ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ‘ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ’
12/26/2023 4:04:50 PM
ਹਰ ਸਾਲ ਜਦੋਂ ਪੋਹ ਦਾ ਮਹੀਨਾ ਚੜ੍ਹਦਾ ਹੈ ਤਾਂ ਸਿੱਖ ਸੰਗਤਾਂ ਦੇ ਮਨਾਂ ਵਿਚ ਵੈਰਾਗ ਪਸਰਦਾ ਹੈ, ਕਿਉਂਕਿ ਇਸ ਪਾਵਨ ਮਹੀਨੇ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਇਨਸਾਫ਼ੀ, ਨਾ-ਬਰਾਬਰੀ, ਜਾਤ-ਪਾਤ ਵਿਰੁੱਧ ਲੜਾਈ ਲੜਦਿਆਂ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਦੇ ਹੱਕ ’ਚ ਆਪਣਾ ਸਾਰਾ ਪਰਿਵਾਰ ਤੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਸਿੱਖ ਕੌਮ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਸ਼ਹਾਦਤਾਂ ਦੇ ਰਸਤੇ ’ਤੇ ਤੋਰਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਸਰਹਿੰਦ ਵਿਖੇ ਜਿਉਂਦੇ-ਜੀ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿਚ ਸ਼ਹੀਦੀ ਪਾ ਗਏ। ਸਿੱਖ ਕੌਮ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ 6 ਪੋਹ ਤੋਂ ਲੈ ਕੇ 13 ਪੋਹ ਤੱਕ ਸ਼ਹਾਦਤ-ਏ-ਸਫ਼ਰ ਦਾ ਸ਼ਹੀਦੀ ਜੋੜ ਮੇਲ ਮਨਾਉਂਦੀ ਆ ਰਹੀ ਹੈ, ਜਿਥੇ ਲੱਖਾਂ ਲੋਕ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਆਉਂਦੇ ਹਨ।
ਜਦੋਂ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵੀ ਸਿੱਖ ਕੌਮ ਦੇ ਯੋਗਦਾਨ ਨੂੰ ਸਦਾ ਜਿਊਂਦਾ ਰੱਖਣ ਲਈ ਅੱਗੇ ਆਉਣ ਤਾਂ ਇਹ ਹੋਰ ਵੀ ਸ਼ਲਾਘਾਯੋਗ ਕਦਮ ਹੋ ਨਿਬੜਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਤਿਕਾਰ ਦਿੰਦੇ ਹੋਏ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ, ਜੋ ਕਿ ਪੂਰੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।
ਸੰਨ 1704 ਈ : ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਸਮਝੌਤਾ ਹੋਇਆ ਕਿ ਉਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਚਲੇ ਜਾਣ। ਜਦੋਂ ਗੁਰੂ ਸਾਹਿਬ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚੱਲੇ ਤਾਂ ਮੁਗਲ ਤੇ ਪਹਾੜੀ ਰਾਜਿਆਂ ਨੇ ਆਪਣਾ ਸਮਝੌਤਾ ਤੋੜਦੇ ਹੋਏ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਹੀ ਗੁਰੂ ਸਾਹਿਬ ਤੇ ਮੁਗਲ ਅਤੇ ਪਹਾੜੀ ਰਾਜਿਆਂ ਵਿਚਕਾਰ ਗਹਿਗੱਚ ਲੜਾਈ ਹੋਈ ਤੇ ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਨਦੀ ਦੇ ਕੰਡੇ ’ਤੇ ਸਾਰਾ ਪਰਿਵਾਰ ਵਿੱਛੜ ਜਾਂਦਾ ਹੈ, ਜਿਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਕ ਪਾਸੇ ਹੋ ਜਾਂਦੇ ਹਨ, ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਵੱਲ ਨੂੰ ਚਲੇ ਜਾਂਦੇ ਨੇ ਅਤੇ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਅਤੇ ਹੋਰ ਸਿੰਘਾਂ ਨਾਲ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਨੇ। ਜਿੱਥੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜਿਆ, ਉਥੇ ਅੱਜਕਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸ਼ੋਭਿਤ ਹੈ।
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਘਰ ਦਾ ਰਸੋਈਆ ਰਹਿ ਚੁੱਕੇ ਗੰਗੂ ਨਾਲ ਉਸ ਦੇ ਪਿੰਡ ਸਹੇੜੀ ਚਲੇ ਗਏ। ਇਸ ਮੌਕੇ ਗੰਗੂ ਦਾ ਮਨ ਡੋਲਿਆ ਤੇ ਉਸ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸੂਹ ਮੋਰਿੰਡੇ ਦੇ ਥਾਣੇ ਵਿਚ ਦੇ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਚ ਕੈਦ ਕਰਕੇ ਰੱਖਿਆ ਗਿਆ। ਅਗਲਾ ਦਿਨ ਚੜ੍ਹਦਿਆਂ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਿਹਰੀ ਵਿਚ ਪੇਸ਼ ਕੀਤਾ ਗਿਆ ਤੇ ਇਸਲਾਮ ਧਰਮ ਕਬੂਲਣ ਲਈ ਕਈ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦਿਆਂ ਨੇ ਵੈਰੀਆਂ ਦੀ ਇਕ ਵੀ ਈਨ ਨਾ ਮੰਨੀ ਤੇ ਚੜ੍ਹਦੀ ਕਲਾ ਵਿਚ ਰਹਿ ਕੇ ਜੈਕਾਰੇ ਗਜਾਏ।
ਇਸ ਤੋਂ ਬਾਅਦ ਦੋਵਾਂ ਨੂੰ ਦੁਬਾਰਾ ਠੰਡੇ ਬੁਰਜ ਵਿਚ ਭੇਜ ਦਿੱਤਾ ਗਿਆ ਤੇ ਮਾਤਾ ਗੁਜਰੀ ਜੀ ਸਮੇਤ ਸਾਹਿਬਜ਼ਾਦਿਆਂ ਨੂੰ ਭੁੱਖਾ ਰੱਖਿਆ ਗਿਆ। ਇਸ ਮੌਕੇ ਭਾਈ ਮੋਤੀ ਰਾਮ ਮਹਿਰਾ ਵੱਲੋਂ ਤਿੰਨ ਰਾਤਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਵਜ਼ੀਰ ਖਾਨ ਤੋਂ ਚੋਰੀ ਦੁੱਧ ਪਿਆਉਣ ਦੀ ਸੇਵਾ ਕੀਤੀ ਗਈ, ਜਦੋਂ ਇਸ ਗੱਲ ਦਾ ਪਤਾ ਵਜ਼ੀਰ ਖਾਨ ਨੂੰ ਪਤਾ ਲੱਗਿਆ ਤਾਂ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਅਗਲੇ ਦਿਨ ਜਦੋਂ ਫਿਰ ਤੋਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿਚ ਲਿਆਂਦਾ ਗਿਆ ਤਾਂ ਫਿਰ ਤੋਂ ਉਨ੍ਹਾਂ ਨੂੰ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਆਪਣੀ ਗੱਲ ਤੋਂ ਨਹੀਂ ਹਿੱਲੇ। ਜਿਸ ਤੋਂ ਬਾਅਦ ਗੁੱਸੇ ਵਿਚ ਵਜ਼ੀਰ ਖਾਨ ਨੇ ਜਿਊੂਂਦੇ ਜੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਫ਼ੈਸਲਾ ਸੁਣਾਇਆ।
ਇਸ ਮੌਕੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਭਰੀ ਕਚਹਿਰੀ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਪਰ ਉਸ ਦੀ ਇਕ ਵੀ ਪੇਸ਼ ਨਾ ਚੱਲੀ। ਅਗਲੇ ਦਿਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਮਾਤਾ ਗੁਜਰੀ ਜੀ ਨੇ ਤਿਆਰ ਕੀਤਾ ਤੇ ਵਜ਼ੀਰ ਖਾਨ ਦੀ ਕਚਹਿਰੀ ਭੇਜਿਆ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ-ਜੀ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਗੁਰੂ ਚਰਨਾਂ ਵਿਚ ਜਾ ਬਿਰਾਜੇ। ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਉਥੇ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ 9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵੇਲੇ ਐਲਾਨ ਕੀਤਾ ਕਿ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਦੇ ਮਾਣਮੱਤੇ ਇਤਿਹਾਸ ਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ 26 ਦਸੰਬਰ ਨੂੰ ਹਰ ਸਾਲ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350 ਸਾਲਾ ਪ੍ਰਕਾਸ਼ ਪੁਰਬ ਪੂਰੇ ਭਾਰਤ ਵਿਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਪਹਿਲੀ ਵਾਰੀ ਹੋਇਆ ਸੀ ਕਿ ਮੋਦੀ ਜੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਉਸੇ ਲਾਲ ਕਿਲੇ ’ਤੇ ਮਨਾਇਆ, ਜਿਸ ਲਾਲ ਕਿਲੇ ਤੋਂ ਗੁਰੂ ਜੀ ਦੀ ਸ਼ਹਾਦਤ ਦਾ ਫ਼ਰਮਾਨ ਸੁਣਾਇਆ ਗਿਆ ਸੀ।
ਸਿੱਖ ਧਰਮ ਦੀ ਪਹਿਲੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਸਾਰ ਪੱਧਰ ’ਤੇ ਮਨਾਇਆ। ਸਾਡੇ ਗੁਰੂ ਸਾਹਿਬਾਨ ਨੇ ਸਮੁੱਚੀ ਲੋਕਾਈ ਦੀ ਭਲਾਈ, ਸਾਂਝੀਵਾਲਤਾ ਤੇ ਮਨੁੱਖਤਾ ਨੂੰ ਹਮੇਸ਼ਾ ਉੱਪਰ ਰੱਖਿਆ ਤੇ ਉਨ੍ਹਾਂ ਦੇ ਇਸ ਸੁਨੇਹੇ ਨੂੰ ਸਦਾ ਜਿਊਂਦਾ ਰੱਖਣਾ ਤੇ ਇਨ੍ਹਾਂ ਸਿਧਾਂਤਾਂ ’ਤੇ ਪਹਿਰਾ ਦੇਣਾ ਹੀ ਸਾਡੇ ਗੁਰੂ ਸਾਹਿਬਾਨ ਨੂੰ ਸੱਚੀ ਸ਼ਰਧਾਂਜਲੀ ਦੇਣਾ ਹੈ।