ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

9/4/2020 3:28:53 PM

(ਕਿਸ਼ਤ ਚੁਤਾਲੀਵੀਂ)

ਨਾਨਕੁ ਤਿਨ ਕੈ ਸੰਗਿ ਸਾਥਿ...

ਸਾਡੀ ਜਾਚੇ ਇਹ ਅੰਦਾਜ਼ਨ 1482-83 ਈਸਵੀ ਦਾ ਸਮਾਂ ਸੀ ਅਤੇ ਉਸ ਵਕਤ ਗੁਰੂ ਪਾਤਸ਼ਾਹ ਜੀ ਦੀ ਉਮਰ ਲਗਭਗ 13-14 ਵਰ੍ਹਿਆਂ ਦੀ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਸੰਮਤ 1516 ਬਿਕਰਮੀ (1459 ਈਸਵੀ) ਵਿੱਚ, ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਇਵੇਂ ਭਾਈ ਮਰਦਾਨਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ 10 ਸਾਲ ਵੱਡੇ ਅਤੇ ਉਨ੍ਹਾਂ ਦੇ ਗਿਰਾਈਂ ਸਨ। ਭਾਵ ਉਨ੍ਹਾਂ ਦੇ ਪਿੰਡ ਦੇ ਸਨ। ਇਹੀ ਕਾਰਣ ਹੈ ਕਿ ਭਾਈ ਮਨੋਹਰ ਦਾਸ ਮਿਹਰਬਾਨ ਜੀ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ‘ਬਾਲਪਣ ਦਾ ਸਾਥੀ’ ਲਿਖਿਆ ਹੈ।

ਨਿਰਸੰਦੇਹ ਭਾਈ ਮਰਦਾਨਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਲਪਣ ਦੇ ਦੋਸਤ ਸਨ, ਸਾਥੀ ਸਨ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਨ੍ਹਾਂ ਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਵਧੇਰੇ ਉਭਰਵਾਂ ਅਤੇ ਵਿਧੀਵੱਧ ਮਿਲਾਪ 1482-83 ਈਸਵੀ ਵਿੱਚ ਉਦੋਂ ਹੋਇਆ ਜਦੋਂ ਉਨ੍ਹਾਂ ਦੀ ਉਮਰ ਲਗਭਗ 23-24 ਸਾਲਾਂ ਦੀ ਸੀ ਅਤੇ ਉਸ ਸਮੇਂ ਦੇ ਰਿਵਾਜ ਅਤੇ ਦਸਤੂਰ ਮੁਤਾਬਕ, ਉਹ ਵਿਆਹੇ-ਵਰੇ ਅਤੇ ਬਾਲ-ਬੱਚੇਦਾਰ ਵੀ ਸਨ ਤਾਂ ਇਸਦਾ ਭਾਵ ਇਹ ਹਰਗਿਜ਼ ਨਹੀਂ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਇੱਕ-ਦੂਜੇ ਨੂੰ ਕਦੇ ਮਿਲੇ ਨਹੀਂ ਸਨ ਜਾਂ ਇੱਕ-ਦੂਜੇ ਨੂੰ ਜਾਣਦੇ ਨਹੀਂ ਸਨ। ਇਸਦਾ ਭਾਵ ਹੈ ਕਿ ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਦਾ ਆਪਸੀ ਮੇਲ-ਮਿਲਾਪ ਅਤੇ ਰਿਸ਼ਤਾ, ਇੱਕ ਵੱਡੇ ਅਤੇ ਲੰਮੇਰੇ ਭਵਿੱਖਮੁੱਖੀ ਇਲਾਹੀ ਉਦੇਸ਼ ਦੀ ਪੂਰਤੀ ਲਈ ਉੱਚੀ ਪਰਵਾਜ਼ ਭਰਨ ਹਿਤ, ਇੱਕ ਠੋਸ ਵਿਚਾਰਧਾਰਕ ਧਰਾਤਲ, ਨਿਸ਼ਚਿਤ ਰੂਪ-ਰੇਖਾ ਅਤੇ ਨਿਖਾਰ ਅਖ਼ਤਿਆਰ ਕਰਦਾ ਹੈ।

