ਜਾਣੋ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਗੁਰਦਿੱਤਾ ਜੀ ਨਾਲ ਕੀ ਹੈ ਰਿਸ਼ਤਾ

4/6/2021 5:15:12 PM

ਧੰਨ-ਧੰਨ ਬਾਬਾ ਗੁਰਦਿੱਤਾ ਦੀਨ-ਦੁਨੀ ਦਾ ਟਿੱਕਾ
ਜੋ ਵਰ ਮੰਗਿਆ ਸੋ ਵਰ ਦਿੱਤਾ

ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਵੱਡੇ ਭਰਾ ਸਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦਾ ਜਨਮ ਸੰਨ 1608 ’ਚ ਹੋਇਆ ਤੇ 1638 ਵਿਚ ਉਹ ਚੜ੍ਹਾਈ ਕਰ ਗਏ। ਬਾਬਾ ਗੁਰਦਿੱਤਾ ਜੀ ਦਾ ਮੂੰਹ-ਮੁਹਾਂਦਰਾ ਗੁਰੂ ਨਾਨਕ ਦੇਵ ਜੀ ਦੇ ਜਵਾਨੀ ਸਮੇਂ ਨਾਲ ਬਹੁਤ ਮੇਲ ਖਾਂਦਾ ਸੀ। ਗੁਰੂ ਅਰਜਨ ਦੇਵ ਜੀ ਤੱਕ ਗੁਰੂਘਰ ਨਾਲ ਵਖਰੇਵਾਂ ਰੱਖਣ ਵਾਲੇ ਬਾਬਾ ਸ੍ਰੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਕਾਇਲ ਹੋ ਗਏ ਤੇ ਸਾਰੀ ਉਦਾਸੀ ਸੰਪ੍ਰਦਾਇ ਨੂੰ ਬਾਬਾ ਗੁਰਦਿੱਤਾ ਜੀ ਦੀ ਸਰਪ੍ਰਸਤੀ ਹੇਠ ਦੇ ਕੇ ਗੁਰੂ ਨਾਨਕ ਮੱਤ ਦੇ ਪ੍ਰਚਾਰ ’ਤੇ ਲੱਗ ਗਏ। ਬਾਬਾ ਗੁਰਦਿੱਤਾ ਜੀ ਨੇ ਗੁਰਮਤਿ ਪ੍ਰਚਾਰ ਲਈ ਭਾਈ ਅਲਮਸਤ, ਫੂਲਸ਼ਾਹ ਗੋਂਦਾ ਤੇ ਬਾਲੂ ਹਸਨਾ ਦੀ ਅਗਵਾਈ ’ਚ ਚਾਰ ਧੂਣੀਆਂ ਕਾਇਮ ਕੀਤੀਆਂ, ਜੋ ਸਿੱਖ ਮੱਤ ਦੇ ਪ੍ਰਚਾਰ ਦੇ ਨਿਰੰਤਰ ਜਾਰੀ ਰਹਿਣ ਵਾਲੇ ਕੇਂਦਰ ਸਨ।

ਇਹ ਵੀ ਪੜ੍ਹੋ:  7 ਗੋਲ਼ੀਆਂ ਸੀਨੇ ’ਤੇ ਖਾਣ ਵਾਲਾ ਜਰਨੈਲ ਸਰਦਾਰ 'ਸ਼ਾਮ ਸਿੰਘ ਅਟਾਰੀ'

ਬਾਬਾ ਸ੍ਰੀ ਚੰਦ ਜੀ ਨੇ 1624 ਈਸਵੀ ’ਚ ਬਾਬਾ ਗੁਰਦਿੱਤਾ ਜੀ ਤੋਂ ਸ੍ਰੀ ਕੀਰਤਪੁਰ ਨਗਰ ਦੀ ਨੀਂਹ ਰਖਵਾਈ। ਬਾਬਾ ਗੁਰਦਿੱਤਾ ਜੀ ਦੇ ਉਦਾਸੀ ਭੇਖ ਨੇ 4 ਧੂਣੀਆਂ ਤੇ 6 ਬਖਸ਼ਿਸ਼ਾਂ ਜ਼ਰੀਏ ਹਜ਼ਾਰਾਂ ਮੀਲ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਬਾਬਾ ਗੁਰਦਿੱਤਾ ਜੀ ਤੇਗ ਦੇ ਵੀ ਧਨੀ ਸਨ। 100 ਘੋੜ ਸਵਾਰਾਂ ਤੇ ਦਲ ਨਾਲ ਬਾਬਾ ਗੁਰਦਿੱਤਾ ਨੇ ਨਾਸਰ ਅਲੀ ਖਾਂ ਰੋਪੜੀਏ ’ਤੇ ਹਮਲਾ ਕਰ ਹੰਡੂਰੀਏ ਨੂੰ ਉਸਦਾ ਖੋਹਿਆ ਇਲਾਕਾ ਵਾਪਸ ਲੈ ਕੇ ਦਿੱਤਾ।  ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮੱਲ ਗੁਰੂਘਰ ਦੇ ਵਿਰੋਧੀ ਵਜੋਂ ਹੋਇਆ ਜਦਕਿ ਆਪ ਜੀ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿ ਰਾਇ ਜੀ ਸੱਤਵੇਂ ਗੁਰੂ ਵਜੋਂ ਗੁਰੂ ਨਾਨਕ ਦੀ ਗੱਦੀ ਦੇ ਅਧਿਕਾਰੀ ਬਣੇ।

ਇਹ ਵੀ ਪੜ੍ਹੋ: ਜਾਣੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲਣ ਦਾ ਇਤਿਹਾਸ


Shyna

Content Editor Shyna