ਜਦੋਂ ਇਰਾਨੀ ਬਾਦਸ਼ਾਹ ਸ਼ਾਹ ਰਜ਼ਾ ਪਹਿਲਵੀ ਨੇ ਸਿੱਖ ਕਿਸਾਨਾਂ ਨੂੰ ਕਿਹਾ ''ਰੱਬ ਦੇ ਫ਼ਕੀਰ''

3/17/2021 4:53:29 PM

ਰੱਬ ਦੇ ਫ਼ਕੀਰ

ਇਰਾਨ ਦਾ ਬਾਦਸ਼ਾਹ ਸ਼ਾਹ ਰਜ਼ਾ ਪਹਿਲਵੀ ਇਰਾਨ ਦੇ ਪਿੰਡ ਦੁਸ਼ਟੇਆਬ ਵਿਚੋਂ ਲੰਘ ਰਿਹਾ ਸੀ ਤਾਂ ਉਸਨੇ ਲੰਮੀਆਂ ਦਾਹੜੀਆਂ ਵਾਲੇ ਸਿੱਖਾਂ ਨੂੰ ਖੇਤਾਂ ਵਿਚ ਕੰਮ ਕਰਦੇ ਵੇਖਿਆ। ਸ਼ਾਹੀ ਸਵਾਰੀ ਰੋਕ ਕੇ ਉਨ੍ਹਾਂ ਦੇ ਚਿਹਰੇ ਵੇਖ ਕਹਿਣ ਲੱਗਾ...
ਸੁਬਹਾਨ! ਇਹ ਕੌਣ ਲੋਕ ਹਨ...?  

ਜਦੋਂ ਪਿੰਡ ਪਹੁੰਚਿਆ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਕੇ ਤੁਰਨ ਲੱਗਾ ਤਾਂ ਉਸਨੇ ਕਿਹਾ,ਮੈਂ ਰਸਤੇ ਵਿੱਚ ਬਹੁਤ ਸੋਹਣੇ ਰੱਬ ਦੇ ਫ਼ਕੀਰ ਵੇਖੇ ਹਨ, ਮੈਂ ਇਕ ਵਾਰ ਫੇਰ ਉਨ੍ਹਾਂ ਫਕੀਰਾਂ ਨੂੰ ਵੇਖ ਸਕਦਾ ਹਾਂ....? 

ਈਰਾਨੀਆਂ ਨੇ ਦੱਸਿਆ ਕਿ ਉਹ ਕੋਈ ਫ਼ਕੀਰ ਨਹੀਂ ਭਾਰਤ ਦੇ ਜਾਹਲ ਕਿਸਾਨ ਹਨ। ਬਾਦਸ਼ਾਹ ਨੇ ਸਭ ਦੀ ਅਣਸੁਣੀ ਕਰਦਿਆਂ ਕਿਹਾ, ਉਨ੍ਹਾਂ ਨੂੰ ਇਕ ਵਾਰ ਫੇਰ ਏਥੇ ਸੱਦਿਆ ਜਾਵੇ। ਬਾਦਸ਼ਾਹ ਦੇ ਹੁਕਮ ਨੂੰ ਮੰਨਦਿਆਂ ਸਿੱਖ ਕਿਸਾਨਾਂ ਨੂੰ ਦੁਸ਼ਟੇਆਬ ਪਿੰਡ ਬੁਲਾਇਆ ਗਿਆ। ਬਾਦਸ਼ਾਹ ਉਨ੍ਹਾਂ ਸਿੱਖਾਂ ਦੇ ਸਾਬਤ ਸੂਰਤ ਚਿਹਰੇ ਵੇਖ ਬਹੁਤ ਖੁਸ਼ ਹੋਇਆ।

ਸਿੱਖਾਂ ਨੇ ਬੇਨਤੀ ਕੀਤੀ, ਬਾਦਸ਼ਾਹ ਸਲਾਮਤ! ਜੇਕਰ ਤੁਸੀਂ ਸੱਚਮੁੱਚ ਹੀ ਸਾਨੂੰ ਰੱਬ ਦੇ ਫ਼ਕੀਰ ਮੰਨਦੇ ਹੋ ਤਾਂ ਸਾਨੂੰ ਰੱਬ ਦਾ ਘਰ ਬਣਾਉਣ ਦੀ ਆਗਿਆ ਦਿਓਗੇ...?ਧਾਰਮਿਕ ਇਸਲਾਮਿਕ ਪਾਬੰਦੀ ਹਟਾਓ, ਅਸੀਂ ਏਥੇ ਇਬਾਦਤਗਾਹ ਗੁਰਦੁਆਰਾ ਸਾਹਿਬ ਉਸਾਰਨਾ ਚਾਹੁੰਦੇ ਹਾਂ।

ਬਾਦਸ਼ਾਹ ਕਹਿਣ ਲੱਗਾ, ਤੁਸੀਂ ਇਬਾਦਤਗਾਹ ਬਣਾ ਸਕਦੇ ਹੋ।ਦੱਸੋ ਕਿੰਨੀ ਜ਼ਮੀਨ ਚਾਹੀਦੀ ਹੈ...? 
ਸਿੱਖਾਂ ਨੇ ਕਿਹਾ, ਜੀ ਇਕ ਏਕੜ।
ਬਾਦਸ਼ਾਹ ਨੇ ਕਿਹਾ, ਮੈਂ ਜ਼ਮੀਨ ਦਾਨ ਦੇਂਦਾ ਹਾਂ।

ਸਿੱਖਾਂ ਨੇ ਕਿਹਾ, ਹਜੂਰ ਅਸੀਂ ਬਾਦਸ਼ਾਹਾਂ ਦੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਕਿਰਤੀ ਸਿੱਖ ਹਾਂ, ਸਾਨੂੰ ਦਾਨ ਦੀ ਜ਼ਰੂਰਤ ਨਹੀਂ....ਅਸੀਂ ਪੈਸੇ ਦੇ ਦਿਆਂਗੇ, ਆਪ ਸਿਰਫ਼ ਇਜਾਜ਼ਤ ਦੇ ਦਿਓ। 
ਬਾਦਸ਼ਾਹ ਨੇ ਪੁੱਛਿਆ, ਕਿੰਨੇ ਪੈਸਿਆਂ ਦੀ ਜ਼ਮੀਨ ਹੈ? 
ਸਿੱਖਾਂ ਕਿਹਾ, ਜੀ ਦਸ ਹਜ਼ਾਰ ਦੀਨਾਰ...
ਬਾਦਸ਼ਾਹ ਕਹਿਣ ਲੱਗਾ, ਮੈਂ ਵੀਹ ਹਜ਼ਾਰ ਦੀਨਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਨਜ਼ਰਾਨਾ ਤਾਂ ਭੇਟ ਕਰ ਸਕਦਾ ਹਾਂ...?
ਸਭ ਸਿੱਖ ਲਾਜਵਾਬ ਸਨ। ਨਾਲ ਹੀ ਬਾਦਸ਼ਾਹ ਨੇ ਕਿਹਾ, ਇਸ ਪਿੰਡ ਦਾ ਨਾਮ ਦੁਸ਼ਟੇਆਬ ਭਾਵ ਪਾਣੀਚੋਰ ਨਹੀਂ ਹੋਣਾ ਚਾਹੀਦਾ। ਅੱਜ ਤੋਂ ਜਾਹਿਦਾਨ ਭਾਵ ਰੱਬ ਦੀ ਬੰਦਗੀ ਵਾਲੇ ਕਰ ਦਿਓ। ਇਸ ਤਰ੍ਹਾਂ ਈਰਾਨ ਜਾਹਿਦਾਨ ਵਿਖੇ ਗੁਰਦੁਆਰਾ ਸਾਹਿਬ ਬਣਿਆ...

ਇਸ ਇਤਿਹਾਸਕ ਘਟਨਾ ਦੀ ਜਾਣਕਾਰੀ ਤੋਂ ਬਾਅਦ ਕਿਰਤੀ ਸਿੱਖਾਂ ਦੀ ਘਾਲਣਾ ਦੇ ਚਰਨਾਂ ਵਿਚ ਸੀਸ ਝੁਕਦਾ ਹੈ, ਜਿਨ੍ਹਾਂ ਵਿਦੇਸ਼ਾਂ ਵਿਚ ਆਪਣੇ ਘਰਾਂ ਤੋਂ ਪਹਿਲਾਂ ਗੁਰੂਘਰ ਬਣਵਾਏ। ਇਕ ਪਾਸੇ ਵਿਦੇਸ਼ੀ ਬਾਦਸ਼ਾਹ ਵੱਲੋਂ ਸਿੱਖ ਕਿਸਾਨਾਂ ਨੂੰ ਦਿੱਤਾ ਸਨਮਾਨ..ਤੇ ਦੂਜੇ ਪਾਸੇ ਕਹਿਰ ਦੀ ਠੰਡ ਵਿਚ ਆਪਣੇ ਦੇਸ਼ ਦੀਆਂ ਸੜ੍ਹਕਾਂ ਤੇ ਹੱਕੀ ਮੰਗਾਂ ਲਈ ਰੁਲ੍ਹ ਰਹੇ ਕਿਸਾਨ ਵੇਖ ਗੂੰਗੀ ਬੋਲ੍ਹੀ ਹਕੂਮਤ ਤੇ ਇਕ ਸ਼ੇਅਰ ਸਹੀ ਢੁਕਦਾ ਹੈ-

ਖੁਦਾ ਹਮੇ ਐਸੀ ਖੁਦਾਈ ਨਾ ਦੇ ।
ਕਿ ਅਪਨੇ ਸਿਵਾ ਕੋਈ ਦਿਖਾਈ ਨਾ ਦੇ ।

ਤਸਵੀਰ ਈਰਾਨੀ ਬਾਦਸ਼ਾਹ ਸ਼ਾਹ ਰਜ਼ਾ ਪਹਿਲਵੀ 
ਲੇਖਕ-ਸ਼ਮਸ਼ੇਰ ਸਿੰਘ ਜੇਠੂਵਾਲ


Harnek Seechewal

Content Editor Harnek Seechewal