ਭਾਈ ਮਰਦਾਨਾ ਜੀ ਤਲਵੰਡੀ ਪਿੰਡ ਦੇ ਇੱਕ ਖ਼ਾਨਦਾਨੀ ਮਿਰਾਸੀ/ਡੂੰਮ ਪਰਿਵਾਰ ਵਿੱਚੋਂ ਸਨ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ‘ਮਰਦਾਨਾ’ ਉਨ੍ਹਾਂ ਦਾ ਨਾਂ ਨਹੀਂ ਸੀ। ਉਨ੍ਹਾਂ ਦਾ ਨਾਂ ਦਰਅਸਲ ‘ਦਾਨਾ’ ਸੀ। ‘ਮਰਦਾਨਾ’ ਤਾਂ ਇੱਕ ਪ੍ਰਕਾਰ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ, ਉਨ੍ਹਾਂ ਨੂੰ ਅਤਿ ਪਿਆਰ ਅਤੇ ਸਤਿਕਾਰ ਨਾਲ ਪ੍ਰਦਾਨ ਕੀਤਾ ਗਿਆ ‘ਵਿਸ਼ੇਸ਼ਣ’, ‘ਰੁਤਬਾ’ ਅਰਥਾਤ ‘ਖ਼ਿਤਾਬ’ ਸੀ। 

‘ਮਰਦਾਨਾ’ ਖ਼ਿਤਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੇ ਹੋਣ ਬਾਰੇ, ਡਾ. ਭਾਈ ਵੀਰ ਸਿੰਘ ਜੀ ਪੂਰੀ ਤਰ੍ਹਾਂ ਸਹਿਮਤ ਹਨ ਪਰ ਮੂਲ ਨਾਂ ‘ਦਾਨਾ’ ਬਾਰੇ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਤੋਂ ਵੱਖਰਾ ਮੱਤ ਪੇਸ਼ ਕਰਦਿਆਂ, ਉਨ੍ਹਾਂ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਚਮਤਕਾਰ’ ਵਿੱਚ ਭਾਈ ਮਰਦਾਨਾ ਦਾ ਪਹਿਲਾ ਨਾਂ ‘ਮਰਜਾਣਾ’ ਦੱਸਿਆ ਹੈ। ਉਨ੍ਹਾਂ ਦੇ ਇਸ ਗ੍ਰੰਥ ਵਿੱਚ ਇੱਕ ਥਾਂ ਜ਼ਿਕਰ ਆਉਂਦਾ ਹੈ ਕਿ ਬੇਬੇ ਨਾਨਕੀ ਜੀ ਦੇ ਵਿਆਹ ਤੋਂ ਕੁਝ ਸਮਾਂ ਬਾਅਦ, ਭਾਈਆ ਜੈ ਰਾਮ ਜੀ ਬੇਬੇ ਨਾਨਕੀ ਸਹਿਤ, ਜਦੋਂ ਪਹਿਲੀ ਵਾਰ ਆਪਣੇ ਸਹੁਰੇ ਪਿੰਡ, ਰਾਇ ਭੋਇ ਦੀ ਤਲਵੰਡੀ ਆਏ ਤਾਂ ਉਹ ਉਚੇਚੇ ਤੌਰ ’ਤੇ ਰਾਇ ਬੁਲਾਰ ਸਾਹਿਬ ਜੀ ਨੂੰ ਮਿਲਣ, ਉਨ੍ਹਾਂ ਦੀ ਹਵੇਲੀ ਗਏ। 

