ਸ਼ਹੀਦੀ ਪੰਦਰਵਾੜਾ : ਦੂਜਾ ਦਿਨ- 02 ਪੋਹ (ਪਵਿੱਤਰ ਜਿਲਦ ''ਤੇ ਲਿਖਿਆ ਇਕਰਾਰਨਾਮਾ)

12/18/2023 5:10:02 PM

ਗੁਰੂ ਨਾਨਕ ਨਾਮ ਲੇਵਾ ਗੁਰੂ ਦੇ ਸਿੱਖੋ ਅਤੇ ਮਿੱਤਰ ਜਨੋ, 

ਸ਼ਹੀਦੀ ਪੰਦਰਵਾੜੇ ਦਾ ਦੂਜਾ ਦਿਨ ਹੈ। ਇਨ੍ਹਾਂ ਪੰਦਰ੍ਹਾਂ ਦਿਨਾਂ ਦਾ ਇਤਿਹਾਸ ਦੱਸਦਾ ਹੈ ਕਿ ਇਸ ਦੌਰਾਨ ਵਾਪਰੀਆਂ ਲੂੰ ਕੰਢੇ ਖੜੇ ਕਰ ਦੇਣ ਵਾਲੀਆਂ ਹੌਲਨਾਕ ਘਟਨਾਵਾਂ ਨੇ ਸਿੱਖ ਹਿਰਦਿਆਂ ਨੂੰ ਬੜੀ ਬੁਰੀ ਤਰ੍ਹਾਂ ਵਲੂੰਧਰ ਅਤੇ ਝੰਜੋੜ ਕੇ ਰੱਖ ਦਿੱਤਾ ਸੀ। ਇਨ੍ਹਾਂ 15 ਦਿਨਾਂ ਦੌਰਾਨ ਸਤਿਗੁਰਾਂ ਦੁਆਰਾ ਆਨੰਦਪੁਰ ਛੱਡਣ, ਸਿਰਸਾ ਨਦੀ ਦੇ ਕਿਨਾਰੇ ਪਰਿਵਾਰ ਦੇ ਵਿਛੜਨ, ਉਪਰੰਤ ਚਮਕੌਰ ਦੀ ਜੰਗ ਅਤੇ ਸਾਕਾ ਸਰਹਿੰਦ ਦੌਰਾਨ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਹੋਈਆਂ ਲਾਸਾਨੀ ਸ਼ਹਾਦਤਾਂ ਤੋਂ ਇਲਾਵਾ ਸਤਿਗੁਰਾਂ ਦੇ ਬਹੁਤ ਸਾਰੇ ਸੂਰਬੀਰ ਸਿੱਖਾਂ ਅਤੇ ਪਿਆਰੇ ਮੁਰੀਦਾਂ ਵੱਲੋਂ ਕੀਤੀਆਂ ਵੱਡੀਆਂ ਕੁਰਬਾਨੀਆਂ ਅਤੇ ਘਾਲੀਆਂ ਘਾਲਣਾਵਾਂ ਨਿਰਸੰਦੇਹ ਸਿੱਖ ਇਤਿਹਾਸ, ਵਿਰਾਸਤ ਅਤੇ ਸਿੱਖਾਂ ਦੇ ਸਮੂਹਿਕ ਅਵਚੇਤਨ ਅਰਥਾਤ ਸਿੱਖ ਯਾਦਾਂ ਦਾ ਬਹੁਤ ਵੱਡਾ ਬੇਸ਼ਕੀਮਤੀ ਸਰਮਾਇਆ ਹਨ।

ਆਨੰਦਪੁਰ ਦੀ ਪੰਜਵੀਂ ਜੰਗ ਜਦੋਂ ਲਗਾਤਾਰ ਲੰਮੀ ਖਿੱਚਦੀ ਗਈ ਤਾਂ ਜਿੱਥੇ ਆਨੰਦਪੁਰ ਦੇ ਵੱਖ-ਵੱਖ ਕਿਲ੍ਹਿਆਂ ਅੰਦਰ ਘਿਰੀ ਸਿੱਖ ਫ਼ੌਜ, ਅੰਨ-ਪਾਣੀ ਦੀ ਘਾਟ, ਥਕੇਵੇਂ ਅਤੇ ਅਕੇਵੇਂ ਨਾਲ ਡਾਢੀ ਅਵਾਜ਼ਾਰ ਹੋਈ ਪਈ ਸੀ ਉੱਥੇ ਆਨੰਦਪੁਰ ਦੇ ਆਲੇ-ਦੁਆਲੇ ਕਈ ਮਹੀਨਿਆਂ ਤੋਂ ਘੇਰਾ ਪਾਈ ਬੈਠੀ ਮੁਗ਼ਲ ਅਤੇ ਪਹਾੜੀ ਫ਼ੌਜ ਉਨ੍ਹਾਂ ਤੋਂ ਵੀ ਕਿਤੇ ਵੱਧ ਔਖੀ, ਬੇਜ਼ਾਰ ਅਤੇ ਖੱਜਲ-ਖੁਆਰ ਹੋਈ ਪਈ ਸੀ। ਮੁਗ਼ਲ ਅਤੇ ਪਹਾੜੀ ਹਾਕਮ ਜਦੋਂ ਸਿੱਧੇ ਢੰਗ ਨਾਲ ਆਨੰਦਪੁਰ ਨੂੰ ਜਿੱਤਣ ਵਿੱਚ ਕਾਮਯਾਬ ਨਾ ਹੋਏ ਤਾਂ ਆਖ਼ਰਕਾਰ ਉਹਨਾਂ ਨੇ ਇਸ ਮਕਸਦ ਦੀ ਪੂਰਤੀ ਲਈ ਅਨੇਕ ਪ੍ਰਕਾਰ ਦੀਆਂ ਲੁਕਵੀਆਂ ਰਾਜਨੀਤਕ ਚਾਲਾਂ ਚੱਲਣੀਆਂ ਆਰੰਭ ਕਰ ਦਿੱਤੀਆਂ। 02, 03, 04 ਅਤੇ 05 ਪੋਹ ਦੇ ਦਿਨ ਉਨ੍ਹਾਂ ਦੁਆਰਾ ਲੜਾਈ ਦੇ ਨਾਲ-ਨਾਲ ਚੱਲੀਆਂ ਜਾ ਰਹੀਆਂ ਘਟੀਆ ਰਾਜਨੀਤਕ ਚਾਲਾਂ ਦੇ ਸਿਖਰਲੇ ਦਿਨ ਸਨ। ਇਹਨਾਂ ਦਿਨਾਂ ਦੌਰਾਨ ਔਰੰਗਜ਼ੇਬ ਦੇ ਕੁੱਝ ਨੇੜਲੇ ਵਜ਼ੀਰਾਂ ਅਤੇ ਫ਼ੌਜਦਾਰਾਂ ਨੇ ਸ਼ਹਿਨਸ਼ਾਹ ਪਾਸੋਂ ਕੁਰਆਨ ਦੀ ਪਵਿੱਤਰ ਜਿਲਦ 'ਤੇ ਲਿਖਿਆ ਇੱਕ ਇਕਰਾਰਨਾਮਾ ਲਿਆਂਦਾ ਕਿ ਜੇ ਗੁਰੂ ਜੀ ਇੱਕ ਵਾਰ ਆਨੰਦਪੁਰ ਛੱਡ ਦੇਣ ਤਾਂ ਉਹਨਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ ਅਤੇ ਉਹਨਾਂ ਨੂੰ ਮਨ ਮਰਜ਼ੀ ਨਾਲ, ਜਿੱਥੇ ਉਹ ਚਾਹੁਣ ਜਾਣ ਦਿੱਤਾ ਜਾਵੇਗਾ।
 
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ, ਪੰਜਾਬੀ ਵਿਭਾਗ
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ


rajwinder kaur

Content Editor rajwinder kaur