ਸ਼ਹੀਦੀ ਪੰਦਰਵਾੜਾ: ਅੱਜ ਦੇ ਦਿਨ ਗੁਰੂ ਜੀ ਨੇ ਪਰਿਵਾਰ ਸਮੇਤ ਛੱਡਿਆ ਸੀ ਅਨੰਦਪੁਰ ਦਾ ਕਿਲ੍ਹਾ (06 ਪੋਹ)

12/21/2023 12:18:52 PM

ਸ਼ਹੀਦੀ ਪੰਦਰਵਾੜੇ ਦੀ ਯਾਦ ਵਿੱਚ ਜੁੜ ਬੈਠੇ ਮਿੱਤਰ ਜਨੋ, 

ਅੱਜ ਸ਼ਹੀਦੀ ਪੰਦਰਵਾੜੇ ਦਾ ਛੇਵਾਂ ਦਿਨ ਹੈ। ਅੱਜ ਦਿਨ ਦੇ ਪਹਿਲੇ ਪਹਿਰ ਸਤਿਗੁਰਾਂ ਨੇ ਪਰਮਾਤਮੀ ਮੌਜ ਵਿੱਚ ਵਿਚਰਦਿਆਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਭੇਜੇ ਇਕਰਾਰਨਾਮੇ/ਸੁਲਾਹਨਾਮੇ 'ਤੇ ਸਹੀ ਪਾਉਂਦਿਆਂ, ਆਨੰਦਪੁਰ ਛੱਡ ਦੇਣ ਦਾ ਫ਼ੈਸਲਾ ਕਰ ਲਿਆ। ਇਕਰਾਰਨਾਮੇ ਜਾਂ ਸਮਝੌਤੇ ਅਧੀਨ ਵੈਰੀ ਨੇ ਦਰਿਆ ਸਤਿਲੁਜ ਵਾਲਾ ਥੋੜ੍ਹਾ ਜਿਹਾ ਪਾਸਾ ਅਤੇ ਕੀਰਤਪੁਰ ਵਾਲੇ ਪਾਸਿਓਂ ਕਾਫ਼ੀ ਸਾਰਾ ਥਾਂ, ਸੁਰੱਖਿਅਤ ਲਾਂਘੇ ਵਜੋਂ ਖ਼ਾਲੀ ਕਰਨਾ ਆਰੰਭ ਕਰ ਦਿੱਤਾ।

ਦੂਜੇ ਪਾਸੇ ਲਏ ਨਿਰਣੇ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਨੇ ਵੀ ਆਨੰਦਪੁਰ ਤਿਆਗਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਆਨੰਦਪੁਰੀ ਦੇ ਤਿਆਗ ਦੀ ਮੁੱਢਲੀ ਤਿਆਰੀ ਵਜੋਂ ਅੱਜ ਦੇ ਦਿਨ ਸ਼ਾਮ ਦੇ ਸਮੇਂ ਜਦੋਂ ਸਤਿਗੁਰੂ ਜੀ ਗੁਰੂ ਘਰ ਦਾ ਸੋਨੇ-ਚਾਂਦੀ ਦੇ ਸਿੱਕਿਆਂ ਨਾਲ ਭਰਪੂਰ ਸਾਰਾ ਖਜ਼ਾਨਾ ਬੜੀ ਬੇਲਾਗਤਾ ਨਾਲ ਦਰਿਆ ਸਤਿਲੁਜ ਵਿੱਚ ਵਹਾ ਰਹੇ ਸਨ ਤਾਂ ਮਾਤਾ ਗੁਜਰੀ ਨੇ ਰੋਕਦਿਆਂ ਸਲਾਹ ਦਿੱਤੀ ਕਿ ਪੁੱਤਰ ਜੀ! ਤੁਸੀਂ ਇਸ ਨੂੰ ਦਰਿਆ ਵਿੱਚ ਰੋੜ੍ਹਨ ਦੀ ਥਾਂ ਆਪਣੇ ਸਿੰਘਾਂ ਨੂੰ ਕਿਉਂ ਨਹੀਂ ਵੰਡ ਦਿੰਦੇ? 

ਸੰਸਾਰ ਅਤੇ ਸੰਸਾਰਕਤਾ ਤੋਂ ਪੂਰੀ ਤਰ੍ਹਾਂ ਬੇਨਿਆਜ਼ ਵੈਰਾਗੀ ਪਾਤਸ਼ਾਹ ਜੀ, ਮਾਤਾ ਜੀ ਦੀ ਸਵਾਲਨੁਮਾ ਸਲਾਹ ਸੁਣ ਮੁਸਕਰਾਏ। ਉਪਰੰਤ ਬੇਪਰਵਾਹੀ ਦੇ ਗਹਿਰੇ ਵਿਸਮਾਦੀ ਰੰਗ ਵਿੱਚ ਰੰਗਿਆਂ ਨੇ ਬੜੇ ਧੀਰਜ ਨਾਲ ਜਵਾਬ ਦਿੱਤਾ: ਮਾਤਾ ਜੀਓ ! ਦੇਖੋ ਮੇਰੇ ਜਾਨ ਤੋਂ ਪਿਆਰੇ ਮੁਰੀਦਾਂ (“ਖ਼ਾਲਸਾ ਮੇਰੋ ਪਿੰਡ ਪ੍ਰਾਨ॥ ਖ਼ਾਲਸਾ ਮੇਰੀ ਜਾਨ ਕੀ ਜਾਨ॥”) ਨੇ, ਸੋਨੇ-ਚਾਂਦੀ ਲਈ ਕਦੇ ਯੁੱਧ ਨਹੀਂ ਕੀਤਾ। ਮੈਂ ਆਪਣੇ ਪਿਆਰੇ ਖ਼ਾਲਸੇ ਅਰਥਾਤ ਨਾਦੀ ਪੁੱਤਰਾਂ ਦੇ ਪਿਆਰ ਦਾ ਕਰਜ਼ ਸੋਨੇ-ਚਾਂਦੀ ਨਾਲ ਨਹੀਂ ਚੁਕਾਉਣਾ। ਸੋਨੇ ਚਾਂਦੀ ਤੋਂ ਬਾਅਦ ਸਤਿਗੁਰਾਂ ਨੇ ਅਨੇਕ ਬੇਸ਼ਕੀਮਤੀ ਧਾਰਮਿਕ ਗ੍ਰੰਥਾਂ ਅਤੇ ਹੋਰ ਰੰਗ-ਬਰੰਗੇ ਮੁੱਲਵਾਨ ਸਾਜ਼ੋ-ਸਮਾਨ ਨੂੰ ਵਾਰੋ-ਵਾਰੀ ਬੜੀ ਬੇਲਾਗਤਾ ਨਾਲ ਦਰਿਆ ਨੂੰ ਸਮਰਪਣ ਕਰ ਦਿੱਤਾ। ਗਜ਼ਨੀ ਤੋਂ ਆਇਆ ਬੇਮਿਸਾਲ ਤੰਬੂ ਅਗਨ ਭੇਟ ਕਰ ਦਿੱਤਾ ਗਿਆ।

ਡੂੰਘੀਆਂ ਸ਼ਾਮਾਂ ਵੇਲੇ ਫ਼ਕੀਰਾਂ ਦੇ ਸਿਰਤਾਜ ਨੇ ਪੈਦਲ ਚਲਦਿਆਂ ਆਨੰਦਪੁਰ ਦੀਆਂ ਗਲੀਆਂ ਵਿੱਚ ਆਖ਼ਰੀ ਫੇਰਾ ਪਾਇਆ। ਪਿੱਛੇ-ਪਿੱਛੇ ਉਦਾਸ ਸਿੰਘਾਂ ਦਾ ਕਾਫ਼ਲਾ ਚੱਲ ਰਿਹਾ ਸੀ। ਭਾਈ ਗੁਰਬਖ਼ਸ ਸਿੰਘ ਉਦਾਸੀ ਨਾਲ ਅਤਿ ਜ਼ਰੂਰੀ ਗੱਲਬਾਤ ਕਰਨ ਅਤੇ ਉਸਨੂੰ ਅਸੀਸ ਦੇਣ ਪਿਛੋਂ, ਆਪਣੇ ਪਰਿਵਾਰ ਅਤੇ ਲਗਭਗ 1000 ਸਿੰਘਾਂ ਦੇ ਜੱਥੇ ਦੀ ਅਗਵਾਈ ਕਰਦਿਆਂ, ਰਾਤ ਦੇ ਪਹਿਲੇ ਪਹਿਰ (ਤਾਰਿਆਂ ਦੀ ਛਾਂ ਹੇਠ) ਸਤਿਗੁਰਾਂ ਨੇ ਬੇਨਿਆਜ਼ੀ ਅਤੇ ਵੈਰਾਗ ਦੇ ਗਹਿਰੇ ਆਲਮ ਵਿੱਚ, ਆਪਣੀ ਬਹੁਤ ਪਿਆਰੀ ਆਨੰਦਪੁਰੀ ਨੂੰ ਸਦਾ ਲਈ ਛੱਡ ਦਿੱਤਾ। ਆਨੰਦਪੁਰੀ ਛੱਡ ਦੇਣ ਤੋਂ ਬਾਅਦ ਗੁਰੂ ਜੀ, ਗੁਰੂ ਜੀ ਦੇ ਪਰਿਵਾਰ ਅਤੇ ਮੁਰੀਦਾਂ/ਸਿੰਘਾਂ ਨਾਲ ਕੀ ਕੁੱਝ ਵਾਪਰਿਆ? ਇਹ ਸਾਰਾ ਅਤਿ ਦੁਖਦਾਈ ਅਤੇ ਵੈਰਾਗਮਈ ਬਿਰਤਾਂਤ ਭਲਕੇ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ।

ਜਗਜੀਵਨ ਸਿੰਘ (ਡਾ.)
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ


rajwinder kaur

Content Editor rajwinder kaur