ਆਪਸ ਵਿੱਚ ਹੋਈ ਗੱਲਬਾਤ ਦੌਰਾਨ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਇਲਾਹੀ ਅਜ਼ਮਤ ਅਤੇ ਉਨ੍ਹਾਂ ਦੀ ਪਿੰਡ ਦੇ ਡੂੰਮ/ਸੰਗੀਤਕਾਰ ਭਾਈ ਮਰਦਾਨਾ ਜੀ ਨਾਲ ਪੱਕੀ ਯਾਰੀ ਦਾ ਗੁਣਗਾਨ ਕਰਦਿਆਂ ਰਾਇ ਬੁਲਾਰ ਸਾਹਿਬ ਜੀ ਨੇ, ਭਾਈਆ ਜੈ ਰਾਮ ਜੀ ਨੂੰ ਦੱਸਿਆ ਕਿ ਮਰਦਾਨੇ ਦੇ ਜਨਮ ਤੋਂ ਪਹਿਲਾਂ ਇਸ ਦੀ ਮਾਂ (ਮਾਈ ਲੱਖੋ) ਨੇ ਕਈ ਪੁੱਤ ਜੰਮੇ, ਪਰ ਰੱਬ ਦੀ ਮਰਜ਼ੀ ਐਸੀ ਹੋਈ ਕਿ ਉਹ ਸਾਰੇ ਅੱਲਾਹ ਨੂੰ ਪਿਆਰੇ ਹੋ ਗਏ। ਸੋ ਜਦੋਂ ਮਰਦਾਨਾ ਜੰਮਿਆ ਤਾਂ ਡਰੀ ਹੋਈ ਮਾਂ ਨੇ ਉਸ ਨੂੰ ਆਪ ਹੀ ‘ਮਰਜਾਣਾ’, ‘ਮਰਜਾਣਾ’ ਆਖਣਾ ਸ਼ੁਰੂ ਕਰ ਦਿੱਤਾ। 

ਉਸ ਵਿਚਾਰੀ ਮਮਤਾ ਦੀ ਮਾਰੀ ਦਾ ਖ਼ਿਆਲ ਸੀ ਕਿ ਮਰਜਾਣਾ, ਮਰਜਾਣਾ ਆਖਣ ਨਾਲ, ਮੌਤ ਦਾ ਫ਼ਰਿਸ਼ਤਾ ਮੇਰੇ ਪੁੱਤ ਦੇ ਨੇੜੇ ਨਹੀਂ ਆਵੇਗਾ। ਇਵੇਂ ਮਰਜਾਣਾ ਨਾਂ ਪੱਕ ਗਿਆ ਪਰ ਗੁਰੂ ਬਾਬੇ ਨੇ ਆਪਣੀ ਹਿੱਕ ਨਾਲ ਲਾ ਕੇ, ਅਰਥਾਤ ਉਸਦੀ ਗਾਇਕੀ, ਯਾਦ ਰੱਖਣ ਦੀ ਕਮਾਲ ਯੋਗਤਾ ਅਤੇ ਰਾਗ-ਵਿੱਦਿਆ ਦੀ ਕਦਰ ਕਰਦਿਆਂ, ਉਸ ਨੂੰ ਡੂੰਮ ਤੋਂ, ਮਰਦ ‘ਮਰਦਾਨਾ’ ਬਣਾ ਦਿੱਤਾ। ਭਾਈ ਦਾਨਾ/ਮਰਜਾਣਾ ਜੀ ਦੇ ਸਤਿਕਾਰਤ ਪਿਤਾ ਜੀ ਦਾ ਨਾਂ, ਭਾਈ ਬਦਰੇ/ਬਾਦਰੇ ਜਾਂ ਮੀਰ ਬਦਰਾ ਜੀ ਸੀ; ਜਦੋਂਕਿ ਪੂਜਨੀਕ ਮਾਤਾ ਜੀ ਦਾ ਨਾਂ, ਮਾਈ ਲੱਖੋ ਜੀ ਸੀ।

