ਸਿੱਖ ਧਰਮ : ਗੁਰਦੁਆਰਾ ਸ੍ਰੀ ਟੋਕਾ ਸਾਹਿਬ

9/23/2020 10:32:38 AM

ਗੁਰਪ੍ਰੀਤ ਸਿੰਘ ਨਿਆਮੀਆਂ

ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਹੱਦ 'ਤੇ ਪੈਂਦੇ ਗੁਰਧਾਮ ਸ੍ਰੀ ਟੋਕਾ ਸਾਹਿਬ ਦਾ ਪਵਿੱਤਰ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਘੱਟੋ-ਘੱਟ ਦੋ ਵਾਰੀ ਆਏ। 

ਪਾਉਂਟਾ ਸਾਹਿਬ ਤੇ ਨਾਹਨ ਆਦਿ ਤਾਂ ਸੰਗਤਾਂ ਅਕਸਰ ਹੀ ਜਾਂਦੀਆ ਰਹਿੰਦੀਆਂ ਹਨ ਪਰ ਰਸਤੇ ਵਿਚ ਪੈਂਦੇ ਇਸ ਮਹਾਨ ਅਸਥਾਨ ਟੋਕਾ ਸਾਹਿਬ ਵੱਲ ਸ਼ਾਇਦ ਹੀ ਕਿਸੇ ਦਾ ਧਿਆਨ ਜਾਂਦਾ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਹਨ (ਸਿਰਮੌਰ ਰਿਆਸਤ) ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੀ ਰਿਆਸਤ ਵਿਚ ਬੁਲਾਇਆ ਸੀ। ਗੁਰੂ ਜੀ ਪਰਿਵਾਰ ਸਹਿਤ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਚੱਲ ਪਏ। ਨਾਲ ਵੱਡੀ ਗਿਣਤੀ ਵਿਚ ਸਿੰਘ ਸੰਗਤਾਂ ਵੀ ਸਨ। 

ਗੁਰੂ ਜੀ ਹੌਲੀ ਹੌਲੀ ਪੜਾਅ ਕਰਦੇ ਹੋਏ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਤਲਹਟੀ ਵਿਚ ਪੈਂਦੀ ਇਸ ਥਾਂ ਤੇ ਆਣ ਪੁੱਜੇ। ਇੱਥੋਂ ਸਿਰਮੌਰ ਰਿਆਸਤ ਦੀ ਸਰਹੱਦ ਸ਼ੁਰੂ ਹੁੰਦੀ ਸੀ। ਰਾਜਾ ਮੇਦਨੀ ਪ੍ਰਕਾਸ਼ ਗੁਰੂ ਜੀ ਦੇ ਸੁਆਗਤ ਲਈ ਪਹਿਲੋਂ ਹੀ ਇਸ ਥਾਂ ਤੇ ਆਪਣੇ ਮੁਖੀ ਵਜ਼ੀਰਾਂ ਤੇ ਮੋਹਤਬਰ ਲੋਕਾਂ ਨਾਲ ਪੁੱਜਾ ਹੋਇਆ ਸੀ। ਇਹ ਗੱਲ 1685 ਈਸਵੀ ਦੀ ਹੈ। ਮੌਜੂਦਾ ਟੋਕਾ ਸਾਹਿਬ ਵਾਲੀ ਥਾਂ ’ਤੇ ਗੁਰੂ ਜੀ ਦਾ ਸ਼ਾਹੀ ਸੁਆਗਤ ਕੀਤਾ ਗਿਆ। ਕੁੱਝ ਸਮਾਂ ਆਰਾਮ ਕਰਨ ਤੋਂ ਬਾਅਦ ਗੁਰੂ ਜੀ ਸ਼ਾਹੀ ਜਲੂਸ ਦੀ ਸ਼ਕਲ ਵਿਚ ਨਾਹਨ ਪੁੱਜੇ। ਟੋਕਾ ਸਾਹਿਬ ਵਾਲੀ ਥਾਂ ਤੇ ਗੁਰੂ ਜੀ ਦੁਬਾਰਾ ਉਸ ਵੇਲੇ ਆਏ ਜਦੋਂ ਗੁਰੂ ਜੀ ਭੰਗਾਣੀ ਦਾ ਯੁੱਧ ਜਿੱਤ ਕੇ ਵਾਪਸ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਰਹੇ ਸਨ। ਗੁਰੂ ਜੀ ਪਾਉਂਟਾ ਸਾਹਿਬ ਤੋਂ ਨਾਹਨ, ਕਪਾਲ ਮੋਚਨ, ਸਢੌਰਾ, ਬੀੜ ਮਾਜਰਾ, ਲਾਹੜਪੁਰ ਤੋਂ ਹੁੰਦੇ ਹੋਏ ਟੋਕਾ ਪਿੰਡ ਦੇ ਨੇੜੇ ਇਸ ਥਾਂ ਤੇ ਪੁੱਜੇ ਸਨ। ਇਹ ਥਾਂ ਕਾਫੀ ਰਮਣੀਕ ਸੀ।  ਇੱਥੇ ਗੁਰੂ ਜੀ ਦੀ ਸੈਨਾ ਦੇ ਦੋ ਸਿਪਾਹੀ, ਜੋ ਭੰਗਾਣੀ ਦੇ ਜੰਗ ਵਿਚ ਜ਼ਖਮੀ ਹੋ ਗਏ ਸਨ, ਉਹ ਚੜ੍ਹਾਈ ਕਰ ਗਏ। ਗੁਰੂ ਜੀ ਨੇ ਪੋਥੀਆਂ ਰਾਹੀਂ ਇਥੇ ਇਨ੍ਹਾਂ ਸ਼ਹੀਦ ਹੋਏ ਸੈਨਿਕਾਂ ਅਤੇ ਭੰਗਾਣੀ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਬਾਣੀ ਦੇ ਪਾਠ ਕਰਵਾਏ। 25 ਸਿੱਖਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤੇ ਗੁਰੂ ਜੀ ਵੱਲੋਂ ਦੱਸੀ ਗਈ ਮਰਿਆਦਾ ਅਨੁਸਾਰ ਬਾਣੀਆਂ ਦਾ ਪਾਠ ਕੀਤਾ ਗਿਆ।

ਫਿਰ ਇਸੇ ਥਾਂ ’ਤੇ ਸਿੰਘਾਂ ਦੀ ਸ਼ਹੀਦੀ ਦੀ ਯਾਦ ਵਿਚ ਬਾਣੀਆਂ ਦੇ ਪਾਠ ਦੇ ਭੋਗ ਪਾਏ ਗਏ। ਜੋ ਸਿੰਘ ਚੜ੍ਹਾਈ ਕਰ ਗਏ ਸਨ, ਉਨ੍ਹਾਂ ਦੇ ਅੰਗੀਠੇ ਤੇ ਬਾਕੀ ਦੇ ਭੰਗਾਣੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਸਰੋਵਰ ਦੇ ਕਿਨਾਰੇ ਇਕ ਯਾਦਗਾਰ ਬਣਾਈ। ਇਸ ਯਾਦਗਾਰ ਵਾਲੀ ਥਾਂ ਅੱਜ ਵੀ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਥੇ ਲੋਕ ਬਹੁਤ ਹੀ ਸ਼ਰਧਾ ਨਾਲ ਮੱਥਾ ਟੇਕਣ ਲਈ ਆਉਂਦੇ ਹਨ।

ਇੱਥੇ ਗੁਰੂ ਜੀ ਦੇ ਘੋੜਿਆਂ ਨੂੰ ਬੰਨ੍ਹਣ ਲਈ ਜਾਮਣ ਦੇ ਚਾਰ ਕਿੱਲੇ ਗੱਡੇ ਗਏ ਸਨ, ਜੋ ਅੱਜਕੱਲ੍ਹ ਰੁੱਖ ਬਣ ਗਏ ਹਨ। ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਗੁਰੂ ਜੀ ਦੇ ਹੱਥਾਂ ਦਾ ਲਾਇਆ ਹੋਇਆ ਅੰਬ ਦਾ ਬਹੁਤ ਵੱਡਾ ਰੁੱਖ ਵੀ ਅਜੇ ਕਾਇਮ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਬੋਹੜ ਦੇ ਰੁੱਖ ਵਾਂਗ ਇਹ ਅੰਬ ਦਾ ਰੁੱਖ ਧਰਤੀ ’ਤੇ ਡਿੱਗ ਕੇ ਵੀ ਦੁਬਾਰਾ ਟਹਿਣੀਆਂ ਨੂੰ ਜੜਾਂ ਲਾ ਕੇ ਫਿਰ ਖੜਾ ਹੋ ਗਿਆ। ਅੱਜ ਤੱਕ ਸ਼ਾਇਦ ਹੀ ਕਿਸੇ ਨੇ ਕੋਈ ਅੰਬ ਦਾ ਰੁੱਖ ਇਸ ਤਰਾਂ ਟੁੱਟ ਕੇ ਦੁਬਾਰਾ ਹਰਾ ਹੁੰਦਾ ਦੇਖਿਆ ਹੋਵੇ। 

1880 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਰਨੈਲ ਫਤਿਹ ਸਿੰਘ ਆਹਲੂਵਾਲੀਆ ਨੇ ਇਥੇ ਇਕ ਖੂਹ ਲਗਾਇਆ। ਇਸ ਖੂਹ ਤੋਂ ਪੀਣ ਵਾਲੇ ਪਾਣੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਸਨ। ਖੂਹ ਦੇ ਅੰਦਰਵਾਰ ਇਕ ਤਾਂਬੇ ਦੀ ਪਲੇਟ ਵੀ ਲੱਗੀ ਹੋਈ ਹੈ ਜਿਸ ਤੇ ਇਹ ਲਿਖਿਆ ਹੋਇਆ ਹੈ ਕਿ ਇਸ ਨੂੰ ਕਿਸ ਨੇ ਲਗਵਾਇਆ। ਗੁਰਦੁਆਰਾ ਸਾਹਿਬ ਜੀ ਦੇ ਨਾਂ 300 ਵਿੱਘਾ ਜ਼ਮੀਨ ਲੱਗੀ ਹੋਈ ਹੈ ਜੋ ਕਿ ਹਰਿਆਣਾ ਵਿਚ ਪੈਂਦੀ ਹੈ। ਗੁਰਦੁਆਰਾ ਸਾਹਿਬ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਇਹ ਗੁਰਦੁਆਰਾ ਸਾਹਿਬ ਅਸਲ ਵਿਚ ਦੋ ਰਾਜਾਂ ਦੀ ਹੱਦ 'ਤੇ ਬਣਿਆ ਹੋਇਆ ਹੈ। ਨਦੀ ਹਰਿਆਣੇ ਵਿਚ ਤੇ ਪਹਾੜੀਆਂ ਹਿਮਾਚਲ ਵਿਚ।

ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਜੀ ਭਜਨ-ਬੰਦਗੀ ਲਈ ਇਕਾਂਤ ਵਿਚ ਪਰਮਾਤਮਾ ਨਾਲ ਇੱਕਮਿਕ ਹੋਇਆ ਕਰਦੇ ਸਨ। ਗੁਰੂ ਜੀ ਨਦੀ ਵਿੱਚ ਬਣੀ ਇਕ ਗਹਿਰੀ ਥਾਂ ਤੋਂ ਪਾਣੀ ਲੈ ਕੇ ਇਸ਼ਨਾਨ ਕਰਿਆ ਕਰਦੇ ਸਨ ਤੇ ਫਿਰ ਸੈਰ ਕਰਕੇ ਇੱਥੇ ਆ ਕੇ ਭਜਨ-ਬੰਦਗੀ ਵਿਚ ਲੀਨ ਹੋ ਜਾਇਆ ਕਰਦੇ ਸਨ। ਹੁਣ ਇਥੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਰ ਹੁਣ ਛੇਤੀ ਹੀ ਕਾਰ ਸੇਵਾ ਰਾਹੀਂ ਬਹੁਤ ਸ਼ਾਨਦਾਰ ਗੁਰਦੁਆਰਾ ਉਸਾਰਿਆ ਜਾ ਰਿਹਾ ਹੈ। ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਇਸ ਥਾਂ ਦੀ ਕਾਰਸੇਵਾ ਕਰਵਾਈ ਹੈ ਤੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ। ਨਾਲ ਹੀ ਸਰੋਵਰ ਹੈ ਤੇ ਲੰਗਰ ਹਾਲ ਦੀ ਕਾਰ ਸੇਵਾ ਚੱਲ ਰਹੀ ਹੈ। ਬਾਬਾ ਸੁੱਖਾ ਸਿੰਘ ਦੀ ਦੇਖ ਰੇਖ ਹੇਠ ਬਾਬਾ ਲਾਲ ਸਿੰਘ ਜੀ ਇਥੋਂ ਦਾ ਸਾਰਾ ਪ੍ਰਬੰਧ ਦੇਖ ਰਹੇ ਹਨ। ਸੰਗਤਾਂ ਦੀ ਰਿਹਾਇਸ਼ ਲਈ ਵੀ ਕੁੱਝ ਕਮਰੇ ਤੇ ਬਾਥਰੂਮ ਬਣਾਏ ਹੋਏ ਹਨ।

ਇਸ ਥਾਂ ਆਉਣ ਲਈ ਚੰਡੀਗੜ੍ਹ-ਨਾਹਨ ਵਾਲੀ ਸੜਕ ਤੋਂ ਅੰਬੇਦਕਰ ਚੌਂਕ ਰਾਹੀਂ ਹੋ ਕੇ ਪਿੰਡ ਕੁੱਲੜਪੁਰ, ਮੀਆਂ ਪੁਰ, ਚੇਚੀ ਮਾਜਰਾ ਤੇ ਫਿਰੋਜ਼ਪੁਰ ਨੂੰ ਹੋ ਕੇ ਰਾਸਤਾ ਜਾਂਦਾ ਹੈ। ਅੱਗੇ ਨਦੀ ਤੇ ਅਮਰੀਕਾ ਦੀਆਂ ਸੰਗਤਾਂ ਵਲੋਂ ਪੁਲ ਬਣਾਇਆ ਹੋਇਆ ਹੈ। ਦੂਜਾ ਰਾਸਤਾ ਹੁਸੈਨੀ ਰੋਡ ਰਾਹੀਂ ਹੋ ਕੇ ਜਾਂਦਾ ਹੈ। ਪਿੰਡ ਰਾਮਪੁਰ, ਜੰਗੂ ਮਾਜਰਾ ਤੇ ਮਾਜਰੀ ਰਾਹੀਂ ਹੋ ਕੇ ਇਹ ਰਾਸਤਾ ਫਿਰ ਫਿਰੋਜਪੁਰ ਨਾਲ ਜਾ ਮਿਲਦਾ ਹੈ। ਤੀਜਾ ਰਸਤਾ ਕਾਲਾ ਅੰਬ ਤੋਂ ਆਉਂਦਾ ਹੈ ਜੋ ਕਿ ਸਾਢੇ ਕੁ ਚਾਰ  ਕਿਲੋਮੀਟਰ ਦਾ ਹੈ। ਇਸ ਰਸਤੇ ਰਾਹੀਂ ਪਿੰਡ ਖੈਰੀ ਤੋਂ ਨਦੀ ਦੇ ਪੁਲ ਤੋਂ ਪਹਿਲਾਂ ਖੱਬੇ ਹੱਥ ਮੁੜ ਕੇ ਜਾਇਆ ਜਾ ਸਕਦਾ ਹੈ। ਇਹ ਸੜਕ ਵੀ ਪੱਕੀ ਬਣ ਰਹੀ ਹੈ। ਇਥੇ ਵਿਸਾਖੀ ਮੌਕੇ ਵੱਡਾ ਸਮਾਗਮ ਕੀਤਾ ਜਾਂਦਾ ਹੈ ਤੇ ਇਸ ਜੋੜ ਮੇਲੇ 'ਤੇ ਸੰਗਤਾਂ ਦੂਰੋਂ-ਦੂਰੋਂ ਚਲ ਕੇ ਆਉਂਦੀਆਂ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਪੂਰਨਮਾਸੀ ਤੇ ਐਤਵਾਰ ਨੂੰ ਵੀ ਵੱਡੀ ਗਿਣਤੀ ਵਿਚ ਸੰਗਤ ਜੁੜਦੀ ਹੈ। ਇੱਥੋਂ ਦਾ ਪ੍ਰਬੰਧ ਬਾਬਾ ਲਾਲ ਸਿੰਘ ਜੀ ਕਰ ਰਹੇ ਹਨ। ਅਸੀਂ ਉਚੇਚੇ ਤੌਰ 'ਤੇ ਭਾਈ ਸਰਬਜੀਤ ਸਿੰਘ ਚੰਡੀਗੜ੍ਹ ਵਾਲੇ, ਮਾਸਟਰ ਸ਼ਿਵਲਾਲ ਸਿੰਘ ਖਰੜ, ਡਾਕਟਰ ਕਮਲਜੀਤ ਸਿੰਘ ਸੰਤ ਜੀ ਅਤੇ ਭਾਈ ਜਸਪ੍ਰੀਤ ਸਿੰਘ ਮੌਲੀ ਵਾਲਿਆਂ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਤੇ ਪ੍ਰੇਰਨਾ ਸਦਕਾ ਅਸੀਂ ਇਸ ਗੁਰਧਾਮ ਦੇ ਦਰਸ਼ਨ ਕਰ  ਸਕੇ ਤੇ ਆਪ ਜੀ ਨੂੰ ਵੀ ਇਸ ਬਾਰੇ ਦੱਸ ਸਕੇ ਹਾਂ।


rajwinder kaur

Content Editor rajwinder kaur