ਸ਼ਹੀਦੀ ਪੰਦਰਵਾੜਾ: ਪੰਜਵਾਂ ਦਿਨ- 05 ਪੋਹ

12/20/2023 3:13:45 PM

ਗੁਰੂ ਸਵਾਰੇ ਮਿੱਤਰ ਪਿਆਰਿਓ,

ਸ਼ਹੀਦੀ ਪੰਦਰਵਾੜੇ ਦਾ ਅੱਜ ਪੰਜਵਾਂ ਦਿਨ ਹੈ। ਪਿਛਲੇ ਚਾਰ ਦਿਨਾਂ ਵਿੱਚ ਜ਼ਾਲਮ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਯੁੱਧ ਕਰਨ ਦੇ ਨਾਲ-ਨਾਲ ਸਤਿਗੁਰਾਂ ਨੂੰ ਆਨੰਦਪੁਰੀ ਵਿੱਚੋਂ ਬਾਹਰ ਕੱਢਣ ਲਈ ਜੋ-ਜੋ ਕੌਲ-ਇਕਰਾਰ ਅਤੇ ਸਹੁੰਆਂ ਖਾਧੀਆਂ, ਉਨ੍ਹਾਂ 'ਤੇ ਸੱਚੇ ਪਾਤਸ਼ਾਹ ਜੀ ਨੂੰ ਕੋਈ ਯਕੀਨ ਨਹੀਂ ਸੀ। ਪਰ ਸਤਿਗੁਰਾਂ ਦੀ ਹਰਦਮ ਸਲਾਮਤੀ ਲੋੜਦੇ ਡਾਢੇ ਫ਼ਿਕਰਮੰਦ ਅਤੇ ਪ੍ਰੇਮ ਦੀਵਾਨੇ ਸਿੰਘਾਂ ਦੀਆਂ ਜੋਦੜੀਆਂ ਅੱਗੇ, ਉਨ੍ਹਾਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। 

ਆਪਣੇ ਮੁਰੀਦਾਂ ਦੇ ਪਿਆਰ-ਭਿੱਜੇ ਸੁੱਚੇ ਜਜ਼ਬਾਤਾਂ ਦੀ ਕਦਰ ਕਰਦਿਆਂ ਅਤੇ ਸਮੁੱਚੇ ਹਾਲਾਤਾਂ ਨੂੰ ਵਾਚਦਿਆਂ ਸਤਿਗੁਰਾਂ ਨੇ ਉਹਨਾਂ ਨੂੰ ਭਲਕੇ ਸਵੇਰ ਤੱਕ ਉਡੀਕਣ ਲਈ ਕਿਹਾ। 06 ਪੋਹ ਵਾਲੇ ਦਿਨ ਸੱਚੇ ਪਾਤਸ਼ਾਹ ਜੀ ਨੇ ਕੀ ਨਿਰਣਾ ਕੀਤਾ ਅਤੇ ਇਸ ਦਿਨ ਸਵੇਰ ਤੋਂ ਲੈ ਕੇ ਡੂੰਘੀਆਂ ਸ਼ਾਮਾਂ ਤੱਕ ਅਤੇ ਫਿਰ ਰਾਤ ਵੇਲੇ ਸਤਿਗੁਰਾਂ ਦੀ ਬਹੁਤ ਪਿਆਰੀ ਆਨੰਦਪੁਰੀ ਅੰਦਰ ਕੀ ਕੁੱਝ ਵਾਪਰਿਆ, ਇਹ ਸਾਰਾ ਦਿਲ ਨੂੰ ਟੁੰਬਣ ਵਾਲਾ ਡਾਢਾ ਵੈਰਾਗਮਈ ਬਿਰਤਾਂਤ ਤੁਹਾਡੇ ਨਾਲ ਭਲਕੇ ਸਾਂਝਾ ਕਰਾਂਗੇ।

ਜਗਜੀਵਨ ਸਿੰਘ (ਡਾ.)
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ


rajwinder kaur

Content Editor rajwinder kaur