ਭਾਈ ਦਾਨਾ/ਮਰਜਾਣਾ ਜੀ ਕਿਉਂਕਿ ਤਲਵੰਡੀ ਪਿੰਡ ਦੇ ਇੱਕ ਮਿਰਾਸੀ, ਡੂੰਮ ਜਾਂ ਮੀਰ-ਆਲਮ ਪਰਿਵਾਰ ਵਿੱਚੋਂ ਸਨ, ਸੋ ਸੁਭਾਵਕ ਹੀ ਉਹ ਆਪਣੇ ਪਿਓ-ਦਾਦੇ ਦੇ ਖ਼ਾਨਦਾਨੀ ਕਸਬ ਨੂੰ ਅੱਗੇ ਤੋਰਦਿਆਂ, ਰਬਾਬ ਵਜਾਉਣ ਅਤੇ ਪਿੰਡ ਦੇ ਚੌਧਰੀਆਂ ਅਤੇ ਹੋਰ ਮੋਹਤਬਰ/ਪਤਵੰਤੇ ਲੋਕਾਂ ਦੀ ਉਸਤਤਿ ਗਾਇਨ ਕਰਨ ਦਾ ਕਾਰਜ ਕਰਿਆ ਕਰਦੇ ਸਨ। ਇਹੀ ਉਨ੍ਹਾਂ ਦਾ ਰੋਜ਼ਗਾਰ ਸੀ; ਕਾਰ-ਵਿਹਾਰ ਸੀ। ਰਾਇ ਬੁਲਾਰ ਖ਼ਾਨ ਭੱਟੀ ਸਾਹਿਬ, ਤਲਵੰਡੀ ਪਿੰਡ ਦੇ ਮਾਲਕ/ਮਲਕ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ, ਮਹਿਤਾ ਕਾਲੂ ਜੀ, ਉਨ੍ਹਾਂ ਦੀ ਜਾਗੀਰ ਦੇ ਪਟਵਾਰੀ ਸਨ। ਕਹਿਣ ਤੋਂ ਭਾਵ ਇਹ ਕਿ ਸਮਾਜਿਕ-ਆਰਥਿਕ ਪੱਧਰ ’ਤੇ, ਰਾਇ ਬੁਲਾਰ ਸਾਹਿਬ ਜੀ ਤੋਂ ਬਾਅਦ, ਪਿੰਡ ਅਤੇ ਆਲੇ-ਦੁਆਲੇ ਦੇ ਸਮਾਜ ਅੰਦਰ ਦੂਜਾ ਦਰਜਾ ਰੱਖਣ ਵਾਲੇ ਵਿਸ਼ੇਸ਼ ਸ਼ਖ਼ਸ ਸਨ।

ਪਿੰਡ ਦਾ ਮਿਰਾਸੀ ਹੋਣ ਕਰਕੇ ਸੁਭਾਵਕ ਹੀ ਭਾਈ ਬਦਰੇ/ਬਾਦਰੇ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਦਾਨਾ/ਮਰਦਾਨਾ ਜੀ ਦਾ ਇਨ੍ਹਾਂ ਦੋਹਾਂ ਵਿਅਕਤੀਆਂ (ਰਾਇ ਬੁਲਾਰ ਸਾਹਿਬ ਅਤੇ ਮਹਿਤਾ ਕਾਲੂ ਜੀ) ਦੇ ਘਰਾਂ ਅੰਦਰ ਆਉਣਾ-ਜਾਣਾ ਆਮ ਵਰਤਾਰਾ ਸੀ। ਡੂੰਮ ਜਾਂ ਮੀਰ-ਆਲਮ ਹੋਣ ਦੇ ਨਾਤੇ, ਉਨ੍ਹਾਂ ਦੇ ਟੱਬਰ ਦੀਆਂ ਕਈ ਲੋੜਾਂ ਦੀ ਪੂਰਤੀ, ਰੋਜ਼ੀ-ਰੋਟੀ ਆਦਿ, ਇਨ੍ਹਾਂ ਦੋਹਾਂ ਪਰਿਵਾਰਾਂ ’ਤੇ ਨਿਰਭਰ ਸੀ। ਨੇੜਲੇ ਪਰਿਵਾਰਕ ਸੰਬੰਧਾਂ ਦੇ ਇਸ ਸਹਿਜ ਵਰਤਾਰੇ ਅਧੀਨ ਹੀ ਭਾਈ ਦਾਨਾ ਜੀ, ਪਹਿਲਾਂ-ਪਹਿਲ ਬਚਪਨ ਦੇ ਦਿਨਾਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੰਪਰਕ ਵਿੱਚ ਆਏ। ਉਪਰੰਤ ਸਮੇਂ ਦੇ ਗੇੜ ਨਾਲ ਹੌਲੀ-ਹੌਲੀ ਇਹ ਰਾਬਤਾ, ਦੋਸਤੀ ਅਤੇ ਫਿਰ ਗੂੜ੍ਹੀ ਦੋਸਤੀ (ਰੂਹਾਨੀ ਪਿਆਰ-ਬੰਧਨ) ਵਿੱਚ ਬਦਲ ਗਿਆ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਚਮਕਾਰੇ ਵਾਲੀ ਸ਼ਖ਼ਸੀਅਤ ਦੀ ਇਹ ਖ਼ਾਸੀਅਤ ਸੀ ਕਿ ਉਹ ਕੇਵਲ ਅਤੇ ਕੇਵਲ ਗੁਣਾਂ (ਗੁਣਵੱਤਾ) ਅਤੇ ਗੁਣਾਂ ਦਾ ਖ਼ਜ਼ਾਨਾ (ਵਾਸੁਲਾ) ਰੱਖਣ ਵਾਲੇ ਗੁਣੀ ਜਨਾਂ ਦੇ ਗਾਹਕ ਸਨ, ਕਦਰਦਾਨ ਸਨ। ਕਿਸੇ ਨੂੰ ਆਪਣਾ ਮੀਤ ਬਣਾਉਣ ਲੱਗਿਆਂ, ਨੇੜੇ ਲਾਉਣ ਲੱਗਿਆਂ, ਉਹ ਉਸਦੀ ਸਮਾਜਿਕ-ਆਰਥਿਕ ਹੈਸੀਅਤ, ਅਮੀਰੀ-ਗਰੀਬੀ, ਜਾਤ-ਪਾਤ, ਉਮਰ ਵਗੈਰਾ ਨਹੀਂ ਸਨ ਵੇਖਦੇ। ਜਿਹੜੇ ਲੋਕ ਹਉਮੈ, ਮਾਇਆ ਜਾਂ ਭੁਲੇਖੇਵੱਸ ਆਪਣੇ ਆਪ ਨੂੰ ਬਾਕੀਆਂ ਨਾਲੋਂ ਉੱਚੇ ਅਤੇ ਵੱਡੇ ਸਮਝਦੇ ਸਨ, ਸਤਿਗੁਰਾਂ ਨੂੰ ਉਨ੍ਹਾਂ ਦੀ ਧਿਰ ਬਣਨਾ ਕਦਾਚਿਤ ਪ੍ਰਵਾਨ ਨਹੀਂ ਸੀ। ਇਹੀ ਕਾਰਣ ਹੈ ਕਿ ਸਮੇਂ ਦੀ ਸੱਤਾਧਾਰੀ ਅਤੇ ਪ੍ਰੋਹਿਤ ਜਮਾਤ ਨਾਲ ਸੰਬੰਧਿਤ ਅਭਿਮਾਨੀ ਲੋਕਾਂ ਦੁਆਰਾ ਨਿਤਾਣੇ, ਨੀਵੇਂ ਅਤੇ ਨੀਚ ਆਖ ਦੁਰਕਾਰੇ/ਤ੍ਰਿਸਕਾਰੇ ਜਾਂਦਿਆਂ ਨੂੰ, ਉਨ੍ਹਾਂ ਨੇ ਹਮੇਸ਼ਾਂ ਆਪਣੇ ਸੀਨੇ ਨਾਲ ਲਾਇਆ ਸੀ। ਇਸ ਪ੍ਰਸੰਗ ਵਿੱਚ ਉਨ੍ਹਾਂ ਦੀ ਸੋਚਧਾਰਾ ਅਤੇ ਵਿਵਹਾਰ (ਸਿਧਾਂਤ ਅਤੇ ਅਮਲ) ਬਿਲਕੁਲ ਸਪਸ਼ਟ ਅਤੇ ਸਟੀਕ ਹੀ ਨਹੀਂ ਸਗੋਂ ਇੱਕ-ਦੂਜੇ ਨਾਲ ਪੂਰੀ ਤਰ੍ਹਾਂ ਇਕਸੁਰ ਵੀ ਸੀ:

“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥”

                            ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com


rajwinder kaur

Content Editor rajwinder kaur