14 ਜਨਵਰੀ ਮੇਲਾ ਮਾਘੀ ’ਤੇ ਵਿਸ਼ੇਸ਼: ‘40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ’
1/14/2022 8:31:46 AM
ਬੀਤੇ ਸਮੇਂ ਦੌਰਾਨ ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਮ ਖਿਦਰਾਣਾ ਸੀ ਅਤੇ ਇਸ ਜਗ੍ਹਾ ’ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇੱਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤਹ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ ਤਾਂ ਥਲਿਓਂ ਪਾਣੀ ਹੀ ਇਨ੍ਹਾ ਖਾਰਾ ਨਿਕਲਦਾ ਕਿ ਉਹ ਪੀਣ ਯੋਗ ਨਾ ਹੁੰਦਾ। ਇਸ ਲਈ ਇੱਥੇ ਇੱਕ ਢਾਬ ਖੁਦਵਾਈ ਗਈ, ਜਿਸ ਵਿੱਚ ਬਰਸਾਤ ਦਾ ਪਾਣੀ ਜਮ੍ਹਾ ਕੀਤਾ ਜਾਂਦਾ ਸੀ। ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਜਲਾਲਾਬਾਦ ਦਾ ਵਸਨੀਕ ਸੀ, ਜਿਸ ਕਰਕੇ ਇਸ ਦਾ ਨਾਮ ਖਿਦਰਾਣੇ ਦੀ ਢਾਬ ਮਸ਼ਹੂਰ ਸੀ।
ਇਸ ਜਗ੍ਹਾ ’ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਆਪਣੀ ਅੰਤਿਮ ਜੰਗ ਲੜੀ, ਜਿਸਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ। ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਈਂ ਵਿੱਚ ਧਰਮ ਯੁੱਧ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਨ੍ਹਾਂ ਨੇ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਕਰਦੇ ਵੱਖ-ਵੱਖ ਥਾਵਾਂ ਵਿੱਚ ਦੀ ਹੁੰਦੇ ਹੋਏ ਮਾਲਵੇ ਦੀ ਧਰਤੀ ਵੱਲ ਰੁਖ ਕੀਤਾ। ਕੋਟਕਪੂਰੇ ਪਹੁੰਚ ਕੇ ਗੁਰੂ ਜੀ ਨੇ ਚੌਧਰੀ ਕਪੂਰੇ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਅਤੇ ਖਿਦਰਾਣੇ ਦੀ ਢਾਬ ਉੱਤੇ ਜਾ ਪਹੁੰਚੇ।
ਗੁਰੂ ਜੀ ਖਿਦਰਾਣੇ ਅਜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀਆਂ ਫੌਜਾਂ ਸਰਹੰਦ ਦੇ ਸੂਬੇਦਾਰ ਦੀ ਕਮਾਨ ਹੇਠ ਇੱਥੇ ਪਹੁੰਚ ਗਈਆਂ। ਗੁਰੂ ਜੀ ਅਤੇ ਉਨ੍ਹਾਂ ਦੇ 40 ਮਹਾਨ ਸਿੱਖ ਯੋਧਿਆਂ ਜੋ ਕਦੇ ਬੇਦਾਵਾ ਦੇ ਗਏ ਸਨ, ਨੇ ਗੁਰੂ ਜੀ ਨਾਲ ਮਿਲ ਕੇ ਖਿਦਰਾਣੇ ਦੀ ਢਾਬ ’ਤੇ ਮੋਰਚੇ ਕਾਇਮ ਕਰ ਲਏ। ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕੀ ਪਈ ਸੀ। ਇਸ ਦੇ ਇਰਦ-ਗਿਰਦ ਝਾੜ ਉੱਗੇ ਹੋਏ ਸਨ। ਸਿੰਘਾਂ ਨੇ ਝਾੜਾਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਆਉਂਦੀ ਫੌਜ ਉੱਤੇ ਇੱਕ ਦਮ ਬਾਜਾਂ ਵਾਂਗ ਝਪਟ ਪਏ। ਇਹ ਲੜਾਈ 21 ਵਿਸਾਖ ਸੰਮਤ 1762 ਬਿਕਰਮੀ ਨੂੰ ਹੋਈ। ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ ’ਚੋਂ ਭੱਜ ਗਈਆਂ। ਇਸ ਜੰਗ ’ਚ ਮੁਗਲ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਗੁਰੂ ਜੀ ਦੇ ਵੀ ਕਈ ਸਿੰਘ ਸ਼ਹੀਦ ਹੋ ਗਏ।
ਇਸੇ ਜਗ੍ਹਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ ਜੋ ਆਪਣੇ ਸਾਥੀਆਂ ਸਮੇਤ ਆਨੰਦਪੁਰ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਬੇਦਾਵਾਈਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ’ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਜਗ੍ਹਾ ’ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ ਵਿੱਚ ਮਾਤਾ ਭਾਗ ਕੌਰ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿੰਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਖਾਲਸਾ ਦਲ ’ਚ ਸ਼ਾਮਲ ਕਰ ਲਿਆ।
ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਟੁੱਟੀ ਗੰਢੀ ਸਾਹਿਬ
ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਨੰਦਪੁਰ ਵਿਖੇ ਦਿੱਤਾ ਬੇਦਾਵਾ ਪਾੜ ਕੇ ਉਨ੍ਹਾਂ ਦੀ ਗੁਰੂ ਨਾਲ ਟੁੱਟੀ ਗੰਢੀ ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ।
ਗੁਰਦੁਆਰਾ ਤੰਬੂ ਸਾਹਿਬ
ਮੁਗਲਾਂ ਨਾਲ ਖਿਦਰਾਣੇ ਦੀ ਜੰਗ ਸਮੇਂ ਜਿਸ ਜਗ੍ਹਾ ’ਤੇ ਸਿੱਖਾਂ ਵੱਲੋਂ ਤੰਬੂ ਲਗਾਏ ਗਏ ਸਨ। ਉੱਥੇ ਗੁਰਦੁਆਰਾ ਤੰਬੂ ਸਾਹਿਬ ਸ਼ਸ਼ੋਭਿਤ ਹੈ।
ਗੁਰਦੁਆਰਾ ਮਾਤਾ ਭਾਗ ਕੌਰ ਜੀ
ਖਿਦਰਾਣੇ ਦੀ ਜੰਗ ’ਚ ਜੌਹਰ ਵਿਖਾਉਣ ਵਾਲੀ ਮਹਾਨ ਸਿੰਘਣੀ ਮਾਤਾ ਭਾਗੋ ਦੀ ਯਾਦ ’ਚ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਬਣਾਇਆ ਗਿਆ ਹੈ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ
ਇਸ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਦੇ ਸਿੱਖਾਂ ਦੀ ਮਦਦ ਨਾਲ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ। ਇਸ ਕਾਰਨ ਇਸਦਾ ਨਾਮ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪ੍ਰਸਿੱਧ ਹੈ।
ਗੁਰਦੁਆਰਾ ਟਿੱਬੀ ਸਾਹਿਬ
ਇਸ ਜਗ੍ਹਾ ਤੇ ਇੱਕ ਉੱਚੀ ਟਿੱਬੀ ਸੀ, ਜਿਸ ’ਤੇ ਬੈਠ ਕੇ ਗੁਰੂ ਸਾਹਿਬ ਨੇ ਮੁਗਲਾਂ ਵਿਰੁੱਧ ਜੰਗ ਲੜੀ। ਇਸੇ ਜਗ੍ਹਾ ’ਤੇ ਬੈਠ ਕੇ ਗੁਰੂ ਜੀ ਮੁਗਲ ਫੌਜ ’ਤੇ ਤੀਰ ਚਲਾਉਂਦੇ ਰਹੇ ।
ਗੁਰਦੁਆਰਾ ਰਕਾਬਸਰ ਸਾਹਿਬ
ਇਹ ਉਹ ਸਥਾਨ ਹੈ, ਜਿੱਥੇ ਦਸਮੇਸ਼ ਪਿਤਾ ਦੇ ਘੋੜੇ ਦੀ ਰਕਾਬ ਟੁੱਟ ਗਈ ਸੀ। ਜਦੋਂ ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਉਤਰ ਕੇ ਖਿਦਰਾਣੇ ਦੀ ਰਣ ਭੂਮੀ ਵੱਲ ਚਾਲੇ ਪਾਉਣ ਲੱਗੇ ਤਾਂ ਉਸ ਸਮੇਂ ਘੋੜੇ ਦੀ ਰਕਾਬ ਉੱਤੇ ਕਦਮ ਰੱਖਦਿਆ ਉਹ ਟੁੱਟ ਗਈ ਸੀ। ਹੁਣ ਤੱਕ ਉਹ ਟੁੱਟੀ ਹੋਈ ਰਕਾਬ ਉਸੇ ਤਰ੍ਹਾਂ ਹੀ ਸਾਂਭ ਕੇ ਰੱਖੀ ਹੈ, ਜਿੱਥੇ ਗੁਰਦੁਆਰਾ ਰਕਾਬਸਰ ਬਣਿਆ ਹੋਇਆ ਹੈ ।
ਗੁਰਦੁਆਰਾ ਦਾਤਣਸਰ ਸਾਹਿਬ
1706 ਈਂ ਵਿੱਚ ਜਦੋਂ ਗੁਰੂ ਜੀ ਖਿਦਰਾਣਾ ਤੋਂ ਟਿੱਬੀ ਸਾਹਿਬ ਪਧਾਰੇ ਤਾਂ ਸਵੇਰੇ ਇਸ ਜਗ੍ਹਾ ’ਤੇ ਦਾਤਣ ਕੀਤੀ ਸੀ। ਇਹ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਲਗਭਗ 4 ਕਿਲੋਮੀਟਰ ਦੂਰ ਹੈ। ਇਸ ਜਗ੍ਹਾ ਨਾਲ ਇੱਕ ਹੋਰ ਘਟਨਾ ਜੁੜੀ ਹੋਈ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਲ ਬਾਹਰਵਾਰ ਇੱਕ ਮੁਗਲ ਦੀ ਕਬਰ ਹੈ, ਜੋ ਸੂਬਾ ਸਰਹਿੰਦ ਦੇ ਹੁਕਮ ਨਾਲ ਭੇਸ ਬਦਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਤਲ ਕਰਨ ਲਈ ਅੱਗੇ ਆਇਆ ਸੀ। ਖਿਦਰਾਣੇ ਤੋਂ ਅੱਗੇ ਟਿੱਬੀ ਸਾਹਿਬ ਦੇ ਸਥਾਨ ’ਤੇ ਗ਼ਾਲਬਾਨ ਜੰਗ ਤੋਂ ਬਾਅਦ ਅਗਲੇ ਦਿਨ ਜਦ ਗੁਰੂ ਜੀ ਕਮਰਕੱਸਾ ਖੋਲ ਕੇ ਦਾਤਣ ਕਰਨ ਲੱਗੇ ਸਨ ਤਾਂ ਪਿਛਲੇ ਉਸ ਮੁਗਲ ਨੇ ਗੁਰੂ ਜੀ ’ਤੇ ਤਲਵਾਰ ਚਲਾ ਦਿੱਤੀ। ਗੁਰੂ ਜੀ ਨੇ ਬੜੀ ਫੁਰਤੀ ਨਾਲ ਉਸ ਦਾ ਵਾਰ ਗਡਵੇ ਨਾਲ ਰੋਕ ਕੇ ਉਹੀ ਗਡਵਾਂ ਉਸ ਦੇ ਮੂੰਹ ’ਤੇ ਇੰਨ੍ਹੀ ਜੋਰ ਦੀ ਮਾਰਿਆ ਕਿ ਉਹ ਮੁਗਲ ਉੱਥੇ ਹੀ ਚਿਤ ਹੋ ਗਿਆ। ਦਾਤਣਸਰ ਨੇੜੇ ਜਿੱਥੇ ਇਹ ਮੁਗਲ ਮਾਰਿਆ ਗਿਆ ਸੀ, ਉੱਥੇ ਉਸਦੀ ਕਬਰ ਬਣੀ ਹੋਈ ਹੈ। ਦਾਤਣਸਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਇਸ ਕਬਰ ’ਤੇ ਜੁੱਤੀਆਂ ਮਾਰਦੀਆਂ ਹਨ।
ਗੁਰਦੁਆਰਾ ਤਰਨਤਾਰਨ ਦੁੱਖ ਨਿਵਾਰਣ ਸਾਹਿਬ
ਗੁਰਦੁਆਰਾ ਤਰਨਤਾਰਨ ਦੁੱਖ ਨਿਵਾਰਣ ਬਠਿੰਡਾ ਰੋਡ’ਤੇ ਸਥਿਤ ਹੈ । ਜਿੱਥੇ ਹਰ ਐਤਵਾਰ ਸ਼ਰਧਾਲੂ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ।
40 ਮੁਕਤਿਆਂ ਦੀ ਇਸ ਪੱਵਿਤਰ ਧਰਤੀ ਤੇ ਮਾਘੀ ਦੇ ਸ਼ੁੱਭ ਦਿਹਾੜੇ ’ਤੇ ਦੂਰ ਦਰਾਡੇ ਤੋਂ ਲੱਖਾਂ ਦੀ ਗਿਣਤੀ ਸ਼ਰਧਾਲੂ ਇਥੇਂ ਬਣੇ ਪੱਵਿਤਰ ਸਰੋਵਰ ’ਚ ਇਸ਼ਨਾਨ ਕਰਕੇ ਆਪਣਾ ਜੀਵਨ ਸਫ਼ਲਾ ਕਰਦੇ ਹਨ। ਇਹ ਉਹ ਪੱਵਿਤਰ ਸਥਾਨ ਹੈ ਜਿੱਥੇ ਗੁਰੂ ਜੀ ਦੀ ਕਿਰਪਾ ਨਾਲ ਬੇਦਾਵਾ ਦੇ ਕੇ ਆਏ ਸਿੱਖਾਂ ਦੀ ਵੀ ਟੁੱਟੀ ਗੰਢੀ ਗਈ ਸੀ। ਆਓ ਇਸ ਪੱਵਿਤਰ ਦਿਹਾੜੇ ’ਤੇ ਅਸੀ ਵੀ ਅਰਦਾਸ ਕਰੀਏ ਕਿ ‘ਟੁੱਟੀਆਂ ਗੰਢਣ ਵਾਲਿਆਂ ਸਾਨੂੰ ਗੰਢ ਕੇ ਰੱਖੀ’ ।
ਪਵਨ ਤਨੇਜਾ / ਹਰੀਸ਼ ਤਨੇਜਾ