ਜੋਤੀ ਜੋਤਿ ਦਿਹਾੜੇ ਤੇ ਵਿਸ਼ੇਸ਼: ਅਕਾਲ ਰੂਪ ਗੁਰੂ ਨਾਨਕ ਦੇਵ ਜੀ

9/12/2020 1:17:02 PM

ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕ ਰੂਪ ਵਟਾਇਆ ।

 ਜਗਤ ਜਲੰਦੇ ਨੂੰ ਤਾਰਨ ਵਾਸਤੇ ਅਤੇ ਸੰਸਾਰ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਸ੍ਰੀ ਨਨਕਾਣਾ ਸਾਹਿਬ ( ਰਾਇ ਭੋਏ ਦੀ ਤਲਵੰਡੀ) ਪਾਕਿਸਤਾਨ ਵਿੱਚ ਪਿਤਾ ਮਹਿਤਾ ਕਲਿਆਣ ਦਾਸ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਆਪ ਮਜਲੂਮਾਂ, ਗ਼ਰੀਬਾਂ ਅਤੇ ਬੇਸਹਾਰਿਆਂ ਦੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਸੀਹਾ ਬਣ ਕੇ ਆਏ। ਆਪ ਜੀ ਨੇ ਕੌਡੇ ਰਾਖਸ਼ ਅਤੇ ਸੱਜਣ ਠੱਗ ਨੂੰ ਵੀ ਆਪਣੇ ਅਨਮੋਲ ਬਚਨਾਂ ਨਾਲ ਸਿੱਧੇ ਰਸਤੇ ਪਾਇਆ ਅਤੇ ਕਿਰਤ ਕਰਨ , ਨਾਮ ਜਪਣ ਤੇ ਵੰਡ ਛਕਣ ਦੀ ਸਿਖਿਆ ਦਿੱਤੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਪ੍ਰਛਾਦਾ ਛਕਾ ਕੇ ਲੰਗਰ ਦੀ ਮਰਿਆਦਾ ਨੂੰ ਅੱਗੇ ਤੋਰਿਆ ਤੇ ਨਾਲ ਹੀ ਸਾਧੂਆਂ ਨੂੰ ਉਪਦੇਸ਼ ਦਿੱਤਾ ਕੇ ਘਰ ਨਹੀਂ ਛੱਡਣਾ ਚਾਹੀਦਾ , ਆਪਣੀ ਕਿਰਤ ਅਤੇ ਮਿਹਨਤ ਦਾ ਹੀ ਪ੍ਰਛਾਦਾ ਛਕਣਾ ਚਾਹੀਦਾ ਹੈ । 1475 ਈ: ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ ਪੱਟੀ ਵਿੱਚ ਦਰਜ ਕੀਤਾ ਹੈ। 1478 ਈ: ਵਿੱਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ ਵਟਾਂਦਰਾ  ਕੀਤਾ। 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਪਾਸ ਭੇਜਿਆ ਗਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਆਪ ਨੇ ਸੀਹਰਫੀ ਉਚਾਰੀ ਜੋ ਜਨਮ ਸਾਖੀਆਂ ਵਿੱਚ ਮਿਲਦੀ ਹੈ।

ਆਪ ਜੀ ਨੇ ਪੰਡਿਤਾਂ ਦੇ ਜਨੇਊ ਨੂੰ ਵੀ ਪਾਖੰਡ ਦੱਸਿਆ ਅਤੇ ਸੰਸਾਰ ਨੂੰ ਗਿਆਨ ਦਿਤਾ ਕਿ ਨਾਮ ਸਿਮਰਨਾ ਹੀ ਅਸਲ ਜਨੇਊ ਹੈ । ਆਪ ਜੀ ਦੇ ਦੋ ਪੁੱਤਰ ਲੱਖਮੀ ਦਾਸ ਅਤੇ ਸ੍ਰੀ ਚੰਦ ਸਨ। ਆਪ ਜੀ ਨੇ ਚਾਰ ਉਦਾਸੀਆਂ ਕੀਤੀਆਂ । ਮੁਲਤਾਨ ਦੀ ਫੇਰੀ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਪੱਕੇ ਤੌਰ ਤੇ ਰਹਿਣ ਲੱਗ ਪਏ ।

ਇਸੇ ਸਥਾਨ ਤੇ ਭਾਈ ਲਹਿਣਾ ਜੀ ਵੀ ਆਪ ਜੀ ਦੇ ਸੇਵਕ ਬਣ ਗਏ । ਗੁਰੂ ਘਰ ਵਿੱਚ ਰਹਿ ਕੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨ ਕੇ ਤਨ ਮਨ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ ਤੇ ਗੁਰੂ ਦਾ ਹਰ ਹੁਕਮ ਮੰਨਿਆ । ਬਾਬਾ ਬੁੱਢਾ ਸਾਹਿਬ ਜੀ ਹਰ ਵੇਲੇ ਗੁਰੂ ਨਾਨਕ ਦੇਵ ਜੀ ਨਾਲ ਰਹਿੰਦੇ ਸਨ । ਆਪ ਜੀ ਭਾਈ ਲਹਿਣਾ ਜੀ ਦੀ ਸੇਵਾ ਤੋਂ ਪ੍ਰਸੰਨ ਹੋਏ ਤੇ ਉਹਨਾਂ ਨੂੰ ਗੁਰਗੱਦੀ ਦੇ ਯੋਗ ਸਮਝਿਆ । ਹਾੜ ਵਦੀ 13 (27 ਹਾੜ ) ਸੰਮਤ 1596 ( 14 ਜੂਨ ਸੰਨ 1539 ਨੂੰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਅਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਪਾਸੋਂ ਉਹਨਾਂ ਨੂੰ ਤਿਲਕ ਲਗਵਾ ਕੇ ਗੁਰ ਮਰਿਆਦਾ ਪੂਰੀ ਕੀਤੀ । ਗੁਰੂ ਜੀ ਦੇ ਅੰਗ ਸੰਗ ਰਹਿਣ ਕਰਕੇ ਬਾਬਾ ਬੁੱਢਾ ਜੀ ਨੇ ਭਾਈ ਲਹਿਣਾ ਜੀ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ। ਗੁਰਗੱਦੀ ਸੌਂਪਣ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਜਾ ਕੇ ਰਹਿਣ ਦੀ ਆਗਿਆ ਦਿੱਤੀ । ਆਪ ਜੀ ਦਾ ਹੁਕਮ ਮੰਨ ਕੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਰਹਿਣ ਲੱਗ ਪਏ।

ਭਾਈ ਮਨੀ ਸਿੰਘ ਜੀ ਨੇ ‘ਗਯਾਨ ਰਤਨਾਵਲੀ’ ਵਿਚ ਲਿਖਿਆ ਹੈ-ਕਰਤਾਰਪੁਰ (ਗੁਰੂ ਨਾਨਕ ਦੇ ਦਰਬਾਰ ਵਿਚ) ਪਿਛਲੀ ਰਾਤਿ ਜਪੁ ਪੜ੍ਹੀਏ ਅਰ ਆਸਾ ਕੀ ਵਾਰ ਗਾਵੀਏ,ਸਵਾ ਪਹਿਰ ਦਿਨ ਚੜ੍ਹਿਆ ਤੀਕਰ ਬਾਣੀ ਦੀ ਚਰਚਾ ਹੋਵੇ (ਭਾਵ ਕਿ ਬਾਣੀ ਵੀਚਾਰ ਹੁੰਦੀ ਸੀ,ਅੱਜ ਗੁਰੂ ਘਰਾਂ ਵਿਚ ਬਾਣੀ ਦੀ ਵਿਚਾਰ ਕਯੋਂ ਨਹੀ? ਜਾ ਘੱਟ ਕਿਉਂ) ,ਤੀਸਰੇ ਪਹਿਰ ਕੀਰਤਨ ਕਰੀਏ,ਸੰਧਿਆ ਨੂੰ ਰਹਿਰਾਸ ਪੜ੍ਹੀਏ,ਫਿਰ ਪਹਿਰ ਰਾਤਿ ਗਈ ਸੋਹਿਲਾ ਪੜ੍ਹੀਏ। ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ।ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ 12 ਸਤੰਬਰ, ਸੰਨ 1539 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। ਜੋ ਅਕਾਲ ਪੁਰਖ ਵਾਹਿਗੁਰੂ ਨੇ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮਨੁੱਖਤਾ ਦੀ ਭਲਾਈ ਵਾਸਤੇ ਸੇਵਾ ਸੌਂਪੀ ਪਰਮੇਸ਼ਰ ਦੀ ਸ਼ਰਨ ਵਿੱਚ ਰਹਿ ਕੇ ਨਿਮਰਤਾ ਸਹਿਤ ਇਹ ਸੇਵਾ ਕੀਤੀ । ਫਿਰ ਆਪ ਜੀ ਇਹ ਸੇਵਾ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਸੱਚ ਖੰਡ ਜਾ ਬਿਰਾਜੇ। ਸੇਵਾ ਕਰਦਿਆਂ ਅਤੇ ਪਰਮਾਤਮਾ ਦਾ ਭਾਣਾ ਮੰਨਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ   12 ਸਤੰਬਰ ਸੰਨ 1539 ਨੂੰ ਕਰਤਾਰਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ।                                                                   

 

ਦਲਬੀਰ ਸਿੰਘ ਸਾਹਿਬ ਅੰਮ੍ਰਿਤਸਰ 
9988593231

                                                                                                                                                                                                                                                                                                                                                                                                                                                                                                              


Harnek Seechewal

Content Editor Harnek Seechewal