ਉਮਰੋਂ ਨਿੱਕੇ, ਯੁੱਧ ਕਲਾ ’ਚ ਤਿੱਖੇ ਦਸਮ ਪਿਤਾ ਦੇ ਫਰਜ਼ੰਦ, ਸਾਹਿਬਜ਼ਾਦਾ ਜੁਝਾਰ ਸਿੰਘ ਨੇ ਮੁਗਲਾਂ ਨੂੰ ਪਾਈਆਂ ਭਾਜੜਾਂ

4/9/2021 2:04:29 PM

ਸਰਬੰਸ ਦਾਨੀ, ਦਸਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੁੱਲ ਦੁਨੀਆ ਸਜਦਾ ਕਰਦੀ ਐ... ਸਿੱਖ ਇਤਿਹਾਸ ਦੇ ਦੋ ਖੂਨੀ ਸਾਕੇ ...ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਰਹਿੰਦੀ ਦੁਨੀਆ ਤੱਕ ਇਸ ਗੱਲ ਦੀ ਗਵਾਈ ਭਰਦੇ ਰਹਿਣਗੇ ਕਿ ਕਿਵੇਂ ਨਿੱਕੀ ਉਮਰੇ ਸ਼ੇਰ ਦੇ ਇਨ੍ਹਾਂ ਬੱਚਿਆਂ ਨੇ ਧਰਮ ਦੀ ਖਾਤਰ ਤੇ ਜਬਰ-ਜ਼ਲਮ ਖਿਲਾਫ ਮਹਾਨ ਸ਼ਹਾਦਤਾਂ ਦਿੱਤੀਆਂ.... ਦਸਮ ਪਾਤਸਾਹ ਦੇ ਚਾਰ ਸਾਹਿਬਜਾਦਿਆਂ ‘ਚੋਂ ਦੂਜੇ ਸਾਹਬਿਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੀ ਗੱਲ ਕਰੀਏ ਤਾਂ ਨਾਨਕਸ਼ਾਹੀ ਕਲੰਡਰ ਮੁਤਾਬਿਕ ਅੱਜ ਉਨਾਂ ਦਾ ਜਨਮ ਦਿਹਾੜਾ ਹੈ, ਜਿਸਨੇ ਸਾਕਾ ਚਮਕੌਰ ਸਾਹਿਬ 'ਚ ਮੁਗ਼ਲ ਫੌਜਾਂ ਨੂੰ ਲੋਹੇ ਦੇ ਚਨੇ ਚਬਾਉਣ ਲਈ ਮਜਬੂਰ ਕਰ ਦਿੱਤਾ।...

ਇਹ ਵੀ ਪੜ੍ਹੋ:  7 ਗੋਲ਼ੀਆਂ ਸੀਨੇ ’ਤੇ ਖਾਣ ਵਾਲਾ ਜਰਨੈਲ ਸਰਦਾਰ 'ਸ਼ਾਮ ਸਿੰਘ ਅਟਾਰੀ'

ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਸੰਮਤ 1747 (1690 ਈਸਵੀ) ਨੂੰ ਗੁਰੂ ਸਾਹਿਬ ਦੇ ਮਹਿਲ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਘੋੜ-ਸਵਾਰੀ, ਸ਼ਸਤਰ-ਵਿਦਿਆ, ਤੀਰ ਅੰਦਾਜੀ ਵਿੱਚ ਨਿਪੁੰਨ ਸਨ। ਗੁਰੂ ਪਿਤਾ ਵੱਲੋਂ ਆਪਣੇ ਫ਼ਰਜ਼ੰਦ ਨੂੰ ਫੌਜੀ ਮੁਹਿੰਮਾ ਦਾ ਹਿੱਸੇਦਾਰ ਬਣਨ ਲਈ ਵੀ ਅਕਸਰ ਹੀ ਭੇਜਿਆ ਜਾਂਦਾ ਸੀ। ਇਸ ਹਿੱਸੇਦਾਰੀ ਅਤੇ ਗੁਰੂ ਪਿਤਾ ਦੀ ਯੋਗ ਰਹਿਨੁਮਾਈ ਸਦਕਾ ਸਾਹਿਬਜ਼ਾਦਾ ਜੁੁਝਾਰ ਸਿੰਘ ਜੂਝਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦੇ ਸਨ।
ਜਦੋਂ ਚਮਕੌਰ ਦੀ ਕੱਚੀ ਗੜ੍ਹੀ 'ਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਮੈਦਾਨ-ਏ-ਜੰਗ ਵਿਚ ਦੁਸ਼ਮਣ ਦਲ ਨਾਲ ਲੋਹਾ ਲੈਂਦਾ ਦੇਖਿਆ ਤਾਂ ਆਪ ਦਾ ਖ਼ੂਨ ਵੀ ਉਬਾਲੇ ਖਾਣ ਲੱਗ ਪਿਆ। ਰਣ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਜਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤਾਂ ਆਪ ਨੇ ਗੁਰੂ ਪਿਤਾ ਕੋਲ ਆ ਕੇ ਬੇਨਤੀ ਕੀਤੀ ਕਿ ‘ਪਿਤਾ ਜੀ ! ਮੈਨੂੰ ਵੀ ਆਗਿਆ ਬਖ਼ਸ਼ੋ ਤਾਂ ਜੋ ਮੈਂ ਵੀ ਵੀਰ ਅਜੀਤ ਸਿੰਘ ਵਾਂਗ ਦੁਸ਼ਮਣ ਦੇ ਨਾਲ ਦੋ ਹੱਥ ਕਰ ਸਕਾਂ। ਦੇਖਿਉ ਮੈਂ ਦੁਸ਼ਮਣਾਂ ਦੇ ਦੰਦ ਕਿਵੇਂ ਖੱਟੇ ਕਰਦਾ ਹਾਂ। ਪਿਤਾ ਜੀ ! ਜਲਦੀ ਕਰੋ, ਮੈਂ ਵੀ ਆਪਣੇ ਵੱਡੇ ਵੀਰ ਕੋਲ ਜਾਣਾ ਹੈ।’ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਇਸ ਜੋਸ਼ ਅਤੇ ਉਤਸ਼ਾਹ ਨੂੰ ਕਵੀ ਸੈਨਾਪਤਿ ਇੰਝ ਬਿਆਨ ਕਰਦਾ ਹੈ:

‘ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁਚਿਓ ਆਨ।
ਦੌਰਿਓ ਦਲ ਮੈਂ ਧਾਇ ਕੈ ਕਰ ਮੈਂ ਗਹੀ ਕਮਾਨ।’

ਇਹ ਵੀ ਪੜ੍ਹੋ: ਜਾਣੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲਣ ਦਾ ਇਤਿਹਾਸ

ਪੁੱਤਰ ਦੇ ਜੰਗੀ-ਜੋਸ਼ ਨੂੰ ਦੇਖ ਗੁਰੂ ਸਾਹਿਬ ਨੇ ਤੇਜ਼ ਤਲਵਾਰ ਤੇ ਢਾਲ ਦੇ ਕੇ ਅਤੇ ਸਿਰ 'ਤੇ ਇਕ ਛੋਟੀ ਕਲਗੀ ਸਜਾ ਕੇ ਸਾਹਿਬਜਾਦਾ ਜੁਝਾਰ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਚ ਵਿਦਾ ਕੀਤਾ.... ਨਾਲ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ (ਦੋਵੇਂ ਪਿਆਰੇ) ਭਾਈ ਮੋਹਰ ਸਿੰਘ ਅਤੇ ਭਾਈ ਲਾਲ ਸਿੰਘ ਨੂੰ ਜੱਥੇ ਦੇ ਰੂਪ ਵਿਚ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਵੈਰੀ ਦੰਗ ਰਹਿ ਗਏ। ਮਹਿਜ਼ 14 ਸਾਲਾਂ ਦੀ ਕੱਚੀ ਉਮਰ 'ਚ ਵੱਡੇ-ਵੱਡੇ ਜਰਨੈਲਾਂ ’ਤੇ ਭਾਰੀ ਪੈਂਦੇ ਹੋਏ ਸਾਹਿਬਜ਼ਾਦਾ ਜੁਝਾਰ ਸਿੰਘ ਅਖੀਰ 8 ਪੋਹ ਸੰਮਤ 1761 ਮੁਤਾਬਕ 22 ਦਸੰਬਰ 1704 ਈ. ਨੂੰ ਸ਼ਹੀਦੀ ਪਾ ਗਏ। ਉਸ ਸਾਕੇ ਦੀ ਯਾਦ 'ਚ ਚਮਕੌਰ ਵਿਖੇ ਗਰਦੁਆਰਾ ‘ਕਤਲਗੜ੍ਹ ਸਾਹਿਬ’ ਮੌਜੂਦ ਹੈ।


Shyna

Content Editor Shyna