਨਾ’ ਅਤੇ ਫਿਰ ਮਰਦਾਨੇ ਤੋਂ, ਜਗਤ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦਾ ‘ਭਾਈ’ ਹੋ ਨਿਬੜਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸੰਗੀਤਕ ਸਾਥੀ, ਪਿਆਰਾ ਦੋਸਤ ਅਤੇ ਮੁਰੀਦ ਹੋਣ ਦਾ ਮਰਦਾਨਾ ਜੀ ਦਾ ਇਹ ਨਿਆਰਾ ਸਫ਼ਰ, ਨਿਰਸੰਦੇਹ ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਸੀ। 

ਬਾਬੇ ਨਾਨਕ ਦਾ ਭਾਈ ਬਾਲਾ ਜਿਹੇ ਜੱਟ-ਬੂਟਾਂ ਅਤੇ ਭਾਈ ਦਾਨਾ/ਮਰਜਾਣਾ/ਮਰਦਾਨਾ ਜਿਹੇ ਤਥਾਕਥਿਤ ਢੰਗ ਨਾਲ ਨੀਵੇਂ ਮੰਨੇ ਜਾਂਦੇ ਡੂੰਮਾਂ/ਮਿਰਾਸੀਆਂ ਨੂੰ ਆਪਣਾ ਯਾਰ ਬਣਾਉਣਾ, ਸੰਗੀ-ਸਾਥੀ ਬਣਾਉਣਾ, ਨਿਰਸੰਦੇਹ ਉਸ ਸਮੇਂ ਵਾਪਰਿਆ ਇੱਕ ਵੱਡਾ ਇਨਕਲਾਬੀ (ਯੁੱਗ ਪਲਟਾਊ) ਵਰਤਾਰਾ ਜਾਂ ਘਟਨਾਕ੍ਰਮ ਸੀ। ਇਵੇਂ ਕਰਨ ਪਿੱਛੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਿੰਤਨ ਅਤੇ ਅਮਲ ਦਾ ਸਪਸ਼ਟ ਉਦੇਸ਼ ਅਤੇ ਵਡੱਪਣ ਇਹ ਸੀ ਕਿ ਆਪਣੇ ਆਪ ਨੂੰ ਆਪਹੁਦਰੇ ਢੰਗ ਨਾਲ ਉੱਚੀਆਂ (ਸੁਨਹਿਰੀ) ਜਾਤਾਂ ਦੇ ਸਮਝਣ ਵਾਲਿਆਂ ਦੇ ਜਾਤੀ ਅਭਿਮਾਨ ਨੂੰ ਤੋੜਨ ਲਈ, ਉਹ ਇਸ ਉੱਪਰ ਕਬੀਰ ਸਾਹਿਬ ਵਾਂਗ ਕਰਾਰੀ ਚੋਟ ਮਾਰਨਾ ਚਾਹੁੰਦੇ ਸਨ। 

ਹਉੁਮੈ ਅਤੇ ਭੁਲੇਖਿਆਂ ਵਿੱਚ ਗ੍ਰਸਤ ਤਥਾਕਥਿਤ ਉੱਚ ਵਰਗ (ਪੰਡਤ, ਪ੍ਰੋਹਤ ਅਤੇ ਰਾਜਨੇਤਾ) ਆਪਣੇ ਸਵਾਰਥੀ/ਲੁਟੇਰਾ ਹਿਤਾਂ ਦੀ ਪੂਰਤੀ ਹਿਤ, ਜਿਨ੍ਹਾਂ ਲੋਕਾਂ ਨੂੰ ਨੀਚ, ਕਮਜ਼ੋਰ, ਦਲਿਤ, ਮਜ਼ਲੂਮ, ਨਿਤਾਣੇ ਅਤੇ ਸ਼ੂਦਰ ਆਖ ਦੁਰਕਾਰਦਾ, ਤ੍ਰਿਸਕਾਰਦਾ, ਫਿਟਕਾਰਦਾ ਅਤੇ ਨਕਾਰਦਾ ਸੀ; ਉਨ੍ਹਾਂ ਨੂੰ ਸਤਿਕਾਰਨਾ, ਪਿਆਰਨਾ, ਸਵੀਕਾਰਨਾ, ਸੀਨੇ ਨਾਲ ਲਾਉਣਾ ਅਤੇ ਤਾਕਤਵਰ ਬਣਾਉਣਾ, ਗੁਰੂ ਬਾਬੇ ਦੀ ਕਥਨੀ ਅਤੇ ਕਰਣੀ ਦਾ ਬੁਨਿਆਦੀ ਖ਼ਾਸਾ ਸੀ; ਮੂਲ ਸਰੋਕਾਰ ਸੀ।

