7 ਗੋਲ਼ੀਆਂ ਸੀਨੇ ’ਤੇ ਖਾਣ ਵਾਲਾ ਜਰਨੈਲ ਸਰਦਾਰ 'ਸ਼ਾਮ ਸਿੰਘ ਅਟਾਰੀ'
4/6/2021 10:31:12 AM
ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਨਾਲ ਜੰਗ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਸਿੱਖ ਫ਼ੌਜਾਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਇੰਝ ਲਿਖਿਆ ਹੈ...
ਆਈਆਂ ਪੜਤਲਾਂ ਬੀੜ ਕੇ ਤੌਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ ।
ਸੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਿਰੰਗੀ ਦੇ ਤੋੜ ਦਿੱਤੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸ਼ਤਰੀ ਜੋੜ ਵਿਛੋੜ ਦਿੱਤੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।
ਸਿੱਖ ਸੂਰਬੀਰ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ ਸਿੱਖ ਇਤਿਹਾਸ ਦਾ ਉਹ ਚਮਕਦਾ ਸਿਤਾਰਾ ਹੈ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਰ ਜੇਤੂ ਮੁਹਿੰਮ ਦਾ ਸਾਥੀ ਰਿਹਾ। ਸਰਦਾਰ ਸ਼ਾਮ ਸਿੰਘ ਅਟਾਰੀ ਹੀ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਆਪਣੀ ਸੂਝਬੂਝ ਨਾਲ ਖ਼ਾਲਸਾ ਰਾਜ ਦੇ ਬੁੱਕਲ ਦੇ ਸੱਪ ਗੱਦਾਰ ਡੋਗਰਿਆਂ ਦੀਆਂ ਕਈ ਘਾਤਕ ਚਾਲਾਂ ਫੇਲ੍ਹ ਕੀਤੀਆਂ ਤੇ ਆਖਿਰਕਾਰ ਖ਼ਾਲਸਾ ਰਾਜ ਦੀ ਸਲਾਮਤੀ ਲਈ ਫਿਰੰਗੀਆਂ ਨਾਲ ਲੜਦਿਆਂ ਸਭਰਾਵਾਂ ਦੀ ਜੰਗ ‘ਚ ਸ਼ਹਾਦਤ ਪਾ ਗਏ।
ਇਹ ਵੀ ਪੜ੍ਹੋ: ਜਾਣੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲਣ ਦਾ ਇਤਿਹਾਸ
ਸਰਦਾਰ ਸ਼ਾਮ ਸਿੰਘ ਦਾ ਜਨਮ 1785 ਈ. ਨੂੰ ਪਿਤਾ ਸਰਦਾਰ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁਖੋਂ ਹੋਇਆ। ਇਨ੍ਹਾਂ ਦੇ ਵੱਡੇ ਵਡੇਰਿਆਂ ਨੇ ਪੁਰਾਣੇ ਥੇਹ ਤੇ ਪਿੰਡ ਵਸਾ ਕੇ ਉੱਚੀ ਅਟਾਰੀ ਬਣਾਈ ਸੀ ਜਿਸ ਤੋਂ ਪਿੰਡ ਦਾ ਨਾਂ ਅਟਾਰੀ ਪ੍ਰਸਿੱਧ ਹੋਇਆ। ਬਾਅਦ ‘ਚ ਇਹੀ ਨਾਂ ਸਰਦਾਰ ਸ਼ਾਮ ਸਿੰਘ ਦੇ ਨਾਂ ਨਾਲ ਜੁੜਿਆ । ਸਰਦਾਰ ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫ਼ੌਜ ਵਿੱਚ ਕਮਾਂਡਰ ਸਨ। ਉਨ੍ਹਾਂ ਨੇ ਸ਼ਾਮ ਸਿੰਘ ਨੂੰ ਛੋਟੀ ਉਮਰੇ ਹੀ ਘੋੜ ਸਵਾਰੀ, ਤਲਵਾਰਬਾਜ਼ੀ, ਤੀਰ ਅੰਦਾਜ਼ੀ ਤੇ ਉਸ ਸਮੇਂ ਲੜੀਆਂ ਜਾਣ ਵਾਲੀਆਂ ਲੜਾਈਆਂ ਦੇ ਹੋਰ ਕਰਤਬਾਂ ‘ਚ ਨਿਪੁੰਨ ਕਰ ਦਿੱਤਾ ਸੀ। ਸ਼ਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਲ ਹੋ ਗਏ। ਆਪਣੇ ਪਿਤਾ ਨਿਹਾਲ ਸਿੰਘ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਨੇ ਉਨਾਂ ਦੀ ਥਾਂ ਲਈ । ਆਪ ਫ਼ੌਜੀ ਹੱਥ-ਕੰਡਿਆਂ ਵਿੱਚ ਇੰਨੇ ਮਾਹਰ ਹੋ ਗਏ ਕਿ ਜਲਦੀ ਹੀ ਆਪਦੀ ਸਿਆਣਪ, ਦ੍ਰਿੜਤਾ ਤੇ ਬਹਾਦਰੀ ਦਾ ਸਿੱਕਾ ਸਭ ਪਾਸੇ ਚੱਲਣ ਲੱਗਾ । ਕਸ਼ਮੀਰ, ਮੁਲਤਾਨ , ਬਾਲਕੋਟ ਤੇ ਬੰਨੂੰ ਦੀਆਂ ਜਿੱਤਾਂ ਨਾਲ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਖ਼ਾਲਸਾ ਫ਼ੌਜਾਂ ‘ਚ ਸਤਿਕਾਰ ਵਧ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖਾਨਾਜੰਗੀ ਦਾ ਸ਼ਿਕਾਰ ਹੋਣ ਲੱਗਾ ਤੇ ਗੱਦਾਰ ਡੋਗਰੇ ਤੇ ਫਿਰੰਗੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੀਆਂ ਗੋਂਦਾਂ ਗੁੰਦਣ ਲੱਗੇ। ਇਸ ਦੌਰਾਨ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਡੋਗਰਾ ਤੇ ਉਸਦੇ ਨਿੱਜੀ ਸਲਾਹਕਾਰ ਪੰਡਿਤ ਜੱਲੇ ਨੂੰ ਸਖ਼ਤ ਸਜਾਵਾਂ ਦਿੱਤੀਆਂ ਪਰ ਅੰਗਰੇਜਾਂ ਦੀ ਮਿਲੀਭੁਗਤ ਨਾਲ ਡੋਗਰਾ ਗੁਲਾਬ ਸਿੰਘ, ਤੇਜਾ ਸਿੰਘ ਤੇ ਲਾਲ ਸਿੰਘ ਸਿੱਖ ਰਾਜ ਨੂੰ ਕਮਜ਼ੋਰ ਕਰਨ ‘ਚ ਸਫ਼ਲ ਹੋ ਗਏ। ਡੋਗਰਿਆਂ ਨੇ ਸਿੱਖ ਫ਼ੌਜਾਂ ਦੇ ਭੇਤ ਦੱਸ ਕੇ ਅੰਗਰੇਜਾਂ ਨੂੰ ਪੰਜਾਬ 'ਤੇ ਕਬਜ਼ਾ ਕਰਨ ਲਈ ਉਕਸਾਇਆ। ਜਿਸ ਦੇ ਚੱਲਦਿਆਂ ਅੰਗਰੇਜਾਂ ਤੇ ਸਿੱਖਾਂ ਵਿਚਾਲੇ 18-19 ਦਸੰਬਰ 1845 ਮੁੱਦਕੀ ਦੀ ਲੜਾਈ , 21-22 ਦਸੰਬਰ 1845 ਫੇਰੂ ਸ਼ਾਹ ਦੀ ਲੜਾਈ, 6 ਜਨਵਰੀ 1846 ਬੱਦੋਵਾਲ ਦੀ ਲੜਾਈ, 28 ਜਨਵਰੀ 1846 ਅਲੀਵਾਲ ਦੀ ਲੜਾਈ, 10 ਫਰਵਰੀ 1846 ਸਭਰਾਵਾਂ ਦੀ ਲੜਾਈ ਹੋਈ। ਇਨ੍ਹਾਂ ਜੰਗਾਂ 'ਚ ਜਦੋਂ ਵੀ ਸਿੱਖ ਫ਼ੌਜਾਂ ਜਿੱਤ ਕਿਨਾਰੇ ਪੁੱਜਦੀਆਂ ਤਾਂ ਅੰਗਰੇਜਾਂ ਨਾਲ ਅੰਦਰਖਾਤੇ ਸੰਧੀਆਂ ਕਰੀ ਬੈਠੇ ਫ਼ੌਜ ਦੇ ਕਮਾਂਡਰ ਤੇਜਾ ਸਿੰਘ ਤੇ ਲਾਲ ਸਿੰਘ ਗੱਦਾਰੀ ਕਰਕੇ ਆਪਣੀਆਂ ਹੀ ਫ਼ੌਜਾਂ ਖ਼ਿਲਾਫ਼ ਭੁਗਤ ਜਾਂਦੇ।
ਇਹ ਵੀ ਪੜ੍ਹੋ: ਗੁਰਦੁਆਰਾ ਥੜਾ ਸਾਹਿਬ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’ ਪਾਤਸ਼ਾਹੀ ਨੌਂਵੀ
ਅੰਗਰੇਜਾਂ ਨਾਲ ਲੜਾਈਆਂ ਸ਼ੁਰੂ ਹੋਣ ਸਮੇਂ ਸਰਦਾਰ ਸ਼ਾਮ ਸਿੰਘ ਆਪਣੇ ਪਿੰਡ ਅਟਾਰੀ ਸਨ। ਫੇਰੂ ਸ਼ਾਹ ਦੀ ਲੜਾਈ ‘ਚ ਸਿੱਖ ਫ਼ੌਜਾਂ ਦੀ ਹਾਰ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸੁਨੇਹਾ ਘੱਲਿਆ , “ ਸਰਦਾਰ ਜੀ ਹੁਣ ਤੁਸੀਂ ਹੀ ਸਿੱਖ ਰਾਜ ਦੇ ਬਚਾਅ ਲਈ ਕੁਝ ਕਰ ਸਕਦੇ ਹੋ, ਆਓ ਤੇ ਆ ਕੇ ਸਿੱਖ ਫ਼ੌਜਾਂ ਦੀ ਕਮਾਨ ਸੰਭਾਲੋ” । ਸੁਨੇਹਾ ਮਿਲਦਿਆਂ ਹੀ ਸ਼ਾਮ ਸਿੰਘ ਅਟਾਰੀ ਚੱਲ ਪਏ ਤੇ ਸਿੱਖ ਫੌਜ ਦੀ ਕਮਾਨ ਸੰਭਾਲ ਲਈ। ਗੱਦਾਰ ਤੇਜਾ ਸਿੰਘ ਨੇ 9 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਵੀ ਸ਼ਕਤੀਸ਼ਾਲੀ ਅੰਗਰੇਜ਼ਾਂ ਵਿਰੁੱਧ ਲੜਨ ਦੀ ਥਾਂ ਜਾਨ ਬਚਾਉਂਣ ਦੀ ਸਲਾਹ ਦਿੱਤੀ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਉਸਦੀ ਚੰਗੀ ਲਾਹ ਪਾਹ ਕੀਤੀ ਤੇ ਸਿੱਖ ਫ਼ੌਜ ਦੇ ਮੁਖੀਆਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਪ੍ਰਣ ਕੀਤਾ ਕਿ ਜੇ ਖ਼ਾਲਸਾ ਫ਼ੌਜ ਦੀ ਹਾਰ ਹੋਈ ਤਾਂ ਸ਼ਾਮ ਸਿੰਘ ਅਟਾਰੀ ਜਿਉਂਦਾ ਵਾਪਸ ਨਹੀਂ ਜਾਵੇਗਾ। ਸਰਦਾਰ ਸ਼ਾਮ ਸਿੰਘ ਦੇ ਪ੍ਰਣ ਤੋਂ ਬਾਅਦ ਸਿੱਖ ਫ਼ੌਜੀਆਂ ਵਿੱਚ ਨਵਾਂ ਜੋਸ਼ ਭਰ ਗਿਆ। ਫਿਰੰਗੀਆਂ ਨੂੰ ਮਾਰ ਭਜਾਓ ਦੇ ਨਾਹਰਿਆਂ ਨਾਲ ਸਾਰਾ ਅਕਾਸ਼ ਗੂੰਜ ਉੱਠਿਆ। ਇੱਕ ਪਾਸੇ ਸਰਦਾਰ ਸ਼ਾਮ ਸਿੰਘ ਜਿੱਤ ਦੀ ਤਿਆਰੀ ਕਰ ਰਹੇ ਸਨ ਦੂਜੇ ਪਾਸੇ ਗੱਦਾਰ ਤੇਜਾ ਸਿੰਘ ਤੇ ਲਾਲ ਸਿੰਘ ਆਪਣੀਆਂ ਹੀ ਫ਼ੌਜਾਂ ਨੂੰ ਹਰਾਉਂਣ ਦੇ ਇਰਾਦੇ ਨਾਲ ਮੋਰਚਿਆਂ ਦੇ ਨਕਸ਼ੇ ਫਿਰੰਗੀਆਂ ਨੂੰ ਭੇਜਦੇ ਰਹੇ।
