ਜਾਣੋ ਗੁਰਦੁਆਰਾ ‘ਪਾਤਿਸ਼ਾਹੀ ਨੌਵੀਂ ਸੈਫਾਬਾਦ’ ਦਾ ਇਤਿਹਾਸ

7/26/2021 2:53:52 PM

ਪਿਆਰੇ ਪਾਠਕੋ! ਅਸੀਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਟਿਆਲਾ ਦੇ ਗੁਰਧਾਮਾਂ ਬਾਰੇ ਜਾਣਕਾਰੀ ਦਿਆਂਗੇ। ਪਟਿਆਲਾ ਬਾਬਾ ਆਲਾ ਸਿੰਘ ਵੱਲੋਂ ਵਸਾਇਆ ਗਿਆ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਹੈ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਚਾਰ ਗੁਰਧਾਮ ਮੌਜੂਦ ਹਨ। ਪਹਿਲਾ ਗੁਰਦੁਆਰਾ ਸੈਫਾਬਾਦ ਕਿਲ੍ਹੇ ਦੇ ਅੰਦਰ ਸਥਿਤ ਹੈ। ਹੁਣ ਇਸ ਨੂੰ ਕਿਲ੍ਹਾ ਬਹਾਦਰਗੜ੍ਹ ਆਖਿਆ ਜਾਂਦਾ ਹੈ। ਦੂਸਰਾ ਗੁਰਦੁਆਰਾ ਇਸ ਕਿਲ੍ਹੇ ਦੇ ਸਾਹਮਣੇ ਬਾਹਰਵਾਰ ਸਥਿਤ ਹੈ। ਤੀਸਰਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੋ ਕਿ ਪਿੰਡ ਲਹਿਲ ਦੀ ਹੱਦ ਅੰਦਰ ਬਣਿਆ ਹੋਇਆ ਹੈ ਤੇ ਚੌਥਾ ਗੁਰਦੁਆਰਾ ਮੋਤੀਬਾਗ ਹੈ ਜੋ ਕਿ ਮਹਾਰਾਜਾ ਪਟਿਆਲਾ ਦੇ  ਕਿਲ੍ਹੇ ਦੇ ਅੰਦਰ ਬਣਿਆ ਹੋਇਆ ਹੈ।

  ਪਹਿਲਾਂ ਅਸੀਂ ਆਪ ਜੀ ਨੂੰ ਬਹਾਦਰਗੜ੍ਹ ਵਾਲੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿਆਂਗੇ। ਨਵਾਬ ਸੈਫੂਦੀਨ ਮਹਿਮੂਦ ਜਿਸ ਨੂੰ ਸੈਫ ਖ਼ਾਨ ਕਿਹਾ ਜਾਂਦਾ ਸੀ, ਉਸ ਦਾ ਰਿਹਾਇਸ਼ੀ ਅਸਥਾਨ ਸੈਫਾਬਾਦ ਕਿਲ੍ਹਾ ਹੀ ਸੀ। ਸੈਫ ਖ਼ਾਨ ਬਹੁਤ ਨੇਕ ਦਿਲ ਅਤੇ ਸੰਤ ਸੁਭਾਅ ਦਾ ਵਿਅਕਤੀ ਸੀ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਬਹੁਤ ਹੀ ਸ਼ਰਧਾਲੂ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਭਗਤੀ ਅਤੇ ਸ਼ਖ਼ਸੀਅਤ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਸੈਫ ਖ਼ਾਨ ਗੁਰੂਘਰ ਦਾ ਹੀ ਹੋ ਕੇ ਰਹਿ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਵੇ ਦੇ ਇਲਾਕੇ ਵੱਲ ਨੂੰ ਧਰਮ ਪ੍ਰਚਾਰ ਕਰਨ ਲਈ ਚੱਲੇ ਸਨ ਤਾਂ ਜ਼ਿਲ੍ਹਾ ਰੋਪੜ ਤੇ ਪਟਿਆਲਾ ਦੇ ਪਿੰਡਾਂ ਵਿਚ ਦੀ ਹੁੰਦੇ ਹੋਏ ਸੈਫ ਖ਼ਾਨ ਦੇ ਕਿਲ੍ਹੇ ਵਿਚ ਪਹੁੰਚੇ ਸਨ।