ਆਪਣੇ ਆਪ ਨੂੰ ਉੱਚੇ ਅਤੇ ਵੱਡੇ ਸਮਝਣ ਵਾਲਿਆਂ ਨੂੰ ਦਲੇਰੀ ਨਾਲ ਲਲਕਾਰਨਾ, ਦਾਨਿਆਂ (ਸਿਆਣਿਆਂ ਅਤੇ ਗੁਣੀ-ਜਨਾਂ) ਨੂੰ ਨਿਵਾਜ਼ਣਾ, ਨੀਵਿਆਂ ਨੂੰ ਉੱਚੇ, ਨਿਤਾਣਿਆਂ ਨੂੰ ਮਰਦਾਨੇ (ਸੂਰਮੇ) ਬਣਾਉਣਾ ਅਤੇ ਚਿੜੀਆਂ ਨੂੰ ਬਾਜ਼ਾਂ ਨਾਲ ਲੜਾਉਣਾ, ਨਿਰਸੰਦੇਹ ਉਨ੍ਹਾਂ ਦੇ ਚਿੰਤਨ, ਚਰਿੱਤਰ ਅਤੇ ਅਭਿਆਸ ਦਾ ਮੁੱਖ ਮੰਤਵ ਸੀ। ਗੁਰੂ-ਘਰ ਅੰਦਰ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ, ਅਕਾਲ ਪੁਰਖ ਪਰਮਾਤਮਾ ਵਜੋਂ ਜਾਣਿਆ ਅਤੇ ਪਛਾਣਿਆ ਜਾਂਦਾ ਹੈ ਉੱਥੇ ਮਰਦਾਨਾ ਜੀ ਦੀ ਮੁੱਖ ਪਹਿਚਾਣ ਇੱਕ ਰਬਾਬੀ ਦੀ ਹੈ:
“ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥”

ਸ਼ਾਇਰ ਅਤੇ ਸੰਗੀਤਕਾਰ ਵਜੋਂ ਦੋਹਾਂ ਦਾ ਆਪਸੀ ਰਿਸ਼ਤਾ, ਨਿਰਸੰਦੇਹ ਸਰੀਰਕ ਅਤੇ ਸਮਾਜਿਕ-ਆਰਥਿਕ ਸਥਿਤੀਆਂ ਅਤੇ ਬੰਦਸ਼ਾਂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੈ; ਪਾਰਗਾਮੀ ਹੈ। ਜੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਗੁਰਮਤਿ ਦੇ ਆਦਿ-ਗੁਰੂ ਜਾਂ ਮੋਢੀ ਹੋਣ ਦਾ ਮਾਣ ਹਾਸਲ ਹੈ ਤਾਂ ਮਰਦਾਨੇ ਨੂੰ ਆਦਿ-ਗੁਰੂ, ਗੁਰੂ-ਘਰ/ਗੁਰਮਤਿ ਸੰਗੀਤ ਦੇ ਪਹਿਲੇ ਰਬਾਬੀ, ਰਾਗੀ ਅਥਵਾ ਕੀਰਤਨੀਏ ਹੋਣ ਦਾ ਸੁਭਾਗ ਹਾਸਲ ਹੈ। 

ਸਿੱਖ ਇਤਿਹਾਸ ਦਾ ਅਧਿਐਨ ਦੱਸਦਾ ਹੈ ਕਿ ਗੁਰੂ-ਘਰ ਵਿੱਚ, ਪਰਮਾਤਮਾ ਅਤੇ ਗੁਰੂ ਦਾ, ਰਬਾਬ ਨਾਲ ਗੁਣ-ਗਾਇਨ ਕਰਨ ਵਾਲਿਆਂ ਨੂੰ ਰਬਾਬੀ ਅਤੇ ਢੱਡ ਨਾਲ ਵਾਰਾਂ ਗਾਉਣ ਵਾਲਿਆਂ ਨੂੰ ਢਾਡੀ ਆਖਿਆ ਜਾਂਦਾ ਹੈ। ਰਬਾਬੀਆਂ ਅਤੇ ਢਾਡੀਆਂ ਨੂੰ ਇੱਕੋ ਰੁੱਖ ਦੀਆਂ ਦੋ ਟਾਹਣੀਆਂ ਆਖਿਆ ਜਾ ਸਕਦਾ ਹੈ। ਇਸ ਪ੍ਰਸੰਗ ਵਿੱਚ ਪੰਜਾਬੀਆਂ ਅਤੇ ਰਾਜਪੂਤਾਂ ਦਾ ਇਤਿਹਾਸ ਇਸ ਗੱਲ ਦੀ ਟੋਹ ਵੀ ਦਿੰਦਾ ਹੈ ਕਿ ਲਗਭਗ ਸਾਰੇ ਦੇ ਸਾਰੇ ਰਬਾਬੀ ਅਤੇ ਢਾਡੀ ਲੋਕ ਮੁੱਖ ਰੂਪ ਵਿੱਚ ਡੂਮ, ਮਿਰਾਸੀ, ਭੱਟ ਜਾਂ ਭਾਟ ਭਾਈਚਾਰੇ ਵਿੱਚੋਂ ਹੀ ਹੋਏ ਹਨ।

ਸ੍ਰ. ਸਮਸ਼ੇਰ ਸਿੰਘ ‘ਅਸ਼ੋਕ’ ਨੇ ਆਪਣੇ ਇੱਕ ਲੇਖ ‘ਮਿਰਾਸੀਆਂ ਦਾ ਪਿਛੋਕੜ’ ਵਿੱਚ ਮਿਰਾਸੀਆਂ ਦੀਆਂ ਜਾਤਾਂ, ਗੋਤਾਂ, ਇਨ੍ਹਾਂ ਦੇ ਸੁਭਾਅ ਅਤੇ ਵਿਵਹਾਰ ਬਾਰੇ ਵਿਸਥਰਿਤ ਚਰਚਾ ਕਰਦਿਆਂ, ਇਹ ਸਿੱਟਾ ਕੱਢਿਆ ਹੈ ਕਿ ਮਿਰਾਸੀ/ਡੂਮ ਅਤੇ ਭੱਟ ਆਪਣੇ ਆਰੰਭ ਤੋਂ, ਇੱਕ ਹੀ ਜਾਤੀ ਨਾਲ ਸੰਬੰਧ ਰੱਖਦੇ ਸਨ। ਹਿੰਦੂ ਰਾਜਪੂਤਾਂ ਵਿੱਚ ਜਿੱਥੇ ਇਨ੍ਹਾਂ ਨੂੰ ‘ਭੱਟ’ ਜਾਂ ‘ਭਾਟ’ ਆਖਿਆ ਜਾਂਦਾ ਹੈ ਉੱਥੇ ਮੁਸਲਮਾਨਾਂ ਵਿੱਚ ਕੁੱਝ ਕੁ ਫ਼ਰਕ ਪਾ ਕੇ ‘ਮਿਰਾਸੀ’ ਜਾਂ ‘ਡੂੰਮ’ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਤੋਂ ਇਸ ਬਿਰਾਦਰੀ ਦੇ ਲੋਕਾਂ ਦਾ ਮੁੱਖ ਕਾਰ-ਵਿਹਾਰ ਕਿਉਂਕਿ ਰਾਜਿਆਂ-ਮਹਾਰਾਜਿਆਂ, ਵੱਡੇ, ਅਮੀਰ, ਸੂਰਬੀਰ ਅਤੇ ਆਪਣੇ ਜਜਮਾਨ ਲੋਕਾਂ ਦੀ ਤਾਰੀਫ਼ ਕਰਕੇ, ਉਨ੍ਹਾਂ ਪਾਸੋਂ ਇਨਾਮ ਪ੍ਰਾਪਤ ਕਰਨਾ ਰਿਹਾ ਹੈ। ਸਿੱਟੇ ਵਜੋਂ ਅਜਿਹਾ ਕਰਨਾ, ਪਿਤਾ-ਪੁਰਖੀ ਸੰਸਕਾਰਾਂ ਦੇ ਅਸਰ (ਆਦਤ ਜਾਂ ਫ਼ਿਤਰਤ) ਦੇ ਨਾਲ-ਨਾਲ, ਇਨ੍ਹਾਂ ਦੀ ਸਮਾਜਿਕ-ਆਰਥਿਕ ਮਜਬੂਰੀ ਵੀ ਰਿਹਾ ਹੈ।

