ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਗੜ੍ਹੀ ਚਮਕੌਰ ਦੀ ਜੰਗ ’ਚ ਵੱਡੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ
12/23/2023 6:19:27 AM
ਪੋਹ ਦੇ ਮਹੀਨੇ ਦਾ ਸਿੱਖ ਕੌਮ ਵਿਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਇਸ ਮਹੀਨੇ ਕੋਈ ਵੀ ਖੁਸ਼ੀ ਤੇ ਜਸ਼ਨਾਂ ਵਾਲੇ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਖ਼ਾਸ ਤੌਰ ’ਤੇ 6 ਪੋਹ ਤੋਂ ਲੈ ਕੇ 13 ਪੋਹ ਤੱਕ ਦੇ ਸਮੇਂ ਨੂੰ ਕਾਲੀਆਂ ਰਾਤਾਂ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ (ਦਸੰਬਰ 1705 ਈਸਵੀ ਨੂੰ) ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ ਤੇ ਰਸਤੇ ਵਿਚ ਸਿੱਖਾਂ ਤੇ ਮੁਗਲ ਫੌਜਾਂ ਦੀ ਭਾਰੀ ਜੰਗ ਹੋਈ। ਗੁਰੂ ਜੀ ਦਾ ਪਰਿਵਾਰ ਵਿੱਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਸਹੇੜੀ ਪਿੰਡ ਵੱਲ ਚਲੇ ਗਏ ਤੇ ਵੱਡੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਨਾਲ ਚਮਕੌਰ ਸਾਹਿਬ ਜੀ ਵੱਲ ਨੂੰ ਚੱਲ ਪਏ। ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ।
ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਚ ਪੈਂਦਾ ਇਕ ਇਤਿਹਾਸਿਕ ਨਗਰ ਹੈ। ਚਮਕੌਰ ਸਾਹਿਬ ਵਿਖੇ ਜਗਤ ਸਿਹੁੰ ਦੀ ਹਵੇਲੀ ਹੁੰਦੀ ਸੀ। ਗੁਰੂ ਜੀ ਨੇ ਪੰਜ ਸਿੰਘਾਂ ਨੂੰ ਉਸ ਕੋਲ ਭੇਜਿਆ ਤੇ ਹਵੇਲੀ ਜਾਂ ਗੜ੍ਹੀ ਦੀ ਮੰਗ ਕੀਤੀ ਤਾਂ ਜੋ ਦੁਸ਼ਮਣ ਫੌਜ ਦਾ ਮੁਕਾਬਲਾ ਕਰਨ ਲਈ ਕੋਈ ਠਾਹਰ ਬਣ ਸਕੇ। ਇਹ ਗੜ੍ਹੀ ਉੱਚੀ ਥਾਂ ’ਤੇ ਸਥਿਤ ਸੀ ਅਤੇ ਲੜਾਈ ਲਈ ਸਭ ਤੋਂ ਵੱਧ ਸੁਰੱਖਿਅਤ ਸੀ। ਗੁਰੂ ਜੀ ਭਾਈ ਰੂਪ ਸਿੰਹੁਂ ਦੀ ਗੜ੍ਹੀ ਵਿਚ ਆ ਗਏ।
ਅਗਲੇ ਦਿਨ ਜੰਗ ਸ਼ੁਰੂ ਹੋ ਗਈ ਤੇ ਸਿੰਘ ਜਥਿਆਂ ਦੇ ਰੂਪ ਵਿਚ ਰਣ ਵਿਚ ਜੂਝਦੇ ਤੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਰਣ ਵਿਚ ਉਤਰੇ। ਜੰਗ ਦੇ ਮੈਦਾਨ ’ਚ ਜਿਸ ਪਾਸੇ ਵੱਲ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਾਂਦੇ, ਮੁਗਲਾਂ ਦੀ ਫੌਜ ਵਿਚ ਭਾਜੜ ਪੈ ਜਾਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਹੋਣਹਾਰ ਸਪੁੱਤਰ ਨੂੰ ਲੜਦਿਆਂ ਕਿਲੇ ਤੋਂ ਦੇਖ ਰਹੇ ਸਨ।
ਅਖੀਰ ਦੁਸ਼ਮਣ ਦੀ ਫੌਜ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਸਾਹਿਬਜ਼ਾਦੇ ਜੀ 8 ਪੋਹ ਸੰਮਤ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਆਪਣੇ ਪਿਤਾ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦੀ ਦਾ ਜਾਮ ਪੀ ਗਏ। ਜਦੋਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਆਪਣੇ ਵੱਡੇ ਵੀਰ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦੀ ਦਾ ਜਾਮ ਪੀਂਦੇ ਵੇਖਿਆ ਤਾਂ ਉਹਨਾਂ ਨੇ ਵੀ ਜੰਗ ਵਿਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਪਣੇ ਲਾਡਲੇ ਸਪੁੱਤਰ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕੀਤਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਮੈਦਾਨੇ ਜੰਗ ਵਿਚ ਉਤਰ ਆਏ।
ਜਦੋਂ ਦੁਸ਼ਮਣ ਜਰਨੈਲਾਂ ਨੇ ਵੇਖਿਆ ਕਿ ਇਕ ਛੋਟਾ ਜਿਹਾ ਸਿੰਘ ਹੀ ਉਸ ਦੇ 20-20 ਸੈਨਿਕਾਂ ਨੂੰ ਮਾਰ ਰਿਹਾ ਹੈ ਤਾਂ ਅਖੀਰ ਬਾਬਾ ਜੁਝਾਰ ਸਿੰਘ ਜੀ ਨੂੰ ਵੱਡੀ ਗਿਣਤੀ ਵਿਚ ਦੁਸ਼ਮਣਾਂ ਨੇ ਇਕੱਠੇ ਹੋ ਕੇ ਘੇਰ ਲਿਆ। ਚਾਰੇ ਪਾਸਿਓਂ ਘਿਰੇ ਹੋਏ ਵੀ ਬਾਬਾ ਜੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਗਏ। ਫਿਰ ਕਿਸੇ ਨੇ ਹਿੰਮਤ ਕਰਕੇ ਪਿਛਲੇ ਪਾਸਿਓਂ ਤੀਰ ਨਾਲ ਵਾਰ ਕੀਤਾ ਜੋ ਕਿ ਬਾਬਾ ਜੀ ਦੇ ਆਣ ਵੱਜਾ। ਇੰਨੇ ਨੂੰ ਬਾਕੀ ਦੇ ਦੁਸ਼ਮਣਾਂ ਨੇ ਵੀ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ।
ਅਖੀਰ ਬਾਕੀ ਰਹਿੰਦੇ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ’ਚੋਂ ਬਾਹਰ ਜਾਣ ਲਈ ਕਿਹਾ। ਸਿੰਘਾਂ ਨੇ ਕਿਹਾ ਕਿ ਗੁਰੂ ਜੀ ਤੁਹਾਡਾ ਇਥੋਂ ਜ਼ਿੰਦਾ ਨਿਕਲਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਤੁਸੀਂ ਤਾਂ ਲੱਖਾਂ ਹੀ ਸਿੰਘ ਸਜਾ ਲਓਗੇ ਪਰ ਲੱਖਾਂ ਕਰੋੜਾਂ ਸਿੰਘ ਵੀ ਮਿਲ ਕੇ ਇਕ ਗੁਰੂ ਗੋਬਿੰਦ ਸਿੰਘ ਜੀ ਕਾਇਮ ਨਹੀਂ ਕਰ ਸਕਦੇ। ਗੁਰੂ ਜੀ ਨੇ ਕਿਹਾ ਕਿ ਉਹ ਪੰਜ ਸਿੰਘਾਂ ਦੇ ਗੁਰਮਤੇ ਅੱਗੇ ਆਪਣਾ ਸਿਰ ਝੁਕਾਉਂਦੇ ਹਨ ਪਰ ਉਹ ਚੋਰੀ-ਚੋਰੀ ਨਹੀਂ ਜਾਣਗੇ। ਗੁਰੂ ਜੀ ਨੇ ਕਿਹਾ ਕਿ ਉਹ ਦੁਸ਼ਮਣ ਨੂੰ ਲਲਕਾਰ ਕੇ ਜਾਣਗੇ।
ਗੁਰੂ ਜੀ ਨੇ ਗੜ੍ਹੀ ਵਿਚੋਂ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਤੇ ਪੋਸ਼ਾਕਾ ਪਹਿਨਾ ਦਿੱਤਾ ਸੀ। ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੋਹਰਾ ਗੁਰੂ ਜੀ ਨਾਲ ਬਹੁਤ ਜ਼ਿਆਦਾ ਮਿਲਦਾ ਸੀ। ਇਸੇ ਲਈ ਗੜ੍ਹੀ ਸਾਹਿਬ ਜੀ ਨੂੰ ‘ਤਿਲਕ ਅਸਥਾਨ’ ਵੀ ਕਿਹਾ ਜਾਂਦਾ ਹੈ। ਗੁਰੂ ਜੀ ਰਾਤ ਵੇਲੇ ਜਦੋਂ ਗੜ੍ਹੀ ’ਚੋਂ ਬਾਹਰ ਨਿਕਲੇ ਤਾਂ ਉਸ ਵੇਲੇ ਗੜ੍ਹੀ ਵਿਚ 8 ਸਿੰਘ ਬਾਕੀ ਰਹਿ ਗਏ ਸਨ। ਉਨ੍ਹਾਂ ਨੇ ਜਾਣ ਵੇਲੇ ਦੁਸ਼ਮਣ ਖਵਾਜਾ ਨੂੰ ਵੀ ਵੰਗਾਰਿਆ ਤਾਂ ਕਿ ਕਿਧਰੇ ਖਵਾਜਾ ਇਹ ਨਾਂ ਸਮਝੇ ਕਿ ਗੁਰੂ ਜੀ ਤਾਂ ਚੋਰੀ-ਚੋਰੀ ਨਿਕਲ ਗਏ ਹਨ।
ਗੁਰੂ ਜੀ ਨੇ ਖਵਾਜਾ ਮਰਦੂਦ ਖਾਂ ਨੂੰ ਲਲਕਾਰ ਕੇ ਕਿਹਾ ਕਿ ਤੈਨੂੰ ਆਪਣੀ ਫ਼ੌਜੀ ਤਾਕਤ ’ਤੇ ਮਾਣ ਹੈ। ਤੁਹਾਡੇ ਵਿਚੋਂ ਜੋ ਵੀ ਤਾਕਤਵਰ ਕਹਾਉਂਦਾ ਹੈ, ਉਹ ਆ ਕੇ ਘੇਰ ਲਵੇ। ਜਦੋਂ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਸਾਰੀ ਫ਼ੌਜ ਨੂੰ ਲਲਕਾਰਿਆ ਤਾਂ ਉੱਧਰ ਗੜ੍ਹੀ ਵਿਚ ਮੌਜੂਦ ਸਿੰਘਾਂ ਨੇ ਜੈਕਾਰੇ ਗਜਾ ਦਿੱਤੇ ਅਤੇ ਜ਼ੋਰ-ਜ਼ੋਰ ਨਾਲ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ ਅਤੇ ਦੁਸ਼ਮਣ ਫ਼ੌਜ ਵਿਚ ਭਾਜੜ ਪੈ ਗਈ। ਉਨ੍ਹਾਂ ਨੀਂਦ ਦੇ ਭੰਨਿਆਂ ਨੂੰ ਲੱਗਾ ਕਿ ਬਾਹਰੋਂ ਹੋਰ ਫ਼ੌਜ ਆ ਗਈ ਹੈ ਇਸ ਲਈ ਅੱਭੜਵਾਹੇ ਜਿਹੇ ਉਹ ਉੱਠੇ ਤੇ ਆਪਸ ਵਿਚ ਹੀ ਭੁਲੇਖੇ ਨਾਲ ਕਟਾਵੱਢੀ ਕਰੀ ਗਏ। ਆਪਣੀ ਹੀ ਫ਼ੌਜ ਦਾ ਨੁਕਸਾਨ ਕਰਕੇ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਇਥੇ ਹਨ ਹੀ ਨਹੀਂ।
ਜਿੱਥੇ ਗੁਰੂ ਜੀ ਨੇ ਤਾੜੀ ਮਾਰ ਕੇ ਦੁਸ਼ਮਣ ਨੂੰ ਸੁਚੇਤ ਕੀਤਾ ਸੀ, ਉੱਥੇ ਅੱਜਕਲ੍ਹ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਹੈ। ਜਿਸ ਕੱਚੀ ਗੜ੍ਹੀ ਵਿਚ 40 ਸਿੰਘਾਂ ਨੇ ਗੁਰੂ ਜੀ ਦੀ ਅਗਵਾਈ ਹੇਠ ਇਹ ਦੁਨੀਆਂ ਭਰ ਦੀ ਅਸਾਵੀਂ ਜੰਗ ਲੜੀ ਸੀ, ਉੱਥੇ ਗੁਰਦੁਆਰਾ ਗੜ੍ਹੀ ਸਾਹਿਬ ਬਣਿਆ ਹੋਇਆ ਹੈ। ਜਿੱਥੇ ਲੜਾਈ ਹੋਈ ਤੇ ਫ਼ਿਰ ਬਾਅਦ ਵਿਚ ਸਾਰੇ ਸ਼ਹੀਦ ਸਿੰਘਾਂ ਦਾ ਅੰਗੀਠਾ ਤਿਆਰ ਕਰਕੇ ਸਸਕਾਰ ਕੀਤਾ ਗਿਆ ਉੱਥੇ ਮੁੱਖ ਗੁਰਦੁਆਰਾ ਕਤਲਗੜ੍ਹ ਸਾਹਿਬ ਸ਼ੁਸ਼ੋਭਿਤ ਹੈ। ਬਾਬਾ ਪਿਆਰਾ ਸਿੰਘ ਜੀ ਨੇ ਇਸ ਥਾਂ ਕਾਰ ਸੇਵਾ ਕਰਵਾਈ। ਇਥੇ ਹਰ ਸਾਲ 6, 7 ਤੇ 8 ਪੋਹ ਨੂੰ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਭਰਦਾ ਹੈ।
ਗੁਰਪ੍ਰੀਤ ਸਿੰਘ ਨਿਆਮੀਆਂ