ਦੱਸਿਆ ਜਾਂਦਾ ਹੈ ਕਿ ਇਸ ਥਾਂ ’ਤੇ ਨਵਾਬ ਸੈਫੂਦੀਨ ਮਹਿਮੂਦ ਨੇ ਕਿਲ੍ਹੇ ਵਿਚ ਇਕ ਬਹੁਤ ਹੀ ਖ਼ੂਬਸੂਰਤ ਬਾਗ ਬਣਾਇਆ ਹੋਇਆ ਸੀ। ਇਸ ਬਾਗ ਵਿਚ ਤਰ੍ਹਾਂ-ਤਰ੍ਹਾਂ ਦੇ ਫਲਦਾਰ ਅਤੇ ਛਾਂਦਾਰ ਰੁੱਖ ਲੱਗੇ ਹੋਏ ਸਨ। ਉਸ ਨੇ ਪਿੱਪਲ ਅਤੇ ਬੋਹੜ ਦੇ ਰੁੱਖ ਵੀ ਲਗਾਏ ਹੋਏ ਸਨ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਫ ਖ਼ਾਨ ਦੇ ਕਿਲ੍ਹੇ ਵਿਚ ਪਹੁੰਚੇ ਸਨ, ਉਸ ਵੇਲੇ ਬਰਸਾਤ ਦਾ ਮੌਸਮ ਸੀ। ਇਸ ਲਈ ਗੁਰੂ ਜੀ ਨੇ ਸੈਫ ਖ਼ਾਨ ਦੀ ਬੇਨਤੀ ਨੂੰ ਮੰਨ ਕੇ ਬਰਸਾਤ ਦਾ ਮੌਸਮ ਇੱਥੇ ਹੀ ਗੁਜ਼ਾਰਨ ਦਾ ਫ਼ੈਸਲਾ ਕੀਤਾ। ਜਦੋਂ ਕਦੇ ਮੌਸਮ ਸਾਫ਼ ਹੁੰਦਾ ਤਾਂ ਗੁਰੂ ਜੀ ਇੱਥੋਂ ਚੱਲ ਕੇ ਆਸ-ਪਾਸ ਦੇ ਪਿੰਡਾਂ ਵਿਚ ਪ੍ਰਚਾਰ ਲਈ ਚਲੇ ਜਾਂਦੇ। ਸੈਫ ਖ਼ਾਨ ਗੁਰੂ ਜੀ ਨੂੰ ਵੱਧ ਤੋਂ ਵੱਧ ਸਮਾਂ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਤਾਂ ਜੋ ਉਹ ਗੁਰੂ ਜੀ ਦੀ ਸੇਵਾ ਕਰ ਸਕੇ ਅਤੇ ਗੁਰੂ ਜੀ ਤੋਂ ਖੁਸ਼ੀਆਂ ਹਾਸਲ ਕਰ ਸਕੇ।

ਨਵਾਬ ਦੀਆਂ ਰਾਣੀਆਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀਆਂ ਸਨ, ਇਸ ਲਈ ਉਹ ਗੁਰੂ ਸਾਹਿਬ ਜੀ ਨੂੰ ਵਿਸ਼ੇਸ਼ ਬੇਨਤੀ ਕਰਕੇ ਆਪਣੇ ਕਿਲ੍ਹੇ ਦੇ ਅੰਦਰ ਵੀ ਲੈ ਕੇ ਗਿਆ। ਗੁਰੂ ਜੀ ਹਮੇਸ਼ਾ ਭਗਤੀ ਵਿਚ ਲੀਨ ਰਹਿੰਦੇ ਸਨ। ਬਾਹਰੀ ਦੁਨਿਆਵੀ ਗਤੀਵਿਧੀਆਂ ਨਾਲ ਗੁਰੂ ਜੀ ਬਹੁਤਾ ਸਰੋਕਾਰ ਨਹੀਂ ਸਨ ਰੱਖਦੇ। ਨਵਾਬ ਦੇ ਮਹਿਲਾਂ ਦੀਆਂ ਰਾਣੀਆਂ ਅਤੇ ਹੋਰ ਔਰਤਾਂ ਜੋ ਕਿ ਪਰਦੇ ਵਿਚ ਰਹਿੰਦੀਆਂ ਸਨ, ਉਹ ਕਿਲ੍ਹੇ ਤੋਂ ਬਾਹਰ ਨਹੀਂ ਸਨ ਆ ਸਕਦੀਆਂ। ਉਨ੍ਹਾਂ ਨੇ ਕਈ ਵਾਰ ਨਵਾਬ ਨੂੰ ਅਪੀਲ ਕੀਤੀ ਕਿ ਉਨ੍ਹਾਂ ਲਈ ਗੁਰੂ ਜੀ ਦੇ ਦਰਸ਼ਨਾਂ ਦਾ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਰਾਣੀਆਂ ਦੀ ਬੇਨਤੀ ਮੰਨ ਕੇ ਨਵਾਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਕਿ ਉਹ ਕਿਲ੍ਹੇ ਦੇ ਅੰਦਰ ਚੱਲਣ। ਗੁਰੂ ਜੀ ਨੇ ਬੇਨਤੀ ਸਵੀਕਾਰ ਕਰ ਲਈ ਅਤੇ ਕਿਲ੍ਹੇ ਅੰਦਰ ਜਾ ਕੇ ਰਾਣੀਆਂ ਨੂੰ ਦਰਸ਼ਨ ਦਿੱਤੇ ਤੇ ਨਿਹਾਲ ਕੀਤਾ। 
 ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਜੀ ਇੱਥੇ ਆਏ ਸਨ ਤਾਂ ਗੁਰੂ ਜੀ ਨੂੰ ਅੱਗੇ ਜਾਣ ਦੀ ਕੋਈ ਕਾਹਲੀ ਨਹੀਂ ਸੀ,ਕਿਉਕਿ ਅਸੀਂ ਇਸ ਯਾਤਰਾ ਦੌਰਾਨ ਗੁਰੂ ਜੀ ਦੀ ਯਾਦ ਵਿਚ ਬਣੇ ਹੋਏ ਜਿੰਨੇ ਵੀ ਗੁਰਦੁਆਰੇ ਵੇਖੇ ਹਨ, ਉਨ੍ਹਾਂ ਸਾਰੀਆਂ ਹੀ ਥਾਵਾਂ ਤੇ ਗੁਰੂ ਜੀ ਨੇ ਕਈ ਕਈ ਦਿਨਾਂ ਲਈ ਠਹਿਰਾਅ ਕੀਤਾ ਹੈ। ਮੁਕਾਰੋਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਨੇ ਕਈ ਹਫ਼ਤੇ ਬਿਤਾਏ ਅਤੇ ਇਸੇ ਤਰ੍ਹਾਂ ਘੜੂੰਆਂ, ਪਮੌਰ, ਰੈਲੋਂ, ਨੰਦਪੁਰ, ਕਲੌੜ ਆਦਿ ਥਾਵਾਂ ਤੇ ਗੁਰੂ ਜੀ ਕਈ ਮਹੀਨੇ ਰੁਕ ਕੇ ਪ੍ਰਚਾਰ ਕਰਦੇ ਰਹੇ। ਇਕ ਰਵਾਇਤ ਅਨੁਸਾਰ ਨਵਾਬ ਨੇ ਗੁਰੂ ਜੀ ਨੂੰ ਅਪੀਲ ਕੀਤੀ ਸੀ ਕਿ ਗੁਰੂ ਜੀ ਇੱਥੇ ਰਹਿ ਕੇ ਚੁਮਾਸਾ ਕੱਟਣ ਭਾਵ ਬਰਸਾਤ ਦਾ ਸਾਰਾ ਹੀ ਸਮਾਂ ਗੁਰੂ ਜੀ ਇੱਥੇ ਹੀ ਬਿਤਾਉਣ। ਗੁਰੂ ਜੀ ਨੇ ਨਵਾਬ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਤੇ ਇੱਥੇ ਬਰਸਾਤ ਵਾਲੇ ਤਿੰਨ ਚਾਰ ਮਹੀਨੇ ਬਿਤਾਏ।

ਅੱਜਕੱਲ੍ਹ ਕਿਲ੍ਹੇ ਦੇ ਬਾਹਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਬਹੁਤ ਹੀ ਵਿਸ਼ਾਲ ਤੇ ਖੂਬਸੂਰਤ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਹਾਦਰਗੜ੍ਹ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਪਟਿਆਲਾ ਦੇ ਮਹਾਰਾਜਾ ਨੇ ਸੈਫੂਦੀਨ ਕੋਲੋਂ ਇਹ ਥਾਂ ਕਬਜ਼ੇ ਵਿਚ ਲਈ ਤਾਂ ਉਸ ਨੂੰ ਢੁੱਕਵਾਂ ਮੁਆਵਜ਼ਾ ਦੇ ਦਿੱਤਾ ਗਿਆ। ਕਿਲ੍ਹੇ ਦਾ ਨਾਂਅ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਬਹਾਦਰਗੜ੍ਹ ਰੱਖ ਦਿੱਤਾ ਗਿਆ।

 ਗੁਰਪ੍ਰੀਤ ਸਿੰਘ ਨਿਆਮੀਆਂ 


Harnek Seechewal

Content Editor Harnek Seechewal