ਮੁਸਲਮਾਨਾਂ ਵਿੱਚ ਮਿਰਾਸੀਆਂ ਵਾਂਗ, ਹਿੰਦੂ ਰਾਜਪੂਤਾਂ ਵਿੱਚ ਭੱਟਾਂ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਭੱਟ ਲੋਕ ਜਿੱਥੇ ਆਪਣੇ ਜਜਮਾਨਾਂ ਦੀਆਂ ਬੰਸਾਵਲੀਆਂ ਨੂੰ ਕਾਵ-ਰੂਪ ਵਿੱਚ ਅਤੇ ਉੱਚੀ ਹੇਕ ਅਤੇ ਸੁਰ-ਤਾਲ ਵਿੱਚ ਗਾ ਕੇ, ਉਨ੍ਹਾਂ ਪਾਸੋਂ ਤੋਹਫ਼ੇ ਅਤੇ ਬਖ਼ਸ਼ਿਸ਼ਾਂ ਪ੍ਰਾਪਤ ਕਰਦੇ ਰਹੇ ਹਨ ਉੱਥੇ ਵੱਡੇ ਰਾਜਪੂਤ ਯੋਧਿਆਂ ਦੀਆਂ ਗਾਥਾਵਾਂ ਦਾ ਆਪਣੇ ਬੁਲੰਦ ਅਤੇ ਸੁਰੀਲੇ ਗਲੇ ਨਾਲ ਗਾਇਨ ਕਰਕੇ, ਆਪਣੇ ਟੱਬਰਾਂ ਦਾ ਪਾਲਣ-ਪੋਸ਼ਣ ਵੀ ਕਰਦੇ ਰਹੇ ਹਨ। 

ਸੰਗੀਤ ਤੋਂ ਇਲਾਵਾ ਹਾਜ਼ਰ-ਜਵਾਬੀ, ਹਾਸੇ-ਠੱਠੇ, ਵਿਅੰਗ ਦੁਆਰਾ ਚੋਟ ਕਰਨ ਅਤੇ ਲੋਕ-ਸਿਆਣਪ ਦੇ ਖ਼ਾਨਦਾਨੀ ਗੁਣਾਂ ਨਾਲ ਵਰੋਸਾਏ ਹੋਣ ਕਰਕੇ, ਇਹ ਲੋਕ ਆਪਣੀ ਕਲਾ ਦੁਆਰਾ ਰਾਜਿਆਂ, ਅਮੀਰਾਂ, ਵਜ਼ੀਰਾਂ, ਚੌਧਰੀਆਂ, ਆਪਣੇ ਜਜਮਾਨਾਂ ਅਤੇ ਆਮ ਲੋਕਾਂ ਦਾ ਮਨੋਰੰਜਨ ਕਰਨ ਵਿੱਚ ਵੀ ਮਾਹਰ ਮੰਨੇ ਜਾਂਦੇ ਰਹੇ ਹਨ। ਇਸ ਕੰਮ (ਮਨੋਰੰਜਨ) ਨੂੰ ਉਹ ਲੋੜ ਅਤੇ ਮੌਕੇ ਅਨੁਸਾਰ ਇੱਕ ਵਾਧੂ ਅਤੇ ਵਕਤੀ (ਡੰਗ-ਟਪਾਊ) ਕਿੱਤੇ ਵਜੋਂ ਕਰਦੇ ਰਹੇ ਹਨ ਪਰ ਇਨ੍ਹਾਂ ਦਾ ਚਿਰ-ਸਥਾਈ, ਬੁਨਿਆਦੀ ਅਤੇ ਮੁੱਖ ਕੰਮ, ਮਹਿਮਾ ਗਾਉਣਾ ਜਾਂ ਉਸਤਤਿ ਕਰਨਾ ਹੀ ਰਿਹਾ ਹੈ ਅਤੇ ਇਹ ਕੰਮ ਉਹ ਦੋ ਪੱਧਰਾਂ, ਦੁਨਿਆਵੀ ਅਤੇ ਰੂਹਾਨੀ ’ਤੇ ਨਾਲੋ-ਨਾਲ ਕਰਦੇ ਰਹੇ ਹਨ।

ਦੁਨੀਆਂਦਾਰੀ ਦੇ ਪੱਖ ਤੋਂ ਉਹ ਜਿੱਥੇ ਉਦਰ-ਪੂਰਤੀ ਲਈ, ਆਪਣੇ ਜਜਮਾਨਾਂ (ਬਾਦਸ਼ਾਹਾਂ, ਅਮੀਰਾਂ, ਵਜ਼ੀਰਾਂ, ਚੌਧਰੀਆਂ, ਸੂਰਮਿਆਂ ਆਦਿ) ਦਾ ਗੁਣ-ਗਾਇਨ ਕਰਦੇ ਰਹੇ ਹਨ, ਉੱਥੇ ਰੂਹਾਨੀਅਤ ਦੇ ਪੱਖ ਤੋਂ, ਆਪਣੀ ਰੂਹਾਨੀ ਤਲਬ ਦੀ ਪੂਰਤੀ ਲਈ, ਉਹ ਆਪਣੇ ਇਸ਼ਟ (ਪਰਮਾਤਮਾ, ਗੁਰੂਆਂ, ਪੀਰਾਂ-ਫ਼ਕੀਰਾਂ, ਗੁਣੀ-ਜਨਾਂ ਆਦਿ) ਦੀ ਮਹਿਮਾ ਨੂੰ ਵੀ, ਦਿਲ ਦੀਆਂ ਗਹਿਰਾਈਆਂ ’ਚੋਂ ਗਾਉਂਦੇ ਰਹੇ ਹਨ। ਸੋ ਇਵੇਂ ਉਨ੍ਹਾਂ ਦਾ ਸਮੁੱਚਾ ਗਾਇਨ/ਸੰਗੀਤ, ਦੋ ਸਮਾਂਨਾਤਰ ਪਰੰਪਰਾਵਾਂ (ਲੋਕ-ਗਾਇਨ ਪਰੰਪਰਾ ਅਤੇ ਰੂਹਾਨੀ-ਗਾਇਨ ਪਰੰਪਰਾ) ਦੇ ਰੂਪ ਵਿੱਚ, ਭੂਤ ਤੋਂ ਵਰਤਮਾਨ ਤੱਕ, ਨਿਰੰਤਰ ਪ੍ਰਵਾਹਮਾਨ ਰਿਹਾ ਹੈ।

                                                         ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur