ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

9/18/2020 12:53:11 PM

(ਕਿਸ਼ਤ ਛਿਆਲੀਵੀਂ)

ਓਇ ਭੀ ਚੰਦਨੁ ਹੋਇ ਰਹੇ...

ਤਲਵੰਡੀ ਪਿੰਡ ਦਾ ਮੀਰ ਆਲਮ, ਡੂਮ ਅਥਵਾ ਮਿਰਾਸੀ ਹੋਣ ਦੇ ਨਾਤੇ ਕਿਉਂਕਿ ਭਾਈ ਬਦਰਾ ਜੀ ਅਤੇ ਭਾਈ ਦਾਨਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ, ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਪਾਸ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ। ਇਸ ਕਾਰਣ ਆਪਣੇ ਬਚਪਨ ਦੇ ਦਿਨਾਂ (07-08 ਸਾਲ ਦੀ ਉਮਰ) ਤੋਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਠੋਸ ਤੱਥ ਤੋਂ ਭਲੀਭਾਂਤ ਵਾਕਫ਼ ਸਨ ਕਿ ਮੀਰ ਆਲਮ ਦਾਨਾ, ਇੱਕ ਪ੍ਰਬੀਨ ਅਤੇ ਸਮਰੱਥ ਗਾਇਕ ਹੋਣ ਦੇ ਨਾਲ-ਨਾਲ ਇੱਕ ਪਰਿਪੱਕ ਰਬਾਬ-ਵਾਦਕ/ਸੰਗੀਤਕਾਰ ਹੋਣ ਦੀ ਅਸੀਮ ਸੰਭਾਵਨਾ ਅਤੇ ਊਰਜਾ ਰੱਖਦੇ ਹਨ।

ਇਸ ਪ੍ਰਕਰਣ ਵਿੱਚ ਭਾਈ ਮੰਗਲ ਸਿੰਘ ਉਪਦੇਸ਼ਕ ਦੁਆਰਾ ਬਾਬਾ ਬੁੱਢਾ ਸਾਹਿਬ ਬਾਰੇ ਰਚਿਤ ਇੱਕ ਪੁਸਤਕ “ਬ੍ਰਹਮ ਗਿਆਨੀ ਬਾਬਾ ਬੁੱਢਾ ਜੀ” ਵਿੱਚ ਏਸ ਉਮਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਦੀ ਆਪਸੀ ਨੇੜਤਾ ਬਾਰੇ ਇੱਕ ਥਾਂ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਦਾਨਾ/ਮਰਜਾਣਾ/ਮਰਦਾਨਾ ਜੀ ਦੇ ਪਿਤਾ, ਮੀਰ ਬਦਰਾ ਸਾਹਿਬ ਜੀ ਕੰਮ-ਕਾਰ ਦੇ ਸਿਲਸਲੇ ਵਿੱਚ ਕਿਤੇ ਬਾਹਰ ਗਏ ਹੋਏ ਸਨ। ਪਿਛੋਂ ਘਰ ਵਿੱਚ ਦਾਣਿਆਂ ਦੀ ਸਖ਼ਤ ਜ਼ਰੂਰਤ ਆਣ ਪਈ। ਲੋੜ ਦੀ ਪੂਰਤੀ ਲਈ, ਮਾਈ ਲੱਖੋ ਜੀ ਪੁੱਤਰ ਦਾਨਾ/ਮਰਜਾਣਾ ਨੂੰ ਨਾਲ ਲੈ ਕੇ, ਆਪਣੇ ਜਜਮਾਨ ਮਹਿਤਾ ਕਾਲੂ ਜੀ ਦੇ ਘਰ ਗਏ। 

ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਬਚਪਨ ਤੋਂ ਹੀ ਹੋਰਨਾਂ ਨਾਲ ਗੱਲਬਾਤ ਅਤੇ ਸੰਵਾਦ ਕਰਨ ਦੇ ਡਾਢੇ ਸ਼ੌਕੀਨ ਸਨ। ਸੋ ਉਹ ਸੁਭਾਵਕ ਹੀ ਮਾਈ ਲੱਖੋ ਅਤੇ ਦਾਨਾ ਜੀ ਨਾਲ ਗੱਲੀਂ ਪੈ ਗਏ। ਗੱਲਾਂ ਕਰਦਿਆਂ ਕਿਸੇ ਵਿਸ਼ੇਸ਼ ਪ੍ਰਸੰਗ ਵਿੱਚ ਜਦੋਂ ਮਾਈ ਲੱਖੋ ਨੇ ਬੜੇ ਸੁਰੀਲੇ ਅੰਦਾਜ਼ ਵਿੱਚ “ਕਿਸੇ ਕੋਠਾ ਕਿਸੇ ਪੱਲ੍ਹਾ, ਸਾਨੂੰ ਆਸ ਤੇਰੀ ਅੱਲਾਹ” ਆਖਦਿਆਂ ਆਪਣੇ ਪਰਿਵਾਰ ਦੀ ਅੱਲਾਹ ਉੱਪਰ ਟੇਕ ਦੀ ਰਮਜ਼ਮਈ ਬਾਤ ਪਾਈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਸਨੂੰ ਬੁਝਦਿਆਂ ਸਹਿਜ ਸੁਭਾਵਕ ਹੀ ਬਚਨ ਕੀਤਾ, ਹੇ ਮਾਤਾ! ਅਸੀਂ ਵੀ ਓਸ ਇੱਕ ਰੱਬ (ਅੱਲਾਹ) ਦਾ ਹੀ ਆਸਰਾ ਰੱਖਦੇ ਹਾਂ ਅਤੇ ਤੁਹਾਡਾ ਆਸਰਾ ਵੀ ਓਹ ਅੱਲਾਹ ਹੀ ਹੈ। ਅਸਾਨੂੰ ਅੱਲਾਹ ਵਾਲਿਆਂ ਦੀ ਅਤਿ ਲੋੜ ਹੈ; ਇਸ ਲਈ ਤੁਸੀਂ ਆਪਣਾ ਲਾਲ (ਪੁੱਤਰ) ਅਸਾਨੂੰ ਦੇ ਛੱਡੋ।

ਦਰ ’ਤੇ ਸਵਾਲੀ ਬਣ ਕੇ ਆਏ ਡੂੰਮਾਂ ਪਾਸੋਂ, ਜਜਮਾਨ ਵੱਲੋਂ ਕੁੱਝ ਮੰਗਣ ਦੀ ਗੱਲ ਸੁਣ ਕੇ ਮਾਤਾ ਲੱਖੋ ਅਤੇ ਮਰਦਾਨਾ ਜੀ ਬਹੁਤ ਹੈਰਾਨ ਹੋਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮੰਗ ’ਤੇ ਡਾਢੀ ਅਸਚਰਜਤਾ ਪ੍ਰਗਟ ਕਰਦਿਆਂ ਮਾਤਾ ਆਖਿਆ, ਨਾਨਕ ਜੀ! ਤੁਸੀਂ ਸਾਡੇ ਮਾਈ-ਬਾਪ ਹੋ, ਮਾਲਕ ਹੋ। ਅਸੀਂ ਤੁਸਾਂ ਦੇ ਮਿਰਾਸੀ ਹਾਂ, ਡੂੰਮ ਹਾਂ। ਮੇਰਾ ਪੁੱਤਰ (ਦਾਨਾ/ਮਰਜਾਣਾ) ਰਾਗ ਦਾ ਪ੍ਰੇਮੀ ਹੈ। ਇਸ ਗਵੱਈਏ ਨੇ ਅੱਜ ਤੱਕ ਸਾਡਾ ਤਾਂ ਕੁੱਝ ਸੰਵਾਰਿਆ ਨਹੀਂ, ਇਹ ਤੁਹਾਡਾ ਕੀ ਸੰਵਾਰੇਗਾ? ਅੱਗੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮੁਸਕਰਾਉ਼ਂਦਿਆਂ ਜਵਾਬ ਦਿੱਤਾ, ਮਾਤਾ ਭੋਲੀਏ! ਤੁਸਾਂ ਨੂੰ ਨਹੀਂ ਪਤਾ। ਗਵੱਈਆ ਨਿਕੰਮਾ ਨਹੀਂ ਹੁੰਦਾ। ਗਵੱਈਆ/ਸੰਗੀਤਕਾਰ ਅਤੇ ਕਵੀ ਤਾਂ ਦੋਵੇਂ ਮਰਦ, ਮਰਦਾਨਾ (ਸੂਰਮਾ) ਹੁੰਦੇ ਹਨ। ਅਸਾਂਨੂੰ ਇਸਦੇ ਰਾਗ ਅਤੇ ਸਾਥ ਦੀ ਸਖ਼ਤ ਲੋੜ ਹੈ।

ਭਾਰਤੀ ਸਮਾਜ ਵਿੱਚ ਇਹ ਆਮ ਹੀ ਆਖਿਆ ਜਾਂਦਾ ਹੈ ਕਿ ਮਿਰਾਸੀ ਬਿਰਾਦਰੀ ਜਾਂ ਸਮੁਦਾਇ ਵਿੱਚ ਜਨਮਿਆ ਬੱਚਾ ਤਾਂ ਜਨਮ ਤੋਂ ਹੀ ਗਾਇਕ ਹੁੰਦਾ ਹੈ; ਸੁਰ ’ਚ ਹੁੰਦਾ ਹੈ। ਦਾਨਾ/ਮਰਜਾਣਾ ਜੀ ਵਿੱਚ ਵਾਧਾ ਇਹ ਸੀ ਕਿ ਉਹ ਕੇਵਲ ਜਨਮ-ਜਾਤ ਅਰਥਾਤ ਖ਼ਾਨਦਾਨੀ ਗਾਇਕ ਹੀ ਨਹੀਂ ਸਨ। ਖ਼ੂਨ ਵਿੱਚ ਗਾਇਕੀ ਅਤੇ ਸੁਰੀਲੇ ਕੰਠ ਦੀ ਰੱਬੀ ਬਖ਼ਸ਼ਿਸ਼ ਦੇ ਨਾਲ-ਨਾਲ ਉਹ ਪਿਤਾ-ਪੁਰਖੀ (ਸੰਗੀਤ ਘਰਾਣੇ ਦੀ) ਬਾਕਾਅਦਾ ਰਾਗ-ਵਿੱਦਿਆ ਦੇ ਜਾਣਕਾਰ ਵੀ ਸਨ। ਉਪਰੋਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਿਹਾ ਬੇਹੱਦ ਸੁਹਿਰਦ ਅਤੇ ਉੱਚਕੋਟੀ ਦਾ ਸਰਪ੍ਰਸਤ, ਗੁਰੂ, ਦੋਸਤ ਅਤੇ ਕਦਰਦਾਨ ਮਿਲਿਆ।

ਅਕਾਲ ਰੂਪ ਅਰਥਾਤ ਅਵਤਾਰੀ ਪੁਰਸ਼ ਹੋਣ ਕਰਕੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਬਚਪਨ ਤੋਂ ਹੀ ਸਰਬ ਕਲਾ ਸਮਰੱਥ ਸਨ। ਉਹ ਅਨੇਕ ਪਰਮਾਤਮੀ ਗੁਣਾਂ ਨਾਲ ਲਬਰੇਜ਼ ਸਨ। ਮਹਾਨ ਬਾਣੀਕਾਰ (ਦਰਵੇਸ਼ ਸ਼ਾਇਰ) ਅਤੇ ਦਾਰਸ਼ਨਿਕ ਹੋਣ ਦੇ ਨਾਲ-ਨਾਲ ਉਹ ਸੰਗੀਤ-ਵਿੱਦਿਆ ਦੇ ਵੀ ਗਿਆਤਾ ਸਨ। ਅਰਥਾਤ ਪ੍ਰਬੁੱਧ ਅਤੇ ਪਰਿਪੱਕ ਸੰਗੀਤਕਾਰ ਵੀ ਸਨ। ਇਹੀ ਕਾਰਣ ਹੈ ਕਿ ਜਿਹੜਾ ਮਿਰਾਸੀ/ਗਵੱਈਆ ਦਾਨਾ/ਮਰਜਾਣਾ, ਮਾਂ ਲੱਖੋ ਲਈ ਧੇਲੇ/ਕੱਖ ਦਾ ਅਰਥਾਤ ਕਿਸੇ ਕੰਮ ਦਾ ਨਹੀਂ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਲਈ ਲੱਖ ਦਾ ਹੈ; ਬੜੇ ਕੰਮ ਦਾ ਹੈ। ਅਤਿ ਲੋੜੀਂਦਾ ਹੈ; ਬੇਸ਼ਕੀਮਤੀ ਹੈ। ਮਰਦ, ਮਰਦਾਨਾ ਹੈ। ਦਰਅਸਲ ਆਮ ਆਦਮੀ ਲਈ ਤਾਂ ਹੀਰਾ, ਇੱਕ ਕੰਕਰ-ਪੱਥਰ ਅਤੇ ਕੋਲਾ ਹੀ ਹੁੰਦਾ ਹੈ। ਇਹ ਜੌਹਰੀ, ਪਾਰਖੂ ਅਤੇ ਕਦਰਦਾਨ ਹੀ ਹੁੰਦੇ ਹਨ, ਜੋ ਹੀਰਿਆਂ ਨੂੰ ਪਛਾਣਦੇ, ਤਰਾਸ਼ਦੇ ਅਤੇ ਉਨ੍ਹਾਂ ਦੀ ਕਦਰ ਪਾਉਂਦੇ ਹਨ।

ਸਪਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਹੋਣ ਦੇ ਨਾਤੇ, ਗਵੱਈਆਂ ਅਤੇ ਕਵੀਆਂ ਦੋਹਾਂ ਨੂੰ ਮਰਦ, ਮਰਦਾਨੇ (ਸੂਰਮੇ) ਆਖਦਿਆਂ, ਜਿੱਥੇ ਸ਼ਾਇਰਾਂ ਅਤੇ ਸੰਗੀਤਕਾਰਾਂ ਦੋਹਾਂ ਨੂੰ ਵੱਡਾ ਮਾਣ ਦਿੱਤਾ ਉੱਥੇ ਭਾਈ ਦਾਨਾ/ਮਰਜਾਣਾ ਜੀ ਨਾਲ ਆਪਣੀ ਨੇੜਤਾ ਦਾ ਵੱਡਾ ਵਿਵੇਕ ਉਸਾਰਦਿਆਂ, ਕਵਿਤਾ ਅਤੇ ਰਾਗ ਦੀ ਨੇੜਤਾ ਅਤੇ ਇਕਸੁਰ ਸੁਮੇਲਤਾ (ਜੁਗਲਬੰਦੀ) ਦੇ ਵੱਡੇ ਮਹੱਤਵ ਅਤੇ ਗੌਰਵ ਨੂੰ ਵੀ ਉਜਾਗਰ ਕੀਤਾ।

ਇਹ ਇੱਕ ਅਟੱਲ ਸੱਚਾਈ ਹੈ ਕਿ ਕਲਾਕਾਰ ਲੋਕਾਂ, ਕਵੀਆਂ, ਗਾਇਕਾਂ ਆਦਿ ਨੂੰ ਪ੍ਰਸੰਸਕਾਂ ਅਤੇ ਕਦਰਦਾਨਾਂ ਦੀ ਸਦਾ ਲੋੜ ਹੁੰਦੀ ਹੈ। ਸੂਝਵਾਨ ਪਾਰਖੂ, ਪ੍ਰਸੰਸਕ ਅਤੇ ਕਦਰਦਾਨ ਨਿਰਸੰਦੇਹ ਕਲਾਕਾਰਾਂ ਦੀ ਰੂਹ ਦੀ ਖ਼ੁਰਾਕ ਹੁੰਦੇ ਹਨ; ਜਿੰਦ-ਜਾਨ ਹੁੰਦੇ ਹਨ। ਉਨ੍ਹਾਂ ਨੂੰ ਹੱਲਾਸ਼ੇਰੀ ਪ੍ਰਦਾਨ ਕਰਨ ਵਾਲੇ ਹੁੰਦੇ ਹਨ। ਇਹੀ ਠੋਸ ਕਾਰਣ ਹੈ ਕਿ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ, ਭਾਈ ਦਾਨਾ/ਮਰਜਾਣਾ ਜੀ ਦੇ ਵੱਡੇ ਪ੍ਰਸੰਸਕ, ਹਿਮਾਇਤੀ ਅਤੇ ਕਦਰਦਾਨ ਹਨ ਉੱਥੇ ਮੋੜਵੇਂ ਰੂਪ ਵਿੱਚ ਭਾਈ ਮਰਦਾਨਾ ਜੀ ਵੀ ਆਪਣੇ ਜਜਮਾਨ, ਪ੍ਰਸੰਸਕ ਅਤੇ ਕਦਰਦਾਨ ਵੱਲ ਬੇਹੱਦ ਆਕਰਸ਼ਿਤ ਹਨ। ਉਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ, ਸੰਵੇਦਨਸ਼ੀਲ, ਸਮਰਪਿਤ, ਕ੍ਰਿਤੱਗ ਅਤੇ ਸ਼ੁਕਰਗੁਜ਼ਾਰ ਹਨ। 

ਇਸ ਤੋਂ ਵੀ ਵੱਡਾ ਸੱਚ ਇਹ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਸਮੇਂ ਦੇ ਬੜੇ ਵੱਡੇ ਲਿਸ਼ਕਾਰੇ ਅਤੇ ਚੁੰਬਕੀ ਆਕਰਸ਼ਣ ਵਾਲੇ ਪ੍ਰਭਾਵਸ਼ਾਲੀ ਸ਼ਖ਼ਸ ਸਨ। ਜੋ ਕੋਈ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ, ਉਨ੍ਹਾਂ ਦੇ ਵਿਅਕਤਿੱਤਵ ਵਿਚਲੀ ਤੇਜ਼ ਬਿਜਲਈ ਊਰਜਾ (ਚੁੰਬਕੀ ਖਿੱਚ) ਪਲਾਂ-ਛਿਣਾਂ ਵਿੱਚ ਉਸਨੂੰ ਆਪਣਾ ਬਣਾ ਲੈਂਦੀ। ਜਿਸ ਕਿਸੇ ਨੂੰ ਵੀ ਉਨ੍ਹਾਂ ਦੀ ਨੇੜਤਾ ਨਸੀਬ ਹੁੰਦੀ, ਉਸਦੀ ਕਾਇਆ-ਕਲਪ ਹੋ ਜਾਂਦੀ। ਜੈਸੀ ਸੰਗਤ, ਵੈਸੀ ਰੰਗਤ ਅਧੀਨ, ਉਨ੍ਹਾਂ ਦੀ ਸੰਗਤ ਕਰਨ ਵਾਲਿਆਂ ਦੇ ਮਨ, ਵਿਅਕਤਿੱਤਵ ਅਤੇ ਆਚਾਰ-ਵਿਵਹਾਰ ਵਿੱਚ ਵੱਡਾ ਬਦਲਾਓ (ਇਨਕਲਾਬ) ਵਾਪਰ ਜਾਂਦਾ। ਅਜਿਹਾ ਵਾਪਰਣਾ ਸੁਭਾਵਕ ਸੀ। ਕਬੀਰ ਸਾਹਿਬ ਦਾ ਨਿਮਨਲਿਖਤ ਬੇਸ਼ਕੀਮਤੀ ਅਨੁਭਵੀ ਕਥਨ ਵਾਪਰ ਰਹੇ ਇਸ ਸਹਿਜ ਵਰਤਾਰੇ ਦੇ ਵਿਵੇਕ ਨੂੰ ਭਲੀਭਾਂਤ ਤਸਦੀਕ ਕਰਦਾ ਹੈ:
“ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥”

                                                                   ਚਲਦਾ...........
                                                                                                                                           
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email:jsdeumgc@gmail.com


rajwinder kaur

Content Editor rajwinder kaur