ਇਹ ਵੀ ਪੜ੍ਹੋ: ਅੰਮ੍ਰਿਤਸਰ : ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸਮੂਹ ਸਿੱਖ ਸੰਪ੍ਰਦਾਵਾਂ ਦੀ ਹੋਈ ਇਕੱਤਰਤਾ
10 ਫਰਵਰੀ ਨੂੰ ਸਰਦਾਰ ਸ਼ਾਮ ਸਿੰਘ ਘੋੜੇ ਤੇ ਸਵਾਰ ਹੋ ਕੇ ਫ਼ੌਜਾਂ ਸਮੇਤ ਰਣ ਤੱਤੇ ਪਹੁੰਚ ਗਏ। ਦੂਜੇ ਪਾਸੇ ਰਾਬਰਟ ਡਿਕ, ਲਾਰਡ ਹਾਰਡਿੰਗ ਗਵਰਨਰ, ਗਿਲਬਰਟ, ਸਰ ਹੈਰੀ ਸਮਿਥ ਦੀਆਂ ਫ਼ੌਜੀ ਡਵੀਜਨਾਂ ਨੇ ਖ਼ਾਲਸਾ ਫ਼ੌਜਾਂ ‘ਤੇ ਗੋਲੇ ਦਾਗਣ ਲਈ ਤੋਪਾਂ ਬੀੜ ਲਈਆਂ। ਸਭਰਾਵਾਂ ਦੀ ਜੰਗ ਭਖੀ ਤਾਂ ਸ. ਸ਼ਾਮ ਸਿੰਘ ਅਟਾਰੀ ਤੇ ਸਿੱਖ ਫੌਜੀਆਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ।
ਸਭਰਾਉਂ ਦੀ ਜੰਗ ਦਾ ਮੈਦਾਨ ਜਦੋਂ ਪੂਰੀ ਤਰਾਂ ਭਖਿਆ ਹੋਇਆ ਸੀ ਤਾਂ ਗੱਦਾਰ ਤੇਜਾ ਸਿੰਘ ਖਾਲਸਾ ਫੌਜਾਂ ਨੂੰ ਹੋਰ ਬਾਰੂਦ ਸਿੱਕਾ ਦੇਣ ਦੀ ਥਾਂ ਜੰਗ ਦੇ ਮੈਦਾਨ 'ਚੋਂ ਭੱਜ ਖਲੋਤਾ ਤੇ ਬੇੜੀਆਂ ਦੇ ਪੁਲ਼ ਤੋਂ ਸਤਲੁਜ ਪਾਰ ਕਰਕੇ ਜਾਂਦਾ ਹੋਇਆ ਬੇੜੀਆਂ ਵਾਲੇ ਪੁਲ਼ ਨੂੰ ਵੀ ਤੁੜਵਾ ਗਿਆ। ਤੇਜਾ ਸਿੰਘ ਦੀ ਗੱਦਾਰੀ ਕਾਰਨ ਹਾਰ ਸਾਹਮਣੇ ਨਜਰ ਆ ਰਹੀ ਸੀ ਪਰ ਸਰਦਾਰ ਸ਼ਾਮ ਸਿੰਘ ਮੈਦਾਨੇ ਜੰਗ 'ਚ ਜੂਝਦੇ ਰਹੇ ਤੇ ਸਿੱਖ ਫ਼ੌਜੀਆਂ ‘ਚ ਜੋਸ਼ ਭਰਦੇ ਰਹੇ। ਆਖ਼ਰਕਾਰ ਸੱਤ ਗੋਲ਼ੀਆਂ ਆਪਣੇ ਸੀਨੇ ‘ਚ ਖਾ ਕੇ ਸਿੱਖ ਫੌਜਾਂ ਦਾ ਬਹਾਦਰ ਤੇ ਬਿਰਧ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਘੋੜੇ 'ਤੋਂ ਹੇਠਾਂ ਡਿੱਗ ਪਿਆ ਤੇ ਆਪਣੇ ਦੇਸ਼ ਪੰਜਾਬ ਦੀ ਰਾਖੀ ਕਰਦਿਆਂ ਸ਼ਹਾਦਤ ਪਾ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਦੇਹ ਨੂੰ ਸਤਿਕਾਰ ਨਾਲ ਅਟਾਰੀ ਪਹੁੰਚਾਇਆ ਗਿਆ। ਜਦੋਂ ਉਨ੍ਹਾਂ ਦੀ ਚਿਖਾ ਨੂੰ ਲਾਂਬੂ ਲਗਾਇਆ ਗਿਆ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਪੰਜਾਬ ਦੀ ਅਜ਼ਾਦੀ ਨੂੰ ਲਾਂਬੂ ਲੱਗਾ ਹੋਵੇ। ਸਰਦਾਰ ਸ਼ਾਮ ਸਿੰਘ ਦੀ ਸੂਰਮਗਤੀ ਤੇ ਕੁਰਬਾਨੀ ਕਰਕੇ ਸਿੱਖ ਇਤਿਹਾਸ ‘ਚ ਉਨ੍ਹਾਂ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ।