ਲੰਗਰ ਸੇਵਾ ’ਚ ਮਿਸਾਲ ਕਾਇਮ ਕਰਨ ਵਾਲੀ ਮਹਾਨ ਸ਼ਖ਼ਸੀਅਤ ਮਾਤਾ ਖੀਵੀ ਜੀ

3/21/2021 12:21:53 PM

ਕੀ ਤੁਹਾਨੂੰ ਪਤਾ ਹੈ ਕਿ ਮਾਤਾ ਖੀਵੀ ਜੀ ਕੌਣ ਸਨ? ਕੀ ਤੁਸੀਂ ਜਾਣਦੇ ਹੋ ਕਿ ਮਾਤਾ ਖੀਵੀ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਕੀਤਾ ਗਿਆ ਹੈ? ਜੇ ਨਹੀਂ, ਤਾਂ ਆਓ ਇਤਿਹਾਸ ਦੇ ਝਰੋਖੇ ਵਿੱਚੋਂ ਉਨ੍ਹਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰੀਏ।ਸਿੱਖ ਇਤਿਹਾਸ ਵਿੱਚ ਕੇਵਲ ਸਿੱਖ ਵੀਰਾਂ ਦਾ ਹੀ ਯੋਗਦਾਨ ਨਹੀਂ ਬਲਕਿ ਸਿੱਖ ਮਾਤਾਵਾਂ-ਭੈਣਾਂ ਨੇ ਵੀ ਬਹੁਤ ਕੀਮਤੀ ਰੋਲ ਅਦਾ ਕੀਤਾ ਹੈ। ਜਿਸ ਇਸਤਰੀ ਨੂੰ ਲੋਕ ਪੈਰ ਦੀ ਜੁੱਤੀ, ਬਘਿਆੜਣ, ਰੱਬ ਦੀ ਮਜੇਦਾਰ ਗ਼ਲਤੀ ਕਹਿ ਕੇ ਤਿਰਸਕਾਰਦੇ ਸਨ ਉਸ ਇਸਤਰੀ ਨੂੰ ਗੁਰੂ ਘਰ ਵੱਲੋਂ ਵੱਡਾ ਮਾਨ ਸਨਮਾਨ ਮਿਲਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਕਹੇ ਹੋਏ ਇਹ ਬਚਨ ਅੱਜ ਵੀ ਫਿਜਾ ਵਿੱਚ ਗੂੰਜਦੇ ਹਨ:-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
                                                      (ਮ: ੧, ੪੭੩)

ਜਨਮ ਅਤੇ ਗ੍ਰਹਿਸਤੀ ਜੀਵਨ
ਮਾਤਾ ਖੀਵੀ ਜੀ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਸਨ। ਆਪ ਜੀ ਉੱਚੇ ਸੁੱਚੇ ਕਿਰਦਾਰ ਦੇ ਮਾਲਕ, ਪਿਆਰ ਭਾਵ ਨਾਲ ਸੇਵਾ ਕਰਨ ਵਾਲੇ ਅਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਕਮਾਉਣ ਵਾਲੀ ਮਹਾਨ ਸ਼ਖ਼ਸੀਅਤ ਸਨ।ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਪਿੰਡ ਸੰਘਰ (ਨੇੜੇ ਖਡੂਰ ਸਾਹਿਬ) ਵਿਖੇ ਭਾਈ ਦੇਵੀਚੰਦ ਜੀ ਦੇ ਘਰ ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ ਸੀ। ਦੇਵੀ ਚੰਦ ਜੀ ਇੱਕ ਦੁਕਾਨਦਾਰ ਅਤੇ ਸ਼ਾਹੂਕਾਰ ਸਨ। ਮਾਤਾ ਵੀਰਾਈ ਜੀ ਜੋ ਕਿ ਚੌਧਰੀ ਤਖਤ ਮੱਲ, ਮੱਤੇ ਦੀ ਸਰਾਂ ਵਾਲਿਆਂ ਦੀ ਬੇਟੀ ਸੀ, ਨੇ ਮਾਤਾ ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਨਾਲ ਪੱਕਾ ਕਰਾ ਦਿੱਤਾ ਸੀ। ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਨਾਭਾ ਜੀ ਦੇ ਲਿਖੇ ਅਨੁਸਾਰ ਮਾਤਾ ਖੀਵੀ ਜੀ ਅਤੇ ਭਾਈ ਲਹਿਣਾ ਜੀ ਦਾ ਵਿਆਹ ਕਾਰਜ ਸੰਨ 1519 ਈ: ਵਿੱਚ ਹੋਇਆ ਸੀ।ਗ੍ਰਹਿਸਤੀ ਜੀਵਨ ਜਿਉਂਦਿਆਂ ਇਸ ਜੋੜੀ ਦੇ ਘਰ ਵਿਖੇ ਦੋ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਪੁੱਤਰਾਂ ਦੇ ਨਾਮ ਬਾਬਾ ਦਾਤੂ ਜੀ ਅਤੇ ਦਾਸੂ ਜੀ ਸਨ ਅਤੇ ਧੀਆਂ ਦੇ ਨਾਮ ਬੀਬੀ ਅਮਰੋ ਜੀ ਅਤੇ ਅਨੋਖੀ ਜੀ ਸਨ। ਦੋਹਾਂ ਜੀਆਂ ਨੇ ਆਪਣੇ ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਂਦਿਆਂ ਹੋਇਆਂ ਬੱਚਿਆਂ ਦਾ ਵਧੀਆ ਤਰੀਕੇ ਨਾਲ ਪਾਲਣ-ਪੋਸ਼ਣ ਕੀਤਾ ਅਤੇ ਉਨ੍ਹਾਂ ਅੰਦਰ ਵੀ ਧਾਰਮਿਕ ਸੰਸਕਾਰ ਪੈਦਾ ਕੀਤੇ।

ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣੇ
ਜਦੋਂ ਭਾਈ ਫੇਰੂ ਮੱਲ (ਗੁਰੂ ਅੰਗਦ ਸਾਹਿਬ ਜੀ ਦੇ ਪਿਤਾ) ਅਤੇ ਭਾਈ ਦੇਵੀ ਚੰਦ ਜੀ ਹਰ ਵਰੇ ਧਾਰਮਿਕ ਯਾਤਰਾ ਉੱਤੇ ਜਾਇਆ ਕਰਦੇ ਸਨ ਤਾਂ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਜੀ ਨਾਲ ਹੀ ਹੁੰਦੇ ਸਨ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਹੁਣ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਵਾਂਗ ਹੋਰ ਦਰਸ਼ਨ-ਅਭਿਲਾਖੀਆਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਉੱਤੇ ਜਾਣ ਲੱਗ ਪਏ ਪਰ ਭਾਈ ਲਹਿਣਾ ਜੀ ਨੂੰ ਆਤਮਿਕ ਤ੍ਰਿਪਤੀ ਪ੍ਰਾਪਤ ਨਹੀਂ ਹੋ ਰਹੀ ਸੀ। ਭਾਈ ਲਹਿਣਾ ਜੀ ਦੀ ਮਾਨਸਿਕ ਦਸ਼ਾ ਤੋਂ ਮਾਤਾ ਖੀਵੀ ਜੀ ਪੂਰੀ ਤਰ੍ਹਾਂ ਜਾਣੂ ਸਨ।

PunjabKesari

ਇਕ ਦਿਨ ਜਦ ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣੀ ਤਾਂ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਜਾਗ ਉੱਠੀ ਤੇ ਨਿਸ਼ਚਾ ਧਾਰ ਲਿਆ ਕਿ ਅਗਲੀ ਵਾਰ ਜਦ ਉਹ ਦੇਵੀ ਦਰਸ਼ਨਾਂ ਨੂੰ ਜਾਣਗੇ ਤਾਂ ਰਾਹ ਵਿਚ ਕਰਤਾਰਪੁਰ ਸਾਹਿਬ ਰੁਕਣਗੇ ਪਰ ਜਦੋਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਤਾਂ ਮਨ ਵਿੱਚ ਅਜਿਹੀ ਖਿੱਚ ਪੈਦਾ ਹੋਈ ਕਿ ਦੇਵੀ ਦੇ ਦਰਸ਼ਨ ਕਰਨਾ ਤਾਂ ਭੁਲ ਹੀ ਗਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣ ਗਏ। ਘਰ ਸੁਨੇਹਾ ਭੇਜ ਦਿਤਾ ਕਿ ਮੇਰੀ ਉਡੀਕ ਨਾ ਕਰਨਾ। ਪਤਾ ਲੱਗਣ ਤੇ ਮਾਤਾ ਖੀਵੀ ਜੀ ਬੇਬੇ ਵੀਰਾਈ ਕੋਲ ਗਏ , ਮਨ ਵਿਚ ਤੌਖਲਾ ਸੀ ਕਿ ਵਪਾਰ ਨੂੰ ਕੋਣ ਸੰਭਾਲੇਗਾ, ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਹੋਏਗਾ? ਮਾਤਾ ਵੀਰਾਈ ਨੇ ਦਿਲਾਸਾ ਦਿਤਾ ਕੀ ਨੇਕੀ ਦੇ ਘਰ ਗਿਆ ਹੈ ਨੇਕ ਹੀ ਬਣਕੇ ਆਵੇਗਾ।

ਮਾਤਾ ਖੀਵੀ ਜੀ ਦਾ ਭਾਈ ਲਹਿਣਾ ਜੀ ਦੀ ਪ੍ਰਭੂ ਭਗਤੀ ਵਿੱਚ ਸਾਰਥੀ ਬਣਨਾ        
ਜਦ ਮਾਤਾ ਖੀਵੀ ਜੀ ਨੂੰ ਇਹ ਖ਼ਬਰ ਮਿਲੀ ਤਾਂ ਸੋਚੋ ਉਨ੍ਹਾਂ ਦੇ ਮਨ 'ਤੇ ਕੀ ਗੁਜਰਿਆ ਹੋਵੇਗਾ ਪਰ ਉਹਨਾਂ ਵਿੱਚ ਕਮਾਲ ਦਾ ਹੌਂਸਲਾ ਸੀ। ਬੱਚੇ ਛੋਟੇ ਸਨ, ਉਨ੍ਹਾਂ ਨੇ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢੇ 'ਤੇ ਚੁੱਕ ਕੇ ਪਤੀ ਲਈ ਆਨੰਦ-ਪ੍ਰਾਪਤੀ ਦਾ ਰਾਹ ਸੁਖਾਲਾ ਕਰ ਦਿਤਾ। ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਘਰ ਦੀ ਸਾਰ ਲੈਣ ਲਈ ਭੇਜਿਆ ਤਾਂ ਮਾਤਾ ਖੀਵੀ ਨੇ ਸਾਫ਼ ਦੇਖ ਲਿਆ ਕੀ ਭਾਈ ਲਹਿਣਾ ਦਾ ਦਿਲ ਘਰ ਦੇ ਕੰਮ ਵਿਚ ਨਹੀਂ ਲਗਦਾ, ਤਾਂ ਮਾਤਾ ਖੀਵੀ ਨੇ ਕਿਹਾ, "ਬਾਹਰ ਨਾ ਜਾਉ , ਘਰ ਵਿਚ ਹੀ ਜੋਗ ਕਮਾ ਲਉ ਮੈਂ ਤੁਹਾਡੇ ਤਪ ਵਿਚ ਰੋੜਾ ਨਾ ਅਟਕਾਸਾਂ ਤਾਂ ਗੁਰੂ ਸਾਹਿਬ ਨੇ ਕਿਹਾ,"ਜਿਸ ਪਾਸ ਮੈਂ ਚਲਿਆਂ ਹਾਂ ਉਹ ਜੋਗੀ, ਜੰਗਮ ਜਾਂ ਸੰਨਿਆਸੀ ਨਹੀਂ ਹੈ, ਉਸਨੇ ਤਾਂ ਮੈਨੂੰ ਗ੍ਰਹਿਸਤ ਵਿੱਚ ਪਿਆਰ ਦਾ ਰਾਹ ਦਿਖਾਇਆ ਹੈ, ਮੈਂ ਪ੍ਰੇਮ ਹੱਥੋਂ ਵਿਕਿਆਂ ਹਾਂ।" ਜਦ ਭਾਈ ਲਹਿਣਾ ਜੀ ਕਰਤਾਰਪੁਰ ਵਾਪਸ ਜਾਣ ਲੱਗੇ ਤਾਂ ਮਾਤਾ ਖੀਵੀ ਜੀ ਨੇ ਕਿਸੇ ਪ੍ਰਕਾਰ ਦੀ ਰੋਕ ਨਾ ਪਾਈ, ਕੋਈ ਕਿੰਤੂ-ਪਰੰਤੂ ਨਹੀਂ ਕੀਤਾ ਤੇ ਘਰ ਪਰਿਵਾਰ ਦਾ ਸਾਰਾ ਭਾਰ ਆਪ ਚੁੱਕ ਲਿਆ। ਅਗਲੇ ਸੱਤ ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸੇਵਾ ਦੀ ਕਰੜੀ ਘਾਲ ਕਮਾਈ ਤੇ ਉਨ੍ਹਾਂ ਵਲੋਂ ਦਿੱਤੇ ਹਰ ਇਮਿਤਿਹਾਨ ਵਿਚ ਪਾਸ ਹੋਕੇ ਗੁਰੂ ਦਾ ਅੰਗ ਬਣ ਗਏ। ਜਦੋਂ ਲੋਕਾਂ ਨੇ ਕਿਹਾ 'ਲਹਿਣਾ ਤਾਂ ਨਾਨਕ ਤਪੇ ਕੋਲ ਹੀ ਰਹਿ ਗਿਆ ਹੈ ਤੇ ਤਪੇ ਦੁਆਰੇ ਹੀ ਧੂਣੀ ਰਮਾ ਲਈ ਸੂ, ਹੁਣ ਤੂੰ ਕੀ ਕਰੇਂਗੀ ?' ਤਾਂ ਮਾਤਾ ਖੀਵੀ ਨੇ ਬੜੇ ਸਬਰ ,ਸੰਤੋਖ ਤੇ ਵੱਡੇ ਜਿਗਰੇ ਨਾਲ ਕਿਹਾ, ਜੇ ਉਹ ਗੋਦੜੀ ਪਾਏਗਾ ਤਾਂ ਮੈ ਲੀਰਾਂ ਹੰਡਾਸਾਂ, ਜਿਸ ਹਾਲ ਵੀ ਉਹ ਰੱਖੇਗਾ ਉਸ ਹਾਲ ਹੀ ਰਵਾਂਗੀ।"ਵਿੱਚ ਵਿੱਚ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਨੂੰ ਆਪਣੇ ਪਰਿਵਾਰ ਦੀ ਸਾਰ ਲੈਣ ਲਈ ਭੇਜਦੇ ਰਹਿੰਦੇ। ਏਧਰ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼, ਉਹਨਾਂ ਦੀ ਬਾਣੀ ਅਤੇ ਉਹਨਾਂ ਦੀ ਨਿਜੀ ਜ਼ਿੰਦਗੀ ਬਾਰੇ ਸੁਣ ਸੁਣ ਕੇ ਸੇਵਾ ਤੇ ਸਿਮਰਨ ਦੀ ਮੂਰਤ ਬਣ ਗਏ ਸਨ। ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਉਹ ਲੋੜਵੰਦਾਂ ਦੀ ਸੇਵਾ ਵਿੱਚ ਲੱਗ ਜਾਂਦੇ।

ਮਾਤਾ ਖੀਵੀ ਜੀ ਨੂੰ ਲੰਗਰ ਦੀ ਸੇਵਾ ਸੌਂਪਣਾ
ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾਗੱਦੀ ਬਖਸ਼ਿਸ਼ ਕੀਤੀ  ਤਾਂ ਗੁਰੂ ਅੰਗਦ ਸਾਹਿਬ ਜੀ ਨੇ ਮਾਤਾ ਖੀਵੀ ਜੀ ਨੂੰ ਗੁਰੂ ਘਰ ਦੇ ਲੰਗਰ ਦੀ ਸੇਵਾ ਸੌਂਪੀ।ਗੁਰੂ ਘਰ ਦੇ ਰਬਾਬੀ ਭਾਈ ਸੱਤਾ ਅਤੇ ਬਲਵੰਡ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਹੀ ਪਿਆਰ ਭਰੇ ਬਚਨ ਉਚਾਰੇ ਹਨ:-
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪ੍ਰਤਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।।

ਇਸ ਦਾ ਅਰਥ ਇਹ ਬਣਦਾ ਹੈ ਕਿ ਮਾਤਾ ਖੀਵੀ ਜੀ ਬਹੁਤ ਨੇਕ ਔਰਤ ਹਨ, ਜਿਨ੍ਹਾਂ ਦੀ ਛਾਂ ਇਕ ਸੰਘਣੇ ਰੁੱਖ ਦੀ ਛਾਂ ਦੀ ਤਰ੍ਹਾਂ ਹੈ। ਮਾਤਾ ਖੀਵੀ ਜੀ ਜਦੋਂ ਗੁਰੂ ਘਰ ਦੇ ਲੰਗਰ ਦੀ ਸੇਵਾ ਕਰਦੇ ਹਨ ਤਾਂ ਜਿੱਥੇ ਉਹ ਲੰਗਰ ਦੇ ਵਿੱਚ ਉੱਤਮ ਪਦਾਰਥ ਤਿਆਰ ਕਰਦੇ ਹਨ, ਘਿਉ ਵਾਲੀ ਖੀਰ ਤਿਆਰ ਹੁੰਦੀ ਹੈ, ਓਥੇ ਨਾਲ ਹੀ ਜਦੋਂ ਲੰਗਰ ਦੇ ਵਿਚ ਕੋਈ ਲੋੜਵੰਦ ਆ ਕੇ ਬੈਠਦਾ ਹੈ ਤਾਂ ਮਾਤਾ ਖੀਵੀ ਜੀ ਉਸ ਦੀ ਧੰਨ ਦੇ ਨਾਲ ਵੀ ਮਦਦ ਕਰਦੇ ਹਨ।

ਇਸ ਤਰ੍ਹਾਂ ਅਸੀਂ ਦੇਖਿਆ ਕਿ ਮਾਤਾ ਖੀਵੀ ਜੀ ਜਿੱਥੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ, ਓਥੇ ਉਹ ਸਤਿਗੁਰੂ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਸਨ। ਉਨ੍ਹਾਂ ਨੇ ਗੁਰੂ ਘਰ ਦੇ ਲੰਗਰ ਦੀ ਸੇਵਾ ਕਰਕੇ ਇਹ ਦਿਖਾ ਦਿੱਤਾ  ਕਿ ਔਰਤਾਂ ਵੀ ਕਿਸੇ ਪੱਖ ਤੋਂ ਘੱਟ ਨਹੀਂ ਹਨ।
ਆਓ ਗੁਰੂ ਪਿਆਰਿਓ ਮਾਤਾ ਖੀਵੀ ਜੀ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖੀਏ ਅਤੇ ਆਪਣੀ ਹਉਮੈ ਤਿਆਗ ਕੇ ਗੁਰੂ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਾਰਗ ਉਪਰ ਚੱਲਣ ਦਾ ਯਤਨ ਕਰੀਏ।    
                                ਭਾਈ ਹਰਦੀਪ ਸਿੰਘ ਪਾਤੜਾਂ
                                      ਮੋ: 9779420625


Shyna

Content Editor Shyna